ਕੀਟ ਵਿਗਿਆਨ ਦਾ ਇੱਕ ਅਨੋਖਾ ਸਕੂਲ

ਇੱਕ ਕਿਸਾਨ ਜਦ ਖੇਤ ਵਿੱਚ ਆਪਣੀ ਫ਼ਸਲ 'ਤੇ ਕਿਸੇ ਕੀੜੇ ਨੂੰ ਦੇਖਦਾ ਹੈ ਤਾਂ ਸਭ ਤੋਂ ਪਹਿਲਾਂ ਕਿਹੜਾ ਵਿਚਾਰ ਉਸਦੇ ਮਨ ਵਿੱਚ ਆਉਂਦਾ ਹੈ? ਹਾਂ ਜੀ, ਤੁਸੀ ਬਿਲਕੁਲ ਠੀਕ ਸੋਚਿਆ। ਸਭ ਤੋਂ ਪਹਿਲਾਂ ਇਹੀ ਵਿਚਾਰ ਆਉਂਦਾ ਹੈ ਕਿ ਜਲਦੀ ਕੋਈ ਜ਼ਹਿਰੀਲਾ ਕੀਟਨਾਸ਼ਕ ਛਿੜਕ ਕੇ ਇਸਨੂੰ ਮਾਰੀਏ। ਜਦ ਇਹੋ ਜਿਹੀ ਸੋਚ ਬਣ ਚੁੱਕੀ ਹੋਵੇ ਤਾਂ ਕੀ ਕੋਈ ਇਹ ਖ਼ਿਆਲ ਵੀ ਕਰ ਸਕਦਾ ਹੈ ਕਿ ਇਹਨਾਂ ਕੀੜਿਆਂ ਨਾਲ ਦੋਸਤੀ ਕਰੀਏ। ਇਹਨਾਂ ਕੀੜਿਆਂ ਨੂੰ ਪਛਾਣ ਕੇ, ਇਹਨਾਂ ਨੂੰ ਸਮਝ ਕੇ, ਇਹਨਾਂ ਦੇ ਨਾਲ ਚੱਲਦੇ ਹੋਏ ਖੇਤੀ ਕਰੀਏ। ਬਿਨਾਂ ਕੋਈ ਰਸਾਇਣਿਕ ਕੀਟਨਾਸ਼ਕ ਜ਼ਹਿਰ, ਇੱਥੋਂ ਤੱਕ ਕਿ ਨਿੰਮ, ਅੱਕ, ਧਤੂਰੇ ਆਦਿ ਤੋਂ ਬਣਾਏ ਘਰੇਲੂ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਫ਼ਸਲ ਨੂੰ ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਬਚਾਈਏ ਅਤੇ ਕੀੜਿਆਂ ਨੂੰ ਵੀ ਕਾਬੂ ਕਰ ਲਈਏ। ਸ਼ਾਇਦ ਨਹੀਂ। ਜੇ ਕਿਸੇ ਕਿਸਾਨ ਨੂੰ ਇਹ ਗੱਲ ਕਹਾਂਗੇ ਤਾਂ ਉਹ ਕਹੇਗਾ- ਅਸੰਭਵ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਗਵਾਂਢ ਵਿੱਚ ਇਹ ਅਸੰਭਵ ਕੰਮ ਸੰਭਵ ਹੋ ਰਿਹਾ ਹੈ। ਖੇਤਾਂ ਵਿੱਚ ਕੀੜਿਆਂ ਨਾਲ ਦੋਸਤੀ ਹੋ ਰਹੀ ਹੈ। ਕੀੜਿਆਂ ਨਾਲ ਹੀ ਕੀੜਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਉਹਨਾਂ ਦੇ ਰੱਖੜੀ ਬੰਨੀ ਜਾ ਰਹੀ ਹੈ ਅਤੇ ਉਹਨਾਂ ਦੇ ਲਈ ਗੀਤ ਗਾਏ ਜਾ ਰਹੇ ਹਨ।
ਕੀੜੇ ਪਛਾਣਨ ਅਤੇ ਉਹਨਾਂ ਨੂੰ ਸਮਝਣ ਤੋਂ ਬਾਅਦ ਉਹ ਇਸ ਸਿੱਟੇ 'ਤੇ ਪਹੁੰਚੀਆਂ ਕਿ ਕੀੜੇ ਮਨੁੱਖ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਨ। ਕੀੜੇ ਫ਼ਸਲ ਉੱਪਰ ਇਸ ਲਈ ਨਹੀਂ ਆਉਂਦੇ ਕਿ ਉਹ ਕਿਸਾਨ ਦਾ ਨੁਕਸਾਨ ਕਰਨ ਬਲਕਿ ਉਹ ਤਾਂ ਆਪਣਾ ਭੋਜਨ ਖਾਣ ਅਤੇ ਆਪਣੇ ਵੰਸ਼ ਨੂੰ ਚਲਾਉਣ ਲਈ ਇਹ ਕੰਮ ਕਰਦੇ ਹਨ। ਸੋ, ਕੀੜਿਆਂ ਨੂੰ ਦੋਸਤ ਜਾਂ ਦੁਸ਼ਮਣ ਨਾਂ ਕਹਿ ਕੇ ਉਹ ਸ਼ਾਕਾਹਾਰੀ ਜਾਂ ਮਾਂਸਾਹਾਰੀ ਕਹਿ ਕੇ ਬੁਲਾਉਂਦੀਆਂ ਹਨ। ਕੀ ਕਿਹਾ? ਯਕੀਨ ਨਹੀਂ ਆ ਰਿਹਾ ਮੇਰੀਆਂ ਗੱਲਾਂ 'ਤੇ। ਮੈਨੂੰ ਵੀ ਨਹੀਂ ਆ ਰਿਹਾ ਸੀ ਇੱਕ ਵਾਰ ਤਾਂ। ਆਖਿਰ ਆਏ ਵੀ ਕਿਵੇਂ? ਸ਼ੁਰੂ ਤੋਂ ਤਾਂ ਇਹੀ ਸੁਣਦੇ ਆ ਰਹੇ ਹਾਂ ਕਿ ਕੀੜੇ ਕਿਸਾਨ ਦੇ ਦੁਸ਼ਮਣ ਹਨ। ਫ਼ਸਲ ਦਾ ਨੁਕਸਾਨ ਕਰ ਜਾਂਦੇ ਹਨ। ਪਰ ਜਦ ਇਹ ਸਭ ਆਪਣੇ ਅੱਖੀਂ ਦੇਖਿਆ ਤਾਂ ਯਕੀਨ ਆਇਆ ਕਿ ਇਹ ਸਭ ਹੋ ਰਿਹਾ ਹੈ ਅਤੇ ਉਹ ਵੀ ਕਿਤੇ ਦੂਰ ਨਹੀਂ, ਸਾਡੇ ਹੀ ਗਵਾਂਢ ਵਿੱਚ। ਚੱਲੋ, ਫਿਰ ਲੈ ਚੱਲਦੇ ਹਾਂ, ਤੁਹਾਨੂੰ ਇੱਕ ਅਨੋਖੇ ਸਕੂਲ ਦੀ ਸੈਰ 'ਤੇ ਜਿੱਥੇ ਕਿਤਾਬਾਂ ਨਹੀਂ, ਕੁਦਰਤ ਨੂੰ ਪੜਿਆਂ ਜਾਂਦਾ ਹੈ, ਉਸਨੂੰ ਸਮਝਿਆ ਜਾਂਦਾ ਹੈ। ਇਸ ਸਕੂਲ ਦਾ ਨਾਮ ਤਾਂ ਦੱਸ ਦੇਈਏ- ਸਕੂਲ ਦਾ ਨਾਮ ਹੈ- “ਮਹਿਲਾ ਖੇਤ ਪਾਠਸ਼ਾਲਾ।”
