ਕੁਦਰਤੀ ਖੇਤੀ ਦਾ ਵਿਗਆਨੀ ਕਿਸਾਨ- ਇੰਦਰਜੀਤ ਸਿੰਘ 'ਸਹੋਲੀ'

ਆਧੁਨਿਕ ਖੇਤੀ ਦੇ ਆਉਣ ਤੋਂ ਪਹਿਲਾਂ ਤੱਕ ਖੇਤੀ ਦਾ ਵਿਗਿਆਨ ਕਿਸਾਨਾਂ ਦੇ ਹੱਥਾਂ ਵਿੱਚ ਸੀ ਪਰ ਜਿਉਂ ਹੀ ਰਸਾਇਣਿਕ ਖੇਤੀ ਸ਼ੁਰੂ ਹੋਈ ਤਾਂ ਗਿਆਨ ਕੰਪਨੀਆਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੀ ਮਲਕੀਅਤ ਬਣ ਗਿਆ। ਕਿਸਾਨਾਂ ਵਿੱਚ ਪ੍ਰਯੋਗ ਕਰਨ ਦਾ ਹੌਸਲਾ ਘਟਣ ਲੱਗਿਆ। ਪਰ ਅੱਜ ਫਿਰ ਕੁਦਰਤੀ ਖੇਤੀ ਸਦਕਾ ਕਿਸਾਨਾਂ ਦਾ ਪ੍ਰਯੋਗਸ਼ੀਲਤਾ ਵਾਲਾ ਗੁਣ ਫਿਰ ਤੋਂ ਉੱਭਰਨ ਲੱਗਿਆ ਹੈ। ਉਹਨਾਂ ਫਿਰ ਤੋਂ ਨਵੇਂ-ਨਵੇਂ ਤਜ਼ਰਬੇ ਸ਼ੁਰੂ ਕਰਕੇ ਕੁਦਰਤੀ ਖੇਤੀ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ। ਉਹਨਾਂ ਦਾ ਖੋਹਿਆ ਹੋਇਆ ਆਤਮ-ਵਿਸ਼ਵਾਸ ਮੁੜ ਪਰਤਣ ਲੱਗਿਆ ਹੈ। ਅਜਿਹੇ ਹੀ ਇੱਕ ਕਿਸਾਨ ਹਨ- ਪਟਿਆਲਾ ਜਿਲ੍ਹੇ ਦੇ ਪਿੰਡ ਸਹੋਲੀ ਦੇ ਜੰਮਪਲ ਸ. ਇੰਦਰਜੀਤ ਸਿੰਘ 'ਸਹੋਲੀ' ਜੋ ਬੀਤੇ ਦਸਾਂ ਵਰ੍ਹਿਆਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ। ਉਮਰ ਪੱਖੋਂ ਅਠਵੰਜਾ ਵਰ੍ਹਿਆਂ ਨੂੰ ਢੁੱਕਿਆ ਕੁਦਰਤੀ ਖੇਤੀ ਦਾ ਇਹ ਜਰਨੈਲ ਸਦਾ ਕਰਮਸ਼ੀਲ ਰਹਿੰਦਾ ਹੈ। ਮਿੱਠ ਬੋਲੜੇ ਸੁਭਾਅ ਅਤੇ ਸਭ ਨਾਲ ਮਿਲਵਰਤਣ ਰੱਖਣ ਵਾਲੀ ਇਹ ਨੇਕ ਰੂਹ ਚਿਹਰੇ 'ਤੇ ਨਿਰਮਲ ਮੁਸਕਾਨ ਲਈ ਹਰ ਪਲ ਕੁਦਰਤੀ ਖੇਤੀ ਨੂੰ ਸਮਰਪਿਤ ਰਹਿੰਦੀ ਹੈ।

ਸਹੋਲੀ ਹੁਣਾਂ ਦੇ ਸ਼ਬਦਾਂ ਵਿੱਚ “ ਫਸਲਾਂ ਵਿੱਚ ਕੀੜੇ ਅਤੇ ਨਦੀਨ ਮਾਰਨ ਲਈ ਵਰਤੇ ਜਾਂਦੇ ਜ਼ਹਿਰਾਂ ਕਾਰਨ ਭੂਮੀ, ਪਾਣੀ, ਵਾਤਾਵਰਣ, ਜੀਵ-ਜੰਤੂਆਂ ਦਾ ਵਿਨਾਸ਼ ਦੇਖ ਕੇ ਲੱਗਿਆ ਕਿ ਅਸੀਂ ਖੇਤੀ ਨਹੀਂ, ਸਗੋਂ ਕੋਈ ਪਾਪ ਕਰ ਰਹੇ ਹਾਂ। ਇੰਦਰਜੀਤ ਹੁਣਾਂ ਮੁਤਾਬਿਕ ਉਹ 1975-76 ਵਿੱਚ ਉਸ ਵੇਲੇ ਖੇਤੀ ਵਿੱਚ ਆਏ ਸਨ ਜਦੋਂ ਕਿ ਰਸਾਇਣਕ ਖੇਤੀ ਪੂਰੇ ਜਲੌਅ ਨਾਲ ਪੰਜਾਬ ਭਰ ਵਿੱਚ ਛਾਅ ਚੁੱਕੀ ਸੀ। ਉਹਨਾਂ ਦੱਸਿਆ ਕਣਕ ਵਿਚਲੇ ਗੁੱਲੀਡੰਡੇ ਨੂੰ ਮਾਰਨ ਲਈ ਨਦੀਨਨਾਸ਼ਕ ਦਾ ਛਿੜਕਾਅ ਕਰਨ ਵਾਲੇ ਉਹ ਪਿੰਡ ਦੇ ਪਹਿਲੇ ਕਿਸਾਨ ਸਨ। ਰਸਾਇਣਕ ਖੇਤੀ ਕਰਦਿਆਂ-ਕਰਦਿਆਂ ਜਲਦੀ ਹੀ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਖੇਤੀ ਦਾ ਇਹ ਮਾਡਲ ਅਤੇ ਦਿਸ਼ਾ ਸਿਹਤਾਂ ਅਤੇ ਵਾਤਾਵਰਣ ਪੱਖੋਂ ਕਿਸੇ ਵੀ ਤਰ੍ਹਾ ਠੀਕ ਨਹੀਂ। ਕਿਉਂਕਿ ਰਸਾਇਣਕ ਖੇਤੀ ਵਿੱਚ ਕੈਮੀਕਲ ਖਾਦਾਂ, ਕੀੜੇਮਾਰ ਜ਼ਹਿਰਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਵਿੱਚ ਲਗਾਤਾਰ ਵਾਧੇ ਦੇ ਬਾਵਜੂਦ ਫਸਲਾਂ ਦੇ ਝਾੜ ਵਿੱਚ ਖੜੋਤ ਆਉਣੀ ਸ਼ੁਰੂ ਹੋ ਗਈ ਸੀ। ਸਹੋਲੀ ਹੁਣਾਂ ਦੇ ਸ਼ਬਦਾਂ ਵਿੱਚ “ ਫਸਲਾਂ ਵਿੱਚ ਕੀੜੇ ਅਤੇ ਨਦੀਨ ਮਾਰਨ ਲਈ ਵਰਤੇ ਜਾਂਦੇ ਜ਼ਹਿਰਾਂ ਕਾਰਨ ਭੂਮੀ, ਪਾਣੀ, ਵਾਤਾਵਰਣ, ਜੀਵ-ਜੰਤੂਆਂ ਦਾ ਵਿਨਾਸ਼ ਦੇਖ ਕੇ ਲੱਗਿਆ ਕਿ ਅਸੀਂ ਖੇਤੀ ਨਹੀਂ, ਸਗੋਂ ਕੋਈ ਪਾਪ ਕਰ ਰਹੇ ਹਾਂ।

ਮਨ ਵਿੱਚ ਰਸਾਇਣਕ ਮੁਕਤ ਖੇਤੀ ਬਾਰੇ ਵਿਚਾਰ ਆਉਣੇ ਸ਼ੁਰੂ ਹੋਏ ਤਾਂ 1999 ਦੇ ਲਾਗੇ ਉਮੇਂਦਰ ਦੱਤ ਨਾਲ ਮੇਲ ਹੋਇਆ ਉਸਦੀਆਂ ਗੱਲਾਂ ਮਨ ਨੂੰ ਚੰਗੀਆਂ ਲੱਗੀਆਂ ਅਤੇ ਸੰਨ 2002 ਵਿੱਚ ਪੂਰਾ ਮਨ ਬਣਾ ਕੇ ਆਪਣੀ 5 ਦੀ 5 ਏਕੜ ਪੈਲੀ ਕੁਦਰਤੀ ਖੇਤੀ ਦੇ ਲੇਖੇ ਲਾ ਦਿੱਤੀ। ਹਾਲਾਂਕਿ ਸ਼ੁਰੂ-ਸ਼ੁਰੂ ਵਿੱਚ ਨਵੇਂ ਹੋਣ ਕਰਕੇ ਫਸਲਾਂ ਦੇ ਝਾੜ ਸਬੰਧੀ ਕੁੱਝ ਦਿੱਕਤਾਂ ਜ਼ਰੂਰ ਆਈਆਂ ਪਰ ਜਿਵੇਂ-ਜਿਵੇਂ ਕੁਦਰਤੀ ਖੇਤੀ ਦੇ ਰਹੱਸ ਆਤਮਸਾਤ ਹੁੰਦੇ ਗਏ ਤਿਵੇਂ-ਤਿਵੇਂ ਇਹ ਦਿੱਕਤਾਂ ਵੀ ਕਿਨਾਰਾ ਕਰਦੀਆਂ ਗਈਆਂ।

ਕੁਦਰਤੀ ਖੇਤੀ ਸਬੰਧੀ ਆਪਣੀ ਸਮਝ ਨੂੰ ਹੋਰ ਪਕੇਰਿਆਂ ਕਰਨ ਲਈ ਸਹੋਲੀ ਹੁਣਾਂ ਨੇ ਸੰਨ 2005 ਵਿੱਚ ਆਰਟ ਆਫ ਲਿਵਿੰਗ, ਬੰਗਲੋਰ ਦਾ ਦੌਰਾ ਕੀਤਾ ਅਤੇ ਕੁਦਰਤੀ ਖੇਤੀ ਸਬੰਧੀ ਆਪਣੇ ਗਿਆਨ ਦਾ ਦਾਇਰਾ ਹੋਰ ਮੋਕਲਾ ਕੀਤਾ। ਇਸ ਵੇਲੇ ਕੁਦਰਤੀ ਖੇਤੀ ਤਹਿਤ ਕਣਕ, ਗੰਨਾ, ਹਰਾ ਚਾਰੇ, ਬਾਸਮਤੀ ਦੀਆਂ ਫਸਲਾਂ ਲੈਣ ਵਾਲੇ ਸਹੋਲੀ ਹੁਣਾਂ ਅਨੁਸਾਰ ਕੁਦਰਤੀ ਖੇਤੀ ਸਦਕਾ ਉਹਨਾਂ ਦੀ ਭੂਮੀ ਵਿੱਚ ਜਾਨ ਆ ਗਈ ਹੈ। ਜ਼ਮੀਨ ਪਹਿਲਾਂ ਦੇ ਮੁਕਾਬਲੇ ਵਧੇਰੇ ਭੁਰ-ਭੁਰੀ, ਨਰਮ ਅਤੇ ਨਮੀ ਭਰਪੂਰ ਹੋ ਗਈ ਹੈ। ਪਹਿਲਾਂ ਦੇ ਮੁਕਾਬਲੇ ਫਸਲਾਂ ਨੂੰ ਅੱਧੇ ਪਾਣੀ ਦੀ ਲੋੜ ਪੈਂਦੀ ਹੈ।

