ਪਾਣੀ ਤੋਂ ਬਿਨਾਂ ਪ੍ਰਾਣੀ ਦੀ ਕਲਪਨਾ ਸੰਭਵ ਨਹੀਂ। ਜਲ ਸ੍ਰੋਤ ਅਸਲ ਵਿੱਚ ਜੀਵਨ ਸ੍ਰੋਤ ਹਨ। ਜੀਵਨ ਸ੍ਰੋਤ ਵਾਲੇ ਕਿਸੇ ਜਲ ਸ੍ਰੋਤ ਦੀ ਕਥਾ ਜਦੋਂ ਸਾਹਿਤ ਦੇ ਮਾਧਿਅਮ ਰਾਹੀਂ ਸਾਹਮਣੇ ਆਉਂਦੀ ਹੈ ਤਾਂ ਉਹ ਸਾਹਿਤਕ ਸਰੋਤ ਦਾ ਉੱਤਮ ਨਮੂਨਾ ਬਣ ਜਾਂਦੀ ਹੈ। ਜੀਵਨ ਧਾਰਾ ਨਿਰਮਲ ਪਾਣੀ ਦੀ ਧਾਰਾ ਸਦਕਾ ਹੀ ਵਹਿ ਸਕਦੀ ਹੈ। ਜੇ ਜੀਵਨ ਹੈ ਤਾਂ ਸਮਾਜ ਹੈ ਤੇ ਸਾਹਿਤ ਸਮਾਜ ਦਾ ਆਬ (ਸ਼ੀਸ਼ਾ, ਚਮਕ, ਆਬਰੂ) ਹੈ। ਹੁਣ ਜਦੋਂ ਸਾਹਿਤ ਸਮਾਜ ਦੀ ਬਾਤ ਪਾਉਂਦਾ ਹੈ ਤਾਂ ਸਾਹਿਤ ਦੇ ਸਰੋਕਾਰ, ਸਮਾਜ ਦੇ ਜੀਵਨ ਸ੍ਰੋਤ ਨਾਲ ਸਹਿਜੇ ਹੀ ਜਾ ਜੁੜਦੇ ਹਨ। ਜੜ੍ਹਾਂ ਨਾਲ ਜੁੜੇ ਬਗ਼ੈਰ ਸੱਚੇ - ਸੁੱਚੇ ਸਾਹਿਤ ਦੀ ਉਸਾਰੀ ਸੰਭਵ ਨਹੀਂ। ਖੋਜੀ ਬਿਰਤੀਆਂ ਦੇ ਮਾਲਕ ਲੋਕ ਨੀਹਾਂ ਦੀ ਚਿੰਤਾ ਕਰਦੇ ਹਨ, ਉੱਪਰਲੀਆਂ ਮੰਜ਼ਿਲਾਂ ਦੀ ਨਹੀਂ।
ਅਸੀਂ ਜਾਣਦੇ ਹਾਂ ਕਿ ਸੰਸਾਰ ਦੇ ਪ੍ਰਣੀਆਂ ਦਾ ਆਧਾਰ ਪਾਣੀ ਹੈ। ਪਾਣੀ ਦੇ ਸ੍ਰੋਤ ਪਿਛਲੇ ਪੈਰੀਂ ਮੁੜਦੇ ਚਲੇ ਜਾ ਰਹੇ ਹਨ। ਧਰਤੀ ਹੇਠਲਾ ਪਾਣੀ ਸਾਡੀਆਂ ਉੱਪਰ ਦਿਸਦੀਆਂ ਉਚਾਈਆਂ ਤੋਂ ਐਨ ਉਲਟ ਹੇਠਲੀ ਦਿਸ਼ਾ ਵੱਲ ਨੀਵਾਂ ਚਲਾ ਗਿਆ ਹੈ। ਅਖੌਤੀ ਵਿਕਾਸ, ਨਿਰਾ ਹਵਾ ਵਿੱਚ ਡਾਂਗਾਂ ਮਾਰਨ ਦੇ ਸਮਾਨ ਹੈ। ਦੁਨੀਆ ਦੇ ਇਸ ਮੇਲੇ ਵਿੱਚ ਸਭ ਨੂੰ ਆਪੋ ਆਪਣੀ ਪਈ ਹੋਈ ਹੈ। ਜਿਵੇਂ ਬਾਬਾ ਫ਼ਰੀਦ ਜੀ ਫਰਮਾਉਂਦੇ ਹਨ ਕਿ-ਫ਼ਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ।
ਬਾਬਾ ਫ਼ਰੀਦ ਜੀ ਨੂੰ ਸਾਰੀ ਮਨੁੱਖਤਾ ਦੀ ਚਿੰਤਾ ਸੀ ਕਿ ਲੋਕ ਆਪੋ ਆਪਣੇ ਕੰਮਾਂ ਕਾਰਾਂ ਵਿਚ ਲੱਗ ਕੇ ਉਸ ਦਾਤਾ ਨੂੰ ਵਿਸਾਰ ਰਹੇ ਨੇ ਜਿਹੜਾ ਉਹਨਾਂ ਦੇ ਜੀਵਨ ਦਾ ਆਧਾਰ ਹੈ। ਜੀਵਨ ਦੇ ਆਧਾਰ ਦੇ ਖੁਰ ਜਾਣ ਦੀ ਚਿੰਤਾ ਜਿਸ ਨੂੰ ਵੀ ਹੈ ਉਹ ਸਾਰੀ ਹੀ ਲੁਕਾਈ ਦਾ ਮਿੱਤਰ ਪਿਆਰਾ ਹੈ। ਸੁਖਮਨੀ ਸਾਹਿਬ ਵਿੱਚ ਵੀ ਫੁਰਮਾਨ ਆਉਂਦਾ ਹੈ ਕਿ-''ਸਗਲ ਕੀ ਚਿੰਤਾ ਜਿਸ ਮਨ ਮਾਹਿ, ਤਿਸ ਤੇ ਬਿਰਥਾ ਕੋਈ ਨਾਹਿ।''ਗੁਰਬਾਣੀ ਦੇ ਆਧਾਰ ਸ੍ਰੋਤ ਵਾਲੀ ਸਗਲ ਕੀ ਚਿੰਤਾ ਵੱਲ ਕਈ ਨੇਕ ਪੁਰਸ਼ਾਂ ਦਾ ਧਿਆਨ ਲੱਗਿਆ ਹੋਇਆ ਹੈ। ਇਨ੍ਹਾਂ ਵਿੱਚੋਂ ਇੱਕ ਸੁਰਿੰਦਰ ਬਾਂਸਲ ਹਨ, ਜਿਨ੍ਹਾਂ ਦੇ ਪ੍ਰਯੋਜਨ ਅਧੀਨ ਅਨੂਪਮ ਮਿਸ਼ਰ ਨੇ ਭਾਰਤੀ ਤਾਲਾਬਾਂ ਬਾਰੇ ਇੱਕ ਖੋਜ ਪੁਸਤਕ ਹਿੰਦੀ ਭਾਸ਼ਾ ਵਿੱਚ ਲਿਖੀ। ਜਿਸ ਦਾ ਪੰਜਾਬੀ ਅਨੁਵਾਦ ਸੁਿਰੰਦਰ ਬਾਂਸਲ ਨੇ ਕੀਤਾ ਹੈ। ਸਗਲ ਕੀ ਚਿੰਤਾ ਵਾਲੀ ਗੱਲ ਸ੍ਰੀ ਅਨੁਪਮ ਮਿਸ਼ਰ ਤੇ ਸੁਰਿੰਦਰ ਬਾਂਸਲ ਤੇ ਪੂਰੀ ਤਰ੍ਹਾਂ ਢੁਕਦੀ ਹੈ ਕਿਉਂਕਿ ਅਜੋਕੇ ਤੜਕ-ਭੜਕ ਦੇ ਸਮੇਂ ਵਿੱਚ ਜਦੋਂ ਮਨੁੱਖ ਅਸੰਗਠਤਾ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਜੀਵਨ ਆਧਾਰ ਬਣੇ ਜਲ ਸ੍ਰੋਤ ਦੀ ਕਥਾ ਛੇੜ ਲੈਣੀ ਕਿਸੇ ਦੈਵੀ ਸ਼ਕਤੀ ਤੋਂ ਘੱਟ ਕਾਰਜ ਨਹੀਂ ਹੈ। ਪੁਸਤਕ 'ਅੱਜ ਵੀ ਖਰੇ ਹਨ ਤਾਲਾਬ' ਕੇਵਲ ਭਾਰਤੀ ਤਾਲਾਬਾਂ ਦੇ ਇੰਚ-ਇੰਚ ਕਰਕੇ ਸੁੱਕਣ ਤੇ ਮੁੱਕਣ ਦੀ ਹੀ ਗੱਲ ਨਹੀਂ ਕਰਦੀ, ਸਗੋਂ ਮਾਨਵੀ ਜੀਵਨ ਦੀ ਉਸਾਰੀ ਦੇ ਸਾਰੇ ਪੱਖਾਂ ਨੂੰ ਚੁਫ਼ੇਰਿਓਂ ਉਜਾਗਰ ਕਰਦੀ ਹੈ।
ਤਾਲਾਬਾਂ ਦੇ ਸੰਗ ਸਾਥ ਵਿੱਚ ਜਿਊਂਦਿਆਂ ਮਨੁੱਖੀ ਜੀਵਨਧਾਰਾ ਕਿਵੇਂ ਇੱਕ ਸੁਰ ਹੋ ਕੇ ਚਲਦੀ ਰਹੀ ਦਾ ਭਾਵਪੂਰਣ ਵਰਣਨ ਇਸ ਅਲੋਕਾਰੀ ਕਲਾ ਕ੍ਰਿਤ ਵਿੱਚ ਦਰਸਾਇਆ ਗਿਆ ਹੈ। ਮਨੁੱਖੀ ਜ਼ਿੰਦਗੀ ਦਾ ਜਿੰਨਾ ਡੂੰਘਾ ਸੰਬੰਧ ਪਾਣੀ ਨਾਲ ਹੈ, ਓਨੀ ਹੀ ਡੂੰਘੀ ਜਾਣਕਾਰੀ ਤਾਲਾਬ ਜਲ ਸ੍ਰੋਤ ਤੋਂ ਜੀਵਨ ਸ੍ਰੋਤ ਬਣ ਗਈ ਹੈ। ਗੁਰਬਾਣੀ ਵਿਚਲੇ ਅਨੇਕਾਂ ਜੀਵੰਤ ਤੱਥ 'ਪਹਲਾਂ ਪਾਣੀ ਜੀਓ ' ਹੈ ਆਦਿ ਦੀ ਜਿਊਂਦੀ ਜਾਗਦੀ ਤਸਵੀਰ ਇਸ ਕਥਾ ਸ੍ਰੋਤ ਵਿੱਚ ਹਾਜ਼ਰ ਹੈ।
ਪੁਸਤਕ ਦੇ ਅਨੁਵਾਦ ਤੋਂ ਪਹਿਲਾਂ ਸੁਰਿੰਦਰ ਬਾਂਸਲ ਨੇ ਆਪਣਾ ਇੱਕ ਮੌਲਿਕ ਲੇਖ 'ਪੰਜ ਨਦੀਆਂ ਦੇ ਵਾਰਿਸ ਹੁਣ ਬੀਆਬਾਨ ਦੇ ਸ਼ਾਹ' ਲਿਖ ਕੇ ਇਸ ਪੁਸਤਕ ਦਾ ਆਗ਼ਾਜ਼ ਕੀਤਾ ਹੈ। ਇਸ ਲੇਖ ਵਿੱਚ ਬਾਂਸਲ ਨੇ ਆਪਣੇ ਬਚਪਨ ਦੀਆਂ ਯਾਦਾਂ ਦਾ ਖੁਲਾਸਾ ਪਾਣੀ ਦੀ ਮਹੱਤਤਾ ਦੇ ਪ੍ਰਸੰਗ ਵਿੱਚ ਕੀਤਾ ਹੈ। ਲੇਖਕ ਦੱਸਦਾ ਹੈ ਕਿ ਕਿਵੇਂ ਸਿਰ ਦੀਆਂ ਬਲਾਵਾਂ ਟਾਲਣ ਲਈ ਨਿੰਮ, ਪਿੱਪਲ ਤੇ ਬਰੋਟੇ ਲਗਾਏ ਜਾਂਦੇ ਸਨ। ਲੇਖਕ ਆਪਣੀ ਬਾਤ ਪਾਉਂਦਿਆਂ ਜ਼ਿੰਦਗੀ ਨੂੰ ਭਾਗ ਲਾਉਣ ਵਾਲੀ ਇੱਕ ਅਰਦਾਸ ਦਾ ਨਮੂਨਾ ਇਸ ਤਰ੍ਹਾਂ ਦਿੰਦਾ ਹੈ। ''ਵਾਹਿਗੁਰੂ ਮੇਰੇ ਕਾਕੇ ਨੂੰ ਉਸ ਤ੍ਰਿਵੈਣੀ ਦੀ ਉਮਰ ਅਤੇ ਤ੍ਰਿਵੈਣੀ ਨੂੰ ਮੇਰੇ ਕਾਕੇ ਦੀ ਉਮਰ ਬਖ਼ਸ਼ੇ।'' ਲੇਖਕ ਦਾ ਭਾਵ ਸਪੱਸ਼ਟ ਹੈ ਕਿ ਨਿੰਮ, ਪਿੱਪਲ ਤੇ ਬਰੋਟੇ ਦੀਆਂ ਤ੍ਰਿਵੈਣੀਆਂ ਹੀ ਜੀਵਨ ਦਾ ਆਧਾਰ ਹਨ। ਜੇ ਰੁੱਖ ਹਨ ਤਾਂ ਜ਼ਿੰਦਗੀ ਹੈ। ਰਹਿੰਦੀ ਜ਼ਿੰਦਗੀ ਰੁੱਖਾਂ ਦੀ ਸੰਭਾਲ ਦਾ ਅਹਿਦ ਇਸ ਅਰਦਾਸ ਵਿੱਚ ਹੋਇਆ ਮਿਲਦਾ ਹੈ। ਇਹੋ ਗੱਲ ਪਾਣੀਆਂ ਦੀ ਹੈ। ਮਨੁੱਖ ਦੇ ਸਰੀਰ ਅੰਦਰ ਤਿੰਨ ਹਿੱਸੇ ਪਾਣੀ ਤੇ ਇੱਕ ਹਿੱਸਾ ਖੋਇਆ ਹੈ। ਪ੍ਰਕਿਰਤੀ ਵਿੱਚ ਵੀ ਤਿੰਨ ਹਿੱਸੇ ਸਮੁੰਦਰ (ਪਾਣੀ) ਹੈ ਤੇ ਕੇਵਲ ਇਕ ਹਿੱਸਾ ਸੁੱਕੀ ਧਰਤੀ, ਜੰਗਲ ਤੇ ਪਹਾੜ ਹਨ। ਬਾਂਸਲ ਦਾ ਮਕਸਦ ਸਪੱਸ਼ਟ ਹੈ ਕਿ ਪ੍ਰਕਿਰਤੀ ਦੇ ਵਿਚ ਵਿਗਾੜ ਪੈਦਾ ਕਰਕੇ , ਪ੍ਰਕਿਰਤੀ ਤੇ ਮਨੁੱਖੀ ਜੀਵਨ ਵਿੱਚ ਅਸੰਤੁਲਨ ਪੈਦਾ ਕਰਕੇ ਅਸੀਂ ਆਰਾਮ ਨਾਲ ਨਹੀਂ ਜੀ ਸਕਦੇ।ਬਾਂਸਲ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਪ੍ਰਕਿਰਤੀ ਦੇ ਪ੍ਰਸੰਗ ਵਿੱਚ ਹੋਰ ਸਪਸ਼ਟ ਕਰਦਾ ਜਾਂਦਾ ਹੈ, ਜਦੋਂ ਉਹ ਕਹਿੰਦਾ ਹੈ ਕਿ ਗਿੱਧਾਂ ਤੋਂ ਇਲਾਵਾ ਪੰਛੀਆਂ ਦੀਆਂ 90 ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ। ਉਸ ਨੂੰ ਇਹ ਗ਼ਮ ਹੈ ਕਿ ਹੁਣ ਬਹੁਤ ਸਾਰੇ ਪੰਛੀ ਹਰੀਕੇ ਪੱਤਣ ਵਰਗੀ ਵੱਡੀ ਝੀਲ ਤੇ ਨਹੀਂ ਆ ਰਹੇ। ਪਾਣੀ ਦੇ ਇਹਨਾਂ ਸਰਾਂ, ਤਲਾਂ ਬਾਰੇ ਗੁਰਬਾਣੀ ਦਾ ਫੁਰਮਾਨ ਹੈ ਕਿ-''ਚਲੁ ਚਲੁ ਗਈਆਂ ਪੰਖੀਆ ਜਿਨੀ ਵਸਾਏ ਤਲ।''ਨਦੀਆਂ ਦਰਿਆਵਾਂ ਨਾਲ ਜੁੜੀਆਂ ਕਥਾ- ਕਹਾਣੀਆਂ ਅੱਜ ਵੀ ਲੋਕ ਮਨਾਂ ਵਿੱਚ ਤੈਰ ਰਹੀਆਂ ਹਨ। ਸੋਹਣੀ ਨੂੰ ਜਿਸ ਝਨਾਂ ਨੇ ਡੋਬ ਦਿੱਤਾ ਸੀ ਉਸ ਬਾਰੇ ਹੀ ਅਣਖੀਲੀ ਮੁਟਿਆਰ ਕਹਿੰਦੀ ਹੈ ਕਿ ''ਮੈਂ ਇਕੋ ਘੁੱਟ ਭਰ ਲਾਂ ਝਨਾਂ ਦਾ, ਜੀਹਨੇ ਦਿੱਤਾ ਡੋਬ ਸੋਹਣੀ ਨੂੰ'' ਸ਼ਹੀਦੀ ਮੌਕੇ ਗੁਰੂ ਅਰਜਨ ਦੇਵ ਜੀ ਦੇ ਰਾਵੀ ਵਿੱਚ ਟੁੱਭੀ ਲਾਉਣ ਮੌਕੇ ਦਾ ਇੱਕ ਗੀਤ ਅਸੀਂ ਨਿੱਕੇ ਹੁੰਦੇ ਸਕੂਲ ਵਿਚ ਗਾਉਂਦੇ ਹੁੰਦੇ ਸਾਂ-'' ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਵੇ, ਤੇਰੀ ਗੋਦ ਵਿੱਚ ਬੈਠੀ ਸੱਚੀ ਸਰਕਾਰ ਵੇ।''
ਇਸੇ ਤਰ੍ਹਾਂ ਲੇਖਕ ਜਿਹਲਮ ਦਰਿਆ ਨੂੰ ਯਾਦ ਕਰਦਾ ਹੋਇਆ ਇਸ ਦੀ ਤੁਲਨਾ ਸਵਰਗ ਨਾਲ ਕਰਦਾ ਹੈ। ਉਹ ਕੁਦਰਤੀ ਸੋਮਿਆਂ ਨੂੰ ਵਡਿਆਉਂਦਾ ਹੈ ਤੇ ਸਾਰੇ ਵਿਚਾਰ ਦਾ ਕੇਂਦਰ ਵਾਤਾਵਰਣ ਦੀ ਸੰਭਾਲ ਨੂੰ ਹੀ ਬਣਾਉਂਦਾ ਹੈ। ਬਾਂਸਲ ਦਾ ਇਹ ਮੁੱਖ ਲੇਖ ਪੁਸਤਕ ਵਿਚਲੇ ਅਕੀਦਿਆਂ ਦੀ ਵਿਆਖਿਆ ਹੀ ਹੈ।
ਪੁਸਤਕ 'ਅੱਜ ਵੀ ਖਰੇ ਹਨ ਤਾਲਾਬ' ਲੋਕ ਸਮੂਹ ਦੀ ਏਕਤਾ ਦੀ ਪ੍ਰਤੀਕ ਹੈ। ਅਸਲ ਵਿੱਚ ਤਾਲਾਬ ਦੇ ਨਾਲ ਜੋੜ ਕੇ ਹੀ ਪਾਣੀਆਂ ਦੀ ਮਿਠਾਸ ਨੂੰ ਸਮੂਹਿਕਤਾ ਦੀ ਬਰਕਤ ਦੀ ਮਿਠਾਸ ਨਾਲ ਇਕਸੁਰ ਹੁੰਦੀ ਦਰਸਾਇਆ ਗਿਆ ਹੈ। ਜੀਵਨ ਸ਼ੈਲੀ ਦੇ ਦੈਵੀ ਪ੍ਰਭਾਵ ਜ਼ਿੰਦਗੀਆਂ ਦੇ ਖੰਭਾਂ ਨੂੰ ਉਸਾਰਦੇ ਸਨ। ਇਨ੍ਹਾਂ ਤਾਲਾਬਾਂ ਦੀ ਉਸਾਰੀ ਕਿਸੇ ਕੱਲੇਕਾਰੇ ਦੀ ਖੇਡ ਨਹੀਂ ਸੀ। ਗੁਰਬਾਣੀ ਵਿੱਚ ਇਸ ਸਰੀਰ ਨੂੰ 'ਜਲ ਕੀ ਭੀਤ' ਕਿਹਾ ਗਿਆ ਹੈ। ਭੀਤ ਭਾਵ ਪਾਣੀ ਸਰੀਰ ਦੀ ਕੰਧ ਹੈ।
ਪੁਸਤਕ ਵਿੱਚ ਕੰਮ ਸਭਿਆਚਾਰ ਦੀ ਤਸਵੀਰ ਇੰਨੀ ਬੇਬਾਕੀ ਨਾਲ ਪੇਸ਼ ਹੋਈ ਹੈ ਜੋ ਵਰਤਮਾਨ ਵਿੱਚ ਵੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਲਾਚਾਰੀ ਕਿਸੇ ਕੰਮ ਦੀ ਸੋਚ ਨਹੀਂ। ਛੋਟੇ ਵੱਡੇ ਅਮੀਰ ਗਰੀਬ ਜਾਂ ਜਾਤੀ ਆਦਿ ਨੂੰ ਕੇਂਦਰ ਨਾ ਬਣਾਇਆ ਜਾਵੇ। ਭਲੇ ਦੇ ਕੰਮ ਵਿੱਚ ਸਭ ਦੀ ਸ਼ਮੂਲੀਅਤ ਹੋਵੇ। ਪੁਸਤਕ ਦੱਸਦੀ ਹੈ ਕਿ ਰਾਜ ਪੱਧਰ 'ਤੇ ਸਿਲਾਵਟਪਾੜਾ ਲੋਕ ਤਾਲਾਬ ਤਿਆਰ ਕਰਨ ਦੇ ਮਾਹਿਰ ਹੋਣ ਦੇ ਨਾਲ-ਨਾਲ ਇਹ ਵੀ ਦੱਸਦੇ ਸਨ ਕਿ ਪਾਣੀ ਕਿਸ ਥਾਂ 'ਤੇ ਕਿੰਨਾ ਹੈ ਤੇ ਕਿੰਨਾ ਹੋਰ ਇਕੱਠਾ ਹੋ ਸਕਦਾ ਹੈ। ਜੇ ਹਰੀਜਨਾਂ, ਝਿਊਰਾਂ ਨੇ ਤਾਲਾਬ ਖੋਦੇ ਤੇ ਬਣਵਾਏ ਹਨ ਤਾਂ ਬ੍ਰਾਹਮਣਾਂ ਨੇ ਵੀ ਤਨਦੇਹੀ ਨਾਲ ਇਸ ਲੋਕ ਯੱਗ ਵਿੱਚ ਹਿੱਸਾ ਪਾਇਆ ਹੈ। ਇਸ ਤਰ੍ਹਾਂ ਤਾਲਾਬ ਸਭਿਆਚਾਰ ਨਾਲ ਜਾਤੀ ਵਿਮੁਕਤ ਕੰਮ ਸਭਿਆਚਾਰ ਪੈਦਾ ਹੋਇਆ ਹੈ।
