ਮਾਲਵੇ ਵੱਲ ਮੇਰੀ ਤੇ ਮੇਰੇ ਸਾਥੀਆਂ ਦੀ ਕੈਂਸਰ ਯਾਤਰਾ

ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ, ਗੰਦਲੇ ਪਾਣੀ ਕਾਰਨ ਕੈਂਸਰ ਤੇ ਜਾਨਲੇਵਾ ਬਿਮਾਰੀਆਂ ਦੇ ਸ਼ਿਕਾਰ ਹੋਏ ਪੰਜਾਬੀ ਅੰਗਹੀਣ ਤੇ ਮੰਦਬੁੱਧੀ ਬੱਚੇ ਪੈਦਾ ਹੋਣ ਲੱਗੇ ਸਾਜ਼ਿਸ਼ ਤਹਿਤ ਬਰਬਾਦ ਕੀਤਾ ਜਾ ਰਿਹੈ ਪੰਜਾਬ ਨੂੰ
ਖਾਲਸਾ ਮਿਸ਼ਨ ਕੌਂਸਲ ਵੱਲੋਂ ਪੰਜਾਬ ਨੂੰ ਕੈਂਸਰ ਤੋਂ ਮੁਕਤ ਕਰਨ ਲਈ ਲਹਿਰ ਚਲਾਉਣ ਦਾ ਦ੍ਰਿੜ ਸੰਕਲਪ ਹੈ। ਪੰਜਾਬੀਆਂ ਨੂੰ ਜਾਗ੍ਰਿਤ ਕਰਨ ਲਈ ਕੈਂਸਰ ਵਿਰੁੱਧ ਜੂਝਣਾ ਹੋਵੇਗਾ। ਹਵਾ, ਪਾਣੀ ਨਿਰਮਲ ਬਣਾਉਣਾ ਹੋਵੇਗਾ ਤੇ ਖੇਤੀ ਕੁਦਰਤੀ ਕਰਨੀ ਹੇਵੇਗੀ। ਜੇਕਰ ਅਜਿਹਾ ਨਾ ਹੋਇਆ ਤਾਂ ਪੰਜਾਬ ਵਿੱਚ ਨਾਗਾਸਾਕੀ ਹਿਰੋਸ਼ਿਮਾ ਵਾਂਗ ਨਸਲਕੁਸ਼ੀ ਹੋਵੇਗੀ, ਬੱਚੇ ਅੰਗਹੀਣ ਪੈਦਾ ਹੋ ਰਹੇ ਹਨ, ਜੰਮਦਿਆਂ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ। ਹਰ ਸਾਲ 3 ਹਜ਼ਾਰ ਕੈਂਸਰ ਮਰੀਜ਼ ਪੰਜਾਬ 'ਚ ਮਰ ਰਹੇ ਹਨ। ਹੁਣ ਮਾਲਵਾ ਕੀ ਪੂਰਾ ਪੰਜਾਬ ਕੈਂਸਰ ਦੀ ਲਪੇਟ 'ਚ ਆਇਆ ਹੋਇਆ ਹੈ। ਆਓ ਰਲ ਕੇ ਪੰਜਾਬ ਨੂੰ ਬਚਾਈਏ। ਇਸ ਬਾਰੇ ਜਥੇਦਾਰ ਦਿਲਬਾਗ ਸਿੰਘ ਮੁਖੀ ਖਾਲਸਾ ਮਿਸ਼ਨ ਕੌਂਸਲ, ਰਾਇਲ ਮੀਡੀਆ ਵੱਲੋਂ ਡਾਕੂਮੈਂਟਰੀ ਫਿਲਮ ਬਣਾ ਰਹੇ ਹਨ। ਅਚਾਨਕ ਮੋਬਾਈਲ ਦੀ ਘੰਟੀ ਖ਼ੜਕੀ। ਇੰਗਲੈਂਡ ਤੋਂ ਬਾਬਾ ਦਿਲਬਾਗ ਸਿੰਘ ਮੁਖੀ ਖਾਲਸਾ ਮਿਸ਼ਨ ਕੌਂਸਲ ਵਾਲਿਆਂ ਨੇ ਫਤਹਿ ਬੁਲਾਈ। ਹਾਲ ਚਾਲ ਪੁੱਛਣ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਪਸਰੇ ਭਾਰੀ ਕੈਂਸਰ ਬਾਰੇ ਜਾਣਕਾਰੀ ਲਈ। ਮੈਂ ਆਖਿਆ ਕਿ ਪੰਜਾਬ ਦਾ ਬਚਣਾ ਬਹੁਤ ਮੁਸ਼ਕਲ ਹੈ, ਜੇਕਰ ਇਸ ਸੰਬੰਧੀ ਪੰਜਾਬੀ ਜਾਗ੍ਰਿਤ ਨਾ ਹੋਏ। ਜਥੇਦਾਰ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਬਾਰੇ ਡਾਕੂਮੈਂਟਰੀ ਫ਼ਿਲਮ ਬਣਾਈ ਜਾਵੇ ਤੇ ਇਸ ਨੂੰ ਵੱਖ-ਵੱਖ ਚੈਨਲਾਂ 'ਤੇ ਚਲਾਉਣ ਦਾ ਮੇਰਾ ਇਰਾਦਾ ਹੈ। ਬਾਬਾ ਦਿਲਬਾਗ ਸਿੰਘ ਨੇ ਕਿਹਾ ਕਿ ਤੁਸੀਂ ਇਸ ਬਾਰੇ ਸਾਨੂੰ ਸਹਿਯੋਗ ਦੇਵੋ। ਮੈਂ ਹਾਮੀ ਭਰ ਦਿੱਤੀ। ਮੈਂ ਦੱਸਿਆ ਕਿ ਸਾਨੂੰ ਦੁਆਬਾ, ਮਾਝਾ ਤੇ ਮਾਲਵਾ ਦਾ ਹਾਲ ਜਾਨਣ ਲਈ ਵਿਸ਼ੇਸ਼ ਪਿੰਡਾਂ ਵਿੱਚ ਜਾਣਾ ਪਵੇਗਾ, ਜਿੱਥੇ ਪਾਣੀ ਦੀ ਸਪਲਾਈ ਠੀਕ ਨਹੀਂ, ਖੇਤਾਂ ਵਿੱਚ ਅੰਨ੍ਹੇਵਾਹ ਜ਼ਹਿਰ ਛਿੜਕੇ ਜਾ ਰਹੇ ਹਨ। ਨਹਿਰੀ ਪਾਣੀ ਵਿੱਚ ਸਨਅੱਤ ਦਾ ਪਾਣੀ ਪੈ ਰਿਹਾ ਹੈ ਤੇ ਉਹੀ ਲੋਕ ਪੀ ਰਹੇ ਹਨ।
ਬੀਤੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਅੱਠ ਮੈਂਬਰੀ ਟੀਮ ਲੈ ਕੇ ਵੱਡੀ ਕਾਰ ਰਾਹੀਂ ਬਠਿੰਡੇ ਵੱਲ ਨਿਕਲ ਪਏ। ਕੈਂਸਰ ਤੋਂ ਭੈਅਭੀਤ ਅਸੀਂ ਘਰੋਂ ਹੀ ਪਾਣੀ ਦੀਆਂ ਬੋਤਲਾਂ ਤੇ ਵਾਟਰ ਟੈਂਕੀ ਲੈ ਕੇ ਚੱਲ ਪਏ। ਬਠਿੰਡੇ ਪਹੁੰਚਣ 'ਤੇ ਸੜਕਾਂ ਐਨ ਸਾਫ਼-ਸੁਥਰੀਆਂ ਤੇ ਸ਼ੀਸ਼ੇ ਵਾਂਗੂੰ ਚਮਕਦੀਆਂ ਸਨ। ਇਹੋ ਜਿਹੀਆਂ ਸੜਕਾਂ ਪੰਜਾਬ 'ਚ ਹੋਰ ਕਿਤੇ ਵੀ ਨਜ਼ਰ ਨਹੀਂ ਆਉਣਗੀਆਂ। ਆਲੇ-ਦੁਆਲੇ ਖ਼ੂਬਸੂਰਤ ਤੇ ਵਿਸ਼ਾਲ ਆਕਾਰ ਦੇ ਮਾਲਜ਼ ਬਣੇ ਹੋਏ ਸਨ ਜੋ ਕਿ ਬਠਿੰਡੇ ਦੀ ਤਰੱਕੀ ਦੀ ਬਾਤ ਪਾ ਰਹੇ ਸਨ। ਹੈਰਾਨੀ ਵੀ ਹੋ ਰਹੀ ਸੀ ਕਿ ਇੱਥੇ ਤਾਂ ਵਿਕਾਸ ਹੈ, ਤਾਂ ਕੈਂਸਰ ਕਿੱਥੋਂ ਆ ਗਿਆ।
ਅਸੀਂ ਕੌਫੀ ਪੀਤੀ ਤੇ ਪਿੰਡ ਸ਼ੇਖਪੁਰਾ ਤਲਵੰਡੀ ਸਾਬੋ ਵੱਲ ਚਾਲੇ ਪਾ ਲਏ। ਜਿੱਥੇ ਕੈਂਸਰ ਦੀ ਭਿਅੰਕਰ ਬਿਮਾਰੀ ਫੈਲੀ ਹੋਈ ਸੀ। ਯਾਦ ਰਹੇ ਕਿ ਤਲਵੰਡੀ ਸਾਬੋ ਵਿੱਚ ਗੁਰੂ ਅਸਥਾਨ ਤਖ਼ਤ ਦਮਦਮਾ ਸਾਹਿਬ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਿਆਨ ਦੀ ਲਹਿਰ ਤੋਰੀ ਸੀ, ਪਰ ਇਸ ਪਿੰਡ ਸ਼ੇਖਪੁਰਾ 'ਚ ਜਾ ਕੇ ਪਤਾ ਲੱਗਾ ਕਿ ਲੋਕ ਅਨਪੜ੍ਹ, ਸੋਝੀਹੀਣ ਹਨ ਤੇ ਉਸੇ ਦਾ ਨਤੀਜਾ ਉਹ ਭੁਗਤ ਰਹੇ ਹਨ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੀਆਂ ਬਿਮਾਰੀਆਂ ਦਾ ਕਾਰਨ ਕੀ ਹੈ? ਪਿੰਡ 'ਚ ਸਿਰਫ਼ ਇੱਕੋ ਆਰਐੱਮਪੀ ਹੈ, ਜੋ ਨੀਂਦ ਦੀਆਂ ਗੋਲੀਆਂ ਤੇ ਟੀਕੇ ਲਗਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਆਰਾਮ ਦੇ ਰਿਹਾ ਹੈ। ਪਿੰਡ ਤੋਂ ਹੀ ਪਤਾ ਲੱਗਾ ਕਿ ਡਾਕਟਰ ਬੀਕਾਨੇਰ ਦੇ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਲਈ ਲੋਕਾਂ ਨੂੰ ਭੇਜ ਰਿਹਾ ਹੈ। ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਉੱਥੇ ਕੋਈ ਠੀਕ ਵੀ ਹੋਇਆ ਹੈ, ਤਾਂ ਸਭ ਚੁੱਪ ਸਨ। ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ।