ਇੰਦਰਜੀਤ ਹੁਣਾਂ ਦੀ ਪੂਰੀ ਖੇਤੀ ਦੇਸੀ ਗਊ ਆਧਾਰਿਤ ਹੈ। ਇਸ ਵੇਲੇ ਇਹਨਾਂ ਨੇ ਦਸ ਦੇਸੀ ਗਾਵਾਂ ਪਾਲ ਰੱਖੀਆਂ ਹਨ। ਆਪਣੀ ਸਾਰੀ ਖੇਤੀ ਵਿੱਚ ਇਹ ਇਹਨਾਂ ਦਾ ਗੋਬਰ-ਮੂਤਰ ਵੱਖ-ਵੱਖ ਰੂਪਾਂ ਵਿੱਚ ਇਸਤੇਮਾਲ ਕਰਦੇ ਹਨ। ਇੰਨਾ ਹੀ ਨਹੀ, ਇਹ ਇਲਾਕੇ ਦੇ ਸਾਰੇ ਕੁਦਰਤੀ ਖੇਤੀ ਕਿਸਾਨਾਂ ਨੂੰ ਲੋੜ ਅਨੁਸਾਰ ਗਊ ਮੂਤਰ ਅਤੇ ਗੋਬਰ ਮੁਫ਼ਤ ਵਿੱਚ ਪ੍ਰਦਾਨ ਕਰਦੇ ਹਨ।

ਕੁਦਰਤੀ ਖੇਤੀ ਸਬੰਧੀ ਆਪਣਾ ਖਾਸ ਤਜ਼ਰਬਾ ਬਿਆਨ ਕਰਦਿਆਂ ਸਹੋਲੀ ਹੁਣਾਂ ਦੱਸਿਆ ਕਿ ਉਹ ਕੁਦਰਤੀ ਖੇਤੀ ਲਈ ਬਾਲਟੀ ਰਾਹੀਂ ਗਊ ਮੂਤਰ ਇਕੱਠਾ ਕਰਿਆ ਕਰਦੇ ਹਨ। ਇਸ ਕੰਮ ਦੀ ਸ਼ੁਰੂਆਤ ਦੇ ਲਗਪਗ ਦੋ ਮਹੀਨੇ ਬੀਤਣ ਉਪਰੰਤ ਉਦੋਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਨੂੰ ਤੇਰਾਂ ਸਾਲ ਪਹਿਲਾਂ ਲੱਗੀਆਂ ਨੇੜੇ ਦੀ ਨਜ਼ਰ ਦੀਆਂ ਐਨਕਾਂ ਤੋਂ ਛੁਟਕਾਰਾ ਮਿਲ ਗਿਆ। ਉਹਨਾ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਕੁਦਰਤੀ ਖੇਤੀ ਵਿੱਚ ਉਹਨਾਂ ਦਾ ਵਿਸ਼ਾਵਾਸ਼ ਹੋਰ ਵੀ ਪੱਕਾ ਕਰ ਦਿੱਤਾ। ਇਹਨੀਂ ਦਿਨੀ ਇਹ ਆਪਣੇ ਘਰ ਵਿੱਚ ਗਊ ਮੂਤਰ ਦਾ ਅਰਕ ਤਿਆਰ ਕਰਨ ਦਾ ਛੋਟਾ ਜਿਹਾ ਉਪਰਾਲਾ ਕਰ ਰਹੇ ਹਨ। ਇਸ ਉਪਰਾਲੇ ਤੋਂ ਪ੍ਰਾਪਤ ਗਊ ਮੂਤਰ ਅਰਕ ਨੂੰ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਦੀ ਦਵਾਈ ਦੇ ਤੌਰ 'ਤੇ ਲੋੜਵੰਦਾ ਨੂੰ ਉਪਲਭਧ ਕਰਵਾਉਣਾ ਉਹਨਾਂ ਦਾ ਸ਼ੁਗਲ ਹੈ। ਉਹਨਾਂ ਮੁਤਾਬਿਕ ਹੁਣ ਤੱਕ ਵੱਖ-ਵੱਖ ਰੋਗਾਂ ਨਾਲ ਗ੍ਰਸਤ ਸੈਂਕੜੇ ਲੋਕ ਉਹਨਾਂ ਦੇ ਇਸ ਉਪਰਾਲੇ ਦਾ ਲਾਹਾ ਲੈ ਚੁੱਕੇ ਹਨ।

ਸਿਹਤ ਸਬੰਧੀ ਗੱਲ ਕਰਦਿਆਂ ਇਹਨਾਂ ਦੱਸਿਆ ਕਿ ਕੁਦਰਤੀ ਖੇਤੀ ਦੀ ਉਪਜ ਦੇ ਸੇਵਨ ਸਦਕਾ ਪਰਿਵਾਰ ਦੀ ਸਿਹਤ ਵਿੱਚ ਜ਼ਿਕਰਯੋਗ ਸੁਧਾਰ ਆਇਆ ਹੈ। ਸਾਡਾ ਪਰਿਵਾਰ ਹੋਰਨਾਂ ਪਰਿਵਾਰਾਂ ਵਾਂਗੂੰ ਦਵਾਈਆਂ ਦਾ ਆਦੀ ਨਹੀਂ ਰਹਿ ਗਿਆ। ਪਹਿਲਾਂ ਮੇਰਾ ਬੱਲਡ ਪ੍ਰੈਸ਼ਰ ਵਧ ਜਾਂਦਾ ਸੀ ਜਿਹੜਾ ਕਿ ਪਿਛਲੇ 4-5 ਸਾਲਾਂ ਤੋਂ ਨਾਰਮਲ ਰਹਿਣ ਲੱਗ ਪਿਆ ਹੈ। ਸਾਡੇ ਪਸ਼ੂ ਵੀ ਸਿਹਤ ਪੱਖੋਂ ਨੌ-ਬਰ-ਨੌਂ ਹਨ। ਪਸ਼ੂਆਂ ਤੋਂ ਪ੍ਰਾਪਤ ਦੁੱਧ ਦਾ ਤਾਂ ਕਹਿਣਾ ਹੀ ਕੀ ਹੋਰਨਾਂ ਦੇ ਮੁਕਾਬਲੇ 100 ਗੁਣਾਂ ਮਿਠਾਸ ਹੈ ਸਾਡੀਆਂ ਦੇਸੀ ਗਾਵਾਂ ਦੇ ਦੁੱਧ ਵਿੱਚ। ਕੁਦਰਤੀ ਖੇਤੀ ਤਹਿਤ ਉਗਾਈਆਂ ਗਈਆਂ ਸਬਜ਼ੀਆਂ ਦੇ ਸਵਾਦ ਅਤੇ ਪੌਸ਼ਟਿਕਤਾ ਦਾ ਤਾਂ ਕੋਈ ਸਾਨੀ ਹੀ ਨਹੀਂ। ਹਾਲਤ ਇਹ ਹੈ ਕਿ ਜੇ ਕਦੇ ਬਾਜ਼ਾਰੂ ਸਬਜ਼ੀ ਖਾਣੀ ਪੈ ਜਾਏ ਤਾਂ ਮਨ ਪੁੱਛਿਆ ਹੀ ਜਾਣਦੈ!

