ਵੱਟ ਦੇ ਕੰਢੇ ਰੱਖਿਆ ਇਤਿਹਾਸ


ਇਹ ਕਹਾਣੀ ਸੱਚੀ ਹੈ ਜਾਂ ਇਤਿਹਾਸਕ ਹੈ-ਪਤਾ ਨਹੀਂ। ਪਰ ਆਪਣੇ ਦੇਸ਼ ਦੇ ਮੱਧ-ਭਾਗ ਦੇ ਇੱਕ ਬਹੁਤ ਵੱਡੇ ਹਿੱਸੇ ਵਿੱਚ ਇਹ ਇਤਿਹਾਸ ਨੂੰ ਅੰਗੂਠਾ ਵਿਖਾਉਂਦੀ ਹੋਈ, ਲੋਕਾਂ ਦੇ ਮਨਾਂ ਵਿੱਚ ਰਚੀ ਅਤੇ ਜਜ਼ਬ ਹੋਈ ਹੋਈ ਹੈ।

''ਚੰਗੇ-ਚੰਗੇ ਕੰਮ ਕਰਦੇ ਜਾਣਾ'', ਰਾਜੇ ਨੇ ਕੂੜਨ ਕਿਸਾਨ ਨੂੰ ਕਿਹਾ ਸੀ। ਕੂੜਨ, ਬੁਢਾਨ, ਸਰਮਨ ਅਤੇ ਕੌਂਰਾਈ ਚਾਰ ਭਰਾ ਸਨ। ਚਾਰੋਂ ਸਵੇਰੇ-ਸੁਵਖਤੇ ਉੱਠ ਕੇ ਆਪਣੇ ਖੇਤਾਂ ਵਿੱਚ ਕੰਮ ਕਰਨ ਜਾਂਦੇ। ਦੁਪਹਿਰ ਨੂੰ ਕੂੜਨ ਦੀ ਧੀ ਪੋਟਲੀ ਵਿੱਚ ਰੋਟੀ ਲੈ ਕੇ ਆਉਂਦੀ।

ਇੱਕ ਦਿਨ ਘਰ ਤੋਂ ਖੇਤ ਜਾਂਦੇ ਸਮੇਂ ਧੀ ਦੀ ਇੱਕ ਨੁਕੀਲੇ ਪੱਥਰ ਨਾਲ ਠੋਕਰ ਵੱਜ ਗਈ। ਉਸਨੂੰ ਬੇਹੱਦ ਗ਼ੁੱਸਾ ਆਇਆ। ਉਸਨੇ ਆਪਣੀ ਦਾਤੀ ਨਾਲ ਉਸ ਪੱਥਰ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੀ, ਉਸਦੀ ਦਾਤੀ ਪੱਥਰ 'ਤੇ ਲੱਗਦੇ ਹੀ ਲੋਹੇ ਤੋਂ ਸੋਨੇ ਵਿੱਚ ਬਦਲ ਗਈ ਅਤੇ ਫੇਰ ਇਸ ਕਿੱਸੇ ਦੀਆਂ ਘਟਨਾਵਾਂ ਬੜੀ ਤੇਜ਼ੀ ਨਾਲ ਬਦਲਦੀਆਂ ਜਾਂਦੀਆਂ ਹਨ। ਪੱਥਰ ਚੁੱਕ ਕੇ ਕੁੜੀ ਭੱਜੋ-ਭੱਜ ਖੇਤ ਵਿੱਚ ਆਉਂਦੀ ਹੈ। ਆਪਣੇ ਪਿਤਾ ਅਤੇ ਚਾਚਿਆਂ ਨੂੰ ਸਾਰੀ ਘਟਨਾ ਇੱਕੋ ਸਾਹੇ ਦੱਸ ਦਿੰਦੀ ਹੈ। ਚਾਰੇ ਭਰਾਵਾਂ ਦਾ ਹੇਠਲਾ ਸਾਹ ਹੇਠਾਂ ਅਤੇ ਉੱਪਰਲਾ ਸਾਹ ਉੱਪਰ ਰਹਿ ਜਾਂਦਾ ਹੈ। ਉਹ ਫਟਾ-ਫਟ ਘਰ ਪਹੁੰਚਦੇ ਹਨ। ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਉਨ੍ਹਾਂ ਕੋਲ ਕੋਈ ਸਾਧਾਰਨ ਪੱਥਰ ਨਹੀਂ, ਸਗੋਂ ਪਾਰਸ ਹੈ। ਉਹ ਲੋਹੇ ਦੀ ਜਿਹੜੀ ਚੀਜ਼ ਨੂੰ ਵੀ ਛੁਹਾਉਂਦੇ, ਉਹ ਸੋਨੇ ਦੀ ਬਣ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਭਰ ਦਿੰਦੀ।

