ਆਓ ਖੇਤੀ ਲਾਗਤਾਂ ਘਟਾਈਏ!

ਅੱਜ ਜਦੋਂ ਪੰਜਾਬ ਦੀ ਖੇਤੀ, ਕਿਸਾਨੀ ਆਪਣੀ ਹੋਂਦ ਦੇ ਸੰਕਟ ਨਾਲ ਦੋ ਚਾਰ ਹੈ ਅਤੇ ਇਹਦੇ 'ਤੇ ਨਿਰਭਰ ਸਾਡੀ ਅਰਥ ਵਿਵਸਥਾ ਜਰ-ਜਰ ਹੋ ਚੁੱਕੀ ਹੈ। ਕਿਸਾਨਾਂ ਸਿਰ ਕਰਜ਼ੇ ਅਤੇ ਖੁਦਕੁਸ਼ੀਆਂ ਦਾ ਦੌਰ ਆਪਣੇ ਚਰਮ 'ਤੇ ਹੈ ਅਤੇ ਇਸ ਦੇ ਬਾਵਜੂਦ ਖੇਤੀ ਲਾਗਤਾਂ ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ। ਇਸ ਸਾਰੇ ਘਟਨਾ ਚੱਕਰ ਨੂੰ ਧਿਆਨ 'ਚ ਰਖਦੇ ਹੋਏ ਸਾਡੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਖੇਤੀ ਲਾਗਤਾਂ ਘਟਾਉਣ ਆਪਣੇ ਵਾਸਤੇ ਕੁੱਝ ਬਹੁਤ ਹੀ ਸਰਲ, ਸਾਰਥਕ ਅਤੇ ਪ੍ਰਭਾਵੀ ਯਤਨ ਅਰੰਭੀਏ।
ਖੇਤੀ ਲਾਗਤਾਂ ਕਿਵੇਂ ਘਟਣ?
ਜਾਨਦਾਰ ਅਤੇ ਮਜ਼ਬੂਤ ਬੀਜ ਦੀ ਚੋਣ- ਜੇਕਰ ਘਰ ਦੀ ਨੀਂਹ ਹੀ ਮਜ਼ਬੂਤ ਨਹੀਂ ਹੋਵੇਗੀ ਤਾਂ ਉਹ ਕਦੋਂ ਵੀ ਡਿੱਗ ਸਕਦਾ ਹੈ, ਇਸੇ ਤਰ੍ਹਾ ਜੇਕਰ ਬੀਜ ਹੀ ਵਧੀਆ ਨਹੀਂ ਹੋਵੇਗਾ ਤਾਂ ਉਸ ਤੋਂ ਪੈਦਾ ਹੋਣ ਵਾਲੀ ਫ਼ਸਲ ਕੀਟਾਂ, ਮੌਸਮ ਆਦਿ ਦੇ ਹਮਲਿਆਂ ਦੀ ਸ਼ਿਕਾਰ ਹੋਵੇਗੀ। ਸੋ, ਸਾਨੂੰ ਹਮੇਸ਼ਾ ਜਾਨਦਾਰ ਬੀਜ ਹੀ ਚੁਣਨਾ ਚਾਹੀਦਾ ਹੈ। ਕੁੱਝ ਫ਼ਸਲਾਂ ਜਿਵੇਂ ਕਣਕ ਆਦਿ ਦੇ ਬੀਜ ਸਾਦੇ ਪਾਣੀ ਵਿੱਚ ਕੁੱਝ ਸਮੇਂ ਲਈ ਡੁਬੋ ਕੇ ਰੱਖਣ ਨਾਲ ਫੋਕੇ ਅਤੇ ਮਾੜੇ ਬੀਜ ਉੱਪਰ ਆ ਜਾਂਦੇ ਹਨ ਅਤੇ ਚੰਗੇ ਬੀਜ ਹੇਠਾਂ ਰਹਿ ਜਾਂਦੇ ਹਨ। ਇਸ ਤਰ੍ਹਾ ਮਾੜੇ ਅਤੇ ਫੋਕੇ ਬੀਜ ਅੱਡ ਕਰਕੇ ਚੰਗੇ ਬੀਜ ਚੁਣੇ ਜਾ ਸਕਦੇ ਹਨ।