ਇਸ ਪਾਠਸ਼ਾਲਾ ਦੀ ਸ਼ੁਰੂਆਤ ਵੀ ਬੜੀ ਦਿਲਚਸਪ ਸੀ। ਜੀਂਦ ਦੇ ਖੇਤੀਬਾੜੀ ਵਿਭਾਗ ਦੁਆਰਾ ਸਾਲ 2008 ਵਿੱਚ ਪਿੰਡ ਨਿਡਾਨਾ ਵਿੱਚ ਕਿਸਾਨ ਖੇਤ ਪਾਠਸ਼ਾਲਾ ਲਗਾਈ ਗਈ। ਇਸ ਪਾਠਸ਼ਾਲਾ ਤੋਂ ਕਿਸਾਨ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਅਗਲੇ ਸਾਲ ਭਾਵ 2009 ਵਿੱਚ 500-500 ਰੁਪਏ ਇਕੱਠੇ ਕਰਕੇ ਆਪਣੇ ਬਲਬੂਤੇ ਖੇਤ ਪਾਠਸ਼ਾਲਾ ਦਾ ਆਯੋਜਨ ਕੀਤਾ। ਜੂਨ ਤੋਂ ਅਕਤੂਬਰ ਤੱਕ ਹਰ ਮੰਗਲਵਾਰ ਨੂੰ ਆਯੋਜਿਤ ਇਸ ਪਾਠਸ਼ਾਲਾ ਵਿੱਚ ਕਿਸਾਨ ਗਰੁੱਪ ਬਣਾ ਕੇ ਹੱਥਾਂ ਵਿੱਚ ਕਾਪੀ, ਪੈੱਨ ਅਤੇ ਲੈਂਸ ਲੈ ਕੇ ਫਸਲ ਉੱਪਰ ਕੀੜਿਆਂ ਦਾ ਸਰਵੇਖਣ, ਨਿਰੀਖਣ ਅਤੇ ਵਿਸ਼ਲੇਸ਼ਣ ਦੇ ਕੰਮ ਵਿੱਚ ਜੁੱਟ ਗਏ। ਇਸ ਖੇਤ ਪਾਠਸ਼ਾਲਾ ਵਿੱਚ ਆਪਣੇ ਅਨੁਭਵਾਂ ਨਾਲ ਕਿਸਾਨ ਇਸ ਗੱਲ ਉੱਤੇ ਇੱਕਮਤ ਹੋ ਗਏ ਕਿ ਕੀਟਨਾਸ਼ਕਾਂ ਦੇ ਇਸਤੇਮਾਲ ਤੋਂ ਬਿਨਾਂ ਭਰਪੂਰ ਪੈਦਾਵਾਰ ਲਈ ਜਾ ਸਕਦੀ ਹੈ।
ਪਰ ਘਰ ਵਿੱਚ ਇਹਨਾਂ ਦੀਆਂ ਪਤਨੀਆਂ ਇਹਨਾਂ ਨਾਲ ਝਗੜਾ ਕਰਨ ਲੱਗੀਆਂ ਕਿ ਜਦ ਬਾਕੀ ਕਿਸਾਨ ਕੀਟਨਾਸ਼ਕ ਵਰਤ ਰਹੇ ਹਨ ਤਾਂ ਤੁਸੀ ਕਿਉਂ ਨਹੀਂ ਵਰਤਦੇ? ਕਿਸਾਨਾਂ ਨੇ ਇਹ ਗੱਲ ਪਾਠਸ਼ਾਲਾ ਵਿੱਚ ਸਾਂਝੀ ਕੀਤੀ। ਇਹ ਮਹਿਸੂਸ ਕੀਤਾ ਗਿਆ ਕਿ ਜਦ ਤੱਕ ਮਹਿਲਾ ਅਤੇ ਪੁਰਸ਼ ਕਿਸਾਨ ਮਿਲ ਕੇ ਇਹ ਕੰਮ ਨਹੀਂ ਕਰਨਗੇ ਤਦ ਤੱਕ ਗੱਲ ਸਿਰੇ ਲੱਗਣੀ ਔਖੀ ਹੈ। ਇਸ ਲਈ ਕੀਟਨਾਸ਼ਕ ਮੁਕਤ ਖੇਤੀ ਕਰਨ ਦੇ ਲਈ ਪਰਿਵਾਰ ਵਿੱਚ ਸਹਿਮਤੀ ਦੇ ਲਈ ਇਹਨਾਂ ਕਿਸਾਨਾਂ ਨੇ ਅਗਲੇ ਸਾਲ 2010 ਵਿੱਚ ਮਹਿਲਾਵਾਂ ਦੇ ਲਈ ਖੇਤ ਪਾਠਸ਼ਾਲਾ ਸ਼ੁਰੂ ਕਰਨ ਦੀ ਠਾਣੀ। ਸੋ ਮਹਿਲਾਵਾਂ ਦੀ ਇੱਕ ਮੀਟਿੰਗ ਸੱਦੀ ਗਈ। ਜਦ ਮਹਿਲਾਵਾਂ ਨੂੰ ਇਸ ਕੀਟ ਪਾਠਸ਼ਾਲਾ ਵਿੱਚ ਸ਼ਾਮਿਲ ਹੋਣ ਅਤੇ ਕੀੜੇ ਪਛਾਣਨ ਲਈ ਕਿਹਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਕੰਮ ਮੁਸ਼ਕਿਲ ਹੈ। ਜਦ ਡਾ. ਸੁਰਿੰਦਰ ਦਲਾਲ ਨੇ ਸਮਝਾਇਆ ਕਿ ਇਸ ਵਿੱਚ ਕੁੱਝ ਵੀ ਮੁਸ਼ਕਿਲ ਨਹੀਂ ਕਿਉਂਕਿ ਜਦ ਉਹ ਪੰਛੀਆਂ, ਆਪਣੇ ਪਸ਼ੂਆਂ ਨੂੰ ਪਛਾਣ ਸਕਦੀਆਂ ਹਨ ਤਾਂ ਉਹ ਕੀੜਿਆਂ ਨੂੰ ਵੀ ਪਛਾਣ ਸਕਦੀਆਂ ਹਨ। ਤਾਂ ਮਹਿਲਾਵਾਂ ਨੇ ਕਿਹਾ ਕਿ ਉਹ ਕਿਵੇਂ ਸਿੱਖਣਗੀਆਂ, ਉਹ ਤਾਂ ਅਨਪੜ ਹਨ। ਇਸ ਉੱਪਰ ਡਾ. ਦਲਾਲ ਨੇ ਕਿਹਾ ਕਿ ਉਹਨਾਂ ਨੇ ਤਾਂ ਸਿਰਫ਼ ਕੀੜਿਆਂ ਨੂੰ ਸਮਝਣਾ ਹੈ, ਕੀੜਿਆਂ ਨੂੰ ਪਛਾਣਨਾ ਹੈ। ਜਦ ਉਹ ਵਾਰ-ਵਾਰ ਕਿਸੇ ਕੀੜੇ ਨੂੰ ਦੇਖਣਗੀਆਂ ਤਾਂ ਉਹਨਾਂ ਨੂੰ ਉਸਦੀ ਪਛਾਣ ਹੋ ਜਾਵੇਗੀ। ਕਾਫ਼ੀ ਸਮਝਾਉਣ ਤੋਂ ਬਾਅਦ ਉਹ ਪਾਠਸ਼ਾਲਾ ਵਿੱਚ ਆਉਣ ਲਈ ਤਿਆਰ ਹੋ ਗਈਆਂ ਅਤੇ 30 ਮਹਿਲਾਵਾਂ ਨੇ ਆਪਣੇ ਨਾਂ ਰਜਿਸਟਰ ਕਰਵਾਏ। ਸੋ ਇਸ ਤਰ੍ਹਾ ਜੂਨ 2010 ਵਿੱਚ ਮਹਿਲਾ ਖੇਤ ਪਾਠਸ਼ਾਲਾ ਸ਼ੁਰੂ ਹੋਈ।