ਅੱਖਾਂ ਦੀ ਇਹ ਚਮਕ ਜ਼ਿਆਦਾ ਦੇਰ ਨਾ ਰਹਿ ਸਕੀ, ਕਿਉਂਕਿ ਕੂੜਨ ਨੂੰ ਲਗਦਾ ਸੀ ਕਿ ਦੇਰ-ਸਵੇਰ ਇਹ ਗੱਲ ਰਾਜੇ ਤੱਕ ਪਹੁੰਚ ਹੀ ਜਾਣੀ ਹੈ ਅਤੇ ਉਦੋਂ ਇਹ ਪਾਰਸ ਲੈ ਲਿਆ ਜਾਏਗਾ। ਕੀ ਇਹ ਚੰਗਾ ਨਹੀਂ ਰਹੇਗਾ ਕਿ ਉਹ ਖ਼ੁਦ ਹੀ ਰਾਜੇ ਨੂੰ ਸਭ ਕੁੱਝ ਦੱਸ ਦੇਵੇ!

ਕਿੱਸਾ ਅੱਗੇ ਵਧਦਾ ਹੈ। ਫੇਰ ਜਿਹੜੀ ਵੀ ਘਟਨਾ ਵਾਪਰਦੀ ਹੈ, ਉਹ ਲੋਹੇ ਨੂੰ ਨਹੀਂ, ਸਗੋਂ ਸਾਰੇ ਸਮਾਜ ਨੂੰ ਹੀ ਪਾਰਸ ਛੁਹਾਉਣ ਦਾ ਕਿੱਸਾ ਬਣ ਜਾਂਦੀ ਹੈ।

ਰਾਜਾ ਨਾ ਪਾਰਸ ਲੈਂਦਾ ਹੈ, ਨਾ ਸੋਨਾ। ਸਭ ਕੁੱਝ ਕੂੜਨ ਨੂੰ ਵਾਪਸ ਦਿੰਦਿਆਂ ਕਹਿੰਦਾ ਹੈ,'ਜਾਓ ਇਸਦੇ ਨਾਲ ਚੰਗੇ-ਚੰਗੇ ਕੰਮ ਕਰਦੇ ਜਾਓ, ਤਾਲਾਬ ਬਣਾਉਂਦੇ ਜਾਓ।'