ਬਾਰਡਰ ਫਸਲ ਜ਼ਰੂਰ ਲਗਾਓ-ਆਪਣੀ ਫ਼ਸਲ ਨੂੰ ਕੀਟਾਂ ਦੇ ਹਮਲ੍ਹੇ ਤੋਂ ਬਚਾਉਣ ਦੇ ਲਈ ਮੁੱਖ ਫਸਲ ਦੇ ਦੁਆਲੇ ਚਾਰੇ ਪਾਸੇ ਇੱਕ ਅਜਿਹੀ ਫਸਲ ਦੀ ਬਿਜਾਈ ਕਰੋ ਜਿਹਦਾ ਕੱਦ ਮੁੱਖ ਫਸਲ ਦੇ ਕੱਦ ਤੋਂ ਲਗਪਗ ਦੁੱਗਣਾ ਹੋਵੇ।
ਜਿਵੇਂ ਨਰਮ੍ਹੇ ਅਤੇ ਝੋਨੇ ਦੇ ਖੇਤਾਂ ਵਿੱਚ ਵੱਟਾਂ 'ਤੇ ਖੇਤਾਂ ਵਿੱਚ ਚਾਰੇ ਪਾਸੇ ਮੱਕੀ, ਬਾਜ਼ਰਾ ਜਾਂ ਜਵਾਰ ਦੇ ਦੋ-ਦੋ ਸੰਘਣੇ ਓਰੇ/ਪਾੜੇ ਅਤੇ ਕਣਕ ਦੁਆਲੇ ਸਰ੍ਹੋਂ ਜ਼ਰੂਰ ਬੀਜਣ ਅਤੇ ਉਹਨਾਂ ਨੂੰ ਪੱਕੀਆਂ ਵੱਟਾਂ ਨਾਲ ਸੁਰੱਖਿਅਤ ਕਰ ਦੇਣ। ਜਦੋਂ ਤੱਕ ਫ਼ਸਲ ਦੀ ਲਵਾਈ ਹੋਣੀ ਹੈ ਉਦੋਂ ਤੱਕ ਤੁਹਾਡੀ ਬਾਰਡਰ ਫਸਲ ਕਾਫੀ ਕੱਦ ਕਰ ਚੁੱਕੀ ਹੋਵੇਗੀ। ਅਤੇ ਝੋਨੇ ਦੀ ਫਸਲ ਉੱਤੇ ਰਸ ਚੂਸਕ ਕੀਟਾਂ ਦੇ ਹਮਲੇ ਤੋਂ ਪਹਿਲਾਂ-ਪਹਿਲਾਂ ਹੀ ਤੁਹਾਡੇ ਖੇਤਾਂ ਦੇ ਚਾਰੇ ਪਾਸੇ ਇੱਕ ਪੁਖਤਾ ਅਤੇ ਮਜ਼ਬੂਤ ਹਰੀ ਸੁਰੱਖਿਆ ਕੰਧ ਅਕਾਰ ਲੈ ਚੁੱਕੀ ਹੋਵੇਗੀ। ਜਿਹੜੀ ਜਿੱਥੇ ਇੱਕ ਪਾਸੇ ਬਾਹਰੀ ਕੀਟ ਹਮਲੇ ਨੂੰ ਰੋਕਣ ਦਾ ਕੰਮ ਕਰੇਗੀ ਉੱਥੇ ਹੀ ਸਰ੍ਹੋਂ , ਛੱਲੀਆਂ, ਜਵਾਰ ਅਤੇ ਬਾਜ਼ਰੇ ਦੇ ਰੂਪ ਵਿੱਚ ਕੁੱਝ ਨਾ ਕੁੱਝ ਚਾਹੇ ਬੀਜ ਜਿੰਨਾਂ ਹੀ ਸਹੀ ਦੇ ਕੇ ਵੀ ਜਾਵੇਗੀ।
ਫ਼ਸਲ ਵਿੱਚ ਹਵਾ ਅਤੇ ਧੁੱਪ ਦਾ ਸੰਚਾਰ- ਫ਼ਸਲ ਦੀ ਸੰਘਣੀ ਲਵਾਈ ਕਾਰਨ ਫਸਲ ਉੱਤੇ ਕੀਟਾਂ ਅਤੇ ਰੋਗਾਂ ਦਾ ਹਮਲਾ ਜਿਆਦਾ ਹੁੰਦਾ ਹੈ। ਅਤੇ ਫ਼ਸਲ ਨੂੰ ਵੀ ਪੂਰਾ ਵਾਧਾ ਅਤੇ ਫੈਲਾਅ ਕਰਨ ਲਈ ਜਗ੍ਹਾ ਨਹੀਂ ਮਿਲ ਪਾਉਂਦੀ। ਸੰਘਣੀ ਲਵਾਈ ਕੀਟਾਂ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਂਦੀ ਹੈ। ਉੱਚਿਤ ਫਾਸਲੇ 'ਤੇ ਲਗਾਈ ਫ਼ਸਲ ਵਿੱਚ ਧੁੱਪ ਅਤੇ ਹਵਾ ਦਾ ਸੰਚਾਰ ਵਧੀਆ ਹੁੰਦਾ ਹੈ ਜਿਸ ਨਾਲ ਨਾ ਸਿਰਫ਼ ਫ਼ਸਲ ਦਾ ਵਿਕਾਸ ਵਧੀਆ ਹੁੰਦਾ ਹੈ, ਸਗੋਂ ਕੀਟਾਂ ਦੇ ਹਮਲੇ ਤੋਂ ਵੀ ਕਾਫ਼ੀ ਹੱਦ ਤੱਕ ਸੁਰੱਖਿਆ ਮਿਲ ਜਾਂਦੀ ਹੈ।
ਘਰੇਲੂ ਗਰੋਥ ਪ੍ਰੋਮੋਟਰ (ਫਸਲ ਦਾ ਵਿਕਾਸ ਕਰਨ ਵਾਲੇ ਘਰੇਲੂ ਸਾਧਨ) ਅਤੇ ਉੱਲੀਨਾਸ਼ਕ
ਅਜਿਹੀਆਂ ਬਹੁਤ ਸਾਰੀਆਂ ਚੀਜਾਂ ਜਿਹਨਾਂ ਨੂੰ ਕਿ ਅਸੀਂ ਬਹੁਤ ਹੀ ਅਸਰਦਾਰ, ਮੁਫ਼ਤ ਵਿੱਚ ਅਤੇ ਟਿਕਾਊ ਗਰੋਥ ਪ੍ਰੋਮੋਟਰ ਅਤੇ ਉੱਲੀਨਾਸ਼ਕਾਂ ਦੇ ਤੌਰ 'ਤੇ ਵਰਤ ਸਕਦੇ ਹਾਂ ਸਾਡੇ ਘਰਾਂ ਵਿੱਚ ਬੜੀ ਹੀ ਆਸਾਨੀ ਨਾਲ ਉਪਲਭਧ ਹਨ। ਜਿਵੇਂ ਕਿ ਇੱਕ ਸਾਲ ਪੁਰਾਣੀਆਂ ਪਾਥੀਆਂ ਖੱਟੀ ਲੱਸੀ ਅਤੇ ਕੱਚਾ ਦੁੱਧ।
ਪਾਥੀਆਂ ਤੋਂ ਬਹੁਤ ਹੀ ਉੱਚ ਕਵਾਲਿਟੀ ਦਾ ਅਤੇ ਅਸਰਦਾਰ ਗਰੋਥ ਪ੍ਰੋਮੋਟਰ ਜਿਹੜਾ ਕਿ ਕੰਪਨੀਆਂ ਵੱਲੋਂ ਬਜ਼ਾਰ ਵਿੱਚ ਜਿਬਰੈਲਕ ਟੀਕੇ ਦਾ ਨਾਂਅ ਥੱਲੇ ਵੇਚਿਆ ਜਾ ਰਿਹਾ ਹੈ ਘਰ ਵਿੱਚ ਹੀ ਤਿਆਰ ਹੋ ਜਾਂਦਾ ਹੈ। ਬਣਾਉਣ ਅਤੇ ਵਰਤਣ ਦਾ ਢੰਗ ਹੇਠ ਲਿਖੇ ਅਨੁਸਾਰ ਹੈ:
ਪਾਥੀਆਂ ਦਾ ਪਾਣੀ- ਘੱਟੋ-ਘੱਟੋ 1 ਸਾਲ ਪੁਰਾਣੀਆਂ 15-20 ਕਿੱਲੋ ਪਾਥੀਆਂ 50 ਲਿਟਰ ਪਾਣੀ ਵਿੱਚ ਪਾਕੇ ਚਾਰ ਦਿਨਾਂ ਛਾਂ ਵਿੱਚ ਰੱਖੋ। ਚਾਰ ਦਿਨਾਂ ਬਾਅਦ ਘਰੇਲੂ ਜਿਬਰੈਲਕ ਐਸਿਡ ਤਿਆਰ ਹੈ।