ਇਸ ਪਾਠਸ਼ਾਲਾ ਦਾ ਮੂਲ ਮੰਤਰ ਇਹ ਹੈ ਕਿ ਕੀੜਿਆਂ ਨੂੰ ਪਛਾਣੋ, ਕੀਟਨਾਸ਼ਕਾਂ ਤੋਂ ਮੁਕਤੀ ਪਾਉ। ਇਹ ਮਹਿਲਾ ਖੇਤ ਪਾਠਸ਼ਾਲਾ ਨਰਮ੍ਹੇ ਦੇ ਸੀਜ਼ਨ ਵਿੱਚ ਹਫ਼ਤੇ ਵਿੱਚ ਮੰਗਲਵਾਰ ਦੇ ਦਿਨ ਕਿਸੇ ਇੱਕ ਦੇ ਖੇਤ ਵਿੱਚ ਲੱਗਦੀ ਹੈ। ਮਹਿਲਾਵਾਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹੈ। ਉਹ ਕੀੜਿਆਂ ਉੱਪਰ ਆਪਣੇ ਲਿਖੇ ਗੀਤ ਗਾਉਂਦੀਆਂ ਆਉਂਦੀਆਂ ਹਨ। ਖੇਤ ਪਹੁੰਚਣ ਤੋਂ ਬਾਅਦ ਪੰਜ-ਪੰਜ ਦੇ ਗਰੁੱਪ ਬਣਾਏ ਜਾਂਦੇ ਹਨ। ਹਰ ਗਰੁੱਪ ਦਾ ਇੱਕ ਲੀਡਰ ਹੁੰਦਾ ਹੈ। ਹਰ ਗਰੁੱਪ ਕੋਲ ਇੱਕ ਕਾਪੀ, ਇੱਕ ਪੈੱਨ ਅਤੇ ਇੱਕ ਮੈਗਨੀਫਾਈ ਗਲਾਸ ਜੋ ਕਿ ਬਾਰੀਕ ਤੋਂ ਬਾਰੀਕ ਕੀੜੇ ਅਤੇ ਉਸਦੇ ਅੰਡੇ ਨੂੰ ਵੱਡਾ ਅਤੇ ਸਾਫ਼ ਕਰਕੇ ਦਿਖਾਉਂਦਾ ਹੈ, ਹੁੰਦਾ ਹੈ। ਉਸਤੋਂ ਬਾਅਦ ਸਭ ਖੇਤ ਵਿੱਚ ਚਲੇ ਜਾਂਦੇ ਹਨ ਅਤੇ 10-10 ਪੌਦਿਆਂ ਦਾ ਨਿਰੀਖਣ ਕਰਦੇ ਹਨ। ਉਹ ਨਿਰੀਖਣ ਦੌਰਾਨ ਪੌਦੇ ਦੇ ਕੁੱਲ ਪੱਤੇ ਗਿਣਦੇ ਹਨ। ਪੌਦੇ ਨੂੰ ਤਿੰਨ ਹਿੱਸਿਆਂ ਤੋਂ ਚੈੱਕ ਕੀਤਾ ਜਾਂਦਾ ਹੈ- ਉੱਪਰਲਾ ਹਿੱਸਾ, ਵਿਚਕਾਰਲਾ ਹਿੱਸਾ ਅਤੇ ਹੇਠਲਾ ਹਿੱਸਾ। ਹਰ ਹਿੱਸੇ ਤੋਂ ਤਿੰਨ ਪੱਤੇ ਚੈੱਕ ਕੀਤੇ ਜਾਂਦੇ ਹਨ। ਇਹਨਾਂ ਪੱਤਿਆਂ ਉੱਪਰ ਮਿਲਣ ਵਾਲੇ ਸ਼ਾਕਾਹਾਰੀ ਕੀੜੇ ਤੇਲੇ, ਸਫੇਦ ਮੱਖੀ, ਚੁਰੜੇ, ਮਾਂਸਾਹਾਰੀ ਕੀੜੇ ਜਿਵੇਂ ਮੱਕੜੀਆਂ, ਉਹਨਾਂ ਦੇ ਅੰਡੇ, ਬੱਚੇ ਆਦਿ ਜੋ ਮਿਲੇ, ਉਹਨਾਂ ਦੇ ਨਾਮ ਅਤੇ ਗਿਣਤੀ ਕਾਪੀ ਉੱਪਰ ਨੋਟ ਕਰ ਲਈ ਜਾਂਦੀ ਹੈ। ਜਦ ਸਾਰੇ ਗਰੁੱਪ ਇਹ ਕ੍ਰਿਆ 10-10 ਪੌਦਿਆਂ ਉੱਪਰ ਪੂਰੀ ਕਰ ਲੈਂਦੇ ਹਨ ਤਾਂ ਇੱਕ ਥਾਂ ਵਾਪਸ ਇਕੱਠੇ ਹੋ ਕੇ ਇਸ ਸਾਰੀ ਗਿਣਤੀ-ਮਿਣਤੀ ਦਾ ਵਿਸ਼ਲੇਸ਼ਣ ਕਰਨ ਲਈ ਇਸਨੂੰ ਫਿਰ ਚਾਰਟਾਂ ਦੇ ਰਾਹੀ ਸਭ ਦੇ ਸਾਹਮਣੇ ਰੱਖਿਆ ਜਾਂਦਾ ਹੈ। ਮਹਿਲਾਵਾਂ ਆਪਣੇ ਖੁਦ ਦੇ ਖੇਤ ਦੇ ਕੀੜਿਆਂ ਦੀ ਗਿਣਤੀ ਪੇਸ਼ ਕਰਦੀਆਂ ਹਨ। ਇਹਨਾਂ ਖੇਤਾਂ ਵਿੱਚ ਹਾਲੇ ਤੱਕ ਕੋਈ ਵੀ ਕੀੜਾ ਨੁਕਸਾਨ ਪਹੁੰਚਾਉਣ ਦੇ ਸਤਰ ਤੱਕ ਨਹੀਂ ਪਹੁੰਚਿਆ।
ਕੀੜੇ ਪਛਾਣਨ ਅਤੇ ਉਹਨਾਂ ਨੂੰ ਸਮਝਣ ਤੋਂ ਬਾਅਦ ਉਹ ਇਸ ਸਿੱਟੇ 'ਤੇ ਪਹੁੰਚੀਆਂ ਕਿ ਕੀੜੇ ਮਨੁੱਖ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਨ। ਕੀੜੇ ਫ਼ਸਲ ਉੱਪਰ ਇਸ ਲਈ ਨਹੀਂ ਆਉਂਦੇ ਕਿ ਉਹ ਕਿਸਾਨ ਦਾ ਨੁਕਸਾਨ ਕਰਨ ਬਲਕਿ ਉਹ ਤਾਂ ਆਪਣਾ ਭੋਜਨ ਖਾਣ ਅਤੇ ਆਪਣੇ ਵੰਸ਼ ਨੂੰ ਚਲਾਉਣ ਲਈ ਇਹ ਕੰਮ ਕਰਦੇ ਹਨ। ਸੋ ਇਸ ਲਈ ਇਹ ਤਾਂ ਆਪਣਾ ਕੰਮ ਕਰਦੇ ਹਨ। ਇਸੇ ਤਰ੍ਹਾ ਮਾਂਸਾਹਾਰੀ ਕੀੜੇ ਇਹਨਾਂ ਸ਼ਾਕਾਹਾਰੀ ਕੀੜਿਆਂ ਨੂੰ ਖਾ ਕੇ ਆਪਣਾ ਪੇਟ ਪਾਲਦੇ ਹਨ ਅਤੇ ਵੰਸ਼ ਚਲਾਉਂਦੇ ਹਨ। ਉਹਨਾਂ ਦਾ ਇਹ ਕੰਮ ਕਿਸਾਨ ਲਈ ਫਾਇਦਾ ਕਰਦਾ ਹੈ। ਸੋ, ਕੀੜਿਆਂ ਨੂੰ ਦੋਸਤ ਜਾਂ ਦੁਸ਼ਮਣ ਨਾਂ ਕਹਿ ਕੇ ਉਹ ਸ਼ਾਕਾਹਾਰੀ ਜਾਂ ਮਾਂਸਾਹਾਰੀ ਕਹਿ ਕੇ ਬੁਲਾਉਂਦੀਆਂ ਹਨ।