ਇਹ ਕਹਾਣੀ ਸੱਚੀ ਹੈ ਜਾਂ ਇਤਿਹਾਸਕ ਹੈ-ਪਤਾ ਨਹੀਂ। ਪਰ ਆਪਣੇ ਦੇਸ਼ ਦੇ ਮੱਧ-ਭਾਗ ਦੇ ਇੱਕ ਬਹੁਤ ਵੱਡੇ ਹਿੱਸੇ ਵਿੱਚ ਇਹ ਇਤਿਹਾਸ ਨੂੰ ਅੰਗੂਠਾ ਵਿਖਾਉਂਦੀ ਹੋਈ, ਲੋਕਾਂ ਦੇ ਮਨਾਂ ਵਿੱਚ ਰਚੀ ਅਤੇ ਜਜ਼ਬ ਹੋਈ ਹੋਈ ਹੈ। ਇੱਥੋਂ ਦੇ ਹੀ ਪਾਟਨ ਨਾਂ ਦੇ ਖੇਤਰ ਵਿੱਚ ਚਾਰ ਬਹੁਤ ਵੱਡੇ ਤਾਲਾਬ ਅੱਜ ਵੀ ਮੌਜੂਦ ਹਨ ਅਤੇ ਇਸ ਕਹਾਣੀ ਨੂੰ ਇਤਿਹਾਸ ਦੀ ਕਸੌਟੀ ਉੱਤੇ ਕਸਣ ਵਾਲਿਆਂ ਨੂੰ ਸ਼ਰਮਿੰਦਾ ਕਰਦੇ ਹਨ। ਚਾਰੇ ਤਾਲਾਬ ਇਨ੍ਹਾਂ ਚਾਰਾਂ ਭਰਾਵਾਂ ਦੇ ਨਾਂ ਉੱਤੇ ਹੀ ਹਨ। ਬੁਢਾਗਰ ਵਿੱਚ ਬੁਢਾ ਸਾਗਰ, ਮਝਗਵਾਂ ਵਿੱਚ ਸਰਮਨ ਸਾਗਰ, ਕੁਆਂਗਰਾਮ ਵਿੱਚ ਕੌਂਰਾਈ ਸਾਗਰ ਅਤੇ ਕੁੰਡਮ ਵਿੱਚ ਕੁੰਡਮ ਸਾਗਰ ਹੈ। ਸੰਨ 1907 ਦੇ ਗਜ਼ਟੀਅਰ ਦੇ ਹਵਾਲੇ ਨਾਲ ਦੇਸ਼ ਦਾ ਇਤਿਹਾਸ ਲਿਖਣ ਲਈ ਘੁੰਮ ਰਹੇ ਅੰਗਰੇਜ਼ ਨੇ ਵੀ ਇਸ ਇਲਾਕ+ ਵਿੱਚ ਕਈ ਲੋਕਾਂ ਤੋਂ ਇਹ ਕਿੱਸਾ ਸੁਣਿਆ ਸੀ ਅਤੇ ਫਿਰ ਉਸ ਨੇ ਇਨ੍ਹਾਂ ਤਾਲਾਬਾਂ ਨੂੰ ਚੰਗੀ ਤਰ੍ਹਾਂ ਵੇਖਿਆ-ਪਰਖਿਆ ਸੀ। ਉਦੋਂ ਵੀ ਸਰਮਨ ਸਾਗਰ ਇੰਨਾ ਵੱਡਾ ਸੀ ਕਿ ਉਸ ਦੇ ਕਿਨਾਰੇ ਤਿੰਨ ਬੜੇ ਵੱਡੇ ਪਿੰਡ ਵਸੇ ਹੋਏ ਸਨ ਅਤੇ ਤਿੰਨੋਂ ਪਿੰਡ ਇਸ ਤਾਲਾਬ ਨੂੰ ਆਪੋ-ਆਪਣੇ ਨਾਵਾਂ ਨਾਲ ਵੰਡ ਲੈਂਦੇ ਸਨ। ਪਰ ਇਹ ਵਿਸ਼ਾਲ ਤਾਲਾਬ ਤਿੰਨਾਂ ਪਿੰਡਾਂ ਨੂੰ ਆਪਸ 'ਚ ਜੋੜਦਾ ਸੀ ਅਤੇ ਸਰਮਨ ਸਾਗਰ ਦੀ ਤਰ੍ਹਾਂ ਯਾਦ ਕੀਤਾ ਜਾਂਦਾ ਸੀ। ਇਤਿਹਾਸ ਨੇ ਸਰਮਨ, ਬੁਢਾਨ, ਕੌਂਰਾਈ ਅਤੇ ਕੂੜਨ ਨੂੰ ਯਾਦ ਨਹੀਂ ਰੱਖਿਆ, ਸਗੋਂ ਇਨ੍ਹਾਂ ਲੋਕਾਂ ਨੇ ਤਾਲਾਬ ਬਣਾਏ ਅਤੇ ਇਤਿਹਾਸ ਨੂੰ ਹੀ ਉਹਨਾਂ ਦੇ ਕੰਢੇ ਰੱਖ ਦਿੱਤਾ।

ਦੇਸ਼ ਦੇ ਮੱਧ ਭਾਗ ਵਿੱਚ, ਠੀਕ ਦਿਲ ਦੀ ਧੜਕਣ ਵਾਲਾ ਇਹ ਕਿੱਸਾ ਉੱਤਰ-ਦੱਖਣ, ਪੂਰਬ-ਪੱਛਮ ਚਾਰੇ ਪਾਸੇ ਕਿਸੇ ਨਾ ਕਿਸੇ ਰੂਪ ਵਿੱਚ ਫੈਲਿਆ ਹੋਇਆ ਹੈ ਅਤੇ ਇਨ੍ਹਾਂ ਦੇ ਨਾਲ ਹੀ ਮਿਲਦੇ ਨੇ ਸੈਂਕੜੇ, ਹਜ਼ਾਰਾਂ ਤਾਲਾਬ। ਇਨ੍ਹਾਂ ਦੀ ਕੋਈ ਠੀਕ ਗਿਣਤੀ ਨਹੀਂ। ਇਨ੍ਹਾਂ ਅਣਗਿਣਤ ਤਾਲਾਬਾਂ ਨੂੰ ਗਿਣਨ ਵਾਲੇ ਨਹੀਂ, ਸਗੋਂ ਇਨ੍ਹਾਂ ਨੂੰ ਬਣਾਉਣ ਵਾਲੇ ਲੋਕ ਆਉਂਦੇ ਰਹੇ ਅਤੇ ਤਾਲਾਬ ਬਣਾਉਂਦੇ ਰਹੇ।