ਸਮੇਂ-ਸਮੇਂ ਪ੍ਰਤੀ ਪੰਪ 2 ਤੋਂ ਚਾਰ ਲਿਟਰ ਪਾਥੀਆਂ ਦਾ ਪਾਣੀ ਸਾਦੇ ਪਾਣੀ ਵਿੱਚ ਮਿਲਾ ਕਿ ਸ਼ਾਮ ਵੇਲੇ ਫਸਲ ਉੱਤੇ ਛਿੜਕਦੇ ਰਹੋ ਅਤੇ ਫਸਲ ਵਿੱਚ ਪਾਈ ਜਾਣ ਵਾਲੀ ਰਸਾਇਣਕ ਖਾਦ ਦੀ ਮਾਤਰਾ ਵਿੱਚ ਕਮੀ ਕਰ ਦੇਵੋ।
ਪਾਥੀਆਂ ਦੇ ਪਾਣੀ ਦਾ ਛਿੜਕਾਅ ਦੋ ਖਾਸ ਮੌਕਿਆਂ 'ਤੇ ਜ਼ਰੂਰ ਕਰਨਾ ਹੈ ਇੱਕ ਤਾਂ ਜਦੋਂ ਫਸਲ ਨੂੰ ਦੋਧਾ ਪੈ ਰਿਹਾ ਹੋਵੇ ਅਤੇ ਦੂਜਾ ਜਦੋਂ ਦੋਧਾਂ ਪੈ ਚੁੱਕਾ ਹੋਵੇ। ਇਸ ਤਰ੍ਹਾ ਕਰਨ ਨਾਲ ਹਰੇਕ ਫਸਲ ਦਾ ਝਾੜ 20 ਫੀਸਦੀ ਤੱਕ ਵਧ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਿਬਰੈਲਕ ਐਸਿਡ ਬਜ਼ਾਰ ਵਿੱਚ 25 ਤੋਂ 28 ਰੁਪਏ ਪ੍ਰਤੀ ਮਿਲੀਗ੍ਰਾਮ ਮਿਲਦਾ ਹੈ। ਸੋ ਤੁਸੀਂ ਆਪ ਹੀ ਸੋਚ ਲਵੋ 1 ਸਾਲ ਪੁਰਾਣੀਆਂ ਪਾਥੀਆਂ ਕਿੰਨੀਆਂ ਕੀਮਤੀ ਹਨ।
ਖੱਟੀ ਲੱਸੀ- ਖੱਟੀ ਲੱਸੀ ਜਿੱਥੇ ਇੱਕ ਚੰਗੇ ਗਰੋਥ ਪ੍ਰੋਮੋਟਰ ਦਾ ਕੰਮ ਕਰਦੀ ਹੈ ਉੱਥੇ ਹੀ ਬਹੁਤ ਹੀ ਉੱਚੇ ਪੱਧਰ ਦੀ ਉੱਲੀਨਾਸ਼ਕ ਵੀ ਹੈ।
ਇਸਦੀ ਵਰਤੋਂ ਪਾਥੀਆਂ ਦੇ ਪਾਣੀ ਦੇ ਛਿੜਕਾਅ ਦੇ 2-3 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਬਸ ਇੰਨਾ ਯਾਦ ਰੱਖੋ ਜੇਕਰ ਤੁਹਾਡੇ ਕੋਲੇ ਖੱਟੀ ਲੱਸੀ ਉਪਲਭਧ ਹੈ ਤਾਂ ਟਿਲਿਟ ਦੀ ਕੋਈ ਲੋੜ ਨਹੀਂ।