ਹੁਣ ਇਹਨਾਂ ਮਹਿਲਾਵਾਂ ਨੇ ਆਪਣੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਇਸ ਰੌਸ਼ਨੀ ਅਤੇ ਗਿਆਨ ਨੂੰ ਪਸਾਰਨਾ ਸ਼ੁਰੂ ਕਰ ਦਿੱਤਾ ਹੈ। ਦੂਸਰੇ ਪਿੰਡਾਂ ਤੱਕ ਇਸ ਗਿਆਨ ਨੂੰ ਫੈਲਾਉਣ ਲਈ ਇਹਨਾਂ ਮਹਿਲਾਵਾਂ ਨੂੰ ਕਿਸੇ ਤਰ੍ਹਾ ਦੀ ਤਨਖ਼ਾਹ ਜਾਂ ਆਰਥਿਕ ਸਹਾਇਤਾ ਨਹੀਂ ਮਿਲਦੀ, ਸਗੋਂ ਇਹਨਾਂ ਦੇ ਇਸ ਉੱਦਮ ਪਿੱਛੇ ਤਾਂ ਇਹਨਾਂ ਦੀ ਅੰਦਰਲੀ ਭਾਵਨਾ ਹੀ ਕੰਮ ਕਰਦੀ ਹੈ ਜੋ ਉਹਨਾਂ ਨੂੰ ਇਹ ਗਿਆਨ ਵੰਡਣ ਅਤੇ ਇਸ ਨੂੰ ਫੈਲਾਉਣ ਲਈ ਉਤਸ਼ਾਹਿਤ ਕਰਦੀ ਹੈ। ਹੁਣ ਜਦਕਿ ਇਸ ਪਾਠਸ਼ਾਲਾ ਨੂੰ ਸ਼ੁਰੂ ਹੋਏ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਤਾਂ ਇਹਨਾਂ ਮਹਿਲਾਵਾਂ ਵਿੱਚੋਂ ਕੁੱਝ ਮਹਿਲਾਵਾਂ ਮਾਸਟਰ ਟ੍ਰੇਨਰ ਬਣ ਗਈਆਂ ਹਨ। 25 ਦਸੰਬਰ 2010 ਨੂੰ ਪਿੰਡ ਨਿਡਾਨਾ ਵਿੱਚ ਖੇਤ ਦਿਵਸ ਮਨਾ ਕੇ ਇਹਨਾਂ ਨੇ ਖੇਤੀ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕੀੜਿਆਂ ਦਾ ਮਹੱਤਵ ਸਮਝਾ ਕੇ ਉੱਥੇ ਉਪਸਥਿਤ 1700 ਕਿਸਾਨਾਂ ਨੂੰ ਹੈਰਾਨ ਕਰ ਦਿੱਤਾ। ਮੀਨਾ, ਗੀਤਾ, ਬਿਮਲਾ, ਕਮਲੇਸ਼, ਰਾਜਵੰਤੀ ਅਤੇ ਅੰਗਰੇਜ਼ੋ ਨੇ ਕੀਟ ਮਾਸਟਰਨੀ ਬਣ ਕੇ 2011 ਵਿੱਚ 'ਆਪਣੇ ਪ੍ਰਵੇਸ਼ ਨੂੰ ਜਾਣੋ' ਨਾਂ ਹੇਠ ਇੱਕ ਨਿੱਜੀ ਸਕੂਲ ਦੇ ਸਕੂਲੀ ਬੱਚਿਆਂ ਲਈ ਕੀੜੇ ਪਛਾਣਨ ਦਾ ਟ੍ਰੇਨਿੰਗ ਪ੍ਰੋਗਰਾਮ ਚਲਾਇਆ। 4-5 ਮਹਿਲਾਵਾਂ ਅਜਿਹੀਆਂ ਹਨ ਜਿੰਨ੍ਹਾਂ ਦਾ ਪੂਰੇ ਦਾ ਪੂਰਾ ਪਰਿਵਾਰ ਹੀ ਇਸ ਕੀਟ ਪਛਾਣ ਪਾਠਸ਼ਾਲਾ ਦਾ ਹਿੱਸਾ ਹੈ।
ਇਹਨਾਂ ਖੇਤ ਪਾਠਸ਼ਾਲਾਵਾਂ ਦੀ ਖਾਸੀਅਤ ਇਹ ਹੈ ਕਿ ਇੱਥੇ ਨਾ ਕੋਈ ਅਧਿਆਪਕ ਹੈ ਅਤੇ ਨਾ ਕੋਈ ਵਿਦਿਆਰਥੀ। ਇੱਥੇ ਤਾਂ ਹਰ ਕੋਈ ਖੁਦ ਹੀ ਅਧਿਆਪਕ ਹੈ ਅਤੇ ਖੁਦ ਹੀ ਵਿਦਿਆਰਥੀ। ਇਸ ਪਾਠਸ਼ਾਲਾ ਵਿੱਚ ਇਹ ਮਹਿਲਾਵਾਂ ਖੁਦ ਪਸੀਨਾ ਬਹਾ ਕੇ ਖੇਤੀ ਵਿਗਿਆਨ ਦੀ ਬੁਨਿਆਦ ਉੱਤੇ ਸਥਾਨਕ ਗਿਆਨ ਦਾ ਮਹਿਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਕੀੜਿਆਂ ਦੀ ਪਛਾਣ ਕਰਦੀਆਂ ਹਨ, ਉਹਨਾਂ ਨੂੰ ਸਮਝਦੀਆਂ ਹਨ ਅਤੇ ਪਰਖਦੀਆਂ ਹਨ।
ਹੁਣ ਤੱਕ ਇਹ ਮਹਿਲਾਵਾਂ 158 ਕੀੜੇ ਪਛਾਣ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 43 ਕੀੜੇ ਸ਼ਾਕਾਹਾਰੀ ਅਤੇ 115 ਮਾਂਸਾਹਾਰੀ ਹਨ। ਕਮਾਲ ਦਾ ਕੁਦਰਤੀ ਸੰਤੁਲਨ ਹੈ ਇਹਨਾਂ ਦੇ ਖੇਤਾਂ ਵਿੱਚ ਜਿੱਥੇ ਕੀੜੇ ਹੀ ਕੀੜਿਆਂ ਨੂੰ ਕਾਬੂ ਕਰ ਰਹੇ ਹਨ। ਇਹਨਾਂ 43 ਤਰ੍ਹਾ ਦੇ ਸ਼ਾਕਾਹਾਰੀ ਕੀੜਿਆਂ ਵਿੱਚੋਂ 20 ਕਿਸਮ ਦੇ ਕੀੜੇ ਪੌਦਿਆਂ ਦਾ ਰਸ ਚੂਸ ਕੇ ਗੁਜ਼ਾਰਾ ਕਰਦੇ ਹਨ। ਚਾਰ ਕਿਸਮ ਦੇ ਫੁੱਲ ਖਾਣ ਵਾਲੇ ਅਤੇ ਏਨੇ ਹੀ ਕਿਸਮ ਦੇ ਫਲਾਹਾਰੀ ਕੀੜੇ ਪਾਏ ਗਏ ਹਨ।