ਜੇਕਰ ਤਾਲਾਬਾਂ ਦੀ ਸਾਂਭ ਸੰਭਾਲ ਨਾ ਕੀਤੀ ਜਾਂਦੀ ਤੇ ਨਵੇਂ ਤਾਲਾਬ ਨਾ ਖੋਦੇ ਜਾਂਦੇ ਤਾਂ ਜੀਵਨ ਅਸੰਭਵ ਤੇ ਨਿੱਸਲ ਹੋ ਜਾਣਾ ਸੀ। ਜ਼ਿੰਦਗੀ ਦੇ ਤਿੰਨ ਖੇਤਰਾਂ ਸਿਹਤ, ਖੇਤੀਬਾੜੀ ਤੇ ਪਸ਼ੂ ਧਨ ਤੇ ਮਾਰੂ ਪ੍ਰਭਾਵ ਪੈਣਾ ਕੁਦਰਤੀ ਸੀ। ਜੇਕਰ ਵਰਖਾ ਦੇ ਪਾਣੀ ਦੀ ਗੱਲ ਕਰੀਏ ਤਾਂ ਇਹ ਤਾਂ ਬਾਰਸ਼ ਤੋਂ ਬਾਅਦ ਰੇਤ ਦੀ ਮੁੱਠੀ ਵਾਂਗ ਬਿਖਰ ਜਾਂਦਾ ਸੀ। ਇਸ ਲਈ ਬਾਰਸ਼ਾਂ ਦੇ ਪਾਣੀ ਨੂੰ ਤਾਲਾਬਾਂ ਅੰਦਰ ਡੱਕਿਆ ਜਾਂਦਾ ਸੀ ਤਾਂ ਜੋ ਸੋਕੇ ਵੇਲੇ ਸੰਜਮ ਭਰਪੂਰ ਜੀਵਨ ਮੁੱਲਾਂ ਵਾਲੀਆਂ ਕਦਰਾਂ ਕੀਮਤਾਂ ਵੀ ਪੈਦਾ ਹੋ ਸਕਣ।
ਇੱਥੇ ਹੀ ਬਸ ਨਹੀਂ, ਪਾਣੀ ਦੀ ਸਾਂਭ ਸੰਭਾਲ ਲਈ ਤਾਲਾਬ ਪ੍ਰਣਾਲੀ ਸਮੁੰਦਰੀ ਇਲਾਕਿਆਂ ਵਿੱਚ ਹੋਰ ਵੀ ਕਾਰਗਰ ਸਾਬਤ ਹੋਈ। ਸਮੁੰਦਰ ਵਿੱਚ ਪਾਣੀ ਖਾਰਾ ਹੁੰਦਾ ਹੈ। ਮੀਂਹ ਦੇ ਪਾਣੀ ਨੂੰ ਤਾਲਾਬਾਂ ਵਿੱਚ ਰੋਕ ਕੇ ਪਾਣੀ ਵਾਲੇ ਮਿੱਠੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਸੀ। ਹੁਣ ਤਾਂ ਭਾਵੇਂ ਸਮੁੰਦਰਾਂ, ਦਰਿਆਵਾਂ ਜਾਂ ਨਦੀਆਂ, ਨਹਿਰਾਂ ਵਿਚ ਜਲ ਸ਼ੁੱਧੀ ਕੇਂਦਰ ਲਗਾਏ ਗਏ ਹਨ ਪਰ ਉਦੋਂ ਅਜਿਹੀ ਕੋਈ ਵਿਵਸਥਾ ਨਹੀਂ ਸੀ ਹੁੰਦੀ। ਕੇਵਲ ਇੱਕ ਮਾਤਰ ਤਾਲਾਬ ਹੀ ਜ਼ਿੰਦਗੀ ਦਾ ਆਧਾਰ ਸਨ। ਪਾਣੀਆਂ ਦੀ ਸੰਭਾਲ ਤੇ ਵਰਤੋਂ ਦਾ ਵਿਹਾਰ ਜੀਵਨ ਵਿਹਾਰ ਤੇ ਕਿਵੇਂ ਪ੍ਰਭਾਵਿਤ ਹੋਇਆ ਇਹ ਇਸ ਪੁਸਤਕ ਦੀ ਵੱਡੀ ਪ੍ਰਾਪਤੀ ਹੈ। ਖੋਜੀ ਦ੍ਰਿਸ਼ਟੀ, ਮਿਹਨਤੀ ਮਨੋਬਲ, ਵਿਹਾਰ ਦੀ ਸੁੱਚਤਾ, ਪਾਣੀਆਂ ਨੂੰ ਪਿਆਰ ਕਰਦਿਆਂ, ਪਾਣੀਆਂ ਦੀ ਕਾਰ ਕਰਦਿਆਂ ਮਨੁੱਖੀ ਸੁਭਾਅ ਵੀ ਤਰਲ ਤੇ ਸਰਲ ਬਣ ਗਏ। ਪਰਸਪਰ ਪਿਆਰ ਤੇ ਵਿਹਾਰ ਦੀ ਆਧਾਰਸ਼ਿਲਾ ਹੈ ਇਹ ਵਡਮੁੱਲੀ ਪੁਸਤਕ।
