ਮ੍ਰਿਗ-ਤ੍ਰਿਸ਼ਣਾ ਝੁਠਲਾਉਂਦੇ ਤਾਲਾਬ


ਦੇਸ਼ ਭਰ ਵਿੱਚ ਪਾਣੀ ਦਾ ਕੰਮ ਕਰਨ ਵਾਲਾ ਇਹ ਮੱਥਾ ਰੇਗ਼ਿਸਤਾਨ ਵਿੱਚ ਮ੍ਰਿਗ-ਤ੍ਰਿਸ਼ਣਾ ਨਾਲ ਘਿਰ ਗਿਆ ਸੀ।ਇਹ ਖੇਤਰ ਸਭ ਤੋਂ ਸੁੱਕਾ ਅਤੇ ਸਭ ਤੋਂ ਗਰਮ ਹੈ। ਇੱਥੇ ਸਾਲ ਭਰ ਵਿੱਚ ਕੋਈ 3 ਇੰਚ ਤੋਂ 12 ਇੰਚ ਤੱਕ ਮੀਂਹ ਵਰ੍ਹਦਾ ਹੈ। ਜੈਸਲਮੇਰ, ਬਾੜਮੇਰ ਅਤੇ ਬੀਕਾਨੇਰ ਵਿੱਚ ਕਦੇ-ਕਦੇ ਪੂਰਾ ਸਾਲ ਸਿਰਫ਼ ਇੰਨਾ ਹੀ ਮੀਂਹ ਪੈਂਦਾ ਹੈ, ਜਿੰਨਾ ਦੇਸ਼ ਦੇ ਬਾਕ ਹਿੱਸਿਆਂ ਵਿੱਚ ਸਿਰਫ਼ ਇੱਕ ਦਿਨ ਵਿੱਚ ਹੀ ਪੈ ਜਾਂਦਾ ਹੈ। ਸੂਰਜ ਵੀ ਇੱਥੇ ਸਭ ਤੋਂ ਜ਼ਿਆਦਾ ਚਮਕਦਾ ਹੈ। ਗਰਮੀ ਦੀ ਰੁੱਤ ਵਿੱਚ ਲਗਦਾ ਹੈ ਕਿ ਗਰਮੀ ਇੱਥੋਂ ਹੀ ਦੇਸ਼ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਬਾਕ ਸੂਬਿਆਂ ਵਿੱਚ ਹਾਜ਼ਰੀ ਲਾ ਕੇ ਵਾਪਸ ਇੱਥੇ ਹੀ ਪਰਤ ਆਉਂਦੀ ਹੈ। ਜੇ ਤਾਪਮਾਨ 50 ਡਿਗਰੀ ਤੱਕ ਨਾ ਪੁੱਜੇ ਤਾਂ ਮਾਰੂ ਖੇਤਰ ਦੇ ਲੋਕਾਂ ਦੇ ਮਨ ਵਿੱਚ ਉਸਦਾ ਆਦਰ ਘਟ ਜਾਂਦਾ ਹੈ। ਭੂਮੀ ਹੇਠਲਾ ਪਾਣੀ ਵੀ ਇੱਥੇ ਹੀ ਸਭ ਤੋਂ ਡੂੰਘਾ ਹੈ। ਪਾਣੀ ਦੀ ਘਾਟ ਨੂੰ ਰਾਜਸਥਾਨ ਦਾ ਸੁਭਾਅ ਮੰਨਿਆ ਗਿਆ ਹੈ। ਪਰ ਇੱਥੋਂ ਦੇ ਸਮਾਜ ਨੇ ਇਸ ਨੂੰ ਕਿਸੇ ਸਰਾਪ ਵਾਂਗ ਨਹੀਂ, ਸਗੋਂ ਕੁਦਰਤ ਦੀ ਇੱਕ ਵੱਡੀ ਖੇਡ ਵਾਂਗ ਲਿਆ ਅਤੇ ਇੱਕ ਬੇਹੱਦ ਕੁਸ਼ਲ ਖਿਡਾਰੀ ਵਾਂਗ ਸਜਧਜ ਕੇ ਇਸ ਖੇਡ ਵਿੱਚ ਸ਼ਾਮਿਲ ਹੋ ਗਿਆ।

ਪਾਣੀ ਦੇ ਮਾਮਲੇ ਵਿੱਚ ਹਰ ਮੁਸ਼ਕਿਲ ਸਥਿਤੀ ਵਿੱਚ ਵੀ ਉਸਨੇ ਜੀਵਨ ਦਾ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਅਤੇ ਮ੍ਰਿਗ-ਤ੍ਰਿਸ਼ਣਾ ਨੂੰ ਝੁਠਲਾਉਂਦਿਆਂ ਹੋਇਆਂ ਥਾਂ-ਥਾਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ।

ਚਾਰੇ ਪਾਸਿਉਂ ਮ੍ਰਿਗ-ਤ੍ਰਿਸ਼ਣਾ ਨਾਲ ਘਿਰੇ ਤਪਦੇ ਇਸ ਮਾਰੂਥਲ ਦੇ ਜੀਵਨ ਦੀ ਇੱਕ ਜਿਉਂਦੀ ਜਾਗਦੀ ਨੀਂਹ ਰੱਖਦੇ ਸਮੇਂ ਇੱਥੋਂ ਦੇ ਸਮਾਜ ਨੇ ਪਾਣੀ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਗੱਲਾਂ-ਬਾਤਾਂ ਦੀ ਪਰਖ ਵੀ ਚੰਗੀ ਤਰ੍ਹਾਂ ਕੀਤੀ ਹੋਵੇਗੀ। ਪਾਣੀ ਦੇ ਮਾਮਲੇ ਵਿੱਚ ਹਰ ਮੁਸ਼ਕਿਲ ਸਥਿਤੀ ਵਿੱਚ ਵੀ ਉਸਨੇ ਜੀਵਨ ਦਾ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਅਤੇ ਮ੍ਰਿਗ-ਤ੍ਰਿਸ਼ਣਾ ਨੂੰ ਝੁਠਲਾਉਂਦਿਆਂ ਹੋਇਆਂ ਥਾਂ-ਥਾਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ।

ਜਿੱਥੇ ਤਾਲਾਬ ਨਹੀਂ, ਪਾਣੀ ਨਹੀਂ, ਉੱਥੇ ਪਿੰਡ ਨਹੀਂ। ਤਾਲਾਬ ਦਾ ਕੰਮ ਪਹਿਲਾਂ ਹੋਵੇਗਾ, ਫੇਰ ਉਸਨੂੰ ਆਧਾਰ ਬਣਾ ਕੇ ਪਿੰਡ ਵਸੇਗਾ। ਮਾਰੂਥਲ ਵਿੱਚ ਵਸੇ ਹਜ਼ਾਰਾਂ ਪਿੰਡਾਂ ਦਾ ਨਾਂ ਉੱਥੇ ਬਣੇ ਤਾਲਾਬਾਂ ਨਾਲ ਜੁੜਿਆ ਹੈ। ਬੀਕਾਨੇਰ ਜ਼ਿਲ੍ਹੇ ਦੀ ਬੀਕਾਨੇਰ ਤਹਿਸੀਲ ਵਿੱਚ 64, ਕੋਲਾਯਤ ਤਹਿਸੀਲ ਵਿੱਚ 20 ਅਤੇ ਨੋਖਾ ਖੇਤਰ ਵਿੱਚ 123 ਪਿੰਡਾਂ ਦੇ ਨਾਂ 'ਸਰ' ਉੱਤੇ ਆਧਾਰਿਤ ਹਨ। ਇੱਕ ਤਹਿਸੀਲ ਲੂਣਕਰਣਸਰ ਦੇ ਨਾਂ ਵਿੱਚ ਵੀ ਸ਼ਬਦ 'ਸਰ' ਆਉਂਦਾ ਹੈ ਅਤੇ ਇੱਥੇ ਬਾਕੀ 45 ਪਿੰਡਾਂ ਦਾ ਨਾਂ 'ਸਰ' ਉੱਤੇ ਹੀ ਹੈ। ਬਾਕੀ ਪਿੰਡਾਂ ਦਾ ਨਾਂ ਜੇਕਰ 'ਸਰ' ਉੱਤੇ ਨਹੀਂ, ਉਨ੍ਹਾਂ ਪਿੰਡਾਂ ਵਿੱਚ ਤਾਲਾਬ ਜ਼ਰੂਰ ਮਿਲ ਜਾਣਗੇ। ਦੋ-ਚਾਰ ਅਜਿਹੇ ਪਿੰਡ ਵੀ ਹਨ, ਜਿਨ੍ਹਾਂ ਦੇ ਨਾਂ ਨਾਲ 'ਸਰ' ਹੈ, ਪਰ ਉੱਥੇ ਸਰੋਵਰ ਨਹੀਂ। ਪਿੰਡ ਵਿੱਚ ਸਰੋਵਰ ਬਣ ਜਾਵੇ, ਅਜਿਹੀ ਇੱਛਾ ਪਿੰਡ ਦੇ ਨਾਮਕਰਣ ਸਮੇਂ ਸਭ ਦੀ ਹੁੰਦੀ ਸੀ। ਠੀਕ ਉਸੇ ਤਰ੍ਹਾਂ ਜਿਵੇਂ ਪੁੱਤਰ ਦਾ ਨਾਂ ਰਾਮ ਕੁਮਾਰ, ਬੇਟੀ ਦਾ ਨਾਂ ਪਾਰਵਤੀ ਆਦਿ ਰੱਖਦੇ ਸਮੇਂ ਮਾਂ-ਪਿਓ ਆਪਣੀ ਔਲਾਦ ਵਿੱਚ ਅਜਿਹੇ ਗੁਣਾਂ ਦੀ ਇੱਛਾ ਰੱਖਦੇ ਹਨ।

ਜ਼ਿਆਦਾਤਰ ਪਿੰਡਾਂ ਵਿੱਚ ਲੋਕਾਂ ਨੇ ਮਿਲ ਕੇ ਤਾਲਾਬ ਬਣਾਉਣ ਦਾ ਫ਼ਰਜ਼ ਪੂਰਾ ਕਰ ਲਿਆ ਸੀ ਅਤੇ ਜਿੱਥੇ ਕਿਤੇ ਕਿਸੇ ਕਾਰਨ ਇਹ ਪੂਰਾ ਨਹੀਂ ਸੀ ਹੋ ਸਕਿਆ, ਉੱਥੇ ਨੇੜਲੇ ਭਵਿੱਖ ਵਿੱਚ ਪੂਰਾ ਹੁੰਦੇ ਵੇਖਣ ਦੀ ਕਾਮਨਾ ਨੇ ਹੀ ਮਾਰੂਥਲ ਦੇ ਸਮਾਜ ਨੂੰ ਪਾਣੀ ਦੇ ਮਾਮਲੇ ਵਿੱਚ ਇੱਕ ਮਜ਼ਬੂਤ ਸੰਗਠਨ ਵਿੱਚ ਬੰਨ੍ਹ ਦਿੱਤਾ ਸੀ।