ਦੂਸਰੇ ਪਾਸੇ 115 ਕਿਸਮ ਦੇ ਮਾਂਸਾਹਾਰੀ ਕੀੜਿਆਂ ਵਿੱਚੋਂ 87 ਤਰ੍ਹਾ ਦੇ ਤਾਂ ਸ਼ਿਕਾਰੀ ਕੀੜੇ ਅਤੇ ਮੱਕੜੀਆਂ ਹਨ ਜੋ ਹੋਰ ਕੀੜਿਆਂ ਦਾ ਖੂਨ ਚੂਸ ਕੇ ਜਾਂ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ। 15 ਤਰ੍ਹਾ ਦੇ ਕੀੜੇ ਅਜਿਹੇ ਹਨ ਜੋ ਦੂਸਰੇ ਕੀੜਿ•ਆਂ ਦੇ ਪੇਟ ਵਿੱਚ ਆਪਣਾ ਬੱਚਾ ਪਲਵਾਉਂਦੇ ਹਨ। ਅਤੇ 5 ਤਰ੍ਹਾ ਦੇ ਕੀਟ ਅਜਿਹੇ ਹਨ ਜੋ ਦੂਸਰੇ ਕੀੜਿਆਂ ਦੇ ਅੰਡਿਆਂ ਵਿੱਚ ਆਪਣਾ ਬੱਚਾ ਪਾਲਦੇ ਹਨ। ਆਪਣੇ ਕੀੜਿਆਂ ਦੇ ਗਿਆਨ ਦੇ ਬਲਬੂਤੇ ਇਹਨਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਜਦ ਸਾਡੀਆਂ ਫਸਲਾਂ ਵਿੱਚ ਇਹੋ ਜਿਹੇ ਸ਼ਿਕਾਰੀ ਕੀੜੇ, ਮੱਕੜੀਆਂ ਅਤੇ ਰੋਗਾਣੂਆਂ ਦੇ ਰੂਪ ਵਿੱਚ ਕੁਦਰਤੀ ਕੀਟਨਾਸ਼ਕ ਮੌਜ਼ੂਦ ਹਨ ਤਾਂ ਬਾਜ਼ਾਰ ਦੇ ਬਣਾਵਟੀ ਕੀਟਨਾਸ਼ਕ ਖਰੀਦਣ ਦੀ ਕੀ ਜ਼ਰੂਰਤ ਰਹਿ ਜਾਂਦੀ ਹੈ।
ਇਹਨਾਂ ਮਹਿਲਾਵਾਂ ਨੂੰ ਇਹਨਾਂ 158 ਕੀੜਿਆਂ ਦੇ ਖਾਨਦਾਨ, ਆਦਤਾਂ ਸਭ ਦਾ ਕੱਚਾ-ਚਿੱਠਾ ਪਤਾ ਹੈ। ਇਹਨਾਂ ਨੂੰ ਪਤਾ ਹੈ ਕਿ ਕਿੰਨੇ ਦਿਨਾਂ ਬਾਅਦ ਅੰਡੇ ਵਿੱਚੋਂ ਬੱਚਾ ਨਿਕਲੇਗਾ, ਫਿਰ ਪਿਊਪਾ ਬਣੇਗਾ ਅਤੇ ਅੰਤ ਪਤੰਗਾ ਬਣੇਗਾ। ਕਿਹੜਾ ਕੀੜਾ ਕੀ ਖਾਂਦਾ ਹੈ, ਕਿਹੜੇ ਕੀੜੇ ਦਾ ਕਿਹੜਾ ਸ਼ਿਕਾਰੀ ਹੈ, ਇਹ ਸਭ ਜਾਣਦੀਆਂ ਹਨ। ਇਹਨਾਂ ਮਹਿਲਾਵਾਂ ਨੇ ਇਹਨਾਂ ਕੀੜਿਆਂ ਦੇ ਨਾਮਕਰਨ ਵੀ ਖ਼ੁਦ ਹੀ ਕੀਤੇ ਹਨ। ਇਹ ਨਾਮ ਕੀੜਿਆਂ ਦੇ ਸੁਭਾਅ, ਭੋਜਨ ਆਦਤਾਂ, ਰੰਗ-ਰੂਪ ਆਦਿ ਦੇ ਆਧਾਰ ਤੇ ਰੱਖੇ ਗਏ ਹਨ। ਜਿਵੇਂ ਦੀਦੜ ਬੁਗੜਾ (ਵੱਡੀਆ ਅੱਖਾਂ ਕਰਕੇ), ਅਸ਼ਟਪਦੀ (ਅੱਠ ਲੱਤਾਂ ਵਾਲੀ ਮੱਕੜੀ ਜਿਹੀ ਜੂੰ) ਤੇਲਨ (ਬਲਿਸਟਰ ਬੀਟਲ, ਤੇਲ ਜਿਹਾ ਗਾੜ੍ਹਾ ਰਸ ਛੱਡਣ ਕਰਕੇ) ਅੰਗੀਰਾ, ਫੰਗੀਰਾ, ਜੰਗੀਰਾ।
ਇਸ ਸਾਲ 2012 ਵਿੱਚ ਇਹਨਾਂ ਨੇ ਦੋ ਕਦਮ ਅੱਗੇ ਦੀ ਸੋਚੀ ਹੈ। ਹੁਣ ਤੱਕ ਇਹਨਾਂ ਨੇ ਕੀੜਿਆਂ ਦੀ ਭਾਸ਼ਾ ਸਮਝੀ, ਹੁਣ ਇਹਨਾਂ ਨੇ ਪੌਦਿਆਂ ਦੀ ਭਾਸ਼ਾ ਵੀ ਸਮਝਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੀੜੇ ਅਤੇ ਪੌਦੇ ਦੇ ਆਪਸੀ ਸੰਬੰਧਾਂ ਨੂੰ ਸਮਝ ਸਕਣ। ਜਦ ਇਹਨਾਂ ਨੇ ਪੌਦਿਆਂ ਦੀ ਭਾਸ਼ਾ ਸਮਝਣੀ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਪੌਦੇ ਤਾਂ ਕੀੜਿਆਂ ਤੋਂ ਵੀ ਸ਼ਕਤੀਸ਼ਾਲੀ ਹਨ। ਆਪਣੇ ਅਨੁਭਵ ਦੇ ਆਧਾਰ 'ਤੇ ਇਹਨਾਂ ਨੇ ਪਾਇਆ ਕਿ ਕੀੜਿਆਂ ਤੋਂ ਬਿਨਾਂ ਪੌਦਿਆਂ ਦੇ ਵੰਸ਼ ਦਾ ਵਾਧਾ-ਵਿਕਾਸ ਸੰਭਵ ਨਹੀ। ਪੌਦਿਆਂ ਨੂੰ ਆਪਣਾ ਜੀਵਨ ਚੱਕਰ ਚਲਾਉਣ ਲਈ ਸ਼ਾਕਾਹਾਰੀ ਅਤੇ ਮਾਂਸਾਹਾਰੀ ਕੀੜਿਆਂ, ਦੋਵਾਂ ਦੀ ਜ਼ਰੂਰਤ ਹੁੰਦੀ ਹੈ। ਕੀੜੇ ਆਪਣੇ ਆਪ ਨਹੀ ਆਉਂਦੇ, ਸਗੋਂ ਪੌਦੇ ਸਮੇਂ-ਸਮੇਂ ਸਿਰ ਆਪਣੀ ਜ਼ਰੂਰਤ ਮੁਤਾਬਿਕ ਵਿਭਿੰਨ ਪ੍ਰਕਾਰ ਦੀ ਸੁਗੰਧ ਛੱਡ ਕੇ ਮਾਂਸਾਹਾਰੀ ਅਤੇ ਸ਼ਾਕਾਹਾਰੀ ਕੀੜਿਆਂ ਨੂੰ ਆਪਣੀ ਸੁਰੱਖਿਆ ਲਈ ਬੁਲਾਉਂਦੇ ਹਨ। ਪੌਦਿਆਂ ਨੂੰ ਭੋਜਨ ਬਣਾਉਣ ਲਈ ਧੁੱਪ ਦੀ ਜ਼ਰੂਰਤ ਹੁੰਦੀ ਹੈ। ਪਰ ਜਦੋਂ ਪੌਦੇ ਪੂਰੀ ਤਰ੍ਹਾ ਵਿਕਸਿਤ ਹੋ ਜਾਂਦੇ ਹਨ ਤਾਂ ਹੇਠਲੇ ਪੱਤਿਆਂ ਤੱਕ ਧੁੱਪ ਨਹੀਂ ਪਹੁੰਚਦੀ ਜਿਸ ਨਾਲ ਨਰਮ੍ਹੇ ਦੇ ਪੌਦਿਆਂ ਦੇ ਹੇਠਲੇ ਪੱਤਿਆਂ ਨੂੰ ਪੌਦੇ ਲਈ ਭੋਜਨ ਬਣਾਉਣ ਵਿੱਚ ਸਮੱਸਿਆ ਆਉਂਦੀ ਹੈ। ਅਜਿਹੇ ਸਮੇਂ ਵਿੱਚ ਪੌਦੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਬੁਲਾਉਂਦੇ ਹਨ ਤਾਂ ਕਿ ਉਹ ਉੱਪਰਲੇ ਪੱਤਿਆਂ ਨੂੰ ਵਿਚਾਲਿਓਂ ਖਾ ਕੇ ਉਸ ਵਿੱਚ ਮੋਰੀਆਂ ਕਰ ਦੇਣ ਅਤੇ ਉਹਨਾਂ ਮੋਰੀਆਂ ਰਾਹੀ ਹੇਠਲੇ ਪੱਤਿਆਂ ਤੱਕ ਧੁੱਪ ਪਹੁੰਚ ਸਕੇ। ਇਸ ਪ੍ਰਕਾਰ ਪੱਤੇ ਖਾਣ ਵਾਲੇ ਕੀਟਾਂ ਦੀ ਮੱਦਦ ਨਾਲ ਪੌਦੇ ਦੇ ਹੇਠਲੇ ਅਤੇ ਉੱਪਰਲੇ ਪੱਤੇ ਮਿਲ ਕੇ ਭੋਜਨ ਬਣਾ ਪਾਉਂਦੇ ਹਨ। ਜਿਸ ਨਾਲ ਫਲ ਅਤੇ ਫੁੱਲਾਂ ਨੂੰ ਪੂਰੀ ਖੁਰਾਕ ਮਿਲਦੀ ਹੈ ਅਤੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ। ਸੋ, ਇਸ ਤਰ੍ਹਾ ਕੀੜੇ ਪੌਦੇ ਦੀ ਜ਼ਰੂਰਤ ਮੁਤਾਬਿਕ ਉਸਦੇ ਸੱਦੇ 'ਤੇ ਹੀ ਆਉਂਦੇ ਹਨ।
ਇਹਨਾਂ ਮਹਿਲਾਵਾਂ ਨੇ ਇਸ ਵਾਰ ਇੱਕ ਹੋਰ ਨਵਾਂ ਤਜ਼ਰਬਾ ਕੀਤਾ ਇਹ ਜਾਣਨ ਦੇ ਲਈ ਕਿ ਪੱਤੇ ਖਾਣ ਵਾਲੇ ਕੀੜਿਆਂ ਦੇ ਕਾਰਨ ਕਿੰਨਾ ਕੁ ਨੁਕਸਾਨ ਹੁੰਦਾ ਹੈ। ਇਸਦੇ ਲਈ ਇਹਨਾਂ ਮਹਿਲਾਵਾਂ ਨੇ ਖੇਤ ਵਿੱਚ ਖੜ੍ਹੇ ਨਰਮ੍ਹੇ ਦੇ ਪੌਦਿਆਂ ਦੇ ਪੰਜ ਪੌਦਿਆਂ ਦੇ ਹਰੇਕ ਪੱਤੇ ਦਾ ਤੀਸਰਾ ਹਿੱਸਾ ਕੈਂਚੀ ਨਾਲ ਕੱਟ ਦਿੱਤਾ। ਇਹ ਕ੍ਰਿਆ ਪੂਰਾ ਸੀਜ਼ਨ ਚੱਲੀ। ਅਤੇ ਨਤੀਜਾ ਇਹ ਪਾਇਆ ਗਿਆ ਕਿ ਉਤਪਾਦਨ ਦਾ ਕੋਈ ਨੁਕਸਾਨ ਨਹੀਂ ਹੋਇਆ। ਸੋ, ਜੇਕਰ ਪੱਤੇ ਖਾਣ ਵਾਲੇ ਕੀੜੇ ਤੀਜਾ ਹਿੱਸਾ ਪੱਤੇ ਖਾ ਵੀ ਜਾਂਦੇ ਹਨ ਤਾਂ ਉਤਪਾਦਨ ਵਿੱਚ ਕੋਈ ਫ਼ਰਕ ਨਹੀਂ ਆਉਂਦਾ।
ਇਸੇ ਤਰ੍ਹਾ ਬਲਿਸਟਰ ਬੀਟਲ ਜਿਸ ਬਾਰੇ ਅਕਸਰ ਕਿਸਾਨ ਪ੍ਰੇਸ਼ਾਨ ਰਹਿੰਦੇ ਹਨ ਕਿ ਇਹ ਤੋਰੀ ਦੇ ਫੁੱਲ ਖਾ ਜਾਂਦੀ ਹੈ, ਬਾਰੇ ਇਹਨਾਂ ਮਹਿਲਾਵਾਂ ਨੇ ਪਾਇਆ ਕਿ ਇਹ ਸਿਰਫ ਨਰ ਫੁੱਲ ਖਾਂਦੀ ਹੈ, ਮਾਦਾ ਫੁੱਲ ਨਹੀਂ। ਹੁਣ ਕਿਉਂਕਿ ਤੋਰੀ ਦੀ ਵੇਲ ਉੱਪਰ ਨਰ ਅਤੇ ਮਾਦਾ ਫੁੱਲ ਅਲੱਗ-ਅਲੱਗ ਹੁੰਦੇ ਹਨ, ਇਸ ਲਈ ਜਦ ਇਹ ਨਰ ਫੁੱਲ ਖਾਂਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਾਰੇ ਫੁੱਲ ਖਾ ਕੇ ਸਾਡਾ ਨੁਕਸਾਨ ਕਰ ਰਹੀ ਹੈ। ਜਦੋਂਕਿ ਨਰ ਫੁੱਲ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾ ਜਿੱਥੇ ਇੱਕ ਫੁੱਲ ਵਿੱਚ ਹੀ ਨਰ ਅਤੇ ਮਾਦਾ ਹਿੱਸੇ ਇਕੱਠੇ ਹੁੰਦੇ ਹਨ, ਉੱਥੇ ਵੀ ਇਹ ਸਿਰਫ ਨਰ ਹਿੱਸਾ ਭਾਵ ਪੁੰਕੇਸਰ ਹੀ ਖਾਂਦੀ ਹੈ। ਇਸ ਦੇ ਬੱਚੇ ਮਾਂਸਾਹਾਰੀ ਹੋਣ ਕਰਕੇ ਕਿਸਾਨ ਦੀ ਮੱਦਦ ਕਰਦੇ ਹਨ।