ਪਿੰਡ ਦੀਆਂ ਕੰਧਾਂ ਵੱਲ ਅਚਨਚੇਤੇ ਮੇਰਾ ਧਿਆਨ ਗਿਆ, ਤਾਂ ਉੱਥੇ ਸਿਰਸੇ ਵਾਲੇ ਬਾਬੇ ਦੇ ਨਾਅਰੇ ਲਿਖੇ ਹੋਏ ਸਨ ਕਿ ਤੰਮਾਕੂ ਛੱਡੋ, ਕੈਂਸਰ ਨੂੰ ਕਰੋ ਅਲਵਿਦਾ, ਸਾਫ਼-ਸੁਥਰਾ ਵਾਤਾਵਰਣ ਰੱਖੋ। ਪਿੰਡ 'ਚੋਂ ਹੀ ਪਤਾ ਲੱਗਾ ਹੈ ਕਿ ਇੱਥੇ ਜੋ ਪਿੰਡ ਸੁਧਾਰ ਦੀਆਂ ਜਥੇਬੰਦੀਆਂ ਹਨ ਉਹ ਬਾਬੇ ਸਿਰਸੇ ਨਾਲ ਜੁੜੀਆਂ ਹੋਈਆਂ ਹਨ। ਲੋਕਾਂ ਦੇ ਕਹਿਣ ਮੁਤਾਬਕ ਬਾਬਾ ਸਿਰਸਾ ਨੇ ਕੈਂਸਰ ਦੇ ਇਲਾਜ ਲਈ ਹਸਪਤਾਲ ਵੀ ਬਣਾਇਆ ਹੋਇਆ ਹੈ, ਜੋ ਸਸਤਾ ਹੈ, ਉੱਥੇ ਦਵਾਈਆਂ ਵੀ ਸਸਤੀਆਂ ਮਿਲਦੀਆਂ ਹਨ, ਪਰ ਕਿਸੇ ਨੂੰ ਫ਼ਰਕ ਪਿਆ ਜਾਂ ਨਹੀਂ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਮੈਂ ਲੋਕਾਂ ਕੋਲੋਂ ਪੁੱਛਿਆ ਕਿ ਲੋਕ ਸਿਰਸੇ ਵਾਲੇ ਬਾਬੇ ਵੱਲ ਕਿਉਂ ਝੁਕਦੇ ਹਨ, ਤਾਂ ਉਸ ਦਾ ਕਹਿਣਾ ਸੀ ਕਿ ਪੰਥਕ ਆਗੂ ਸਿਰਫ਼ ਨਾਅਰੇ ਮਾਰਨ ਵਿੱਚ ਯਕੀਨ ਰੱਖਦੇ ਹਨ ਅਤੇ ਬਾਬਾ ਤੇ ਉਸ ਦੇ ਪ੍ਰੇਮੀ ਪਿੰਡਾਂ 'ਚ ਕੰਮ ਕਰਦੇ ਹਨ। ਇੱਥੋਂ ਤੱਕ ਕਿ ਬਾਬਾ ਗ਼ਰੀਬ ਲੋਕਾਂ ਦੇ ਵਿਆਹ ਵੀ ਮੁਫ਼ਤ 'ਚ ਕਰਵਾਉਂਦਾ ਹੈ। ਦੂਜੇ ਪਾਸੇ ਪਿੰਡ ਵਿੱਚ ਕੋਈ ਸਿੱਖੀ ਦਾ ਪ੍ਰਚਾਰਕ ਨਹੀਂ, ਕੋਈ ਲੋਕਾਂ ਦੀ ਬਾਂਹ ਫੜਨ ਵਾਲਾ ਨਹੀਂ, ਤਾਂ ਫਿਰ ਲੋਕ ਕੀ ਕਰਨ? ਮੈਂ ਹੈਰਾਨ ਸਾਂ ਕਿ ਸ਼੍ਰੋਮਣੀ ਕਮੇਟੀ ਤੇ ਸਾਡੇ ਸਿੰਘ ਸਾਹਿਬਾਨ ਨਾਅਰੇ ਮਾਰ ਰਹੇ ਹਨ ਕਿ ਸਿਰਸਾ ਬਾਬੇ ਦਾ ਬਾਈਕਾਟ ਕਰੋ, ਪਰ ਇਸ ਨਾਲ ਕੀ ਹੋਣ ਵਾਲਾ ਹੈ? ਅਸੀਂ ਧੱਕੇਸ਼ਾਹੀ ਨਾਲ ਗ਼ਰੀਬਾਂ ਤੋਂ ਗੁਰੂ ਗ੍ਰੰਥ ਸਾਹਿਬ ਚੁਕਾ ਕੇ ਸਿੱਖੀ ਤੋਂ ਦੂਰ ਕਰ ਦਿੱਤਾ।
ਮੰਦਬੁੱਧੀ ਦਾ ਸ਼ਿਕਾਰ ਬੱਚਾ
