ਉੜੀਸਾ ਦੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਇਲਾਕੇ ਦੇ ਛੋਟੇ ਕਿਸਾਨ ਆਪਣੇ ਪਰਿਵਾਰਾਂ ਨੂੰ ਭੋਜਨ ਅਤੇ ਪੋਸ਼ਣ ਸੁਰੱਖਿਆ ਮੁਹੱਈਆਂ ਕਰਵਾਉਣ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਿਪਟਣ ਲਈ ਨਵੇਂ ਢੰਗ ਤਰੀਕੇ ਖੋਜ ਰਹੇ ਹਨ| ਸਬਜੀਆਂ ਦੀ ਬਗੀਚੀ ਅਤੇ ਝੋਨੇ ਦੀ ਫਸਲ ਵਿੱਚ ਮੱਛੀ ਪਾਲਣ ਦੀ ਪਹਿਲ ਇਹਨਾਂ ਕਿਸਾਨਾਂ ਦੀਆਂ ਭੋਜਨ, ਪੋਸ਼ਣ ਅਤੇ ਆਰਥਿਕ ਲੋੜਾਂ ਪੂਰੀਆਂ ਕਰ ਰਹੀ ਹੈ|
ਛੋਟੇ ਕਿਸਾਨ, ਜੋ ਕਿ ਪੂਰੇ ਸੰਸਾਰ ਲਈ ਭੋਜਨ ਪੈਦਾ ਕਰਦੇ ਹਨ, ਖੁਦ ਭੁੱਖਮਰੀ ਦਾ ਸ਼ਿਕਾਰ ਹਨ| ਇਹ ਸਿਰਫ਼ ਭੋਜਨ ਹੀ ਨਹੀਂ ਪੈਦਾ ਕਰਦੇ ਸਗੋਂ ਵਾਤਾਵਰਣ ਸਰੰਖਿਅਣ ਵਿੱਚ ਵੀ ਮੱਦਦ ਕਰਦੇ ਹਨ| ਕਈ ਮੁਸ਼ਕਿਲਾਂ ਜਿਵੇਂ ਕਿ ਉੱਚ ਉਤਪਾਦਨ ਲਾਗਤਾਂ, ਘੱਟ ਝਾੜ, ਵਿਰੋਧੀ ਨੀਤੀਆਂ, ਬਦਲਦਾ ਮੌਸਮ ਆਦਿ ਦੇ ਬਾਵਜ਼ੂਦ ਵੀ ਇਹ ਕਿਸਾਨ ਖੇਤੀ ਨਹੀ ਛੱਡਦੇ|
ਉੜੀਸਾ ਦੇ ਕਿਸਾਨਾਂ ਨੂੰ ਲਗਾਤਾਰ ਕਈ ਤਰ੍ਹਾ ਦੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਇੱਕ ਪਾਸੇ ਕਈ ਜਿਲ੍ਹੇ ਜਿਵੇਂ ਕਿ ਨੁਆਪਾਡਾ ਵਿੱਚ ਸੋਕੇ ਦੀ ਮਾਰ ਪੈਂਦੀ ਹੈ ਤਾਂ ਦੂਜੇ ਪਾਸੇ ਕਈ ਜਿਲ੍ਹੇ ਜਿਵੇਂ ਕੇਂਦਰਾਪਾਡਾ ਵਿੱਚ ਹੜ੍ਹ ਤਬਾਹੀ ਮਚਾਈ ਰੱਖਦੇ ਹਨ| ਇੱਥੋਂ ਦੇ ਕਿਸਾਨ ਇਹਨਾਂ ਮੁਸੀਬਤਾਂ ਦੇ ਕਹਿਰ ਤੋਂ ਬਚਣ ਲਈ ਘਰੇਲੂ ਬਗੀਚੀ ਅਤੇ ਏਕੀਕ੍ਰਿਤ ਖੇਤੀ ਵੱਲ ਕਦਮ ਵਧਾ ਰਹੇ ਹਨ| ਇਸ ਲੇਖ ਵਿੱਚ ਵੀ ਇਹੀ ਦਰਸਾਇਆ ਗਿਆ ਹੈ ਕਿ ਕਿਵੇਂ ਇਸ ਤਰ੍ਹਾ ਦੀ ਪਹਿਲ ਦੋ ਵੱਖਰੇ ਇਲਾਕਿਆਂ ਵਿੱਚ ਇਹਨਾਂ ਕਿਸਾਨਾਂ ਦੀ ਜਿੰਦਗੀ ਵਿੱਚ ਉਮੀਦ ਦੀ ਕਿਰਨ ਪੈਦਾ ਕਰ ਰਹੀ ਹੈ|
ਸਬਜੀਆਂ ਰਾਹੀ ਸੋਕੇ ਦਾ ਸਾਹਮਣਾ ਬਾਨਾਮਾਲੀ ਬੇਹੇਰਾ, ਨੁਆਪਾਡਾ ਜਿਲ੍ਹੇ ਦੀ ਖਾਰਿਆਰ ਤਹਿਸੀਲ ਦੇ ਪਿੰਡ ਦੋਹੇਲਪਾਡਾ ਵਿੱਚ 2 ਏਕੜ ਦੀ ਖੇਤੀ ਦਾ ਮਾਲਿਕ ਹੈ| ਉਹ ਅੱਧੇ ਏਕੜ ਵਿੱਚ ਪੂਰਾ ਸਾਲ ਸਬਜੀਆਂ ਬੀਜਦਾ ਹੈ| ਇਹਨਾਂ ਸਬਜੀਆਂ ਨੂੰ ਪਾਣੀ ਇੱਕ ਖੂਹ ਵਿੱਚੋਂ ਲਗਾਇਆ ਜਾਂਦਾ ਹੈ ਅਤੇ ਇਸਦੇ ਲਈ ਉਹ ਇੱਕ ਰਵਾਇਤੀ ਸੰਦ ਟੇਂਡਾ ਦੀ ਵਰਤੋ ਕਰਦਾ ਹੈ| ਪਰਿਵਾਰ ਦੇ ਸਾਰੇ ਮੈਂਬਰ ਖੇਤ ਵਿੱਚ ਕੰਮ ਕਰਦੇ ਹਨ ਅਤੇ ਹਰ ਦਿਨ ਦੀ ਦੋ ਘੰਟੇ ਦੀ ਮਿਹਨਤ ਪਰਿਵਾਰ ਦੀ ਲੋੜ ਅਤੇ ਵੇਚਣ ਦੇ ਲਈ ਲੋੜੀਂਦਾ ਸਬਜੀਆਂ ਮੁਹੱਈਆ ਕਰਵਾ ਦਿੰਦੀ ਹੈ| ਬਾਨਾਮਾਲੀ ਦੱਸਦੇ ਹਨ, “ਹਰ ਰੋਜ਼ ਇੱਕ ਘੰਟਾ ਖੇਤ ਦੀ ਸਿੰਚਾਈ ਲਈ ਅਤੇ ਬਾਕੀ ਘੰਟਾ ਗੁਡਾਈ ਆਦਿ ਕੰਮਾਂ ਲਈ ਚਾਹੀਦਾ ਹੈ|' ਅੱਗੇ ਉਹਨਾਂ ਦੀ ਪਤਨੀ ਸੰਯੁਕਤਾ ਜੋੜਦੀ ਹੈ, “ ਜ਼ਮੀਨ ਮਿਹਨਤ ਦੀ ਭਰਪਾਈ ਕਰ ਦਿੰਦੀ ਹੈ| ਜਿੰਨੀ ਜ਼ਿਆਦਾ ਮਿਹਨਤ, ਓਨੀ ਜ਼ਿਆਦਾ ਕਮਾਈ| ਇਸ ਖੇਤੀ ਦੀ ਬਦੌਲਤ ਹੀ ਅੱਜ ਪਰਿਵਾਰ ਦੀਆਂ ਸਬਜੀਆਂ ਦੀ ਜਰੂਰਤ ਪੂਰੀ ਹੋਣ ਤੋਂ ਇਲਾਵਾ ਅੱਧੇ ਤੋਂ ਜ਼ਿਆਦਾ ਉਤਪਾਦਨ ਵੇਚ ਕੇ ਵਧੀਆ ਕਮਾਈ ਵੀ ਹੋ ਜਾਂਦੀ ਹੈ|”