ਰਾਜਸਥਾਨ ਦੇ 11 ਜ਼ਿਲ੍ਹਿਆਂ ਜੈਸਲਮੇਰ, ਬਾੜਮੇਰ, ਜੋਧਪੁਰ, ਪਾਲੀ, ਬੀਕਾਨੇਰ, ਚੁਰੂ, ਸ਼੍ਰੀ ਗੰਗਾ ਨਗਰ, ਝੁੰਝੁਨੂੰ, ਜਾਲੌਰ ਅਤੇ ਸੀਕਰ ਵਿੱਚ ਮਾਰੂਥਲ ਫੈਲਿਆ ਹੋਇਆ ਹੈ। ਇਨ੍ਹਾਂ ਵਿੱਚੋਂ ਜੈਸਲਮੇਰ, ਬਾੜਮੇਰ, ਬੀਕਾਨੇਰ ਵਿੱਚ ਮਾਰੂਥਲ ਦੇ ਤੀਬਰ ਰੂਪ ਦੇ ਦਰਸ਼ਨ ਹੁੰਦੇ ਹਨ। ਇੱਥੇ ਦੇਸ਼ ਦੀ ਸਭ ਤੋਂ ਘੱਟ ਵਰਖਾ ਹੁੰਦੀ ਹੈ, ਸਭ ਤੋਂ ਵੱਧ ਗਰਮੀ ਪੈਂਦੀ ਹੈ, ਰੇਤ ਦੀਆਂ ਤੇਜ਼ ਹਨੇਰੀਆਂ ਚੱਲਦੀਆਂ ਹਨ ਅਤੇ ਖੰਭ ਲਾ ਕੇ ਉੱਡਣ ਵਾਲੇ ਰੇਤ ਦੇ ਵਿਸ਼ਾਲ ਟਿੱਬੇ ਹਨ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਪਾਣੀ ਦੀ ਘਾਟ ਸਭ ਤੋਂ ਵੱਧ ਹੋਣੀ ਚਾਹੀਦੀ ਸੀ, ਪਰ ਮਾਰੂਥਲ ਦੇ ਇਨ੍ਹਾਂ ਪਿੰਡਾਂ ਦਾ ਜ਼ਿਕਰ ਕਰਦੇ ਹੋਏ ਜਨਸੰਖਿਆ ਦੀ ਰਿਪੋਰਟ ਨੂੰ ਵੀ ਯਕੀਨ ਨਹੀਂ ਆਉਂਦਾ ਕਿ ਲਗਭਗ ਸਾਰੇ ਪਿੰਡਾਂ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਹੈ। ਇਹ ਪ੍ਰਬੰਧ ਮਰੂਭੂਮੀ ਦੇ ਸਮਾਜ ਨੇ ਆਪਣੇ ਦਮ ਉੱਤੇ ਕੀਤਾ ਸੀ। ਇਹ ਕੰਮ ਇੰਨਾ ਮਜ਼ਬੂਤ ਹੈ ਕਿ ਬੇਕ+ਦਰੀ ਦੇ ਇਸ ਤਾਜ਼ੇ ਲੰਮੇ ਦੌਰ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਟਿਕਿਆ ਹੋਇਆ ਹੈ।

ਗਜ਼ਟੀਅਰ ਵਿੱਚ ਜੈਸਲਮੇਰ ਦਾ ਵਰਣਨ ਬੇਹੱਦ ਡਰਾਉਣਾ ਹੈ। ਇੱਥੇ ਇੱਕ ਵੀ ਬਾਰਾਮਾਸੀ ਨਦੀ ਨਹੀਂ ਹੈ। ਧਰਤੀ ਹੇਠਲਾ ਪਾਣੀ 125 ਤੋਂ 240 ਫੁੱਟ ਅਤੇ ਕਿਤੇ-ਕਿਤੇ 400 ਫੁੱਟ ਥੱਲੇ ਹੈ। ਮੀਂਹ ਬਹੁਤ ਹੀ ਘੱਟ ਪੈਂਦਾ ਹੈ, ਕੇਵਲ 16.4 ਸੈਂਟੀਮੀਟਰ। ਪਿਛਲੇ 70 ਸਾਲਾਂ ਦੇ ਅਧਿਐਨ ਅਨੁਸਾਰ ਸਾਲ ਦੇ 365 ਦਿਨਾਂ ਵਿੱਚ 355 ਦਿਨ ਸੁੱਕੇ ਗਿਣੇ ਗਏ ਹਨ। ਭਾਵ 120 ਦਿਨਾਂ ਦੀ ਵਰਖਾ ਰੁੱਤ ਇੱਥੇ ਆਪਣਾ ਜਲਵਾ ਸਿਰਫ਼ 10 ਦਿਨ ਹੀ ਦਿਖਾਉਂਦੀ ਹੈ।

ਉਂਝ ਇਹ ਸਾਰਾ ਹਿਸਾਬ-ਕਿਤਾਬ ਕੁੱਝ ਨਵੇਂ ਲੋਕਾਂ ਦਾ ਹੈ। ਮਰੂਭੂਮੀ ਦੇ ਸਮਾਜ ਨੂੰ 10 ਦਿਨਾਂ ਦੀ ਵਰਖਾ ਵਿੱਚ ਕਰੋੜਾਂ ਬੂੰਦਾਂ ਦਿਖਾਈ ਦਿੱਤੀਆਂ ਅਤੇ ਫੇਰ ਉਨ੍ਹਾਂ ਨੂੰ ਇਕੱਠਾ ਕਰਨ ਦਾ ਕੰਮ ਘਰ-ਘਰ, ਪਿੰਡ-ਪਿੰਡ ਵਿੱਚ ਅਤੇ ਆਪਣੇ ਸ਼ਹਿਰਾਂ ਤੱਕ ਕੀਤਾ। ਇਸ ਤਪੱਸਿਆ ਦਾ ਨਤੀਜਾ ਸਾਹਮਣੇ ਹੈ :

ਜੈਸਲਮੇਰ ਜ਼ਿਲ੍ਹੇ ਵਿੱਚ ਅੱਜ 515 ਪਿੰਡ ਹਨ। ਇਨ੍ਹਾਂ ਵਿੱਚ 50 ਪਿੰਡ ਕਿਸੇ ਨਾ ਕਿਸੇ ਕਾਰਨ ਉੱਜੜ ਚੁੱਕੇ ਹਨ। ਆਬਾਦ ਹਨ 462ઠ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਪਿੰਡ ਨੂੰ ਛੱਡ ਕੇ ਹਰੇਕ ਪਿੰਡ ਵਿੱਚ ਪੀਣ ਦੇ ਪਾਣੀ ਦਾ ਇੰਤਜ਼ਾਮ ਹੈ। ਉੱਜੜ ਚੁੱਕੇ ਪਿੰਡਾਂ ਤੱਕ ਇਹ ਪ੍ਰਬੰਧ ਕਾਇਮ ਮਿਲਦਾ ਹੈ। ਸਰਕਾਰ ਦੇ ਅੰਕੜਿਆਂ ਅਨੁਸਾਰ, ਜੈਸਲਮੇਰ ਦੇ 99.78 ਫ਼ੀ ਸਦੀ ਪਿੰਡਾਂ ਵਿੱਚ ਤਾਲਾਬ, ਖੂਹ ਅਤੇ ਹੋਰ ਸਰੋਤ ਹਨ। ਇਨ੍ਹਾਂ ਵਿੱਚ ਨਲਕੇ, ਟਿਊਬਵੈੱਲ ਜਿਹੇ ਨਵੇਂ ਇੰਤਜ਼ਾਮ ਘੱਟ ਹੀ ਹਨ। ਪਤਾ ਨਹੀਂ 1.73 ਫ਼ੀ ਸਦੀ ਪਿੰਡਾਂ ਦਾ ਅਰਥ ਕੀ ਹੁੰਦਾ ਹੈ। ਪਰ ਇਸ ਸਰਹੱਦੀ ਜ਼ਿਲ੍ਹੇ ਦੇ ਸਾਰੇ 515 ਪਿੰਡਾਂ ਵਿੱਚ ਹੀ ਬਿਜਲੀ ਹੈ। ਇਸ ਦਾ ਅਰਥ ਇਹ ਹੈ ਕਿ ਅਨੇਕਾਂ ਥਾਵਾਂ ਉੱਤੇ ਟਿਊਬਵੈੱਲ ਬਿਜਲੀ ਨਾਲ ਨਹੀਂ, ਡੀਜ਼ਲ ਨਾਲ ਚਲਦੇ ਹਨ। ਤੇਲ ਕਾਫ਼ੀ ਦੂਰੋਂ ਆਉਂਦਾ ਹੈ। ਸਭ ਕੁੱਝ ਠੀਕ-ਠਾਕ ਚਲਦਾ ਰਿਹਾ ਤਾਂ ਕਦੇ ਨਾ ਕਦੇ ਤਾਂ ਟਿਊਬਵੈੱਲ ਨਾਲ ਪਾਣੀ ਦਾ ਪੱਧਰ ਘਟੇਗਾ ਹੀ। ਉਸਨੂੰ ਰੋਕਣ ਦਾ ਤਰੀਕਾ ਫ਼ਿਲਹਾਲ ਤਾਂ ਹੈ ਨਹੀਂ।

ਇੱਕ ਵਾਰ ਫੇਰ ਦੱਸ ਦੇਈਏ ਕਿ ਔਕੜਾਂ ਨਾਲ ਭਰੇ ਪ੍ਰਦੇਸ਼ ਵਿੱਚ 99.78 ਫ਼ੀ ਸਦੀ ਪਿੰਡਾਂ ਵਿੱਚ ਪਾਣੀ ਦਾ ਪ੍ਰਬੰਧ ਹੈ ਅਤੇ ਆਪਣੇ ਦਮ ਉੱਤੇ ਹੈ। ਇਸੇ ਖੇਤਰ ਵਿੱਚ ਉਨ੍ਹਾਂ ਸਹੂਲਤਾਂ ਨੂੰ ਵੇਖੀਏ ਜਿਨ੍ਹਾਂ ਨੂੰ ਦੇਣ ਦੀ ਜ਼ਿੰਮੇਦਾਰੀ ਮੂਲ ਰੂਪ ਵਿੱਚ ਸਰਕਾਰ ਦੀ ਹੈ। ਪੱਕੀ ਸੜਕ ਸਿਰਫ਼ 19 ਫ਼ੀ ਸਦੀ ਪਿੰਡਾਂ ਨੂੰ ਹੀ ਜੋੜ ਸਕੀ ਹੈ। ਡਾਕ ਦੀ ਸਹੂਲਤ 30 ਫ਼ੀ ਸਦੀ, ਡਾਕਟਰੀ ਸਹੂਲਤ ਸਿਰਫ਼ 9 ਫ਼ੀ ਸਦੀ ਪਿੰਡਾਂ ਤੱਕ ਹੀ ਪਹੁੰਚ ਸਕੀ ਹੈ। ਸਿੱਖਿਆ ਦੀ ਸਹੂਲਤ ਇਨ੍ਹਾਂ ਤੋਂ ਥੋੜ੍ਹੀ ਬਿਹਤਰ 50 ਫ਼ੀ ਸਦੀ ਪਿੰਡਾਂ ਤੱਕ ਹੈ। ਫੇਰ ਪਾਣੀ ਦਾ ਜ਼ਿਕਰ ਕਰੀਏ-515 ਪਿੰਡਾਂ ਵਿੱਚ 675 ਖੂਹ ਅਤੇ ਤਾਲਾਬ ਹਨ। ਇਨ੍ਹਾਂ ਵਿੱਚ ਤਾਲਾਬਾਂ ਦੀ ਗਿਣਤੀ 294 ਹੈ।

ਜਿਸਨੂੰ ਨਵੇਂ ਲੋਕਾਂ ਨੇ ਨਿਰਾਸ਼ਾ ਦਾ ਖੇਤਰ ਮੰਨਿਆ, ਉੱਥੇ ਬਿਲਕੁਲ ਬਾਰਡਰ ਦੇ ਕੋਲ, ਪਾਕਿਸਤਾਨ ਤੋਂ ਥੋੜ੍ਹਾ ਪਹਿਲਾਂ ਆਸੂਤਾਲ, ਭਾਵ ਆਸ ਦਾ ਤਾਲ ਹੈ। ਜਿੱਥੇ ਤਾਪਮਾਨ 50 ਡਿਗਰੀ ਤੱਕ ਜਾਂਦਾ ਹੈ, ਉੱਥੇ ਸਿਤਲਾਈ ਭਾਵ ਸ਼ੀਤਲ ਤਲਾਈ ਹੈ ਅਤੇ ਜਿੱਥੇ ਬੱਦਲ ਸਭ ਤੋਂ ਵੱਧ ਧੋਖਾ ਦਿੰਦੇ ਹਨ, ਉੱਥੇ ਬਦਰਾਸਰ ਵੀ ਹੈ। ਇਸ ਸਭ ਕਾਸੇ ਦਾ ਇਹ ਭਾਵ ਨਹੀਂ ਹੈ ਕਿ ਮਰੂਭੂਮੀ ਵਿੱਚ ਪਾਣੀ ਦਾ ਸੰਕਟ ਨਹੀਂ। ਸੰਕਟ ਤਾਂ ਹੈ ਪਰ ਇੱਥੋਂ ਦੇ ਸਮਾਜ ਨੇ ਉਸ ਕਸ਼ਟ ਦਾ ਰੋਣਾ ਨਹੀਂ ਰੋਇਆ। ਉਨ੍ਹਾਂ ਨੇ ਸੰਕਟ ਨੂੰ ਕੁੱਝ ਸਰਲ, ਕੁੱਝ ਕੁ ਆਸਾਨ ਬਣਾ ਲੈਣ ਦੀ ਆਸ ਰੱਖੀ ਅਤੇ ਉਸੇ ਆਸ ਦੇ ਆਧਾਰ ਉੱਤੇ ਹੀ ਆਪਣੇ-ਆਪ ਨੂੰ ਇਸ ਤਰ੍ਹਾਂ ਇੱਕ ਮਜ਼ਬੂਤ ਸੰਗਠਨ ਵਿੱਚ ਢਾਲ ਲਿਆ। ਉਨ੍ਹਾਂ ਨੇ ਇੱਕ ਪਾਸੇ ਤਾਂ ਪਾਣੀ ਦੀ ਹਰ ਬੂੰਦ ਬਚਾਈ, ਦੂਜੇ ਪਾਸੇ ਉਸਦਾ ਇਸਤੇਮਾਲ ਵੀ ਬੜੀ ਕਿਫ਼ਾਇਤ ਅਤੇ ਸਮਝਦਾਰੀ ਨਾਲ ਕੀਤਾ।

.ਜੋੜ ਅਤੇ ਕਿਫ਼ਾਇਤ ਦੇ ਇਸ ਸੁਭਾਅ ਨੂੰ ਨਾ ਸਮਝ ਸਕਣ ਵਾਲਿਆਂ ਨੂੰ ਇਹ ਖੇਤਰ ਵੀਰਾਨ, ਡਰਾਉਣਾ ਅਤੇ ਬੇਜਾਨ ਹੀ ਦਿਖਾਈ ਦੇਵੇਗਾ। ਪਰ ਗਜ਼ਟੀਅਰ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਲਿਖਣ ਵਾਲਾ ਜਦੋਂ ਘੜਸੀਸਰ ਵਿਖੇ ਪੁੱਜਦਾ ਹੈ ਤਾਂ ਉਹ ਭੁੱਲ ਜਾਂਦਾ ਹੈ ਕਿ ਉਹ ਕਿਸੇ ਮਾਰੂਥਲ ਦੀ ਯਾਤਰਾ ਉੱਤੇ ਹੈ।

ਕਾਗ਼ਜ਼ਾਂ ਵਿੱਚ, ਟੂਰਿਜ਼ਮ ਦੇ ਨਕ+ਸ਼ਿਆਂ ਉੱਤੇ ਜਿੰਨਾ ਵੱਡਾ ਸ਼ਹਿਰ ਜੈਸਲਮੇਰ ਹੈ, ਲਗਭਗ ਓਨਾ ਹੀ ਵੱਡਾ ਤਾਲਾਬ ਘੜਸੀਸਰ ਹੈ। ਕਾਗ਼ਜ਼ ਵਾਂਗ ਮਰੂਭੂਮੀ ਵਿੱਚ ਵੀ ਇਹ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਬਗ਼ੈਰ ਘੜਸੀਸਰ ਤੋਂ ਜੈਸਲਮੇਰ ਨੇ ਨਹੀਂ ਸੀ ਹੋਣਾ। ਲਗਭਗ 800 ਸਾਲ ਪੁਰਾਣੇ ਇਸ ਸ਼ਹਿਰ ਦੇ ਕਰੀਬ 700 ਸਾਲ ਘੜਸੀਸਰ ਦੀ ਇੱਕ-ਇੱਕ ਬੂੰਦ ਨਾਲ ਜੁੜੇ ਹੋਏ ਹਨ।

ਰੇਤ ਦਾ ਇੱਕ ਵਿਸ਼ਾਲ ਟਿੱਬਾ ਸਾਹਮਣੇ ਖੜ੍ਹਾ ਹੈ। ਕੋਲ ਜਾਣ ਉੱਤੇ ਵੀ ਸਮਝ ਨਹੀਂ ਆਵੇਗਾ ਕਿ ਇਹ ਟਿੱਬਾ ਨਹੀਂ, ਘੜਸੀਸਰ ਦੀ ਉੱਚੀ, ਪੂਰੀ ਲੰਮੀ ਚੌੜੀ ਪਾਲ ਹੈ। ਜ਼ਰਾ ਕੁ ਹੋਰ ਅੱਗੇ ਵਧੀਏ ਤਾਂ ਦੋ ਬੁਰਜ ਅਤੇ ਪੱਥਰ 'ਤੇ ਸੁੰਦਰ ਨੱਕ+ਾਸ਼ੀ ਵਾਲੇ ਪੰਜ ਝਰੋਖੇ ਅਤੇ ਦੋ ਛੋਟੇ ਅਤੇ ਇੱਕ ਵੱਡੇ ਪੋਲ ਦਾ ਮੁੱਖ ਦਰਵਾਜ਼ਾ ਸਿਰ ਚੁੱਕੀ ਦਿਖਾਈ ਦੇਣਗੇ। ਜਿਵੇਂ-ਜਿਵੇਂ ਅੱਗੇ ਵਧਦੇ ਹਾਂ, ਮੁੱਖ ਦਰਵਾਜ਼ੇ ਤੋਂ ਨਵੀਆਂ-ਨਵੀਆਂ ਝਲਕਾਂ ਦਿਖਾਈ ਦਿੰਦੀਆਂ ਹਨ। ਉੱਥੇ ਜਾ ਕੇ ਹੀ ਪਤਾ ਲਗਦਾ ਹੈ ਕਿ ਸਾਹਮਣੇ ਜਿਹੜਾ ਨੀਲਾ ਆਕਾਸ਼ ਨਜ਼ਰ ਆਉਂਦਾ ਹੈ, ਉਹ ਆਕਾਸ਼ ਨਹੀਂ ਸਗੋਂ ਨੀਲਾ ਪਾਣੀ ਹੈ। ਫੇਰ ਖੱਬੇ-ਸੱਜੇ ਪੱਕੇ ਘਾਟ, ਮੰਦਰ, ਬਾਰਾਂਦਰੀ ਅਨੇਕਾਂ ਖੰਭਿਆਂ ਨਾਲ ਸਜੇ ਵਰਾਂਡੇ, ਕਮਰੇ ਅਤੇ ਪਤਾ ਨਹੀਂ ਹੋਰ ਕੀ-ਕੀ ਜੁੜ ਜਾਂਦਾ ਹੈ। ਹਰ ਛਿਣ ਬਦਲਣ ਵਾਲੇ ਦ੍ਰਿਸ਼ ਤੋਂ ਬਾਅਦ ਜਦੋਂ ਤਾਲਾਬ ਦੇ ਕੋਲ ਪੁੱਜ ਕੇ ਇਹ ਸਿਲਸਿਲਾ ਮੁੱਕਦਾ ਹੈ ਤਾਂ ਉਦੋਂ ਅੱਖਾਂ ਸਾਹਮਣੇ ਦਿਸ ਰਹੇ ਸੁੰਦਰ ਦ੍ਰਿਸ਼ ਉੱਤੇ ਟਿੱਕਦੀਆਂ ਨਹੀਂ, ਪੁਤਲੀਆਂ ਘੁੰਮ-ਘੁੰਮ ਕੇ ਉਸ ਅਜੀਬ ਦ੍ਰਿਸ਼ ਨੂੰ ਮਾਪ ਲੈਣਾ ਚਾਹੁੰਦੀਆਂ ਹਨ।

ਉਂਝ ਅੱਖਾਂ ਇਸ ਨੂੰ ਨਾਪ ਨਹੀਂ ਸਕਦੀਆਂ। ਤਿੰਨ ਮੀਲ ਲੰਮੇ ਤੇ ਇੱਕ ਮੀਲ ਚੌੜੇ ਇਸ ਤਾਲਾਬ ਦਾ ਘੇਰਾ 120 ਵਰਗ ਮੀਲ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਜੈਸਲਮੇਰ ਦੇ ਰਾਜਾ ਮਹਾਰਾਵਲ ਘੜਸੀ ਨੇ ਵਿਕ੍ਰਮੀ ਸੰਮਤ 1391 ਵਿੱਚ ਭਾਵ 1335 ਵਿੱਚ ਬਣਾਇਆ ਸੀ। ਦੂਜੇ ਰਾਜੇ ਤਾਂ ਤਾਲਾਬ ਬਣਵਾਇਆ ਕਰਦੇ ਸਨ, ਪਰ ਘੜਸੀ ਨੇ ਤਾਂ ਇਸਨੂੰ ਖ਼ੁਦ ਬਣਾਇਆ ਸੀ। ਮਹਾਰਾਵਲ ਰੋਜ਼ ਉੱਚੇ ਕਿ+ਲ੍ਹੇ ਤੋਂ ਉੱਤਰ ਕੇ ਆਉਂਦੇ ਸਨ, ਇੱਥੇ ਪੁਟਾਈ-ਭਰਾਈ ਆਦਿ ਹਰੇਕ ਕੰਮ ਦੀ ਦੇਖ-ਰੇਖ ਖ਼ੁਦ ਕਰਦੇ ਸਨ। ਉਂਝ ਤਾਂ ਉਹ ਦੌਰ ਜੈਸਲਮੇਰ ਰਾਜ ਲਈ ਭਾਰੀ ਉਥਲ-ਪੁਥਲ ਦਾ ਦੌਰ ਸੀ। ਭਾਟੀ ਵੰਸ਼ ਗੱਦੀ ਦੀ ਲੁੱਟ-ਖੋਹ ਲਈ ਹਮਲੇ ਕਰ ਰਿਹਾ ਸੀ। ਮਾਮਾ ਆਪਣੇ ਭਾਣਜੇ ਉੱਤੇ ਘਾਤ ਲਾ ਕੇ ਹਮਲਾ ਕਰ ਰਿਹਾ ਸੀ, ਭਰਾ ਨੂੰ ਦੇਸ਼ 'ਚੋਂ ਕੱਢਿਆ ਜਾ ਰਿਹਾ ਸੀ ਅਤੇ ਕਿਸੇ ਦੇ ਪਿਆਲੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਸੀ।

ਰਾਜਵੰਸ਼ ਦੀ ਆਪਸੀ ਲੜਾਈ ਤਾਂ ਸੀ ਹੀ ਉੱਧਰ ਰਾਜ ਅਤੇ ਸ਼ਹਿਰ ਜੈਸਲਮੇਰ ਦੇਸ਼ੀ-ਵਿਦੇਸ਼ੀ ਹਮਲਾਵਰਾਂ ਤੋਂ ਘਿਰ ਜਾਂਦਾ ਸੀ। ਮਰਦ ਸ਼ਹਾਦਤ ਦਾ ਜਾਮ ਪੀ ਜਾਂਦੇ ਅਤੇ ਔਰਤਾਂ ਜੌਹਰ ਦੀ ਜਵਾਲਾ ਵਿੱਚ ਆਪਣੇ ਆਪ ਨੂੰ ਸਵਾਹ ਕਰ ਲੈਂਦੀਆਂ।ਅਜਿਹੇ ਸੁਲਘਦੇ ਦੌਰ ਵਿੱਚ ਖ਼ੁਦ ਘੜਸੀ ਨੇ ਰਾਠੌੜਾਂ ਦੀ ਫ਼ੌਜ ਦੀ ਮਦਦ ਨਾਲ ਜੈਸਲਮੇਰ ਉੱਤੇ ਕ+ਬਜ਼ਾ ਕੀਤਾ ਸੀ। ਘੜਸੀ ਦੇ ਸਮੇਂ ਨਾਲ ਸੰਬੰਧਿਤ ਇਤਿਹਾਸ ਦੀਆਂ ਕਿਤਾਬਾਂ ਵਿੱਚ ਹਾਰ-ਜਿੱਤ, ਉਭਾਰ-ਉਤਾਰ, ਮੌਤ ਦੇ ਘਾਟ, ਸਮਰ ਸਾਗਰ ਵਰਗੇ ਸ਼ਬਦਾਂ ਦੀ ਭਰਮਾਰ ਹੈ।