ਸੁਰਿੰਦਰ ਬਾਂਸਲ ਨੇ ਪੁਸਤਕ ਦਾ ਅਨੁਵਾਦ ਕਰਦਿਆਂ ਆਪਣੇ ਆਪੇ ਨੂੰ ਇਸ ਵਿੱਚ ਢਾਲ ਦਿੱਤਾ ਹੈ। ਆਪਣੇ ਆਪ ਨੂੰ ਕੁਠਾਲੀ ਵਿੱਚ ਢਾਲੇ ਤੋਂ ਬਿਨਾਂ ਨਰੋਏ ਸਾਹਿਤ ਦੀ ਉਤਪਤੀ ਨਹੀਂ ਹੁੰਦੀ। ਮਾਮਲਾ ਜਿੰਨਾ ਸਮੂਹਿਕ ਹੋਵੇਗਾ, ਸਾਹਿਤਕ ਕ੍ਰਿਤ ਦੀ ਉਮਰ ਓਨੀ ਲੰਮੇਰੀ ਹੋਵੇਗੀ। ਬਾਂਸਲ ਨੇ ਆਪਣੇ ਦਿਲ ਦੇ ਸੁਹੱਪਣ ਨਾਲ ਕੱਦ ਕਾਠ ਮੇਚਦੀ ਇਸ ਪੁਸਤਕ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਸਦਾ ਬਹਾਰ ਫੁੱਲਾਂ ਦੇ ਬੀਜ ਬੀਜ ਦਿੱਤੇ ਹਨ। ਪ੍ਰਾਣੀਆਂ ਦੇ ਆਧਾਰ ਪਾਣੀਆਂ ਦੀ ਸੰਭਾਲ ਲਈ ਵੱਡੀ ਜਾਣਕਾਰੀ ਰੱਖਦੀ ਇਹ ਪੁਸਤਕ ਕਿਸੇ ਪਵਿੱਤਰ ਗ੍ਰੰਥ ਤੋਂ ਘੱਟ ਨਹੀਂ ਹੈ। ਇਸ ਤੋਂ ਇਲਾਵਾ ਇਹ ਪੁਸਤਕ ਜਿਥੇ ਵਾਤਾਵਰਣ ਪ੍ਰੇਮੀਆਂ ਲਈ ਪ੍ਰੇਰਨਾ ਸਰੋਤ ਹੈ ਉਥੇ ਇਤਿਹਾਸ ਦੇ ਖੋਜੀਆਂ ਲਈ ਵੀ ਲਾਹੇਵੰਦ ਹੈ, ਕਿਉਂਕਿ ਇਸ ਵਿੱਚ ਤਾਲਾਬਾਂ ਦੇ ਸ਼ਿਲਾਲੇਖਾਂ ਰਾਹੀਂ ਤਵਾਰੀਖ ਨੂੰ ਡੂੰਘਾ ਹੱਥ ਪਾਇਆ ਜਾ ਸਕਦਾ ਹੈ।ਤਾਲਾਬ ਸਮਾਜ ਦੇ ਤਨ ਮਨ ਵਿੱਚ ਵਸਿਆ ਅਜਿਹਾ ਭਾਵਮੂਲਕ ਬਿੰਬ ਹੈ, ਜਿਹੜਾ ਹਰ ਨਵੇਂ ਕਾਰਜ ਵੇਲੇ ਇਸ ਦੀ ਯਾਦ ਦੁਆਉਂਦਾ ਹੈ। ਪੁਸਤਕ ਪੁਕਾਰ-ਪੁਕਾਰ ਕੇ ਕਹਿ ਰਹੀ ਹੈ ਕਿ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਆਓ ਲੀਰੋ ਲੀਰ ਹੋਏ ਆਪਣੇ ਸਭਿਅਕ ਕਲਚਰ ਦੀ ਫੇਰ ਤੋਂ ਗੰਢ-ਤੁਪ ਕਰ ਲਈਏ। ਅਜੋਕੇ ਸਮਿਆਂ ਵਿਚ ਅਸੰਗਠਿਤ ਹੋ ਰਿਹਾ ਮਨੁੱਖ ਤਾਲਾਬ ਸੱਭਿਆਚਾਰ ਦੀ ਸਾਂਝੀਵਾਲਤਾ ਰਾਹੀਂ ਫੇਰ ਤੋਂ ਸੰਗਠਿਤ ਸਮਾਜ ਦਾ ਨਿਰਮਾਣ ਕਰ ਸਕਦਾ ਹੈ। ਪੁਸਤਕ ਇਹ ਵੀ ਸੁਨੇਹਾ ਦਿੰਦੀ ਹੈ ਕਿ ਪਾਣੀ ਦੀ ਬੇਲੋੜੀ ਵਰਤੋਂ ਸਾਨੂੰ ਮਹਿੰਗੀ ਪਵੇਗੀ। ਅਸੀਂ ਹਰ ਰੋਜ਼ ਕਿੰਨਾ ਹੀ ਪਾਣੀ ਧਰਤੀ ਵਿਚੋਂ ਕੱਢ ਰਹੇ ਹਾਂ। ਦੇਖਦੇ-ਦੇਖਦੇ ਪਾਣੀ ਦੇ ਪੱਤਣ ਕਿੰਨੇ ਡੂੰਘੇ ਚਲੇ ਗਏ। ਔਲਾਦ ਦੇ ਮੋਹ ਵਿਚ ਅਸੀਂ ਨਵੀਆਂ ਪੀੜੀਆਂ ਪੈਦਾ ਕਰ ਰਹੇ ਹਾਂ। ਜੇ ਪਾਣੀ ਦੀ ਅੱਜ ਇਹ ਹਾਲਤ ਹੈ ਤਾਂ ਭਵਿੱਖ ਵਿਚ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ। ਆਉਣ ਵਾਲੀਆਂ ਨਸਲਾਂ ਸਾਡੀ ਹੁਣ ਵਾਲੀ ਐਸ਼-ਪ੍ਰਸਤੀ ਤੇ ਸਾਨੂੰ ਕੋਸਿਆ ਕਰਨਗੀਆਂ। ਸੋ ਵਿਰਸੇ ਨੂੰ ਜੋੜਣ ਵਾਲੀ ਭਵਿੱਖਮੁਖੀ ਇਸ ਪੁਸਤਕ ਦੇ ਵਿਚਾਰ ਭਾਵ ਵੱਡੀਆਂ ਕਾਨਫਰੰਸਾਂ ਵਿਚ ਵਿਚਾਰੇ ਜਾਣੇ ਚਾਹੀਦੇ ਹਨ ਤਾਂ ਕਿ ਤਰੱਕੀ ਯਾਫ਼ਤਾ ਅੱਜ ਦਾ ਮਨੁੱਖ ਆਪਣੇ ਭਵਿੱਖ ਨੂੰ ਬਚਾ ਸਕੇ।
ਪੁਸਤਕ ਦੱਸਦੀ ਹੈ ਕਿ ਭਾਵੇਂ ਤਾਲਾਬ ਕਲਚਰ ਮਨੁੱਖੀ ਲੋੜ ਵਿੱਚੋਂ ਪੈਦਾ ਹੋਇਆ ਸੀ ਪਰ ਇਸ ਨਾਲ ਇੰਨੇ ਚਾਅ ਤੇ ਉਮੰਗਾਂ ਜੁੜ ਗਈਆਂ ਹਨ ਕਿ ਤਾਲਾਬਾਂ ਨੂੰ ਕਿਸੇ ਵੀ ਤਰ੍ਹਾਂ ਜ਼ਿੰਦਗੀ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਅਸਲ ਵਿੱਚ ਅੱਜ ਆਪਾਂ ਪਾਣੀਆਂ ਵੱਲ ਪਿੱਠ ਕਰੀ ਖੜ੍ਹੇ ਹਾਂ। ਜਦੋਂ ਪਾਣੀਆਂ ਵੱਲ ਸਾਡਾ ਮੂੰਹ ਸੀ ਤਾਂ ਅਸੀਂ ਇਹਨਾਂ ਦੀ ਨਿਗਰਾਨੀ ਵੀ ਕਰਦੇ ਸਾਂ ਤੇ ਸਾਡਾ ਪ੍ਰਤੀਬਿੰਬ ਵੀ ਇਸ ਵਿੱਚ ਦਿਸ ਪੈਂਦਾ ਸੀ। ਇਸੇ ਖ਼ੂਬਸੂਰਤ ਪ੍ਰਵਿਰਤੀ ਅਧੀਨ ਜੈਸਲਮੇਰ ਦੇ ਤਾਲਾਬ ਦਿਲਕਸ਼ ਨਜ਼ਾਰੇ ਪੇਸ਼ ਕਰਦੇ ਸਨ। ਪੁਸਤਕ ਦੱਸਦੀ ਕਿ ਤਾਲਾਬ ਦੀ ਸੁਰੱਖਿਆ ਲਈ ਗੈਂਗਜੀ ਵਰਗੇ ਨਾਇਕ ਲੋਕ ਚੇਤਨਾ ਦੇ ਮਹਾਂ- ਨਾਇਕ ਬਣੇ। ਇੱਥੋਂ ਤੱਕ ਕਿ ਸਾਲ ਵਿੱਚ ਇੱਕ ਵਾਰ ਤਾਂ ਰਾਜਾ ਵੀ ਆਪਣੇ ਕਰਮਚਾਰੀਆਂ ਸਮੇਤ ਤਾਲਾਬਾਂ ਦੀ ਮਿੱਟੀ ਕੱਢਣ ਆਉਂਦਾ ਸੀ। ਇਸ ਕੰਮ ਨੂੰ ਰਾਜਿਆਂ ਨੇ ਆਪਣੇ ਰਾਜ ਭਾਗ ਦੇ ਕੰਮਾਂ ਵਿਚ ਸ਼ਾਮਿਲ ਕੀਤਾ ਹੋਇਆ ਸੀ। ਨੀਂਹ ਤੋਂ ਸਿਖਰ ਤੱਕ ਦੀ ਨਿਗਰਾਨੀ ਸਦਕਾ ਹੀ ਤਾਲਾਬਾਂ ਦੀ ਪੁਟਾਈ ਦਾ ਤਕਨੀਕੀ ਪੱਖ ਬਾਖ਼ੂਬੀ ਕੀਤਾ ਜਾਂਦਾ ਰਿਹਾ ਹੈ। ਹੁਣ ਦੇ ਸਮਿਆਂ ਵਿੱਚ ਵੀ ਤਾਲਾਬ ਸਹਿਯੋਗੀ ਸਿੱਧ ਹੋ ਸਕਦੇ ਹਨ ਤੇ ਇਨ੍ਹਾਂ ਦੀ ਤਿਆਰੀ ਦੇ ਮਾਸਟਰ ਪਲਾਨ ਪੁਸਤਕ ਵਿੱਚ ਬੜੇ ਦਿਲਚਸਪ ਢੰਗ ਨਾਲ ਸਮਝਾਏ ਗਏ ਹਨ।