ਬਾਨਾਮਾਲੀ ਦੀ ਤਰ੍ਹਾ, ਪਿੰਡ ਵਿੱਚ 30 ਦੇ ਕਰੀਬ ਹੋਰ ਵੀ ਛੋਟੇ ਕਿਸਾਨ ਘਰੇਲੂ ਬਗੀਚੀ ਵਿੱਚ ਸਬਜੀਆਂ ਦਾ ਉਤਪਾਦਨ ਕਰਕੇ ਆਪਣੇ ਪਰਿਵਾਰ ਦੀਆਂ ਭੋਜਨ, ਪੋਸ਼ਣ ਅਤੇ ਕਮਾਈ ਦੀਆਂ ਜਰੂਰਤਾਂ ਪੂਰੀਆਂ ਕਰ ਰਹੇ ਹਨ| ਅਸ਼ੋਕ ਪਟਨਾਇਕ, ਜੋ ਕਿ ਸੋਕੇ ਦਾ ਮੁਕਾਬਲਾ ਕਰਨ ਵਿੱਚ ਕਿਸਾਨਾਂ ਦਾ ਸਹਿਯੋਗ ਕਰਨ ਵਾਲੀਆਂ ਦੋ ਸੰਸਥਾਂਵਾਂ ਕਰਬਿਆ ਅਤੇ ਵਿਕਾਸ ਨਾਲ ਸਵੈ-ਸੇਵਕ ਦੇ ਤੌਰ ਤੇ ਜੁੜੇ ਹਨ, ਦਾ ਕਹਿਣਾ ਹੈ, “ ਇਹ ਪਿੰਡ ਇਸ ਇਲਾਕੇ ਵਿੱਚ ਇੱਕ ਉਦਾਹਰਣ ਸਾਬਿਤ ਹੋਇਆ ਹੈ|” ਕੁੱਝ ਇਸ ਤਰ੍ਹਾ ਦਾ ਹੀ ਕਿੱਸਾ ਹੈ ਨਾਲ ਦੇ ਪਿੰਡ ਮੋਡੋਸਿਲ ਦਾ ਵੀ|
ਇਹਨਾਂ ਪਿੰਡਾਂ ਵਿੱਚ ਮੀਂਹ ਤੇ ਨਿਰਭਰ ਝੋਨੇ ਦੀ ਖੇਤੀ ਬੜੀ ਹੀ ਅਸਥਿਰ ਹੋਣ ਕਰਕੇ ਇੱਥੋਂ ਦੇ ਲੋਕ ਆਪਣੀ ਰੋਜ਼ੀ-ਰੋਟੀ ਲਈ ਆਂਧਰਾ ਪ੍ਰਦੇਸ਼ ਜਾਂ ਹੋਰ ਇਲਾਕਿਆਂ ਵਿੱਚ ਪਲਾਇਨ ਕਰਦੇ ਸਨ| ਦਿਨੋਂ-ਦਿਨ ਸੋਕੇ ਅਤੇ ਫਸਲਾਂ ਦੀ ਮਾਰ ਕਾਰਨ, ਪਲਾਇਨ ਇੱਕ ਆਮ ਗੱਲ ਹੋ ਗਈ ਸੀ| ਪਰ ਸਬਜੀਆਂ ਦੀ ਖੇਤੀ ਨੇ ਇਸ ਸਿਲਸਿਲੇ ਨੂੰ ਠੱਲ੍ਹ ਪਾ ਦਿੱਤੀ| ਦੋ ਗੈਰ ਸਰਕਾਰੀ ਸੰਸਥਾਵਾਂ ਇਹਨਾਂ ਲੋਕਾਂ ਨੂੰ ਉੱਚਿਤ ਸਰਕਾਰੀ ਨੀਤੀਆਂ ਨਾਲ ਜੋੜ ਕੇ ਕਾਫ਼ੀ ਮੱਦਦ ਕਰ ਰਹੀਆਂ ਹਨ|
ਕਿਸਮਤ ਦੇ ਤਾਲਾਬ ਇਸੇ ਜਿਲ੍ਹੇ ਦੀ ਤਹਿਸੀਲ ਬੌਡੇਨ ਵਿੱਚ ਪਿੰਡ ਕੁਸੁਮਖੁੰਤਾ ਦੇ ਵਸਨੀਕ ਸ਼ਤਰ ਮਾਝੀ ਅਤੇ ਉਜਲ ਮਾਝੀ ਦੀਆਂ ਕਹਾਣੀਆਂ ਵੀ ਕਾਫ਼ੀ ਰੁਮਾਂਚਕ ਹਨ| ਇਹ ਦੋਵੇਂ ਮੱਧਮ ਦਰਜੇ ਦੇ ਕਿਸਾਨ ਆਪਣੀ ਰੋਜ਼ੀ-ਰੋਟੀ ਲਈ ਮਜ਼ਦੂਰੀ ਤੇ ਨਿਰਭਰ ਹਨ ਅਤੇ ਬਹੁਤ ਹੀ ਥੋੜ੍ਹੀ ਜ਼ਮੀਨ ਦੇ ਮਾਲਕ ਹਨ| ਉਹਨਾਂ ਦੀ ਇਹ ਥੋੜ੍ਹੀ ਜਿਹੀ ਜ਼ਮੀਨ, ਜੋ ਕਿ ਵਰਖਾ ਆਧਾਰਿਤ ਹੈ, ਉਹਨਾਂ ਦੀਆਂ ਰੋਜ਼ਾਨਾ ਖੁਰਾਕ ਦੀਆਂ ਜਰੂਰਤਾਂ ਵੀ ਪੂਰੀਆਂ ਨਹੀ ਕਰ ਸਕਦੀ| ਪਰ ਇੱਕ ਸਾਲ ਪਹਿਲਾਂ ਜਦੋਂ ਸਰਕਾਰੀ ਰੁਜ਼ਗਾਰ ਸਕੀਮ ਮਨਰੇਗਾ ਤਹਿਤ ਤਲਾਬ (ਛੱਪੜ) ਪੁੱਟਣ ਦਾ ਕੰਮ ਮਿਲਿਆ ਤਾਂ ਸਭ ਕੁੱਝ ਹੀ ਬਦਲ ਗਿਆ| ਇਹਨਾਂ ਨੂੰ ਖੇਤਾਂ ਵਿੱਚ ਤਲਾਬ ਬਣਾਉਣ ਦੀ ਸਕੀਮ ਤਹਿਤ 20 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਮਿਲੀ|
ਸਮਾਨ ਦੇ ਅਤੇ ਸਮੂਹਿਕ ਖਰਚੇ ਕੱਟਣ ਤੋਂ ਬਾਅਦ ਇਸ 20 ਹਜਾਰ ਵਿੱਚੋਂ ਸ਼ਤਰ ਅਤੇ ਉਜਲ ਨੂੰ 15 ਅਤੇ 14 ਹਜਾਰ ਰੁਪਏ ਮਿਲੇ| ਸ਼ਤਰ ਨੇ ਆਪਣੀ 70 ਡੈਸੀਮਲ ਜਮੀਨ ਵਿੱਚੋਂ 4 ਡੈਸੀਮਲ ਤੇ ਤਲਾਬ ਬਣਾਇਆ ਅਤੇ ਪੂਰੇ ਪਲਾਟ ਤੇ ਵਾੜ ਲਗਾ ਕੇ ਸਬਜੀਆਂ ਬੀਜੀਆਂ| ਉਸਨੇ 45 ਡੈਸੀਮਲ ਵਿੱਚ ਪਿਆਜ਼, 10 ਡੈਸੀਮਲ ਵਿੱਚ ਟਮਾਟਰ ਅਤੇ ਤਲਾਬ ਦੇ ਕਿਨਾਰੇ ਭਿੰਡੀ, ਸੂਰਜਮੁਖੀ ਅਤੇ ਹੋਰ ਸਥਾਨਕ ਸਬਜੀਆਂ ਲਗਾਈਆਂ| “ਅਸੀਂ ਪੂਰਾ ਸਾਲ ਘਰ ਦੀਆਂ ਸਬਜੀਆਂ ਖਾਧੀਆਂ ਅਤੇ ਬਾਕੀ ਵੇਚ ਕੇ ਇਸ ਸਾਲ 15 ਹਜਾਰ ਰੁਪਏ ਕਮਾਏ|ਇਸ ਕਰਕੇ ਇਸ ਸਾਲ ਮੈਨੂੰ ਦੂਰ-ਦੁਰਾਡੇ ਆਂਧਰਾ ਪ੍ਰਦੇਸ਼ ਨਹੀ ਜਾਣਾ ਪਿਆ|” ਸ਼ਤਰ ਨੇ ਬੜਾ ਹੀ ਖੁਸ਼ ਹੋ ਕੇ ਦੱਸਿਆ|