ਕੁਦਰਤੀ ਖੇਤੀ ਵਿੱਚ ਨਿੱਤ ਨਵੇਂ ਪ੍ਰਯੋਗ ਕਰਨ ਦੀ ਮਾਨਸਿਕਤਾ ਵਾਲੇ ਸਹੋਲੀ ਹੁਣਾਂ ਨੇ ਇਸ ਅੱਧਾ ਏਕੜ ਜ਼ਮੀਨ ਵਿੱਚ ਵੱਟ ਉੱਤੇ ਕਣਕ ਦੀ ਬਿਜਾਈ ਦਾ ਪ੍ਰਯੋਗ ਕੀਤਾ ਹੈ। ਜਿਹੜਾ ਕਿ ਉਹਨਾਂ ਮੁਤਾਬਿਕ ਬਹੁਤ ਸਫਲ ਸਿੱਧ ਹੋਣ ਜਾ ਰਿਹਾ ਹੈ। ਕੁਦਰਤੀ ਖੇਤੀ ਤਹਿਤ ਸਫਲ ਪੈਦਾਵਾਰ ਲਈ ਉਹ ਜੀਵ ਅੰਮ੍ਰਿਤ, ਰੂੜੀ ਦੀ ਖਾਦ, ਪਾਥੀਆਂ ਦਾ ਪਾਣੀ, ਘਰ ਵਿੱਚ ਹੀ ਤਿਆਰ ਕੀਤਾ ਗਾਰਬੇਜ਼ ਐਨਜਾਈਮ, ਖੱਟੀ ਲੱਸੀ ਅਤੇ ਅਜੈਟੋਬੈਕਟਰ ਆਦਿ ਜੀਵਾਣੂ ਕਲਚਰਾਂ ਦਾ ਇਸਤੇਮਾਲ ਕਰਦੇ ਹਨ। ਇਸ ਸਬੰਧ ਵਿੱਚ ਆਪਣਾ ਨਿਵੇਕਲਾ ਤਜ਼ਰਬਾ ਸਾਂਝਾ ਕਰਦਿਆਂ ਸਹੋਲੀ ਹੁਣਾਂ ਦੱਸਿਆ ਕਿ ਉਹਨਾਂ ਨੇ ਇਸ ਵਾਰ ਕਣਕ ਦੀ ਫਸਲ 'ਤੇ ਆਏ ਚੇਪੇ ਨੂੰ ਕਾਬੂ ਕਰਨ ਲਈ ਗਊ ਮੂਤਰ ਵਿੱਚ ਗੰਨੇ ਦੀ ਮੈਲ ਮਿਲਾ ਕੇ ਛਿੜਕਾਅ ਕੀਤਾ ਅਤੇ ਚੇਪ ਤੋਂ ਛੁਟਕਾਰਾ ਪਾ ਲਿਆ। ਉਹਨਾਂ ਅਨੁਸਾਰ 150 ਲਿਟਰ ਗਊ ਮੂਤਰ ਵਿੱਚ 50 ਲਿਟਰ ਗੰਨੇ ਦੀ ਮੈਲ ਪਾ ਕੇ 10 ਦਿਨ ਦੇ ਖਮੀਰਣ ਉਪਰੰਤ 3 ਲਿਟਰ ਪ੍ਰਤੀ ਪੰਪ ਸਪ੍ਰੇਅ ਕਰਨ ਨਾਲ ਕਣਕ ਵਿੱਚ ਚੇਪੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਉੱਘੇ ਕੁਦਰਤੀ ਖੇਤੀ ਵਿਗਿਆਨੀ ਅਤੇ ਇਕਰੀਸੈਟ ਦੇ ਸਾਬਕਾ ਪ੍ਰਧਾਨ ਵਿਗਿਆਨਕ ਡਾ. ਓਮ ਪ੍ਰਕਾਸ਼ ਰੁਪੇਲਾ ਇੰਦਰਜੀਤ ਸਿੰਘ ਹੁਣਾਂ ਦੀ ਖੇਤੀ ਬਾਰੇ ਗੱਲ ਕਰਦਿਆਂ ਕਹਿੰਦੇ ਹਨ,“ਇੰਦਰਜੀਤ ਸਿੰਘ ਪ੍ਰਯੋਗਸ਼ੀਲ ਮਾਨਸਿਕਤਾ ਦਾ ਧਾਰਨੀ ਅਤੇ ਸਿਰੜ ਵਾਲਾ ਕਿਸਾਨ ਹੈ। ਉਸਨੂੰ ਪਤਾ ਹੈ ਕਿ ਉਸਨੇ ਕਦੋਂ ਤੇ ਕੀ ਕਰਨਾ ਹੈ। ਉਸ ਦੁਆਰਾ ਆਲੂਆਂ ਵਾਲੀ ਮਸ਼ੀਨ ਨਾਲ ਵੱਟਾਂ 'ਤੇ ਬੀਜੀ ਗਈ ਕਣਕ ਉਸਦੇ ਪ੍ਰਯੋਗਸ਼ੀਲ ਅਤੇ ਸਿਰੜ ਵਾਲਾ ਕਿਸਾਨ ਹੋਣ ਦਾ ਸਬੂਤ ਹੈ। ਮੈਂ ਸਹੋਲੀ ਹੁਣਾਂ ਦੇ ਇਸ ਜਜਬੇ ਨੂੰ ਸਲਾਮ ਕਰਦਾ ਹਾਂ ਅਤੇ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਕੁਦਰਤੀ ਕਿਸਾਨਾਂ ਲਈ ਵੱਟਾਂ 'ਤੇ ਕਣਕ ਬਿਜਾਈ ਦੀ ਸ਼ਿਫਾਰਸ਼ ਕਰਾਂਗਾ।”

ਪੰਜਾਬ ਵਿੱਚ ਕੁਦਰਤੀ ਖੇਤੀ ਦੇ ਵੱਡ ਪੱਧਰੇ ਪਸਾਰੇ ਬਾਰੇ ਸਹੋਲੀ ਹੁਣਾਂ ਦਾ ਮੰਨਣਾ ਹੈ ਕਿ ਇਹ ਸਮੇਂ ਦੀ ਲੋੜ ਹੈ। ਸਾਨੂੰ ਥਾਂ-ਥਾਂ ਕੁਦਰਤੀ ਖੇਤੀ ਦੇ ਪ੍ਰਦਰਸ਼ਨੀ ਪਲਾਟ ਲਾਉਣੇ ਚਾਹੀਦੇ ਹਨ। ਕਿਸਾਨਾਂ ਲਈ ਜਗ੍ਹਾ-ਜਗ੍ਹਾ ਕੁਦਰਤੀ ਖੇਤੀ ਟ੍ਰੇਨਿੰਗ ਕੈਂਪਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਖੇਤੀ ਵਿਰਾਸਤ ਮਿਸ਼ਨ, ਆਪਣੀ ਸਮਰਥਾ ਮੁਤਾਬਿਕ ਇਹ ਸਭ ਕਰ ਵੀ ਰਿਹਾ ਹੈ।

ਅੰਤ ਵਿੱਚ ਕਿਸਾਨ ਵੀਰਾਂ ਨੂੰ ਸੁਨੇਹਾਂ ਦਿੰਦਿਆਂ ਇੰਦਰਜੀਤ ਸਿੰਘ ਕਹਿੰਦੇ ਹਨ ਕਿ ਜੇ ਪੰਜਾਬ ਦੇ ਕਿਸਾਨ ਨੇ ਆਪਣਾ ਕਿਸਾਨੀ ਸਵੈਮਾਨ ਵਾਪਿਸ ਹਾਸਿਲ ਕਰਨਾ ਹੈ ਤਾਂ ਉਸਨੂੰ ਖੁਦ ਹੀ ਹੀਲਾ ਕਰਨਾ ਪਊ। ਕੁਦਰਤੀ ਖੇਤੀ ਚਿਰਜੀਵੀ ਤੇ ਖੁਸ਼ਹਾਲ ਪੰਜਾਬ ਦੀ ਪੁਨਰ ਸੁਰਜੀਤੀ ਦਾ ਇਕ ਮਾਤਰ ਰਾਹ ਹੈ। ਜੋ ਜਿੰਨੀ ਛੇਤੀ ਇਸ ਰਾਹ 'ਤੇ ਚੱਲ ਪਵੇਗਾ ਉਹ ਉੰਨੀ ਹੀ ਛੇਤੀ ਬਹੁਕੌਮੀ ਕੰਪਨੀਆਂ ਦੀ ਗ਼ੁਲਾਮੀ ਦੇ ਚੰਗੁਲ 'ਚੋਂ ਬਾਹਰ ਆਵੇਗਾ।
Path Alias

/articles/kaudaratai-khaeetai-daa-vaigaanai-kaisaana-indarajaita-saingha-sahaoolai

Post By: kvm
×