ਸੁਰਿੰਦਰ ਬਾਂਸਲ ਇੱਕ ਸੰਵੇਦਨਸ਼ੀਲ ਪੱਤਰਕਾਰ, ਲੇਖਕ ਤੇ ਅਨੁਵਾਦਕ ਹੈ। ਉਹ ਸ਼ਬਦ ਦੀ ਗਹਿਰਾਈ ਤਕ ਜਾਂਦਾ ਹੈ ਤੇ ਕਿਧਰੇ ਵੀ ਇਹ ਭੁਲੇਖਾ ਨਹੀਂ ਪੈਣ ਦਿੰਦਾ ਕਿ ਉਸ ਨੇ ਇਹ ਕਿਰਤ ਅਨੁਵਾਦ ਕੀਤੀ ਹੈ। ਅਨੁਵਾਦਿਤ ਕ੍ਰਿਤ ਪੰਜਾਬੀ ਦੀ ਮੂਲ ਲਿਖਤ ਹੀ ਜਾਪਦੀ ਹੈ। ਪੰਜਾਬੀ ਪਾਠ ਦੀ ਬਣਤਰ ਤੇ ਬੁਣਤਰ ਦਾ ਇਹ ਸਰੂਪ ਉਸ ਦੀ ਦੋਵੇਂ ਭਾਸ਼ਾਵਾਂ (ਹਿੰਦੀ ਤੇ ਪੰਜਾਬੀ) ਤੇ ਕਮਾਂਡ ਸਦਕਾ ਹੀ ਸਾਹਮਣੇ ਆਇਆ ਹੈ। ਪਾਣੀਆਂ ਦੇ ਸਾਂਝੇ ਸੋਮਿਆਂ ਵਾਂਗ ਇਸ ਪੁਸਤਕ ਬਾਰੇ ਸ਼ੁਰੂ ਵਿਚ ਹੀ ਇਹ ਐਲਾਨ ਹੈ ਕਿ ਇਸ ਵਿਚਲੀ ਸਮੱਗਰੀ ਨੂੰ ਕੋਈ ਕਿਸੇ ਵੀ ਰੂਪ ਵਿੱਚ ਵਰਤ ਸਕਦਾ ਹੈ। ਪਾਣੀ ਵਾਂਗ ਹੀ ਸਾਡੇ ਕਾਰਜ ਦੀ ਪਾਰਦਰਸ਼ਤਾ, ਸੁੱਚਤਾ ਤੇ ਸਾਰਥਕਤਾ ਇਸ ਪੰਕਤੀ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ।ਮੂਲ ਲੇਖਕ ਅਨੁਪਮ ਮਿਸ਼ਰ ਨੇ ਤਾਲਾਬਾਂ ਦੇ ਪਾਣੀਆਂ ਵਿੱਚ ਜਿਹੜੀ ਮਿਸ਼ਰੀ ਘੋਲੀ ਸੀ, ਉਹ ਸੁਰਿੰਦਰ ਬਾਂਸਲ ਦੇ ਪੰਜਾਬੀ ਅਨੁਵਾਦ ਨਾਲ ਪੰਜਾਬੀ ਪਾਠਕਾਂ ਲਈ ਸ਼ਹਿਦ ਦੇ ਸਰੋਵਰ ਬਣ ਗਏ ਹਨ। ਜਿਊਂਦੇ ਪ੍ਰਾਣੀਆਂ ਲਈ ਪਾਣੀਆਂ ਦੀ ਕਥਾ ਮਿਠਾਸ ਹੀ ਵੰਡਦੀ ਹੈ। ਚਿਤ੍ਰਕਾਰ ਦਲੀਪ ਚਿੰਚਾਲਕਰ ਨੇ ਪੁਸਤਕ ਦੇ ਕਥਾ-ਪਟ ਨਾਲ ਪੂਰਾ ਇਨਸਾਫ਼ ਕੀਤਾ ਹੈ। ਉਸ ਨੇ ਤਸਵੀਰਾਂ ਦੇ ਬਿੰਬ ਜਲ ਦੀ ਤਰਲਤਾ ਵਿੱਚੋਂ ਹੀ ਪੈਦਾ ਕੀਤੇ ਹਨ ਤੇ ਉਹ ਪੂਰੀ ਤਰ੍ਹਾਂ ਪਾਣੀ ਦੇ ਹੀ ਹਿੱਸੇ ਜਾਪਦੇ ਹਨ। ਗੁਰਬਾਣੀ ਦਾ ਕਥਨ ਹੈ- ਜਲ ਵਿੱਚੋਂ ਬਿੰਬ ਉਠਾਲਿਅਨ, ਜਲ ਮਾਹਿ ਸਮਾਈਆ।
ਮਹਿਤਾਬ- ਉਦ-ਦੀਨ ਨੇ ਪੁਸਤਕ ਦੇ ਟਾਈਟਲ ਸਮੇਤ ਅੰਦਰਲੇ ਸਬ ਹੈਡਿੰਗਾਂ ਨੂੰ ਪਾਣੀ ਦੀ ਲਹਿਰ ਨਾਲ ਤੁਰਦੇ ਅੱਖਰਾਂ ਵਿੱਚ ਲਿਖਿਆ ਹੈ ਤਾਂ ਕਿ ਕੋਈ ਵੀ ਚੀਜ਼ ਬਣਾਵਟੀ ਨਾ ਲੱਗੇ। ਜਾਪਦਾ ਹੈ ਤਾਲਾਬ ਪੁੱਟਣ ਵਾਲੇ ਪੁਰਖਿਆਂ ਦੀ ਮਿਹਨਤ ਨੂੰ ਪੜ੍ਹ ਸੁਣ ਕੇ ਇਸ ਪੁਸਤਕ ਦੇ ਕਾਰਜ ਵਿੱਚ ਲੱਗੇ ਸਾਰੇ ਸਹਿਤਕਾਰਯੋਗ ਕਲਾਕਾਰਾਂ ਨੇ ਸਿਰ ਜੋੜ ਕੇ ਮਿਹਨਤ ਕੀਤੀ ਹੈ ਤਾਂ ਕਿ ਤਾਲਾਬਾਂ ਦੇ ਪਾਣੀਆਂ ਦੀ ਕਥਾ ਨਾਲ ਭਰਿਆ ਸਾਹਿਤ ਦਾ ਇਹ ਸਰੋਵਰ ਸੁੰਦਰ ਤੇ ਰਮਣੀਕ ਬਣ ਸਕੇ।
ਡਾ. ਗੁਰਮੀਤ ਬੈਦਵਾਣ
ਮੋਬਾਇਲ- :- +91- 98550 16660
Path Alias
/articles/saahaita-daa-nairamala-aba
Post By: Hindi