ਇਸੇ ਤਰ੍ਹਾ ਉਜਲ ਨੇ ਵੀ 50 ਡੈਸੀਮਲ ਜ਼ਮੀਨ ਤੇ ਪਿਆਜ਼ ਲਗਾਇਆ| ਵੱਟਾਂ ਤੇ ਅਰਹਰ ਦੀ ਖੇਤੀ ਵੀ ਕੀਤੀ| ਉਸਦੇ ਦੱਸਣ ਅਨੁਸਾਰ ਉਸਨੇ ਇਸ ਸਾਲ 14 ਹਜਾਰ ਰੁਪਏ ਕਮਾਏ ਅਤੇ ਉਸਨੂੰ ਬਾਹਰ ਜਾਣ ਦੀ ਵੀ ਲੋੜ ਨਹੀ ਪਈ| ਇਹਨਾਂ ਦੋਵਾਂ ਕਿਸਾਨਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਮੱਦਦ ਨਾਲ ਤਲਾਬ ਬਣਾਏ| ਇਸ ਦਾ ਮਤਲਬ ਮਨਰੇਗਾ ਤਹਿਤ ਕੰਮ ਕਰਕੇ ਇਹਨਾਂ ਦੇ ਪਰਿਵਾਰ ਨੂੰ ਰੁਜ਼ਗਾਰ ਵੀ ਮਿਲਿਆ ਅਤੇ ਨਾਲ ਹੀ ਤਲਾਬ ਵੀ ਸਦਾ ਲਈ ਉਹਨਾਂ ਦੀ ਪੂੰਜੀ ਦਾ ਸਾਧਨ ਬਣ ਗਿਆ| ਪਿੰਡ ਦੇ 8 ਹੋਰ ਛੋਟੇ ਕਿਸਾਨਾਂ ਨੇ ਵੀ ਇਹੀ ਤਰੀਕਾ ਬਣਾਇਆ ਹੈ| ਇਸ ਤਰ੍ਹਾ ਇਹ ਪਿੰਡ ਦੂਜਿਆ ਲਈ ਪ੍ਰੇਰਣਾ ਦਾ ਸ੍ਰੋਤ ਬਣ ਗਿਆ ਹੈ|
ਅ੍ਸ਼ੋਕ ਪਟਨਾਇਕ ਅਨੁਸਾਰ ਇਸ ਇਲਾਕੇ ਵਿੱਚ ਘਰੇਲੂ ਬਗੀਚੀ ਇੱਕ ਸਦੀਆਂ ਪੁਰਾਣਾ ਕਿੱਤਾ ਹੈ| ਹਰ ਘਰ ਵਿੱਚ ਘਰੇਲੂ ਬਗੀਚੀ ਹੁੰਦੀ ਸੀ ਜੋ ਕਿ ਪਰਿਵਾਰ ਦੀਆਂ ਖੁਰਾਕੀ ਜਰੂਰਤਾਂ ਪੂਰੀਆਂ ਕਰਦੀ ਸੀ| ਪਰ ਸਮੇਂ ਦੇ ਨਾਲ ਇਹ ਕਿੱਤਾ ਛੁੱਟਦਾ ਗਿਆ ਜਿਸਦਾ ਅਹਿਮ ਕਾਰਨ ਸੀ ਮਜਦੂਰਾਂ ਦੀ ਘਾਟ|ਹੁਣ ਕਈ ਗੈਰ ਸਰਕਾਰੀ ਸੰਸਥਾਵਾਂ ਦੀ ਮਿਹਨਤ ਸਦਕਾ ਹਰ ਪਿੰਡ ਵਿੱਚ 20 ਤੋਂ 30 ਪ੍ਰਤੀਸ਼ਤ ਪਰਿਵਾਰ ਘਰੇਲੂ ਬਗੀਚੀ ਵਿੱਚ ਸਬਜੀਆਂ ਉਗਾਉਣ ਲੱਗ ਪਏ ਹਨ| ਇਹਨਾਂ ਵਿੱਚੋਂ ਜ਼ਿਆਦਾਤਰ ਪਰਿਵਾਰ ਸਬਜੀਆਂ ਵੇਚ ਕੇ ਚੰਗੀ ਕਮਾਈ ਵੀ ਕਰ ਲੈਂਦੇ ਹਨ|