ਇਹਨਾਂ ਮਹਿਲਾਵਾਂ ਨੇ ਨਰਮ੍ਹੇ ਦੇ ਪਰਿਸਥਿਤੀ ਤੰਤਰ ਨੂੰ ਸਮਝ ਕੇ, ਕੀਟ ਵਿਗਿਆਨ ਨੂੰ ਅਪਣਾ ਕੇ ਖ਼ੁਦ ਦਾ ਕੀਟ ਗਿਆਨ ਵਿਕਸਿਤ ਕੀਤਾ ਹੈ। ਕੀਟ ਗਿਆਨ ਤੋਂ ਭਾਵ ਫਸਲ ਵਿੱਚ ਕੀੜਿਆਂ ਦੇ ਕ੍ਰਿਆਕਲਾਪਾਂ ਨੂੰ ਸਮਝਣਾ ਅਤੇ ਕੀੜਿਆਂ ਨੂੰ ਪਰਖਣਾ ਹੈ। ਇਹਨਾਂ ਮਹਿਲਾਵਾਂ ਨੇ ਇਹ ਜਾਣ ਲਿਆ ਹੈ ਕਿ ਫਸਲਾਂ ਵਿੱਚ ਸ਼ਾਕਾਹਾਰੀ ਅਤੇ ਮਾਂਸਾਹਾਰੀ ਕੀੜਿਆਂ ਦਾ ਇੱਕ ਅਜਿਹਾ ਕੁਦਰਤੀ ਸੰਤੁਲਨ ਹੈ ਜਿਸ ਵਿੱਚ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਾਕਾਹਰੀ ਕੀੜਿਆਂ ਨੂੰ ਮਾਰਨ ਦੇ ਲਈ ਕਿਸੇ ਵੀ ਤਰ੍ਹਾ ਦੇ ਕੀਟਨਾਸ਼ਕ ਜ਼ਹਿਰ ਦੀ ਜ਼ਰੂਰਤ ਨਹੀਂ ਹੈ।
ਹੁਣ ਇਹਨਾਂ ਮਹਿਲਾਵਾਂ ਨੇ ਆਪਣੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਇਸ ਰੌਸ਼ਨੀ ਅਤੇ ਗਿਆਨ ਨੂੰ ਪਸਾਰਨਾ ਸ਼ੁਰੂ ਕਰ ਦਿੱਤਾ ਹੈ। ਮਾਸਟਰ ਟ੍ਰੇਨਰ ਮਹਿਲਾਵਾਂ ਨੇੜੇ ਦੇ ਪਿੰਡ ਲਲਿਤ ਖੇੜਾ ਵਿੱਚ ਮਹਿਲਾਵਾਂ ਦੀ ਖੇਤ ਪਾਠਸ਼ਾਲਾ ਲਗਾਉਣ ਜਾਂਦੀਆਂ ਹਨ। ਇਹਨਾਂ ਮਹਿਲਾਵਾਂ ਦੇ ਪੇਕੇ ਘਰ ਅਤੇ ਰਿਸ਼ਤੇਦਾਰਾਂ ਤੱਕ ਇਹਨਾਂ ਦੇ ਗਿਆਨ ਦੀ ਚਰਚਾ ਪਹੁੰਚਣ 'ਤੇ ਉਹ ਵੀ ਇਹਨਾਂ ਤੋਂ ਕੀੜਿਆਂ ਦੀ ਪਹਿਚਾਣ ਦੇ ਗੁਰ ਸਿੱਖ ਰਹੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਦੂਸਰੇ ਪਿੰਡਾਂ ਤੱਕ ਇਸ ਗਿਆਨ ਨੂੰ ਫੈਲਾਉਣ ਲਈ ਇਹਨਾਂ ਮਹਿਲਾਵਾਂ ਨੂੰ ਕਿਸੇ ਤਰ੍ਹਾ ਦੀ ਤਨਖ਼ਾਹ ਜਾਂ ਆਰਥਿਕ ਸਹਾਇਤਾ ਨਹੀਂ ਮਿਲਦੀ, ਸਗੋਂ ਇਹਨਾਂ ਦੇ ਇਸ ਉੱਦਮ ਪਿੱਛੇ ਤਾਂ ਇਹਨਾਂ ਦੀ ਅੰਦਰਲੀ ਭਾਵਨਾ ਹੀ ਕੰਮ ਕਰਦੀ ਹੈ ਜੋ ਉਹਨਾਂ ਨੂੰ ਇਹ ਗਿਆਨ ਵੰਡਣ ਅਤੇ ਇਸ ਨੂੰ ਫੈਲਾਉਣ ਲਈ ਉਤਸ਼ਾਹਿਤ ਕਰਦੀ ਹੈ।
ਮਹਿਲਾ ਖੇਤ ਪਾਠਸ਼ਾਲਾ ਦੀ ਅੰਗਰੇਜ਼ ਕੌਰ ਨਾਲ ਜਦ ਇਸ ਪਾਠਸ਼ਾਲਾ ਨਾਲ ਜੁੜਨ ਦੇ ਅਨੁਭਵ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਬਹੁਤ ਵਧੀਆ ਅਨੁਭਵ ਹੈ। ਹੁਣ ਉਹ ਨਰਮ੍ਹੇ ਦੀ ਫ਼ਸਲ ਵਿੱਚ ਕੋਈ ਕੀਟਨਾਸ਼ਕ ਜ਼ਹਿਰ ਨਹੀਂ ਵਰਤਦੀਆਂ। ਅੱਜ-ਕੱਲ ਦੇ ਬੱਚਿਆਂ ਵੱਲੋਂ ਕਿਸੇ ਦੀ ਗੱਲ ਨਾ ਸਹਾਰਨ ਕਰਕੇ ਗੁੱਸੇ ਵਿੱਚ ਕੀਟਨਾਸ਼ਕ ਜ਼ਹਿਰਾਂ ਪੀ ਲੈਣ ਦੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲ ਜਾਂਦੀਆਂ ਹਨ ਪਰ ਜਦ ਘਰ ਵਿੱਚ ਇਹ ਜ਼ਹਿਰ ਹੀ ਨਹੀਂ ਹੋਣਗੇ ਤਾਂ ਇਸ ਚਿੰਤਾ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਦੂਸਰਾ ਬਿਨਾਂ ਜ਼ਹਿਰਾਂ ਤੋਂ ਫ਼ਸਲ ਉਗਾਉਣ ਕਰਕੇ ਜ਼ਮੀਨ ਅਤੇ ਖੇਤ ਦੇ ਨਾਲ-ਨਾਲ ਉਹਨਾਂ ਦੀ ਆਪਣੀ ਸਿਹਤ ਵੀ ਸੁਧਰੇਗੀ। ਉਹ ਤਾਂ ਇਹੀ ਚਾਹੁੰਦੀ ਹੈ ਕਿ ਸਭ ਬਿਨਾਂ ਜ਼ਹਿਰਾਂ ਤੋਂ ਹੀ ਖੇਤੀ ਕਰਨ।