ਉਦੋਂ ਵੀ ਇਹ ਸਾਗਰ ਬਣ ਰਿਹਾ ਸੀ। ਕਈ ਸਾਲਾਂ ਦੀ ਇਸ ਯੋਜਨਾ ਉੱਤੇ ਕੰਮ ਕਰਨ ਲਈ ਘੜਸੀ ਵਿੱਚ ਬੇਹੱਦ ਧੀਰਜ ਸੀ ਤੇ ਉਸ ਨੇ ਅਥਾਹ ਸਾਧਨ ਇਕੱਠੇ ਕੀਤੇ ਅਤੇ ਇਸਦੀ ਸਭ ਤੋਂ ਵੱਡੀ ਕੀਮਤ ਵੀ ਅਦਾ ਕੀਤੀ ਸੀ। ਪਾਲ ਬਣ ਰਹੀ ਸੀ, ਮਹਾਰਾਵਲ ਖੜ੍ਹੇ ਹੋ ਕੇ ਸਾਰਾ ਕੰਮ ਵੇਖ ਰਹੇ ਸਨ। ਰਾਜ ਪਰਿਵਾਰ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਦੇ ਕਾਰਨ ਪਾਲ ਉੱਤੇ ਖੜ੍ਹੇ ਘੜਸੀ ਉੱਤੇ ਬੜਾ ਘਾਤਕ ਹਮਲਾ ਹੋਇਆ। ਰਾਜੇ ਦੀ ਚਿਤਾ ਉੱਤੇ ਰਾਣੀ ਦਾ ਸਤੀ ਹੋ ਜਾਣਾ, ਉਸ ਸਮੇਂ ਦਾ ਚਲਣ ਸੀ, ਪਰ ਰਾਣੀ ਵਿਮਲਾ ਸਤੀ ਨਾ ਹੋਈ। ਰਾਜੇ ਦਾ ਸੁਫ਼ਨਾ ਰਾਣੀ ਨੇ ਪੂਰਾ ਕੀਤਾ।

ਰੇਤ ਦੇ ਇਸ ਸੁਫ਼ਨੇ ਦੇ ਦੋ ਰੰਗ ਹਨ। ਨੀਲਾ ਰੰਗ ਹੈ ਪਾਣੀ ਦਾ ਅਤੇ ਪੀਲਾ ਰੰਗ ਹੈ ਤਿੰਨ-ਚਾਰ ਮੀਲ ਦੇ ਤਾਲਾਬ ਦੀ ਕੋਈ ਅੱਧੀ ਗੋਲਾਈ ਵਿੱਚ ਬਣੇ ਮੰਦਿਰ, ਘਾਟ, ਬੁਰਜ ਅਤੇ ਬਾਰਾਂਦਰੀ ਦਾ। ਇਹ ਸੁਪਨਾ ਦਿਨ ਵਿੱਚ ਦੋ ਵਾਰ ਸਿਰਫ਼ ਇੱਕ ਹੀ ਰੰਗ ਵਿੱਚ ਰੰਗਿਆ ਦਿਸਦਾ। ਉੱਗਦੇ-ਡੁੱਬਦੇ ਸਮੇਂ ਸੂਰਜ ਘੜਸੀਸਰ ਵਿੱਚ ਦਿਲ ਖੋਲ੍ਹ ਕੇ ਪਿਘਲਿਆ ਸੋਨਾ ਢੇਰੀ ਕਰ ਦਿੰਦਾ ਹੈ। ਲੋਕਾਂ ਨੇ ਵੀ ਘੜਸੀਸਰ ਵਿੱਚ ਆਪੋ-ਆਪਣੀ ਸਮਰੱਥਾ ਅਨੁਸਾਰ ਸੋਨਾ ਪਾਇਆ ਸੀ। ਤਾਲਾਬ ਰਾਜੇ ਦਾ ਸੀ, ਪਰਜਾ ਉਸਨੂੰ ਸਜਾਉਂਦੀ-ਸੁਆਰਦੀ ਸੀ। ਪਹਿਲੇ ਦੌਰ ਵਿੱਚ ਬਣੇ ਮੰਦਰ, ਘਾਟ ਅਤੇ ਜਲ-ਮਹਿਲ ਦਾ ਵਿਸਥਾਰ ਹੁੰਦਾ ਗਿਆ। ਜਿਸਨੂੰ ਜਦੋਂ ਵੀ ਕੁੱਝ ਸੁੱਝਿਆ ਉਸਨੇ ਘੜਸੀਸਰ ਵਿੱਚ ਪਾ ਦਿੱਤਾ। ਘੜਸੀਸਰ ਰਾਜਾ-ਪਰਜਾ ਦੀ ਜੁਗਲਬੰਦੀ ਦਾ ਇੱਕ ਵਿਲੱਖਣ ਅਤੇ ਸੁਰੀਲਾ ਗੀਤ ਬਣ ਗਿਆ।

ਘੜਸੀਸਰ ਦੇ ਲੋਕਾਂ ਦਾ ਪ੍ਰੇਮ ਇੱਕ ਤਰਫ਼ਾ ਨਹੀਂ ਸੀ। ਲੋਕ ਘੜਸੀਸਰ ਆਉਂਦੇ ਅਤੇ ਘੜਸੀਸਰ ਵੀ ਲੋਕਾਂ ਤੱਕ ਜਾਂਦਾ ਸੀ ਅਤੇ ਉਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਸੀ। ਦੂਰ ਸਿੰਧ ਵਿੱਚ ਰਹਿਣ ਵਾਲੀ ਟੀਲੋਂ ਨਾਂ ਦੀ ਗਣਿਕਾ ਨੇ ਅਜਿਹੇ ਹੀ ਪਲਾਂ ਵਿੱਚ ਮਨ ਹੀ ਮਨ ਕੁੱਝ ਫ਼ੈਸਲੇ ਕਰ ਲਏ ਸਨ।

ਇੱਕ ਸਮੇਂ ਘਾਟ ਉੱਤੇ ਸਕੂਲ ਵੀ ਬਣੇ। ਸਕੂਲਾਂ ਵਿੱਚ ਸ਼ਹਿਰੋਂ ਅਤੇ ਉਸਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆ ਕੇ ਵਿਦਿਆਰਥੀ ਰਹਿੰਦੇ ਸਨ, ਉੱਥੇ ਹੀ ਗੁਰੂ ਤੋਂ ਗਿਆਨ ਪ੍ਰਾਪਤ ਕਰਦੇ ਸਨ। ਪਾਲ ਉੱਤੇ ਛੋਟੀਆਂ-ਛੋਟੀਆਂ ਰਸੋਈਆਂ ਅਤੇ ਕਮਰੇ ਸਨ। ਦਰਬਾਰ, ਕਚਹਿਰੀ ਵਿੱਚੋਂ ਜਿਨ੍ਹਾਂ ਦਾ ਕੰਮ ਅਟਕਦਾ, ਉਹ ਪਿੰਡਾਂ ਤੋਂ ਆ ਕੇ ਇੱਥੇ ਡੇਰਾ ਲਾ ਲੈਂਦੇ। ਨੀਲਕੰਠ ਅਤੇ ਗਿਰਧਾਰੀ ਦੇ ਮੰਦਰ ਬਣੇ। ਯੱਗਸ਼ਾਲਾ ਬਣੀ। ਜਮਾਲਸ਼ਾਹ ਪੀਰ ਦੀ ਚੌਕੀ ਬਣੀ। ਸਭ ਇੱਕੋ ਘਾਟ ਉੱਤੇ। ਕੰਮ-ਧੰਦੇ ਕਾਰਨ ਮਰੂਭੂਮੀ ਛੱਡ ਕੇ ਦੇਸ਼ ਵਿੱਚ ਕਿਤੇ ਹੋਰ ਜਾ ਵਸੇ ਪਰਿਵਾਰਾਂ ਦਾ ਮਨ ਘੜਸੀਸਰ ਵਿੱਚ ਹੀ ਰਹਿੰਦਾ। ਇਸੇ ਖੇਤਰ ਤੋਂ ਮੱਧ-ਪ੍ਰਦੇਸ਼, ਜੱਬਲਪੁਰ ਵਿੱਚ ਜਾ ਕੇ ਰਹਿਣ ਲੱਗੇ ਸੇਠ ਗੋਬਿੰਦਦਾਸ ਦੇ ਪੁਰਖਿਆਂ ਨੇ ਇੱਥੇ ਪਰਤ ਕੇ ਪਠਸਾਲ ਉੱਤੇ ਇੱਕ ਖ਼ੂਬਸੂਰਤ ਮੰਦਰ ਬਣਾਇਆ ਸੀ।ਪਾਣੀ ਤਾਂ ਸ਼ਹਿਰ ਭਰ ਵਿੱਚ ਇੱਥੋਂ ਹੀ ਆਉਂਦਾ ਸੀ। ਉਂਝ ਤਾਂ ਸਾਰਾ ਦਿਨ ਇੱਥੋਂ ਪਾਣੀ ਭਰਿਆ ਜਾਂਦਾ, ਪਰ ਆਥਣ-ਸਵੇਰ ਸੈਂਕੜੇ ਪਣਿਹਾਰਨਾਂ ਦਾ ਇੱਥੇ ਮੇਲਾ ਲਗਦਾ ਸੀ। ਇਹ ਦ੍ਰਿਸ਼ ਸ਼ਹਿਰ ਵਿੱਚ ਟੂਟੀ ਆਉਣ ਤੋਂ ਪਹਿਲਾਂ ਤੱਕ ਰਿਹਾ। ਸੰਨ 1919 ਵਿੱਚ ਘੜਸੀਸਰ ਉੱਤੇ ਲਿਖੀ ਉਮੈਦ ਸਿੰਘ ਜੀ ਮਹੇਤਾ ਦੀ ਇੱਕ ਗ਼ਜ਼ਲ ਅਜਿਹੇ ਦ੍ਰਿਸ਼ਾਂ ਨੂੰ ਬੇਹੱਦ ਖ਼ੂਬਸੂਰਤੀ ਨਾਲ ਚਿਤਰਦੀ ਹੈ। ਭਾਦੋਂ ਦੀ ਕਜਲੀ-ਤੀਜ ਦੇ ਮੇਲੇ ਉੱਤੇ ਸਾਰਾ ਸ਼ਹਿਰ ਸਜ-ਧਜ ਕੇ ਘੜਸੀਸਰ ਆ ਜਾਂਦਾ। ਸਿਰਫ਼ ਨੀਲੇ ਅਤੇ ਪੀਲੇ ਰੰਗ ਦੇ ਇਸ ਤਾਲਾਬ ਵਿੱਚ ਕੁਦਰਤ ਦੇ ਸਾਰੇ ਰੰਗ ਖਿੱਲਰ ਜਾਂਦੇ।

ਘੜਸੀਸਰ ਦੇ ਲੋਕਾਂ ਦਾ ਪ੍ਰੇਮ ਇੱਕ ਤਰਫ਼ਾ ਨਹੀਂ ਸੀ। ਲੋਕ ਘੜਸੀਸਰ ਆਉਂਦੇ ਅਤੇ ਘੜਸੀਸਰ ਵੀ ਲੋਕਾਂ ਤੱਕ ਜਾਂਦਾ ਸੀ ਅਤੇ ਉਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਸੀ। ਦੂਰ ਸਿੰਧ ਵਿੱਚ ਰਹਿਣ ਵਾਲੀ ਟੀਲੋਂ ਨਾਂ ਦੀ ਗਣਿਕਾ ਨੇ ਅਜਿਹੇ ਹੀ ਪਲਾਂ ਵਿੱਚ ਮਨ ਹੀ ਮਨ ਕੁੱਝ ਫ਼ੈਸਲੇ ਕਰ ਲਏ ਸਨ।