ਕੱਚਾ ਦੁੱਧ- ਕੱਚਾ ਦੁੱਧ ਕਿਸੇ ਵੀ ਤਰ੍ਹਾ ਦੇ ਵਾਇਰਲ ਰੋਗ ਜਾਂ ਵਾਇਰਸ ਦੇ ਹਮਲੇ ਨੂੰ ਠੱਲਣ ਦੇ ਸਮਰਥ ਹੁੰਦਾ ਹੈ। ਸੋ ਵਾਇਰਲ ਰੋਗ ਦੀ ਸ਼ੁਰੂਆਤ ਵਿੱਚ ਹੀ ਪ੍ਰਤੀ ਪੰਪ 250 ਗ੍ਰਾਮ ਕੱਚਾ ਦੁੱਧ 15 ਲਿਟਰ ਪਾਣੀ ਵਿੱਚ ਮਿਲਾ ਕਿ ਹਫ਼ਤੇ ਵਿੱਚ 2-3 ਵਾਰ ਸਪ੍ਰੇਅ ਕਰਨ ਨਾਲ ਵਾਇਰਲ ਅਟੈਕ ਨੂੰ ਖਤਮ ਕੀਤਾ ਜਾ ਸਕਦਾ ਹੈ।
ਅਰਿੰਡ ਲਗਾਉਣਾ- ਕਾਲੀ ਸੁੰਡੀ (ਤੰਬਾਕੂ ਦੀ ਸੁੰਡੀ) ਤੋਂ ਛੁਟਕਾਰਾ ਪਾਉਣ ਲਈ ਪ੍ਰਤੀ ਏਕੜ 5 ਬੂਟੇ ਅਰਿੰਡ ਦੇ ਚਾਰੇ ਕੋਨਿਆਂ ਤੇ ਇੱਕ-ਇੱਕ ਅਤੇ ਇੱਕ ਫਸਲ ਦੇ ਵਿਚਾਲੇ ਜ਼ਰੂਰ ਲਾਏ ਜਾਣ। ਕਿਉਂਕਿ ਤੰਬਾਕੂ ਦੀ ਸੁੰਡੀ ਦੀ ਮਾਦਾ ਆਪਣੇ ਸੁਭਾਅ ਤੋਂ ਹੀ ਅੰਡੇ ਦੇਣ ਲਈ ਚੌੜੇ ਪੱਤਿਆਂ ਦੀ ਚੋਣ ਕਰਦੀ ਹੈ। ਇਸਦਾ ਕਾਰਨ ਇਹ ਹੈ ਕਿ ਤੰਬਾਕੂ ਦੀ ਸੁੰਡੀ ਦੀ ਮਾਦਾ ਇੱਕ ਵਾਰ ਵਿੱਚ ਇੱਕ ਜਗ੍ਹਾ 'ਤੇ 250 ਤੋਂ ਛੇ ਸੌ ਅੰਡੇ ਦਿੰਦੀ ਹੈ। ਇਸ ਲਈ ਉਸਨੂੰ ਹਮੇਸ਼ਾ ਹੀ ਇਹ ਚਿੰਤਾ ਰਹਿੰਦੀ ਹੈ ਕਿ ਜਨਮ ਉਪਰੰਤ ਮੇਰੇ ਬੱਚਿਆਂ ਨੂੰ ਖ਼ੁਰਾਕ ਦੀ ਕੋਈ ਕਮੀ ਨਾ ਆਵੇ। ਇਸ ਲਈ ਅਰਿੰਡ ਅੰਡੇ ਦੇਣ ਲਈ ਉਸਦਾ ਮਨਪਸੰਦ ਪੌਦਾ ਹੈ। ਅੰਡੇ ਦੇਣ ਉਪਰੰਤ ਮਾਦਾ ਅੰਡਿਆਂ ਉੱਤੇ ਖਾਕੀ ਜਾਂ ਕ੍ਰੀਮ ਰੰਗ ਦੀ ਇੱਕ ਝਿੱਲੀ ਜਿਹੀ ਬਣਾ ਦਿੰਦੀ ਹੈ ਜਿਹੜੀ ਕਿ ਨੰਗੀ ਅੱਖ ਨਾਲ ਸਾਫ ਨਜ਼ਰ ਆਊਂਦੀ ਹੈ।
ਕਿਸਾਨ ਨੇ ਹਰ ਦੂਜੇ ਦਿਨ ਅਰਿੰਡ ਦੇ ਪੱਤੇ ਚੈੱਕ ਕਰਨੇ ਹਨ ਅਤੇ ਜਿਹੜੇ ਪੱਤਿਆਂ ਉੱਪਰ ਉਸਨੂੰ ਤੰਬਾਕੂ ਦੀ ਸੁੰਡੀ ਦੇ ਅੰਡੀ ਜਾਂ ਬੱਚ ਨਜ਼ਰ ਆ ਜਾਵੇ ਉਹ ਪੱਤੇ ਤੋੜ ਕੇ ਖੇਤੋਂ ਬਾਹਰ ਲਿਆ ਕਿ ਜ਼ਮੀਨ ਵਿੱਚ ਦੱਬ ਦੇਵੇ। ਇਹ ਸਾਰਾ ਕੰਮ 25-30 ਮਿਨਟਾਂ ਵਿੱਚ ਨਿੱਬੜ ਜਾਂਦਾ ਹੈ। ਜੇ ਕਿਸਾਨ ਸਮੇਂ ਸਿਰ ਇਹ ਕੰਮ ਕਰਦਾ ਰਹੇ ਤਾਂ ਉਸਨੂੰ ਤੰਬਾਕੂ ਦੀ ਸੁੰਡੀ ਨੂੰ ਖਤਮ ਕਰਨ ਲਈ ਕਿਸੇ ਵੀ ਪ੍ਰਕਾਰ ਦੇ ਰਸਾਇਣਕ ਜ਼ਹਿਰ ਦੀ ਵਰਤੋਂ ਨਹੀਂ ਕਰਨੀ ਪਵੇਗੀ।
ਜੇਕਰ ਫਸਲ ਨੂੰ ਹਾਨੀ ਪਹੁੰਚਾਉਣ ਵਾਲੇ ਕੀੜੇ ਫਸਲ 'ਤੇ ਹਾਵੀ ਹੋ ਜਾਣ ਤਾਂ ਹੇਠ ਦਿੱਤੀਆਂ ਵਿਧੀਆਂ ਨਾਲ ਕੀਟਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ:
1. ਲੋਹਾ+ਤਾਂਬਾ ਯੁਕਤ ਪਸ਼ੂ ਮੂਤਰ:ਲੋੜੀਂਦਾ ਸਮਾਨ-
ਪਸ਼ੂ ਮੂਤਰ ਜਿੰਨਾ ਵੀ ਵੱਧ ਤੋਂ ਵੱਧ ਹੋਵੇ
ਤਾਂਬਾ ਇੱਕ ਟੁਕੜਾ
ਲੋਹਾ ਇੱਕ ਟੁਕੜਾ
ਪਲਾਸਟਿਕ ਦਾ ਡਰੰਮ ਲੋੜ ਅਨੁਸਾਰ
ਵਿਧੀ: ਪਸ਼ੂ-ਮੂਤਰ ਨੂੰ ਪਲਾਸਟਿਕ ਦੇ ਡਰੰਮ ਜਿਸ ਵਿੱਚ ਕਿ ਲੋਹੇ ਅਤੇ ਤਾਂਬੇ ਦੇ ਛੋਟੇ-ਛੋਟੇ ਟੁਕੜੇ ਰੱਖੇ ਹੋਣ ਵਿੱਚ ਇਕੱਠਾ ਕਰਦੇ ਰਹੋ। ਇਹ ਜਿੰਨਾਂ ਪੁਰਾਣਾ ਹੁੰਦਾ ਜਾਵੇਗਾ ਇਸਦੀ ਮਾਰਕ ਤਾਕਤ ਓਨੀਂ ਹੀ ਵਧਦੀ ਜਾਵੇਗੀ।ਵਰਤੋਂ ਦਾ ਢੰਗ: ਕਿਸੇ ਵੀ ਤਰ੍ਹਾ ਦੇ ਪੈਸਟ ਅਟੈਕ ਸਮੇਂ ਅਤੇ ਸੰਭਾਵੀ ਪੈਸਟ ਅਟੈਕ ਤੋਂ ਫਸਲ ਨੂੰ ਬਚਾਉਣ ਲਈ ਫਸਲ ਉੱਤੇ ਪ੍ਰਤੀ ਪੰਪ ਅੱਧੇ ਤੋਂ ਇੱਕ ਲਿਟਰ ਲੋਹਾ+ਤਾਂਬਾ ਯੁਕਤ ਪਸ਼ੂ-ਮੂਤਰ ਦਾ ਛਿੜਕਾਅ ਕਰੋ। ਜ਼ਿਕਰਯੋਗ ਫਾਇਦਾ ਹੋਵੇਗਾ।
2. ਲੋਹਾ+ਤਾਂਬਾ ਯੁਕਤ ਖੱਟੀ ਲੱਸੀ:ਲੋੜੀਂਦਾ ਸਮਾਨ-
ਲੱਸੀ ਜਿੰਨੀ ਵੀ ਵੱਧ ਤੋਂ ਵੱਧ ਹੋਵੇ
ਤਾਂਬਾ ਇਕ ਟੁਕੜਾ
ਲੋਹਾ ਇੱਕ ਟੁਕੜਾ