ਝੋਨੇ ਅਤੇ ਮੱਛੀ ਪਾਲਣ ਅਧੀਨ ਏਕੀਕ੍ਰਿਤ ਖੇਤੀ ਕੇਂਦਰਾਪਾਡਾ ਜਿਲ੍ਹੇ ਦੇ ਰਾਜਨਗਰ ਬਲਾਕ ਵਿੱਚ ਪੈਂਦੇ ਪਿੰਡ ਪਦਮਾਨਵਾਪਤਾਨਾ ਵਿੱਚ ਹਰ ਵਰ੍ਹੇ ਆਉਂਦੇ ਹੜ੍ਹਾਂ ਕਾਰਨ ਮਜਬੂਰਨ ਕਿਸਾਨਾਂ ਨੂੰ ਝੋਨੇ ਦੀ ਖੇਤੀ ਕਰਨੀ ਪੈਂਦੀ|ਪ੍ਰੰਤੂ ਹੁਣ ਇਹਨਾਂ ਕਿਸਾਨਾਂ ਨੂੰ ‘ਕਨਸਰਨ ਵਰਲਡਵਾਈਡ’ ਅਤੇ ਯੂਰਪੀਅਨ ਯੂਨੀਅਨ ਦੁਆਰਾ ਸਹਿਯੋਗ ਪ੍ਰਾਪਤ ਅਤੇ ਸਥਾਨਕ ਗੈਰ ਸਰਕਾਰੀ ਸੰਗਠਨ ਆਰ ਸੀ ਡੀ ਸੀ ਦੁਆਰਾ ਲਾਗੂ ਕੀਤੀ ਗਈ ਬਹੁ-ਦੇਸ਼ੀ ਪਹਿਲ ‘ਪਰਿਵਰਤਨ’ ਰਾਹੀ ਨਵਾਂ ਸਹਿਯੋਗ ਮਿਲਿਆ| ਕੰਚਨ ਸਮਲ ਜਿਹੇ ਛੋਟੇ ਕਿਸਾਨਾਂ ਨੂੰ ਆਪਣੇ ਝੋਨੇ ਦੇ ਖੇਤ ਵਿੱਚ ਮੱਛੀ ਪਾਲਣ ਅਤੇ ਸਬਜੀਆਂ ਦੀ ਖੇਤੀ ਲਈ ਸਹਿਯੋਗ ਦਿੱਤਾ ਗਿਆ|
ਕੰਚਨ ਨੂੰ ਸ਼ੁਰੂਆਤ ਵਿੱਚ ਮੱਛੀ ਦੇ 2000 ਬੱਚੇ, ਉਹਨਾਂ ਲਈ ਲੋੜੀਂਦੇ ਭੋਜਨ ਦੇ ਨਾਲ ਹੀ ਸਬਜੀਆਂ ਦੇ ਬੀਜ ਅਤੇ ਪੌਦੇ ਦਿੱਤੇ ਗਏ|ਜੂਨ 2013 ਵਿੱਚ ਉਸਨੇ ਆਪਣੇ 50 ਡੈਸੀਮਲ ਦੇ ਵਿਹੜੇ ਵਿੱਚ ਏਕੀਕ੍ਰਿਤ ਖੇਤ ਤਿਆਰ ਕਰਨਾ ਸ਼ੁਰੂ ਕੀਤਾ| ਇਸ ਜ਼ਮੀਨ ਨੂੰ ਖੇਤ ਕਮ ਤਲਾਬ ਬਣਾਇਆ ਗਿਆ ਜਿੱਥੇ ਝੋਨੇ ਦੀ ਫਸਲ ਅਤੇ ਮੱਛੀ ਪਾਲਣ ਦੋਵੇਂ ਕੀਤੇ ਜਾ ਸਕਣ| ਪਾਣੀ ਦੇ ਅੰਦਰ ਆਉਣ ਅਤੇ ਬਾਹਰ ਜਾਣ ਲਈ ਪ੍ਰਬੰਧ ਕੀਤਾ ਗਿਆ ਤਾਂਕਿ ਵਾਧੂ ਪਾਣੀ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਮੱਛੀਆਂ ਖੇਤ ਦੇ ਅੰਦਰ ਹੀ ਰਹਿਣ|ਖੇਤ ਦੀਆਂ ਵੱਟਾਂ ਉੱਪਰ ਸਬਜੀ ਲਗਾਈ ਗਈ| ਝੋਨੇ ਵਿੱਚ ਅਤੇ ਸਬਜੀਆਂ ਵਿੱਚ ਜੈਵਿਕ ਖਾਦ ਦੀ ਵਰਤੋਂ ਕੀਤੀ ਗਈ|