ਇਸੇ ਪਿੰਡ ਵਿੱਚ ਅਸੀਂ ਹਰਜੀਤ ਸਿੰਘ ਦੇ ਘਰ ਪਹੁੰਚੇ। ਉਹਨਾਂ ਦਾ ਬੇਟਾ ਮੰਦਬੁੱਧੀ ਦਾ ਸ਼ਿਕਾਰ ਸੀ। ਉਸ ਦਾ ਨਾਂ ਹਰਜੋਗਿੰਦਰ ਸੀ। ਉਸ ਦੀ 10 ਏਕੜ ਜ਼ਮੀਨ ਸੀ। 4-5 ਏਕੜ ਤਾਂ ਕਰਜ਼ਾਈ ਹੋਣ ਕਰਕੇ ਵਿਕ ਗਈ। ਬੱਚੇ ਦੇ ਇਲਾਜ ਕਾਰਨ 6-7 ਮੱਝਾਂ ਵਿਕ ਗਈਆਂ। ਹੁਣ ਉਹ ਦੋ ਲੱਖ ਰੁਪਏ ਦਾ ਕਰਜ਼ਾਈ ਹੈ। ਇਹ ਬੱਚਾ ਆਪਣੇ ਮੂੰਹ ਤੋਂ ਮੱਖੀਆਂ ਤੱਕ ਨਹੀਂ ਉਡਾ ਸਕਦਾ, ਉਹ ਦਰਦਨਾਕ ਸਥਿਤੀ ਵਿੱਚ ਹੈ। ਜਦੋਂ ਅਸੀਂ ਉਸ ਦੀ ਫੋਟੋ ਖਿੱਚਣ ਲੱਗੇ, ਤਾਂ ਮੂੰਹ ਹੇਠਾਂ ਕਰ ਲਿਆ, ਪਰ ਆਪਣੀ ਮਾਂ ਦੇ ਕਹਿਣ 'ਤੇ ਫੋਟੋ ਖਿਚਵਾ ਲਈ।
ਕੈਂਸਰ ਵਾਲੇ ਪਰਿਵਾਰ ਨੂੰ ਮਿਲਣਾ
ਅਸੀਂ ਸ਼ੇਖੂਪੁਰਾ ਪਰਿਵਾਰ ਵਿੱਚ ਬਜ਼ੁਰਗ ਇਸਤਰੀ ਰਣਜੀਤ ਕੌਰ ਨੂੰ ਮਿਲੇ। ਜਿਸ ਦੀ ਉਮਰ 65 ਸਾਲ ਦੇ ਕਰੀਬ ਸੀ। ਉਸ ਦਾ ਸਹੁਰਾ ਗੁਰਚਰਨ ਸਿੰਘ ਰੁਮਾਣਾ 2 ਅਗਸਤ 2009 ਵਿੱਚ ਅਤੇ ਪਤੀ ਗੁਰਮੇਲ ਸਿੰਘ 10 ਫਰਵਰੀ 2011 ਵਿੱਚ ਕੈਂਸਰ ਕਰਕੇ ਖ਼ਤਮ ਹੋ ਗਏ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਬੀਕਾਨੇਰ ਵਿੱਚ ਆਪਣੇ ਪਤੀ ਦਾ ਇਲਾਜ ਵੀ ਕਰਵਾਇਆ ਸੀ, ਚੰਡੀਗੜ, ਪਟਿਆਲਾ, ਮਾਣਸਾ ਦੇ ਹਸਪਤਾਲਾਂ 'ਚ ਵੀ ਗਈ, ਦੇਸੀ ਦਵਾਈਆਂ ਵੀ ਲਈਆਂ, ਪਰ ਕੋਈ ਫਾਇਦਾ ਨਾ ਹੋਇਆ। ਉਹ ਆਖਿਰ ਕੈਂਸਰ ਦੀ ਲਪੇਟ 'ਚ ਆ ਗਿਆ। ਸਰਕਾਰ ਨੇ ਸਾਡੀ ਕੋਈ ਸਹਾਇਤਾ ਨਹੀਂ ਕੀਤੀ। ਉਸ ਦੀ ਮੌਤ ਤੋਂ 10 ਦਿਨਾਂ ਬਾਅਦ ਸਿਹਤ ਵਿਭਾਗ ਵਾਲੇ ਆਏ। ਉਹਨਾਂ ਉਹਨਾਂ ਕਿਹਾ ਕਿ ਸਰਕਾਰ ਤੋਂ ਸਹਾਇਤਾ ਲੈ ਕੇ ਦੇਵਾਂਗੇ, ਪਰ ਸਹਾਇਤਾ ਕਿੱਥੋਂ ਮਿਲਣੀ ਸੀ। ਹੁਣ ਤਾਂ ਸਾਡਾ ਰੱਬ ਵੀ ਰਾਖਾ ਨਹੀਂ। ਸਾਡੇ ਤਾਂ ਤਿੰਨ ਏਕੜ ਜ਼ਮੀਨ ਵੀ ਵਿਕ ਗਈ। ਕਰਜ਼ਾਈ ਹੋ ਗਏ ਹਾਂ। ਸੰਦ ਵਿਕ ਗਏ ਹਨ। ਮੇਰਾ ਬੇਟਾ ਭੈਣਾਂ ਨੇ ਰੱਖ ਲਿਆ ਹੈ ਤੇ ਉੱਥੇ ਠੇਕੇ 'ਤੇ ਕੰਮ ਕਰਦਾ ਹੈ। ਬੇਟੇ ਦਾ ਨਾਂ ਅਮਨਦੀਪ ਹੈ।