ਪਲਾਸਿਟਕ ਦਾ ਬਰਤਨ ਇੱਕ
ਵਿਧੀ- ਲੱਸੀ, ਤਾਂਬੇ ਅਤੇ ਲੋਹੇ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਬਰਤਨ ਵਿੱਚ ਪਾ ਕੇ ਘੱਟੋ-ਘੱਟ 7 ਤੋਂ 10 ਦਿਨਾਂ ਤੱਕ ਢਕ ਕੇ ਛਾਂ ਵਿੱਚ ਰੱਖੋ। ਬਹੁਤ ਹੀ ਵਧੀਆ ਉੱਲੀਨਾਸ਼ਕ ਅਤੇ ਗ੍ਰੋਥਹਾਰਮੋਨ ਤਿਆਰ ਹੈ।
ਵਰਤੋਂ ਦਾ ਢੰਗ- ਫਸਲ ਨੂੰ ਦੋਧਾ ਪੈਣ ਸਮੇਂ ਪ੍ਰਤੀ ਪੰਪ 1 ਤੋਂ 1.5 ਲਿਟਰ ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਦਾ ਛਿੜਕਾਅ ਕਰੋ।
ਵਿਸ਼ੇਸ਼ਤਾ- ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਇੱਕ ਬੇਹੱਦ ਪ੍ਰਭਾਵੀ ਤੇ ਲਾਹੇਵੰਦ ਉੱਲੀਨਾਸ਼ਕ ਹੋਣ ਦੇ ਨਾਲ-ਨਾਲ ਇੱਕ ਕੁਦਰਤੀ ਗ੍ਰੋਥ ਹਾਰਮੋਨ ਦੇ ਤੌਰ 'ਤੇ ਵੀ ਕੰਮ ਕਰਦੀ ਹੈ। 10 ਤੋਂ ਜਿਆਦਾ ਦਿਨ ਪੁਰਾਣਾ ਮਿਸ਼ਰਣ ਅਨੇਕਾਂ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਵੀ ਖਤਮ ਕਰਦਾ ਹੈ।
ਖੱਟੀ ਲੱਸੀ ਬਹੁਤ ਹੀ ਪ੍ਰਭਾਵਸ਼ਾਲੀ ਉੱਲੀਨਾਸ਼ਕ, ਗ੍ਰੋਥ ਪ੍ਰੋਮੋਟਰ ਅਤੇ ਉੱਚ ਕਵਾਲਿਟੀ ਦਾ ਕੀਟਨਾਸ਼ਕ ਹੈ। ਕਿਸੇ ਵੀ ਫਸਲ 'ਤੇ ਪ੍ਰਤੀ ਪੰਪ 1-1.5 ਲਿਟਰ 15 ਦਿਨ ਪੁਰਾਣੀ ਖੱਟੀ ਲੱਸੀ ਦਾ ਛਿੜਕਾਅ ਕਰਨ ਨਾਲ ਹਰ ਤਰ੍ਹਾ ਦੀਆਂ ਫਸਲੀ ਉੱਲੀਆਂ ਦਾ ਨਾਸ਼ ਹੋ ਜਾਂਦਾ ਹੈ। ਇਹ ਸਰਦੀਆਂ ਵਿੱਚ ਫਸਲ ਨੂੰ ਕੋਹਰੇ ਤੋਂ ਬਚਾਉਣ ਵਿੱਚ ਵੀ ਸਹਾਈ ਹੁੰਦੀ ਹੈ। ਪ੍ਰਤੀ ਪੰਪ ਪੌਣਾ ਲਿਟਰ ਇੱਕ ਮਹੀਨਾਂ ਪੁਰਾਣੀ ਖੱਟੀ ਲੱਸੀ ਦੇ ਛਿੜਕਾਅ ਨਾਲ ਹਰ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀਟਾਂ ਮਰ ਜਾਂਦੇ ਹਨ।