ਕੰਚਨ ਨੂੰ ਹੁਣ ਆਪਣੇ ਆਪ ਤੇ ਮਾਣ ਹੈ ਕਿ ਉਸਦੀ ਆਮਦਨੀ ਇਸ ਮਾਡਲ ਤਹਿਤ ਛੋਟੇ ਜਿਹੇ ਖੇਤ ਤੋਂ ਇੱਕ ਸਾਲ ਵਿੱਚ ਹੀ 200 ਗੁਣਾ ਹੋ ਗਈ| “ਮੈਂ ਝੋਨੇ ਦੀ |ਸਲ ਤੋਂ ਲਗਭਗ 5000 ਰੁਪਏ ਕਮਾਉਂਦੀ ਸੀ| ਪਰ ਇਸ ਸਾਲ ਝੋਨੇ ਦੀ ਕਮਾਈ ਤੋਂ ਇਲਾਵਾ 8000 ਰੁਪਏ ਮੱਛੀ ਪਾਲਣ ਤੋਂ ਅਤੇ 3000 ਰੁਪਏ ਸਬਜੀਆਂ ਵੇਚ ਕੇ ਆਮਦਨ ਹੋਈ|” ਕੰਚਨ ਨੇ ਦੱਸਿਆ| ਉਸਨੇ ਅੱਗੇ ਹੋਰ ਜੋੜਦਿਆਂ ਦੱਸਿਆ, “ਅਤੇ ਨਾ ਹੀ ਪਰਿਵਾਰ ਲਈ ਸਬਜੀਆਂ ਅਤੇ ਮੱਛੀ ਖਰੀਦਣ ਦੀ ਜਰੂਰਤ ਪਈ|” ਕੰਚਨ ਨੇ ਆਪਣੀ ਇਸ ਕਮਾਈ ਨਾਲ ਆਪਣੇ ਬੱਚਿਆਂ ਲਈ ਸਾਈਕਲ, ਪੜ੍ਹਾਈ ਦਾ ਖਰਚਾ ਅਤੇ ਹੋਰ ਪਰਿਵਾਰਿਕ ਜਰੂਰਤਾਂ ਪੂਰੀਆਂ ਕੀਤੀਆਂ|ਜਨਮੇਜਯਾ, ਜੋ ਕਿ ਇੱਕ ਸਥਾਨਕ ਗੈਰ ਸਰਕਾਰੀ ਸੰਗਠਨ ਦੀ ਫੀਲਡ ਸਟਾਫ ਮੈਂਬਰ ਹੈ, ਨੇ ਦੱਸਿਆ, “ਹੋਰ ਵੀ ਛੋਟੇ ਕਿਸਾਨਾਂ, ਜਿੰਨਾਂ ਨੂੰ ਇਸ ਸਕੀਮ ਤਹਿਤ ਸਹਿਯੋਗ ਦਿੱਤਾ ਗਿਆ, ਲਈ ਇਹ ਬਹੁਤ ਹੀ ਲਾਹੇਵੰਦ ਰਿਹਾ ਹੈ| ਪਰਿਵਾਰ ਦੀਆਂ ਖੁਰਾਕ ਦੀਆਂ ਜਰੂਰਤਾਂ ਤੋਂ ਇਲਾਵਾ ਇਸ ਖੇਤੀ ਤਹਿਤ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਆਇਆ ਹੈ|”