ਤਾਲਾਬ ਉੱਤੇ ਮੰਦਰ, ਘਾਟ-ਪਾਟ ਸਭ ਕੁੱਝ ਸੀ। ਠਾਠ-ਬਾਠ ਵਿੱਚ ਕੋਈ ਕਮੀ ਨਹੀਂ ਸੀ। ਫੇਰ ਵੀ ਟੀਲੋਂ ਨੂੰ ਲੱਗਿਆ ਕਿ ਇੰਨੇ ਸੋਹਣੇ ਸਰੋਵਰ ਦਾ ਇੱਕ ਸੋਹਣਾ ਜਿਹਾ ਦਰਵਾਜ਼ਾ ਵੀ ਹੋਵੇ। ਟੀਲੋਂ ਨੇ ਘੜਸੀਸਰ ਦੇ ਪੱਛਮੀ ਘਾਟ ਤੇ 'ਪੋਲ' ਭਾਵ ਮੁੱਖ ਦਰਵਾਜ਼ਾ ਬਣਵਾਉਣ ਦਾ ਫ਼ੈਸਲਾ ਕਰ ਲਿਆ। ਪੱਥਰ ਉੱਤੇ ਬਾਰੀਕ ਨੱਕਾਸ਼ੀ ਵਾਲੇ ਸੁੰਦਰ ਝਰੋਖਿਆਂ ਨਾਲ ਸਜਾਇਆ ਮੁੱਖ ਦਰਵਾਜ਼ਾ ਹਾਲੇ ਬਣ ਹੀ ਰਿਹਾ ਸੀ ਕਿ ਕੁੱਝ ਲੋਕਾਂ ਨੇ ਮਹਾਰਾਜ ਦੇ ਕੰਨ ਭਰੇ ਕਿ,'ਤੁਸੀਂ ਕਿਸੇ ਗਣਿਕਾ ਦੇ ਬਣਾਏ ਦਰਵਾਜ਼ੇ ਵਿੱਚੋਂ ਲੰਘ ਕੇ ਤਾਲਾਬ ਉੱਤੇ ਜਾਓਗੇ।' ਬੱਸ ਕਲੇਸ਼ ਸ਼ੁਰੂ ਹੋ ਗਿਆ। ਉੱਧਰ ਮੁੱਖ ਦਰਵਾਜ਼ੇ ਦਾ ਕੰਮ ਚਲਦਾ ਰਿਹਾ। ਇੱਕ ਦਿਨ ਰਾਜੇ ਨੇ ਇਸਨੂੰ ਡੇਗਣ ਦਾ ਫ਼ੈਸਲਾ ਕਰ ਲਿਆ। ਟੀਲੋਂ ਨੂੰ ਇਸਦੀ ਖ਼ਬਰ ਲੱਗ ਗਈ। ਰਾਤੋ-ਰਾਤ ਟੀਲੋਂ ਨੇ ਮੁੱਖ ਦਰਵਾਜ਼ੇ ਉੱਤੇ ਮੰਦਰ ਬਣਵਾ ਦਿੱਤਾ। ਮਹਾਰਾਵਲ ਨੇ ਆਪਣਾ ਫ਼ੈਸਲਾ ਬਦਲ ਦਿੱਤਾ। ਉਸੇ ਸਮੇਂ ਤੋਂ ਸ਼ਹਿਰ ਦੇ ਸਾਰੇ ਲੋਕ ਇਸੇ ਸੁੰਦਰ ਪੋਲ ਰਾਹੀਂ ਤਾਲਾਬ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਬੜੇ ਯਤਨਾਂ ਨਾਲ ਟੀਲੋਂ ਦਾ ਨਾਂ ਯਾਦ ਰੱਖੀ ਬੈਠੇ ਹਨ। ਟੀਲੋਂ ਦੇ ਪੋਲ ਦੇ ਠੀਕ ਸਾਹਮਣੇ ਤਾਲਾਬ ਦੇ ਦੂਜੇ ਪਾਸੇ ਪਰਕੋਟੇਨੁਮਾ ਇੱਕ ਗੋਲ ਬੁਰਜ ਹੈ। ਤਾਲਾਬਾਂ ਦੇ ਬਾਹਰ ਅੰਬਾਂ ਦੇ ਬਗ਼ੀਚੇ ਵਗ਼ੈਰਾ ਹੁੰਦੇ ਹੀ ਹਨ ਪਰ ਇਸ ਗੋਲ ਬੁਰਜ ਵਿੱਚ ਤਾਲਾਬ ਦੇ ਅੰਦਰ ਬਗ਼ੀਚੀ ਬਣੀ ਹੈ ਜਿਸ ਵਿੱਚ ਲੋਕ ਮੌਜ-ਮੇਲੇ ਲਈ ਆਉਂਦੇ ਰਹਿੰਦੇ ਸਨ। ਇਸੇ ਤਰ੍ਹਾਂ ਪੂਰਬ ਵੱਲ ਇੱਕ ਹੋਰ ਵੱਡਾ ਗੋਲ ਪਰਕੋਟਾ ਹੈ, ਇਸ ਵਿੱਚ ਤਾਲਾਬ ਦੀ ਰਾਖੀ ਕਰਨ ਵਾਲੀ ਫ਼ੌਜ ਦੀ ਟੁਕੜੀ ਰਹਿੰਦੀ ਸੀ। ਦੇਸੀ-ਵਿਦੇਸ਼ੀ ਦੁਸ਼ਮਣਾਂ ਨਾਲ ਘਿਰਿਆ ਰਾਜ ਪੂਰੀ ਆਬਾਦੀ ਨੂੰ ਪਾਣੀ ਦੇਣ ਵਾਲੇ ਤਾਲਾਬ ਦੀ ਸੁਰੱਖਿਆ ਦਾ ਵੀ ਪੂਰਾ ਪ੍ਰਬੰਧ ਕਰਦਾ ਸੀ।

.ਮਾਰੂਥਲ ਵਿੱਚ ਬੇਸ਼ੱਕ ਘੱਟ ਮੀਂਹ ਵਰ੍ਹਦਾ ਹੋਵੇ, ਘੜਸੀਸਰ ਦਾ ਆਗੌਰ (ਘੇਰਾ) ਮੂਲ ਰੂਪ ਵਿੱਚ ਇੰਨਾ ਵੱਡਾ ਸੀ ਕਿ ਉਹ ਇੱਕ-ਇੱਕ ਬੂੰਦ ਨੂੰ ਸਮੇਟ ਕੇ ਤਾਲਾਬ ਨੂੰ ਨੱਕੋ-ਨੱਕ ਭਰੀ ਰੱਖਦਾ ਸੀ। ਉਦੋਂ ਤਾਲਾਬ ਦੀ ਰਾਖੀ ਫ਼ੌਜ ਦੀ ਟੁਕੜੀ ਹੱਥੋਂ ਨਿਕਲ ਕੇ ਨੇਸ਼ਟਾ ਦੇ ਹੱਥ ਆ ਜਾਂਦੀ ਸੀ। ਨੇਸ਼ਟਾ (ਨਿਕਾਸੀ) ਚਲਦਾ ਅਤੇ ਇੰਨੇ ਵਿਸ਼ਾਲ ਤਾਲਾਬ ਨੂੰ ਤੋੜ ਸਕਣ ਵਾਲੇ ਫ਼ਾਲਤੂ ਪਾਣੀ ਨੂੰ ਬਾਹਰ ਕੱਢਣ ਲੱਗ ਪੈਂਦਾ। ਉਂਝ ਇਹ 'ਬਹਾਨਾ' ਵੀ ਬੜਾ ਅਜੀਬ ਸੀ। ਜਿਹੜੇ ਲੋਕ ਇੱਕ-ਇੱਕ ਬੂੰਦ ਇਕੱਠੀ ਕਰ ਕੇ ਘੜਸੀਸਰ ਭਰਨਾ ਜਾਣਦੇ ਸਨ, ਉਹ ਉਸਦੇ ਫ਼ਾਲਤੂ ਪਾਣੀ ਨੂੰ ਸਿਰਫ਼ ਪਾਣੀ ਨਹੀਂ ਸਗੋਂ, ਜਲਰਾਸ਼ੀ ਸਮਝਦੇ ਸਨ। ਨੇਸ਼ਟਾ 'ਚੋਂ ਨਿਕਲਿਆ ਪਾਣੀ ਅੱਗੇ ਇੱਕ ਹੋਰ ਤਾਲਾਬ ਵਿੱਚ ਜਮ੍ਹਾਂ ਕਰ ਲਿਆ ਜਾਂਦਾ ਸੀ। ਜੇਕਰ ਨੇਸ਼ਟਾ ਫੇਰ ਵੀ ਨਾ ਰੁਕਦਾ ਤਾਂ ਫੇਰ ਉਸ ਤੋਂ ਇੱਕ ਹੋਰ ਤਾਲਾਬ ਭਰ ਜਾਂਦਾ। ਆਪਾਂ ਨੂੰ ਛੇਤੀ ਯਕਨ ਨਹੀਂ ਆਵੇਗਾ ਪਰ ਇਹ ਸਿਲਸਿਲਾ ਪੂਰੇ ਨੌਂ ਤਾਲਾਬਾਂ ਤੱਕ ਚਲਦਾ ਸੀ। ਨੌਤਾਲ, ਗੋਬਿੰਦਸਾਗਰ, ਜੋਸ਼ੀਸਰ, ਗੁਲਾਬਸਰ, ਭਾਟੀਆਸਰ, ਸੂਦਾਸਰ, ਮੋਹਤਾਸਰ, ਰਤਨਸਰ ਅਤੇ ਕਿਸਨਘਾਟ। ਇੱਥੇ ਪੁੱਜ ਕੇ ਵੀ ਪਾਣੀ ਬਚਦਾ ਤਾਂ ਕਿਸਨਘਾਟ ਤੋਂ ਬਾਅਦ ਉਸਨੂੰ ਛੋਟੇ-ਛੋਟੇ ਖੂਹਨੁਮਾ ਕੁੰਡਾਂ ਵਿੱਚ ਭਰ ਕੇ ਰੱਖ ਲਿਆ ਜਾਂਦਾ। ਪਾਣੀ ਦੀ ਇੱਕ-ਇੱਕ ਬੂੰਦ ਜਿਹੇ ਸ਼ਬਦ ਅਤੇ ਫ਼ਿਕਰੇ ਘੜਸੀਸਰ ਤੋਂ ਕਿਸ਼ਨਘਾਟ ਤੱਕ ਦੇ ਸੱਤ ਮੀਲ ਲੰਮੇ ਖੇਤਰ ਵਿੱਚ ਆਪਣਾ ਠੀਕ ਅਰਥ ਪ੍ਰਾਪਤ ਕਰਦੇ ਸਨ।

ਅੱਜ ਜਿਨ੍ਹਾਂ ਦੇ ਹੱਥ ਵਿੱਚ ਜੈਸਲਮੇਰ ਦਾ ਰਾਜ ਹੈ, ਉਹ ਘੜਸੀਸਰ ਦਾ ਹੀ ਅਰਥ ਭੁੱਲ ਗਏ ਹਨ, ਨੇਸ਼ਟਾ ਨਾਲ ਜੁੜੇ ਤਾਲਾਬਾਂ ਦੀ ਯਾਦ ਤਾਂ ਭਲਾ ਕਿੱਦਾਂ ਰਹੇਗੀ! ਘੜਸੀਸਰ ਦੇ ਆਗੌਰ ਵਿੱਚ ਹਵਾਈ ਫ਼ੌਜ ਦਾ ਅੱਡਾ ਬਣ ਗਿਆ ਹੈ।ਇਸ ਲਈ ਆਗੌਰ ਦੇ ਇਸ ਹਿੱਸੇ ਦਾ ਪਾਣੀ ਹੁਣ ਤਾਲਾਬ ਵੱਲ ਨਾ ਜਾ ਕੇ ਕਿਤੇ ਹੋਰ ਵਹਿ ਜਾਂਦਾ ਹੈ। ਨੇਸ਼ਟਾ ਤੇ ਉਸਦੇ ਰਸਤੇ ਵਿੱਚ ਆਉਣ ਵਾਲੇ ਨੌਂ ਤਾਲਾਬਾਂ ਦੇ ਆਲੇ-ਦੁਆਲੇ ਬੜੀ ਬੇਤਰਤੀਬੀ ਨਾਲ ਵਧਦੇ ਸ਼ਹਿਰ ਦੇ ਮਕਾਨ, ਨਵੀਆਂ ਹਾਊਸਿੰਗ ਕਾਲੋਨੀਆਂ, ਹੋਰ ਤਾਂ ਹੋਰ ਪਾਣੀ ਦਾ ਕੰਮ ਕਰਨ ਵਾਲੀ ਇੰਦਰਾ ਨਹਿਰ ਯੋਜਨਾ ਦਾ ਦਫ਼ਤਰ ਅਤੇ ਉਸ ਵਿੱਚ ਕੰਮ ਕਰਨ ਵਾਲਿਆਂ ਦੀ ਕਾਲੋਨੀ ਬਣ ਗਈ ਹੈ।