ਕੈਂਸਰ ਦੇ ਕਾਰਨ
ਖੇਤੀ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਸਨਅੱਤਾਂ ਦੁਆਰਾ ਫੈਲਾਇਆ ਜਾ ਰਿਹਾ ਅੱਤ ਦਾ ਪ੍ਰਦੂਸ਼ਣ, ਕੂੜੇ ਦੀ ਸਾਂਭ-ਸੰਭਾਲ ਨਾ ਹੋਣਾ ਤੇ ਸਰਕਾਰ ਵੱਲੋਂ ਬੇਰੁਖ਼ੀ ਇਸ ਦਾ ਪ੍ਰਮੁੱਖ ਕਾਰਨ ਹਨ। ਪਿੰਡਾਂ ਵਿੱਚ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ। ਸਾਡੀ ਭੋਜਨ ਲੜੀ ਵਿੱਚ ਅਨੇਕਾਂ ਕਿਸਮ ਦੇ ਜ਼ਹਿਰ ਇਕੱਠੇ ਹੋ ਗਏ ਹਨ। ਇਸ ਵਿੱਚ ਕਈ ਤਰ੍ਹਾ ਦੇ ਕੀਟਨਾਸ਼ਕ, ਨਦੀਨਨਾਸ਼ਕ, ਨਾਈਟਰੇਟ, ਭਾਰੀ ਧਾਤਾਂ, ਯੂਰੇਨੀਅਮ, ਸਨਅੱਤੀ ਜ਼ਹਿਰ ਸ਼ਾਮਲ ਹਨ। ਖ਼ਤਰਨਾਕ ਜ਼ਹਿਰ ਸਾਡੇ ਹਵਾ, ਪਾਣੀ, ਮਿੱਟੀ, ਭੋਜਨ ਨਾਲ ਸਰੀਰ 'ਚ ਲਗਾਤਾਰ ਵਧਦੇ ਜਾ ਰਹੇ ਹਨ।ਖੇਤੀ ਆਧਾਰਿਤ ਰਸਾਇਣਾਂ ਦੀ ਵਰਤੋਂ ਲਈ ਨਾ ਕੋਈ ਨਿਯਮ ਹੈ ਤੇ ਨਾ ਹੀ ਕੋਈ ਕਾਨੂੰਨ। ਵਿਦੇਸ਼ਾਂ ਵਿੱਚ ਕਿਰਸਾਣ ਆਪਣੇ ਆਪ ਖੇਤੀ ਰਸਾਇਣਾਂ ਦੀ ਵਰਤੋਂ ਵਿੱਚ ਮਨਮਰਜ਼ੀ ਨਹੀਂ ਕਰ ਸਕਦਾ। ਮਾਹਿਰ ਉਸ ਨੂੰ ਸੇਧ ਦਿੰਦੇ ਹਨ, ਪਰ ਪੰਜਾਬ ਇਹੋ ਜਿਹਾ ਸੂਬਾ ਹੈ, ਜਿੱਥੇ ਕਿਰਸਾਣਾਂ ਨੂੰ ਸੇਧ ਨਹੀਂ ਦਿੱਤੀ ਜਾਂਦੀ। ਪੰਜਾਬ ਨੂੰ ਇੱਕ ਸਾਜ਼ਿਸ਼ ਤਹਿਤ ਸਨਅੱਤਾਂ ਦੇ ਜ਼ਹਿਰਾਂ ਵਾਲਾ ਭਰਪੂਰ ਪਾਣੀ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਾਡੀ ਸਿਹਤ ਵਿਗੜ ਗਈ ਹੈ। ਕੈਂਸਰ ਦੀ ਬਿਮਾਰੀ ਸਿਰਫ਼ ਮਾਲਵੇ ਵਿੱਚ ਹੀ ਨਹੀਂ, ਪੂਰੇ ਪੰਜਾਬ 'ਚ ਫੈਲ ਚੁੱਕੀ ਹੈ। ਸਿਰਫ਼ ਕੈਂਸਰ ਹੀ ਨਹੀਂ, ਬੇਔਲਾਦਪਣ ਦਾ ਵੀ ਅਸੀਂ ਸ਼ਿਕਾਰ ਹੁੰਦੇ ਜਾ ਰਹੇ ਹਾਂ। ਮੈਨੂੰ ਡਾਕਟਰ ਵਿਰਕ ਮੁੱਖੀ ਵਿਰਕ ਫਰਟਿਲਟੀ ਹਸਪਤਾਲ ਵਾਲੇ ਨੇ ਦੱਸਿਆ ਸੀ ਕਿ ਔਰਤਾਂ 'ਚ ਆਂਡਾ ਨਾ ਬਣਨਾ, ਮਰਦਾਂ 'ਚ ਸ਼ੁਕਰਾਣੂਆਂ ਦੀ ਗਿਣਤੀ ਘਟਣਾ ਆਮ ਗੱਲ ਹੋ ਗਈ ਹੈ। ਇਸ ਦਾ ਕਾਰਨ ਸਾਡੀ ਖ਼ੁਰਾਕ ਤੇ ਸਾਡਾ ਵਾਤਾਵਰਨ ਹੈ।
ਮੈਂ ਆਪਣੇ ਸਾਥੀਆਂ ਨੂੰ ਸਵਾਲ ਕੀਤਾ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਐਲਰਜੀਆਂ, ਮਾਨਸਿਕ ਰੋਗ ਪੰਜਾਬ ਵਿੱਚ ਮਹਾਂਮਾਰੀ ਦੀ ਸ਼ਕਲ ਲੈ ਚੁੱਕੇ ਹਨ, ਇਸ ਦਾ ਕੀ ਇਲਾਜ ਹੋਵੇਗਾ? ਕੀ ਬਾਬਾ ਨਾਨਕ ਦੁਬਾਰਾ ਅਵਤਾਰ ਧਾਰਨ ਕਰਕੇ ਉਦਾਸੀਆਂ ਕਰਨਗੇ, ਤਾਂ ਜੋ ਪੰਜਾਬ ਬਚ ਜਾਵੇ। ਪੰਜਾਬ ਤਾਂ ਮਰ ਰਿਹਾ ਹੈ। ਇੱਕ ਸਾਜ਼ਿਸ਼ ਤਹਿਤ ਮਾਰਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਵਿਕਾਸ ਹੋ ਰਿਹਾ ਹੈ, ਪਰ ਵਿਕਾਸ ਕਿੱਥੇ ਹੋ ਰਿਹਾ ਹੈ। ਜੇਕਰ ਅਸੀਂ ਵਾਤਾਵਰਨ, ਸਿਹਤ ਵੱਲ ਧਿਆਨ ਨਾ ਦਿੱਤਾ, ਤਾਂ ਇਹਨਾਂ ਦਸਾਂ ਸਾਲਾਂ 'ਚ ਪੰਜਾਬ ਬੁਰੀ ਤਰ੍ਹਾ ਤਬਾਹ ਹੋ ਜਾਵੇਗਾ। ਅਸੀਂ ਆਪਣੀ ਨਸਲਕੁਸ਼ੀ ਦੇ ਆਪ ਜ਼ਿੰਮੇਵਾਰ ਹੋਵਾਂਗੇ।
Path Alias

/articles/maalavaee-vahla-maeerai-taee-maeeraee-saathaian-dai-kaainsara-yaataraa

Post By: kvm
Topic
Regions
×