ਕਿਸੇ ਤਾਲਾਬ ਨੂੰ ਰਾਜੇ ਨੇ ਬਣਵਾਇਆ ਅਤੇ ਕਿਸੇ ਨੂੰ ਰਾਣੀ ਨੇ। ਕਿਸੇ ਨੂੰ ਕਿਸੇ ਸਾਧਾਰਨ ਗ੍ਰਹਿਸਥੀ ਨੇ, ਕਿਸੇ ਨੂੰ ਵਿਧਵਾ ਨੇ ਬਣਵਾਇਆ ਅਤੇ ਕਿਸੇ ਨੂੰ ਪਹੁੰਚੇ ਹੋਏ ਸਾਧੂ-ਸੰਤਾਂ ਨੇ, ਜਿਸ ਕਿਸੇ ਨੇ ਵੀ ਤਾਲਾਬ ਬਣਵਾਇਆ, ਉਹ ਮਹਾਤਮਾ ਜਾਂ ਮਹਾਰਾਜ ਹੀ ਕਹਾਇਆ। ਅਹਿਸਾਨ ਮੰਦ ਸਮਾਜ ਤਾਲਾਬ ਬਣਾਉਣ ਵਾਲਿਆਂ ਨੂੰ ਅਮਰ ਬਣਾਉਂਦਾ ਸੀ ਅਤੇ ਲੋਕੀ ਵੀ ਤਾਲਾਬ ਬਣਾ ਕੇ ਸਮਾਜ ਦਾ ਅਹਿਸਾਨ ਚੁਕਾਉਂਦੇ ਸਨ।

ਸਮਾਜ ਅਤੇ ਉਸਦੇ ਹੀ ਅੰਗਾਂ ਵਿਚਕਾਰ ਇਸ ਵਿਸ਼ੇ ਸੰਬੰਧੀ ਠੀਕ ਤਾਲਮੇਲ ਦਾ ਦੌਰ ਕੋਈ ਛੋਟਾ ਦੌਰ ਨਹੀਂ ਸੀ, ਜੇਕਰ ਮਹਾਂਭਾਰਤ ਅਤੇ ਰਾਮਾਇਣ ਕਾਲ ਦੇ ਤਾਲਾਬਾਂ ਨੂੰ ਛੱਡ ਵੀ ਦਈਏ ਤਾਂ ਵੀ ਪੰਜਵੀਂ ਸਦੀ ਤੋਂ ਪੰਦਰ੍ਹਵੀਂ ਸਦੀ ਤੱਕ ਦੇਸ਼ ਦੇ ਕੋਣੇ-ਕੋਣੇ ਵਿੱਚ ਤਾਲਾਬ ਬਣਦੇ ਰਹੇ। ਕੋਈ ਇੱਕ ਹਜ਼ਾਰ ਸਾਲ ਤੱਕ ਬਿਨਾਂ ਰੋਕ-ਟੋਕ ਦੇ ਇਹ ਪਰੰਪਰਾ ਚੱਲਦੀ ਰਹੀ, ਪਰ ਪੰਦਰ੍ਹਵੀਂ ਸਦੀ ਤੋਂ ਬਾਅਦ ਇਸ ਪਰੰਪਰਾ ਵਿੱਚ ਕੁੱਝ ਰੁਕਾਵਟਾਂ ਆਉਣ ਲੱਗੀਆਂ। ਫਿਰ ਵੀ ਉਸ ਦੌਰ ਵਿੱਚ ਇਹ ਪਰੰਪਰਾ ਪੂਰੀ ਨਾ ਤਾਂ ਰੁਕੀ ਅਤੇ ਨਾ ਹੀ ਸੁੱਕੀ। ਸਮਾਜ ਨੇ ਜਿਸ ਕੰਮ ਨੂੰ ਇੰਨੇ ਸੁਚੱਜੇ ਢੰਗ ਨਾਲ ਲੰਮੇ ਸਮੇਂ ਤੱਕ ਕੀਤਾ ਸੀ, ਉਸਨੂੰ ਉਥਲ-ਪੁਥਲ ਦਾ ਦੌਰ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ। ਅਠਾਰ੍ਹਵੀਂ ਅਤੇ ਉਨੀਵੀਂ ਸਦੀ ਦੇ ਅੰਤ ਤੱਕ ਵੀ ਜਗ੍ਹਾ-ਜਗ੍ਹਾ ਤਾਲਾਬ ਬਣਦੇ ਰਹੇ।