3. ਚਿੱਟੀ ਫਟਕੜੀ: ਚਿੱਟੀ ਫਟਕੜੀ ਬਹੁਤ ਵਧੀਆ ਜੰਤੂ ਅਤੇ ਉੱਲੀਨਾਸ਼ਕ ਹੈ। ਇਹ ਜੜ੍ਹਾਂ ਦੀਆਂ ਉੱਲੀਆਂ ਨੂੰ ਖਤਮ ਕਰਦੀ ਹੈ। ਕੋਈ ਵੀ ਫਸਲ ਜਾਂ ਪੌਦਾ ਪੈਰ ਗਲਣੇ ਸ਼ੁਰੂ ਹੋਣ ਕਰਕੇ ਸੁਕਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਲਾਉਂਦੇ ਸਮੇਂ ਪ੍ਰਤੀ ਏਕੜ 1 ਕਿੱਲੋ ਚਿੱਟੀ ਫਟਕੜੀ ਖੇਤ ਦੇ ਮੂੰਹੇ 'ਤੇ ਰੱਖ ਦਿਓ। 100 ਫੀਸਦੀ ਫਾਇਦਾ ਹੋਵੇਗਾ।
4. ਹਿੰਗ: ਖੇਤੀ ਵਿੱਚ ਹਿੰਗ ਦੀ ਵਰਤੋਂ ਕਰਕੇ ਸਿਓਂਕ ਤੋਂ ਛੂੱਟਕਾਰਾ ਮਿਲ ਜਾਂਦਾ ਹੈ। ਸਿਓਂਕ ਪ੍ਰਭਾਵਿਤ ਖੇਤ ਵਿੱਚ ਫਸਲ ਨੂੰ ਪਾਣੀ ਦਿੰਦੇ ਸਮੇਂ ਪ੍ਰਤੀ ਏਕੜ 100 ਗ੍ਰਾਮ ਹਿੰਗ ਅਤੇ 1 ਕਿੱਲੋ ਚਿੱਟੀ ਫਟਕੜੀ ਇੱਕ ਪਤਲੇ ਕੱਪੜੇ ਵਿੱਚ ਲਪੇਟ ਕੇ ਖੇਤ ਦੇ ਮੂੰਹੇਂ 'ਤੇ ਰੱਖ ਦਿਓ। ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ। ਹਿੰਗ ਦੇ ਪਾਣੀ ਨਾਲ ਸੋਧ ਕੇ ਬੀਜੀ ਗਈ ਫਸਲ ਰੋਗ ਰਹਿਤ ਤੇ ਤੰਦਰੁਸਤ ਰਹਿੰਦੀ ਹੈ।
ਇਹ ਤਰੀਕੇ ਕੋਈ ਵੀ ਕਿਸਾਨ ਵਰਤ ਕੇ ਆਪਣੀਆਂ ਖੇਤੀ ਲਾਗਤਾਂ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ।
Path Alias

/articles/ao-khaeetai-laagataan-ghataaie

Post By: kvm
Topic
Regions
×