ਘਾਟ, ਪਠਸਾਲ, ਪਾਠਸ਼ਾਲਾਵਾਂ, ਰਸੋਈ, ਵਰਾਂਡੇ, ਮੰਦਰ ਠੀਕ ਦੇਖਭਾਲ ਨਾ ਹੋਣ ਕਰਕੇ ਟੁੱਟ ਚੱਲੇ ਹਨ। ਅੱਜ ਸ਼ਹਿਰ ਉਹ ਲਹਾਸ ਖੇਡ ਵੀ ਨਹੀਂ ਖੇਡਦਾ ਜਿਸ ਵਿੱਚ ਰਾਜਾ-ਪਰਜਾ ਮਿਲਕੇ ਘੜਸੀਸਰ ਦੀ ਸਫ਼ਾਈ ਕਰਦੇ ਸਨ। ਰਾਖੀ ਕਰਨ ਵਾਲੀ ਫ਼ੌਜ ਦੀ ਟੁਕੜੀ ਦੇ ਬੁਰਜ ਦੇ ਪੱਥਰ ਵੀ ਢਹਿ ਗਏ ਹਨ।

ਫੇਰ ਵੀ 667 ਵਰ੍ਹੇ ਪੁਰਾਣਾ ਘੜਸੀਸਰ ਮਰਿਆ ਨਹੀਂ ਹੈ। ਬਣਾਉਣ ਵਾਲਿਆਂ ਨੇ ਉਸ ਨੂੰ ਸਮੇਂ ਦੇ ਥਪੇੜੇ ਸਹਿ ਸਕਣ ਦੀ ਮਜ਼ਬੂਤੀ ਦਿੱਤੀ ਸੀ। ਰੇਤੇ ਦੀਆਂ ਹਨੇਰੀਆਂ ਵਿੱਚ ਆਪਣੇ ਤਾਲਾਬਾਂ ਦੀ, ਵਧੀਆ ਦੇਖਭਾਲ ਦੀ ਰਵਾਇਤ ਪਾਉਣ ਵਾਲਿਆਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਕਦੀ ਬੇਕ+ਦਰੀ ਦੀਆਂ ਹਨੇਰੀਆਂ ਵੀ ਚੱਲਣਗੀਆਂ।

ਪਰ ਇਸ ਹਨੇਰੀ ਨੂੰ ਘੜਸੀਸਰ ਅਤੇ ਉਸ ਨੂੰ ਮੁਹੱਬਤ ਕਰਨ ਵਾਲੇ ਲੋਕ ਅੱਜ ਵੀ ਬੇਹੱਦ ਧੀਰਜ ਨਾਲ ਸਹਿ ਰਹੇ ਹਨ। ਤਾਲਾਬ ਉੱਤੇ ਪਹਿਰਾ ਦੇਣ ਵਾਲੀ ਫ਼ੌਜੀ ਟੁੱਕੜੀ ਬੇਸ਼ੱਕ ਅੱਜ ਨਾ ਹੋਵੇ, ਪਰ ਲੋਕਾਂ ਦੇ ਮਨਾਂ ਵਿੱਚ ਪਹਿਰਾ ਅੱਜ ਵੀ ਹੈ।

ਪਹਿਲੀ ਕਿਰਨ ਦੇ ਨਾਲ ਹੀ ਮੰਦਿਰ ਦੀਆਂ ਘੰਟੀਆਂ ਵੱਜਦੀਆਂ ਹਨ। ਸਾਰਾ ਦਿਨ ਲੋਕ ਘਾਟਾਂ ਉੱਤੇ ਆਉਂਦੇ-ਜਾਂਦੇ ਰਹਿੰਦੇ ਹਨ। ਕੁੱਝ ਲੋਕ ਇੱਥੇ ਬਹੁਤ ਦੇਰ ਬੈਠੇ ਘੜਸੀਸਰ ਨੂੰ ਨਿਹਾਰਦੇ ਰਹਿੰਦੇ ਹਨ ਤੇ ਕੁੱਝ ਲੋਕ ਗੀਤ ਗਾਉਂਦੇ ਹੋਏ ਰਾਵਣਹੱਥਾ (ਇੱਕ ਤਰ੍ਹਾਂ ਦੀ ਸਾਰੰਗੀ) ਵਜਾਉਂਦੇ ਮਿਲਦੇ ਹਨ।

.ਪਣਿਹਾਰਣਾਂ ਅੱਜ ਵੀ ਘਾਟਾਂ ਉੱਤੇ ਆਉਂਦੀਆਂ ਹਨ। ਪਾਣੀ ਊਠ-ਗੱਡੀਆਂ ਵਿੱਚ ਜਾਂਦਾ ਹੈ। ਦਿਨ ਵਿੱਚ ਕਈ ਵਾਰ ਅਜਿਹੀਆਂ ਟੈਂਕਰ ਗੱਡੀਆਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ, ਜਿਸ ਵਿੱਚ ਘੜਸੀਸਰ ਤੋਂ ਪਾਣੀ ਭਰਨ ਲਈ ਡੀਜ਼ਲ ਪੰਪ ਵੀ ਲੱਗਾ ਹੁੰਦਾ ਹੈ।ਘੜਸੀਸਰ ਅੱਜ ਵੀ ਪਾਣੀ ਦੇ ਰਿਹਾ ਹੈ। ਸੂਰਜ ਅੱਜ ਵੀ ਚੜ੍ਹਦਿਆਂ-ਡੁੱਬਦਿਆਂ ਘੜਸੀਸਰ ਵਿੱਚ ਰੀਝ ਨਾਲ ਸੋਨਾ ਉਲੱਦ ਜਾਂਦਾ ਹੈ।

ਘੜਸੀਸਰ ਮਾਣਕ ਬਣ ਚੁੱਕਾ ਸੀ। ਉਸ ਮਗਰੋਂ ਕਿਸੇ ਹੋਰ ਤਾਲਾਬ ਨੂੰ ਬਣਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੋਵੇਗਾ। ਪਰ ਜੈਸਲਮੇਰ ਵਿੱਚ ਹਰੇਕ ਸੌ-ਪੰਜਾਹ ਸਾਲਾਂ ਵਿੱਚ ਤਾਲਾਬ ਬਣਦੇ ਰਹੇ, ਇੱਕ ਤੋਂ ਇੱਕ ਮਾਣਕ ਨਾਲ ਮੋਤੀ ਵੀ ਜੁੜਦੇ ਗਏ।ਘੜਸੀਸਰ ਤੋਂ ਕੋਈ 175 ਸਾਲਾਂ ਬਾਅਦ ਬਣਿਆ ਜੈਤਸਰ। ਇਹ ਸੀ ਤਾਂ ਬੰਦ ਤਾਲਾਬ, ਪਰ ਆਪਣੇ ਵੱਡੇ ਬਗ਼ੀਚੇ ਕਾਰਨ ਬਾਅਦ ਵਿੱਚ 'ਬੜਾ ਬਾਗ਼' ਦੇ ਨਾਂ ਨਾਲ ਯਾਦ ਰੱਖਿਆ ਗਿਆ। ਇਸ ਪੱਥਰ ਦੇ ਬੰਨ੍ਹ ਨੇ ਜੈਸਲਮੇਰ ਦੇ ਉੱਤਰ ਵੱਲ ਖੜ੍ਹੀਆਂ ਪਹਾੜੀਆਂ ਤੋਂ ਆਉਣ ਵਾਲਾ ਸਾਰਾ ਪਾਣੀ ਰੋਕ ਲਿਆ ਹੈ। ਇੱਕ ਪਾਸੇ ਜੈਤਸਰ ਹੈ ਅਤੇ ਦੂਜੇ ਪਾਸੇ ਉਸੇ ਪਾਣੀ ਨਾਲ ਸਿੰਜਿਆ ਬੜਾ ਬਾਗ਼। ਦੋਹਾਂ ਦੇ ਵਿਚਕਾਰ ਹੈ ਬੰਨ੍ਹ ਦੀ ਕੰਧ। ਪਰ ਇਹ ਕੰਧ ਨਹੀਂ, ਚੰਗੀ-ਖ਼ਾਸੀ ਚੌੜੀ ਸੜਕ ਲਗਦੀ ਹੈ ਜਿਹੜੀ ਘਾਟ ਪਾਰ ਸਾਹਮਣੇ ਪਹਾੜੀ ਤੱਕ ਰੁਕ ਜਾਂਦੀ ਹੈ। ਕੰਧ ਦੇ ਹੇਠਾਂ ਬਣੀ ਸਿੰਜਾਈ ਨਾਲੀ ਦਾ ਨਾਂ ਹੈ ਰਾਮ ਨਾਲ। ਰਾਮ ਨਾਲ ਨਹਿਰ, ਬੰਨ੍ਹ ਵਾਲੇ ਪਾਸੇ ਪੌੜੀਨੁਮਾ ਹੈ। ਜੈਤਸਰ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਵੇ ਜਾਂ ਘੱਟ, ਨਹਿਰ ਦਾ ਪੌੜੀਨੁਮਾ ਢਾਂਚਾ ਪਾਣੀ ਨੂੰ ਬੜੇ ਬਾਗ਼ ਵਾਲੇ ਪਾਸੇ ਉਤਾਰਦਾ ਰਹਿੰਦਾ ਹੈ। ਬੜੇ ਬਾਗ਼ 'ਚ ਪੁੱਜਣ ਉੱਤੇ ਰਾਮ ਨਾਲ ਰਾਮ ਨਾਮ ਵਾਂਗ ਕਣ-ਕਣ ਵਿੱਚ ਵੰਡ ਦਿੱਤੀ ਜਾਂਦੀ ਹੈ। ਨਹਿਰ ਦੇ ਪਹਿਲੇ ਕੋਣੇ ਉੱਤੇ ਇੱਕ ਖੂਹ ਵੀ ਹੈ। ਪਾਣੀ ਸੁੱਕ ਜਾਵੇ, ਨਹਿਰ ਬੰਦ ਹੋ ਜਾਵੇ ਤਾਂ ਰਿਸਣ ਨਾਲ ਭਰੇ ਖੂਹ ਦੀ ਵਰਤੋਂ ਹੋਣ ਲੱਗ ਪੈਂਦੀ ਹੈ। ਬੰਨ੍ਹ ਦੇ ਉਸ ਪਾਰ ਆਗਰ ਦਾ ਪਾਣੀ ਸੁੱਕਦਿਆਂ ਹੀ ਉਸ ਵਿੱਚ ਕਣਕ ਬੀਜ ਦਿੱਤੀ ਜਾਂਦੀ ਹੈ। ਉਦੋਂ ਬੰਨ੍ਹ ਦੀ ਕੰਧ ਦੇ ਦੋਹੇਂ ਪਾਸੇ ਬੱਸ ਹਰਾ ਹੀ ਹਰਾ ਦਿਸਦਾ ਹੈ।

ਹਰਾ ਬਾਗ਼ ਸੱਚਮੁੱਚ ਬਹੁਤ ਵੱਡਾ ਹੈ। ਉਸਦੇ ਆਲੇ-ਦੁਆਲੇ ਅੰਬਾਂ ਅਤੇ ਹੋਰ ਕਈ ਕਿ+ਸਮਾਂ ਦੇ ਦਰੱਖ਼ਤ ਹਨ। ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਮਿਲਣ ਵਾਲਾ ਅਰਜੁਨ ਦਾ ਦਰੱਖ਼ਤ ਵੀ ਵੱਡੇ ਬਾਗ਼ ਵਿੱਚ ਮਿਲ ਜਾਵੇਗਾ। ਵੱਡੇ ਬਾਗ਼ ਵਿੱਚ ਸੂਰਜ ਦੀਆਂ ਕਿਰਨਾਂ ਦਰੱਖ਼ਤਾਂ ਦੀਆਂ ਪੱਤੀਆਂ ਵਿੱਚ ਅਟਕਦੀਆਂ ਰਹਿੰਦੀਆਂ ਹਨ। ਹਵਾ ਚੱਲੇ, ਪੱਤੀਆਂ ਹਿੱਲਣ ਤਾਂ ਮੌਕਾ ਪਾ ਕੇ ਕਿਰਨਾਂ ਛਣ-ਛਣ ਕਰਦੀਆਂ ਥੱਲੇ ਟਪਕਦੀਆਂ ਰਹਿੰਦੀਆਂ ਹਨ। ਬੰਨ੍ਹ ਦੇ ਉਸ ਪਾਰ ਰਾਜ ਘਰਾਣੇ ਦਾ ਸ਼ਮਸ਼ਾਨ ਹੈ। ਉੱਥੇ ਮ੍ਰਿਤਕਾਂ ਦੀ ਯਾਦ ਵਿੱਚ ਅਣਗਿਣਤ ਸੁੰਦਰ ਛਤਰੀਆਂ ਬਣੀਆਂ ਹੋਈਆਂ ਹਨ।