ਇਹਨਾਂ ਮਹਿਲਾਵਾਂ ਦੀ ਰਗ-ਰਗ ਵਿੱਚ ਕੀਟ ਗਿਆਨ ਫੈਲ ਚੁੱਕਿਆ ਹੈ। ਇਹਨਾਂ ਦੀ ਆਮ ਬੋਲ-ਚਾਲ, ਜ਼ਿੰਦਗੀ ਵਿੱਚ ਵੀ ਇਹਨਾਂ ਕੀੜਿਆਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਤਾਂ ਇਹ ਕੀੜਿਆਂ ਨੂੰ ਵਿਸ਼ੇਸ਼ਣਾਂ ਦੇ ਲਈ ਵੀ ਇਸਤੇਮਾਲ ਕਰਨ ਲੱਗੀਆਂ ਹਨ। ਇਹਨਾਂ ਨੇ ਇਹਨਾਂ ਕੀੜਿਆਂ ਲਈ ਮੁਹਾਵਰੇ ਅਤੇ ਗੀਤ ਵੀ ਲਿਖੇ ਹਨ। ਇਸੇ ਤਰ੍ਹਾ ਦੀਆਂ ਹੋਰ ਵੀ ਕਈ ਉਦਾਹਰਣਾਂ ਮਿਲ ਜਾਣਗੀਆਂ ਜਿਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਕੂਲ, ਇਹ ਕੀੜੇ ਸਭ ਇਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਕੱਲ ਤੱਕ ਇਹਨਾਂ ਨੂੰ ਖ਼ਤਰਨਾਕ ਜ਼ਹਿਰਾਂ ਨਾਲ ਮਾਰਨ ਵਾਲੇ ਹੱਥ ਅੱਜ ਇਹਨਾਂ ਕੀੜਿਆਂ ਦੇ ਹੱਥਾਂ ਉੱਪਰ ਰੱਖੜੀ ਬੰਨ ਕੇ ਉਹਨਾਂ ਦੀ ਰੱਖਿਆ ਦਾ ਵਚਨ ਦੇ ਰਹੇ ਹਨ।
ਕੱਲ ਤੱਕ ਜੋ ਮਹਿਲਾਵਾਂ ਆਪਣੇ ਅਨਪੜ ਹੋਣ ਬਾਰੇ ਸੋਚ ਰਹੀਆਂ ਸਨ, ਉਹਨਾਂ ਮਹਿਲਾਵਾਂ ਦੇ ਇਸ ਗਿਆਨ ਅੱਗੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਕੀਟ ਵਿਗਿਆਨਕ ਵੀ ਨਤਮਸਤਕ ਹੋ ਚੁੱਕੇ ਹਨ ਅਤੇ ਇਹਨਾਂ ਦਾ ਸਿੱਕਾ ਮੰਨ ਚੁੱਕੇ ਹਨ।
ਇਹਨਾਂ ਖੇਤ ਪਾਠਸ਼ਾਲਾਵਾਂ ਵਿੱਚ ਖਾਪ ਪ੍ਰਤੀਨਿਧੀਆਂ ਦੇ ਇਲਾਵਾ ਜਬਲਪੁਰ ਖੇਤੀ ਵਿਸ਼ਵਵਿਦਿਆਲਾ ਦੇ ਸਾਬਕਾ ਉਪਕੁੱਲਪਤੀ ਡਾ. ਡੀ ਪੀ ਸਿੰਘ, ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਵਿਸ਼ਵਵਿਦਿਆਲਾ, ਹਿਸਾਰ ਦੇ ਪੂਰਵ ਕੁਲਸਚਿਵ ਡਾ. ਆਰ ਐੱਸ ਦਲਾਲ ਅਤੇ ਹਰਿਆਣਾ ਖੇਤੀ ਵਿਸ਼ਵਵਿਦਿਆਲਾ, ਹਿਸਾਰ ਦੇ ਉੱਚਾਨੀ ਸਥਿਤ ਖੋਜ ਕੇਂਦਰ ਦੀ ਨਿਰਦੇਸ਼ਕ ਡਾ. ਸਰੋਜ ਜੈਪਾਲ ਅਤੇ ਖੇਤੀ ਅਤੇ ਖਾਧ ਮਾਮਲਿਆਂ ਦੇ ਮਾਹਿਰ ਡਾ. ਦਵਿੰਦਰ ਸ਼ਰਮਾ ਸ਼ਾਮਿਲ ਹੋ ਚੁੱਕੇ ਹਨ।
ਹੁਣ ਤੱਕ ਇਸ ਅਨੋਖੇ ਸਕੂਲ ਬਾਰੇ ਲੋਕ ਸਭਾ ਚੈਨਲ, ਨੈਸ਼ਨਲ ਦੂਰਦਰਸ਼ਨ ਆਦਿ ਚੈਨਲਾਂ ਉੱਪਰ ਦਿਖਾਇਆ ਜਾ ਚੁੱਕਿਆ ਹੈ। ਅਖ਼ਬਾਰਾਂ ਵਿੱਚ ਵੀ ਇਹਨਾਂ ਨੂੰ ਬਹੁਤ ਸ਼ਲਾਘਾ ਮਿਲੀ ਹੈ। ਇੰਟਰਨੈੱਟ ਉੱਪਰ ਇਹਨਾਂ ਦਾ ਬਲਾਗ ਅਤੇ ਵੀਡਿਓ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦੇਖ ਚੁੱਕੇ ਹਨ। ਸਿਰਫ਼ ਭਾਰਤ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਇਹਨਾਂ ਮਹਿਲਾਵਾਂ ਦੇ ਗਿਆਨ ਦੀਆਂ ਧੁੰਮਾਂ ਪੈ ਰਹੀਆਂ ਹਨ।
ਉਮੀਦ ਹੈ ਤੁਹਾਨੂੰ ਇਸ ਸਕੂਲ ਦੀ ਯਾਤਰਾ 'ਤੇ ਜਾਣਾ ਚੰਗਾ ਲੱਗਿਆ ਹੋਵੇਗਾ।
Path Alias

/articles/kaita-vaigaiana-daa-ihka-anaookhaa-sakauula

Post By: kvm
×