ਸਰੋਜ ਦਸ਼, ਜੋ ਕਿ ਕਨਸਰਨ ਵਰਲਡਵਾਈਡ ਦੇ ਤਕਨੀਕੀ ਕੋਆਰਡੀਨੇਟਰ ਹਨ, ਇਸ ਪਹਿਲ ਨੂੰ ਬੜਾ ਪ੍ਰਭਾਵਸ਼ਾਲੀ ਮੰਨਦੇ ਹਨ| ਉਹਨਾਂ ਦਾ ਕਹਿਣਾ ਹੈ, “ਜਗਤਸਿੰਘਪੁਰ ਅਤੇ ਕੇਂਦਰਾਪਾਡਾ ਜਿਲ੍ਹਿਆਂ ਦੇ ਚੱਕਰਵਾਤ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਛੋਟੇ ਕਿਸਾਨਾਂ ਨੇ ਬੜੇ ਹੀ ਸਫਲਤਾਪੂਰਵਕ ਢੰਗ ਨਾਲ ਇਸ ਮਾਡਲ ਨੂੰ ਅਪਣਾ ਕੇ ਨਾ ਸਿਰਫ ਕੁਦਰਤੀ ਕਹਿਰ ਦੇ ਪ੍ਰਭਾਵ ਨੂੰ ਘਟਾਇਆ ਹੈ ਬਲਕਿ ਆਪਣੇ ਪਰਿਵਾਰ ਦੀਆਂ ਭੋਜਨ, ਪੋਸ਼ਣ ਅਤੇ ਆਰਥਿਕ ਲੋੜਾਂ ਨੂੰ ਵੀ ਪੂਰਾ ਕੀਤਾ ਹੈ| ਇਹ ਮਾਡਲ ਨਾ ਸਿਰਫ ਭਾਰਤੀ ਤੱਟੀ ਇਲਾਕਿਆਂ ਵਿੱਚ ਬਲਕਿ ਬੰਗਲਾਦੇਸ਼ ਦੇ ਤੱਟੀ ਇਲਾਕਿਆਂ ਵਿੱਚ ਵੀ ਕਾਮਯਾਬ ਸਿੱਧ ਹੋਏ ਹਨ|ਝੋਨੇ-ਮੱਛੀ ਦੀ ਖੇਤੀ ਝੋਨੇ ਦੇ ਖੇਤਾਂ ਵਿੱਚੋਂ 23 ਪ੍ਰਤੀਸ਼ਤ ਤੱਕ ਗੈਸ ਨਿਕਾਸ ਨੂੰ ਘਟਾਉਂਦੇ ਹਨ ਜਿਸ ਨਾਲ ਜਲਵਾਯੂ ਪਰਿਵਰਤਨ ਦੇ ਮਸਲੇ ਨੂੰ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ|
ਇਹਨਾਂ ਸਭ ਕਿਸਾਨਾਂ ਨੇ ਭੋਜਨ, ਪੋਸ਼ਣ ਅਤੇ ਆਮਦਨੀ ਨੂੰ ਯਕੀਨੀ ਬਣਾ ਕੇ ਸੋਕੇ ਅਤੇ ਗਰੀਬੀ ਦਾ ਡਟ ਕੇ ਸਾਹਮਣਾ ਕੀਤਾ| ਖੈਰ, ਚਾਹੇ ਉਹ ਪੈਸੇ ਪੱਖੋਂ ਗਰੀਬ ਹੋਣ ਪਰ ਉਹਨਾਂ ਨੇ ਆਪਣੇ ਛੋਟੇ ਸਾਧਨਾਂ ਨਾਲ ਵੱਡੀ ਛਲਾਂਗ ਮਾਰੀ ਹੈ| ਸਬੂਤ ਸਪੱਸ਼ਟ ਦੱਸਦੇ ਹਨ, ਜਮੀਨ ਚਾਹੇ ਛੋਟੀ ਹੀ ਕਿਉਂ ਨਾ ਹੋਵੇ, ਜਲਵਾਯੂ ਪਰਿਵਰਤਨ ਦੇ ਮਸਲੇ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ|
Path Alias
/articles/chaootaee-khaeeta-vahdaian-kamaaian
Post By: kvm