ਅਮਰ ਸਾਗਰ ਘੜਸੀਸਰ ਤੋਂ 325 ਸਾਲਾਂ ਬਾਅਦ ਬਣਿਆ। ਕਿਸੇ ਹੋਰ ਦਿਸ਼ਾ ਵਿੱਚ ਵਰ੍ਹਣ ਵਾਲੇ ਮੀਂਹ ਨੂੰ ਰੋਕਣਾ ਤਾਂ ਖ਼ੈਰ ਮੁੱਖ ਕੰਮ ਹੋਵੇਗਾ ਹੀ, ਪਰ ਅਮਰ ਸਾਗਰ ਬਣਾਉਣ ਵਾਲੇ ਇਹ ਵੀ ਦੱਸਣਾ ਚਾਹੁੰਦੇ ਸਨ ਕਿ ਉਪਯੋਗੀ ਅਤੇ ਸੁੰਦਰ ਤਾਲਾਬ ਬਣਾਉਂਦੇ ਰਹਿਣ ਦੀ ਇੱਛਾ ਵੀ ਅਮਰ ਹੈ। ਪੱਥਰਾਂ ਦੇ ਟੁਕੜੇ ਜੋੜ-ਜੋੜ ਕੇ ਕਿੰਨਾ ਅਦਭੁਤ ਤਾਲਾਬ ਬਣ ਸਕਦਾ ਹੈ, ਅਮਰ ਸਾਗਰ ਇਸਦੀ ਬੇਜੋੜ ਮਿਸਾਲ ਹੈ। ਤਾਲਾਬ ਦੀ ਚੌੜਾਈ ਦਾ ਇੱਕ ਸਿਰਾ ਸਿੱਧੀ ਖੜ੍ਹੀ ਉੱਚੀ ਕੰਧ ਨਾਲ ਬਣਾਇਆ ਗਿਆ ਹੈ। ਕੰਧ ਨਾਲ ਜੁੜੀਆਂ ਸੁੰਦਰ ਪੌੜੀਆਂ ਝਰੋਖਿਆਂ ਅਤੇ ਬੁਰਜਾਂ ਵਿੱਚੋਂ ਹੁੰਦੀਆਂ ਹੋਈਆਂ ਥੱਲੇ ਤਾਲਾਬ ਵਿੱਚ ਉੱਤਰਦੀਆਂ ਹਨ। ਇਸੇ ਕੰਧ ਦੇ ਬੜੇ ਸਿੱਧੇ ਅਤੇ ਸਪਾਟ ਹਿੱਸੇ ਵਿੱਚ ਵੱਖੋ-ਵੱਖਰੀ ਉਚਾਈ ਉੱਤੇ ਪੱਥਰ ਦੇ ਹਾਥੀ ਘੋੜੇ ਬਣੇ ਹੋਏ ਹਨ। ਇਹ ਸੁੰਦਰ ਸਜੀਆਂ ਮੂਰਤੀਆਂ ਤਾਲਾਬ ਦੇ ਪਾਣੀ ਦਾ ਪੱਧਰ ਦੱਸਦੀਆਂ ਹਨ। ਅਮਰ ਸਾਗਰ ਦਾ ਆਗੌਰ ਇੰਨਾ ਵੱਡਾ ਨਹੀਂ ਕਿ ਉਸ ਵਿੱਚ ਸਾਲ ਭਰ ਦਾ ਪਾਣੀ ਜਮ੍ਹਾਂ ਹੋ ਸਕੇ। ਗਰਮੀ ਆਉਣ ਤੱਕ ਤਾਲਾਬ ਸੁੱਕਣ ਲਗਦਾ ਸੀ। ਇਸਦਾ ਅਰਥ ਇਹ ਸੀ ਕਿ ਜੈਸਲਮੇਰ ਦੇ ਲੋਕ ਇੰਨੇ ਸੁੰਦਰ ਤਾਲਾਬ ਨੂੰ ਉਸ ਮੌਸਮ ਵਿੱਚ ਭੁੱਲ ਜਾਣ, ਜਿਸ ਵਿੱਚ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਸੀ।

ਜੈਸਲਮੇਰ ਦੇ ਸ਼ਿਲਪਕਾਰਾਂ ਨੇ ਕੁੱਝ ਅਜਿਹੇ ਕੰਮ ਕੀਤੇ, ਜਿਨ੍ਹਾਂ ਨਾਲ ਸ਼ਿਲਪ-ਸ਼ਾਸਤਰ ਵਿੱਚ ਕੁੱਝ ਨਵੇਂ ਪੰਨੇ ਜੁੜ ਗਏ। ਇੱਥੇ ਤਾਲਾਬ ਦੇ ਤਲ ਵਿੱਚ ਸੱਤ ਸੁੰਦਰ ਕੁੰਡ ਬਣਾਏ ਗਏ। ਬੇਰੀ ਭਾਵ ਬੌੜੀ। ਕੁੰਡ ਨੂੰ ਬੇਰੀ ਜਾਂ ਬੇੜੀ ਵੀ ਕਹਿੰਦੇ ਹਨ। ਇਸਨੂੰ ਪਗਬਾਵ ਵੀ ਕਿਹਾ ਜਾਂਦਾ ਸੀ। ਪਗਬਾਵ ਸ਼ਬਦ ਪਗਵਾਹ ਤੋਂ ਬਣਿਆ ਹੈ। ਵਾਹ ਜਾਂ ਬਾਯ ਜਾਂ ਬੌੜੀ। ਪਗਬਾਵ ਭਾਵ ਜਿਸ ਵਿੱਚ ਪਾਣੀ ਤੱਕ ਪਗ-ਪਗ ਪੈਦਲ ਹੀ ਪਹੁੰਚਿਆ ਜਾ ਸਕੇ। ਤਾਲਾਬ ਦਾ ਪਾਣੀ ਸੁੱਕ ਜਾਂਦਾ ਹੈ, ਪ੍ਰੰਤੂ ਉਸਦੇ ਰਿਸਾਅ ਤੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਉੱਠ ਜਾਂਦਾ ਹੈ। ਇਸੇ ਸਾਫ਼ ਛਣੇ ਹੋਏ ਪਾਣੀ ਨਾਲ ਬੇਰੀਆਂ ਭਰੀਆਂ ਰਹਿੰਦੀਆਂ ਹਨ। ਬੇਰੀਆਂ ਵੀ ਅਜਿਹੀਆਂ ਬਣੀਆਂ ਹਨ ਕਿ ਗਰਮੀ ਵਿੱਚ ਆਪਣਾ ਪਾਣੀ ਗੁਆ ਬੈਠਾ ਅਮਰ ਸਾਗਰ ਆਪਣੀ ਸੁੰਦਰਤਾ ਨਹੀਂ ਖੋਹ ਸਕਦਾ। ਸਾਰੀਆਂ ਬੇਰੀਆਂ ਉੱਤੇ ਸੁੰਦਰ ਚਬੂਤਰੇ, ਖ਼ੂਬਸੂਰਤ ਖੰਭੇ, ਛਤਰੀਆਂ ਅਤੇ ਥੱਲੇ ਉੱਤਰਨ ਲਈ ਬੇਹੱਦ ਕਲਾਤਮਕ ਪੌੜੀਆਂ। ਗਰਮੀ ਵਿੱਚ, ਵਿਸਾਖ ਵਿੱਚ ਵੀ ਮੇਲਾ ਭਰਦਾ ਹੈ, ਬਰਸਾਤ ਵਿੱਚ ਅਤੇ ਭਾਦੋਂ ਵਿੱਚ ਵੀ। ਸੁੱਕੇ ਅਮਰ ਸਾਗਰ ਵਿੱਚ ਇਹ ਬੇਰੀਆਂ ਕਿਸੇ ਮਹਿਲ ਦੇ ਟੁਕੜੇ ਲਗਦੀਆਂ ਹਨ ਅਤੇ ਜਦੋਂ ਇਹ ਭਰ ਜਾਂਦਾ ਹੈ ਤਾਂ ਲਗਦਾ ਹੈ ਕਿ ਤਾਲਾਬ ਵਿੱਚ ਛਤਰੀਦਾਰ ਵੱਡੀਆਂ-ਵੱਡੀਆਂ ਕਿਸ਼ਤੀਆਂ ਤੈਰ ਰਹੀਆਂ ਹਨ।

ਜੈਸਲਮੇਰ ਮਾਰੂਥਲ ਦਾ ਇੱਕ ਅਜਿਹਾ ਰਾਜ ਰਿਹਾ ਹੈ, ਜਿਸਦਾ ਤਿਜਾਰਤ ਦੀ ਦੁਨੀਆ ਵਿੱਚ ਡੰਕਾ ਵੱਜਦਾ ਰਿਹਾ ਹੈ। ਫਿਰ ਮੰਦੇ ਦਾ ਦੌਰ ਵੀ ਆਇਆ, ਪਰ ਜੈਸਲਮੇਰ ਅਤੇ ਆਲੇ-ਦੁਆਲੇ ਤਾਲਾਬ ਬਣਾਉਣ ਦਾ ਕੰਮ ਮੰਦਾ ਨਹੀਂ ਸੀ ਪੈਂਦਾ। ਗਜਰੂਪ ਸਾਗਰ, ਮੂਲ ਸਾਗਰ, ਗੰਗਾ ਸਾਗਰ, ਗੁਲਾਬ ਸਾਗਰ ਅਤੇ ਈਸਰਲਾਲ ਜੀ ਦਾ ਤਾਲਾਬ ਇੱਕ ਤੋਂ ਮਗਰੋਂ ਇੱਕ ਸੋਹਣੇ ਤਾਲਾਬ ਬਣਦੇ ਤੁਰੇ ਗਏ। ਇਹ ਲੜੀ ਅੰਗਰੇਜ਼ਾਂ ਦੇ ਆਉਣ ਤੱਕ ਟੁੱਟੀ ਨਹੀਂ ਸੀ।

ਇਸ ਲੜੀ ਦੀ ਮਜ਼ਬੂਤੀ ਸਿਰਫ਼ ਰਾਜੇ, ਰਾਵਲ, ਮਹਾਰਾਵਲਾਂ ਉੱਤੇ ਨਹੀਂ ਛੱਡੀ ਗਈ ਸੀ। ਸਮਾਜ ਦੇ ਉਹ ਅੰਗ ਵੀ, ਤਾਲਾਬਾਂ ਦੀ ਲੜੀ ਮਜ਼ਬੂਤ ਬਣਾ ਕੇ ਰੱਖਦੇ ਸਨ ਜਿਹੜੇ ਅੱਜ ਦੀ ਪਰਿਭਾਸ਼ਾ ਵਿੱਚ ਗ਼ਰੀਬੀ ਦੀ ਰੇਖਾ ਹੇਠ ਮੰਨੇ ਗਏ ਹਨ।ਮੇਘਾ ਡੰਗਰ ਚਰਾਉਂਦਾ ਹੁੰਦਾ ਸੀ। ਇਹ ਕਿੱਸਾ 500 ਸਾਲ ਪੁਰਾਣਾ ਹੈ। ਡੰਗਰਾਂ ਦੇ ਨਾਲ ਮੇਘਾ ਮੂੰਹ ਹਨੇਰੇ ਨਿੱਕਲ ਜਾਂਦਾ। ਕੋਹਾਂ ਤੱਕ ਫੈਲਿਆ ਸਪਾਟ ਰੇਗ਼ਿਸਤਾਨ। ਮੇਘਾ ਦਿਨ ਭਰ ਦਾ ਪਾਣੀ ਆਪਣੇ ਨਾਲ ਇੱਕ ਮਿੱਟੀ ਦੀ ਸੁਰਾਹੀ ਵਿੱਚ ਲੈ ਜਾਂਦਾ। ਸ਼ਾਮ ਨੂੰ ਉਹ ਪਰਤਦਾ। ਇੱਕ ਦਿਨ ਸੁਰਾਹੀ ਵਿੱਚ ਥੋੜ੍ਹਾ ਜਿਹਾ ਪਾਣੀ ਬਚ ਗਿਆ। ਮੇਘੇ ਨੂੰ ਪਤਾ ਨਹੀਂ ਕੀ ਸੁੱਝਿਆ, ਉਸਨੇ ਇੱਕ ਛੋਟਾ ਜਿਹਾ ਟੋਆ ਪੁੱਟਿਆ, ਉਸ ਵਿੱਚ ਸੁਰਾਹੀ ਦਾ ਪਾਣੀ ਪਾਇਆ ਅਤੇ ਅੱਕ ਦੇ ਪੱਤਿਆਂ ਨਾਲ ਢਕ ਦਿੱਤਾ। ਚਰਵਾਹੇ ਦਾ ਕੰਮ ਅੱਜ ਇੱਥੇ ਹੁੰਦਾ ਹੈ ਤੇ ਕੱਲ੍ਹ ਉੱਥੇ। ਮੇਘਾ ਦੋ ਦਿਨ ਉੱਧਰ ਨਾ ਜਾ ਸਕਿਆ। ਤੀਜੇ ਦਿਨ ਜਦੋਂ ਉਹ ਉੱਥੇ ਅਪੜਿਆ ਤਾਂ ਬੇਸਬਰੀ ਨਾਲ ਅੱਕ ਦੇ ਪੱਤੇ ਚੁੱਕੇ ਤਾਂ ਟੋਏ ਵਿੱਚ ਪਾਣੀ ਤਾਂ ਨਹੀਂ ਸੀ, ਪਰ ਟੋਏ ਵਿੱਚੋਂ ਠੰਢੀ ਹਵਾ ਜ਼ਰੂਰ ਆਈ। ਮੇਘੇ ਦੇ ਮੂੰਹੋਂ ਅਚਾਨਕ ਆਵਾਜ਼ ਆਈ 'ਭਾਫ਼'। ਉਸਨੇ ਸੋਚਿਆ ਕਿ ਜੇ ਇੱਥੇ ਥੋੜ੍ਹੇ ਜਿਹੇ ਪਾਣੀ ਨਾਲ ਸਿੱਲ੍ਹ ਬਚ ਸਕਦੀ ਹੈ ਤਾਂ ਫੇਰ ਇੱਥੇ ਤਾਲਾਬ ਕਿਉਂ ਨਹੀਂ ਬਣ ਸਕਦਾ।

.ਮੇਘੇ ਨੇ 'ਕੱਲਿਆਂ ਹੀ ਤਾਲਾਬ ਬਣਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਰੋਜ਼ ਆਪਣੇ ਨਾਲ ਕਹੀ-ਤਸਲਾ ਲੈ ਕੇ ਜਾਂਦਾ। ਸਾਰਾ ਦਿਨ ਉਹ ਮਿਹਨਤ ਕਰਦਾ। ਗਊਆਂ ਵੀ ਆਲੇ-ਦੁਆਲੇ ਚਰਦੀਆਂ ਰਹਿੰਦੀਆਂ। ਭੀਮ ਜਿਹੀ ਤਾਕ+ਤ ਨਹੀਂ ਸੀ ਉਸਦੇ ਵਿੱਚ, ਪਰ ਭੀਮ ਜਿਹਾ ਸੰਕਲਪ ਜ਼ਰੂਰ ਸੀ ਉਸ ਕੋਲ। ਦੋ ਸਾਲ ਤੱਕ 'ਕੱਲਾ ਹੀ ਲੱਗਿਆ ਰਿਹਾ। ਬਿਲਕੁਲ ਸਪਾਟ ਰੇਗ਼ਿਸਤਾਨ ਵਿੱਚ ਤਾਲਾਬ ਦਾ ਘੇਰਾ ਦੂਰੋਂ ਹੀ ਦਿਸਣ ਲੱਗ ਪਿਆ ਸੀ। ਪਾਲ ਦੀ ਖ਼ਬਰ ਪਿੰਡ ਵਿੱਚ ਵੀ ਫ਼ੈਲ ਗਈ।

ਹੁਣ ਰੋਜ਼ ਸਵੇਰੇ ਪਿੰਡ ਦੇ ਬੱਚੇ ਅਤੇ ਬਜ਼ੁਰਗ ਮੇਘਾ ਦਾ ਸਾਥ ਦੇਣ ਲਈ ਆਉਣ ਲੱਗੇ। 12 ਸਾਲ ਹੋ ਚੁੱਕੇ ਸਨ, ਫੇਰ ਵੀ ਤਾਲਾਬ ਉੱਤੇ ਕੰਮ ਚੱਲ ਰਿਹਾ ਸੀ। ਮੇਘਾ ਦੀ ਉਮਰ ਪੂਰੀ ਹੋ ਗਈ ਪਰ ਪਤਨੀ ਸਤੀ ਨਹੀਂ ਹੋਈ, ਪਤਨੀ ਨੇ ਕੰਮ ਚਾਲੂ ਰੱਖਿਆ, 6 ਮਹੀਨੇ ਬਾਅਦ ਕੰਮ ਪੂਰਾ ਹੋ ਗਿਆ।

ਇਹ ਤਾਲਾਬ ਭਾਫ਼ ਕਾਰਨ ਬਣਨਾ ਸ਼ੁਰੂ ਹੋਇਆ, ਇਸੇ ਕਰਕੇ ਇਸ ਜਗ੍ਹਾ ਦਾ ਨਾਂ ਭਾਫ਼ ਪੈ ਗਿਆ, ਬਾਅਦ ਵਿੱਚ ਵਿਗੜ ਕੇ ਬਾਪ ਹੋ ਗਿਆ। ਚਰਵਾਹੇ ਮੇਘਾ ਨੂੰ ਸਮਾਜ ਨੇ ਮੇਘੋਜੀ ਨਾਂ ਨਾਲ ਯਾਦ ਰੱਖਿਆ ਅਤੇ ਤਾਲਾਬ ਦੇ ਉੱਤੇ ਇੱਕ ਸੋਹਣੀ ਛਤਰੀ ਅਤੇ ਉਸ ਦੀ ਪਤਨੀ ਦੀ ਯਾਦ ਵਿੱਚ ਇੱਕ ਬਾਉਲੀ ਬਣਾਈ।

ਬਾਪ ਬੀਕਾਨੇਰ ਅਤੇ ਜੈਸਲਮੇਰ ਦੇ ਰਸਤੇ ਵਿੱਚ ਆਉਣ ਵਾਲਾ ਛੋਟਾ ਜਿਹਾ ਕਸਬਾ ਹੈ। ਚਾਹ-ਕਚੌਰੀ ਦੀਆਂ 5-6 ਦੁਕਾਨਾਂ ਵਾਲਾ ਛੋਟਾ ਜਿਹਾ ਬਸ ਅੱਡਾ ਹੈ। ਬਸਾਂ ਤੋਂ ਉੱਚੀ ਪਾਲ ਅੱਡੇ ਦੇ ਬਿਲਕੁਲ ਲਾਗੇ ਹੀ ਖੜ੍ਹੀ ਦਿਸਦੀ ਹੈ। ਮਈ-ਜੂਨ ਵਿੱਚ ਪਾਲ ਦੇ ਇੱਕ ਪਾਸੇ ਲੂ ਚਲਦੀ ਹੈ, ਦੂਜੇ ਪਾਸੇ ਮੇਘੋ ਜੀ ਦੇ ਤਾਲਾਬ ਵਿੱਚ ਲਹਿਰਾਂ ਉੱਠਦੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਤਾਂ ਇੱਥੇ ਪਾਣੀ ਚਾਰ ਮੀਲ ਤੱਕ ਫੈਲ ਜਾਂਦਾ ਹੈ।

ਮੇਘ ਅਤੇ ਮੇਘਰਾਜ ਭਾਵੇਂ ਇੱਥੇ ਘੱਟ ਆਉਂਦੇ ਹੋਣ, ਪਰ ਮਰੂਭੂਮੀ ਵਿੱਚ ਮੇਘੋਜੀ ਜਿਹੇ ਲੋਕਾਂ ਦੀ ਕਮੀ ਨਹੀਂ। ਪਾਣੀ ਦੇ ਮਾਮਲੇ ਵਿੱਚ ਇੰਨਾ ਕਾਬਿਲ ਹੋ ਚੁੱਕਾ ਸਮਾਜ ਆਪਣੀ ਕਾਬਲੀਅਤ ਨੂੰ, ਆਪਣੇ ਕੌਸ਼ਲ ਨੂੰ ਆਪਣਾ ਦੱਸ ਕੇ ਘੁਮੰਡ ਨਹੀਂ ਕਰਦਾ। ਉਹ ਬੇਹੱਦ ਸਤਿਕਾਰ ਨਾਲ ਇਸਦਾ ਪੂਰਾ ਉਪਕਾਰ ਭਗਵਾਨ ਨੂੰ ਸਮਰਪਿਤ ਕਰ ਕੇ ਸਿਰ ਝੁਕਾ ਲੈਂਦਾ ਹੈ।

ਕਹਿੰਦੇ ਹਨ ਕਿ ਮਹਾਭਾਰਤ ਯੁੱਧ ਖ਼ਤਮ ਹੋਣ 'ਤੇ ਸ਼੍ਰੀ ਕ੍ਰਿਸ਼ਨ ਕੁਰੂਕਸ਼ੇਤਰ ਤੋਂ ਅਰਜੁਨ ਨੂੰ ਨਾਲ ਲੈ ਕੇ ਦਵਾਰਕਾ ਜਾ ਰਹੇ ਸਨ। ਉਨ੍ਹਾਂ ਦਾ ਰੱਥ ਮਾਰੂਥਲ ਪਾਰ ਕਰ ਰਿਹਾ ਸੀ। ਅੱਜ ਦੇ ਜੈਸਲਮੇਰ ਕੋਲ ਤ੍ਰਿਕੂਟ ਪਰਬਤ ਉੱਤੇ ਉਨ੍ਹਾਂ ਨੂੰ ਉੱਤੁੰਗ ਰਿਸ਼ੀ ਤਪੱਸਿਆ ਕਰਦੇ ਹੋਏ ਮਿਲੇ। ਸ਼੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਅਤੇ ਫੇਰ ਵਰਦਾਨ ਮੰਗਣ ਲਈ ਕਿਹਾ। ਉੱਤੁੰਗ ਦਾ ਅਰਥ ਹੈ ਉੱਚਾ। ਸੱਚਮੁੱਚ ਰਿਸ਼ੀ ਉੱਚੇ ਸਨ। ਉਨ੍ਹਾਂ ਨੇ ਆਪਣੇ ਲਈ ਕੁੱਝ ਨਾ ਮੰਗਿਆ। ਉਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਜੇਕਰ ਮੇਰੇ ਕੁੱਝ ਪੁੰਨ ਹਨ ਤਾਂ ਇਸ ਖੇਤਰ ਵਿੱਚ ਪਾਣੀ ਦੀ ਕੋਈ ਕਮੀ ਨਾ ਰਹੇ।

ਮਾਰੂਥਲ ਦੇ ਲੋਕਾਂ ਨੇ ਇਸ ਵਰਦਾਨ ਨੂੰ ਇੱਕ ਹੁਕਮ ਵਜੋਂ ਮੰਨਿਆ ਅਤੇ ਆਪਣੀ ਕਾਬਲੀਅਤ ਨਾਲ ਮ੍ਰਿਗ-ਤ੍ਰਿਸ਼ਣਾ ਨੂੰ ਝੁਠਲਾ ਦਿੱਤਾ।

Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques

Path Alias

/articles/maraiga-taraisanaa-jhauthalaaundaee-taalaaba

Post By: Hindi
×