ਪਰ ਫੇਰ ਤਾਲਾਬ ਬਣਾਉਣ ਵਾਲੇ ਲੋਕ ਹੌਲੀ-ਹੌਲੀ ਘਟਦੇ ਗਏ, ਗਿਣਨ ਵਾਲੇ ਕੁੱਝ ਜ਼ਰੂਰ ਆ ਗਏ, ਜਿੰਨਾ ਵੱਡਾ ਕੰਮ ਸੀ, ਉਸ ਹਿਸਾਬ ਨਾਲ ਗਿਣਨ ਵਾਲੇ ਬਹੁਤ ਘੱਟ ਸਨ ਅਤੇ ਕਮਜ਼ੋਰ ਵੀ। ਇਸੇ ਲਈ ਗਿਣਤੀ ਕਦੇ ਵੀ ਠੀਕ ਨਹੀਂ ਹੋ ਸਕੀ। ਬੱਸ ਸਿਰਫ਼ ਟੁਕੜਿਆਂ ਵਿੱਚ ਹੀ ਤਾਲਾਬ ਗਿਣੇ ਗਏ, ਜੋੜ ਕੇ ਨਹੀਂ ਵੇਖੇ ਗਏ, ਪਰ ਫੇਰ ਵੀ ਇਨ੍ਹਾਂ ਟੁਕੜਿਆਂ ਦੀ ਚਮਕ ਹੀ ਪੂਰੇ ਚਿੱਤਰ ਦੀ ਚਮਕ-ਦਮਕ ਵਿਖਾ ਸਕਦੀ ਹੈ।

ਨੱਕੋ-ਨੱਕ ਭਰੇ ਤਾਲਾਬਾਂ ਨੂੰ ਸੁੱਕੇ ਅੰਕੜਿਆਂ ਵਿੱਚ ਇਕੱਠੇ ਕਰਨ ਦੀ ਕੋਸ਼ਿਸ਼, ਕਿਸ ਕੋਣੇ ਤੋਂ ਸ਼ੁਰੂ ਕਰੀਏ? ਆਓ ਫਿਰ ਤੋਂ ਦੇਸ਼ ਦੇ ਵਿਚਕਾਰਲੇ ਹਿੱਸੇ ਵਿੱਚ ਚੱਲੀਏ।

ਅੱਜ ਦੇ ਰੀਵਾ ਜ਼ਿਲ੍ਹੇ ਦਾ ਪਿੰਡ ਜੋਡੌਰੀ, ਕਰੀਬ 2500 ਦੀ ਆਬਾਦੀ ਵਾਲਾ ਪਿੰਡ ਹੈ, ਪਰ ਇਸ ਵਿੱਚ 12 ਤਾਲਾਬ ਹਨ। ਇਸੇ ਦੇ ਕੋਲ ਹੈ ਤਾਲ (ਤਾਲਾਬ) ਮੁਕੇਦਾਨ, ਆਬਾਦੀ ਸਿਰਫ਼ 1500, ਪਰ 10 ਤਾਲਾਬ ਹਨ। ਹਰ ਚੀਜ਼ ਦਾ ਔਸਤ ਕੱਢਣ ਵਾਲਿਆਂ ਲਈ ਇਹ ਛੋਟਾ ਜਿਹਾ ਪਿੰਡ ਅੱਜ ਵੀ 150 ਲੋਕਾਂ ਲਈ ਇੱਕ ਤਾਲਾਬ ਦੀ ਸਹੂਲਤ ਜੁਟਾਅ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਜਿਸ ਦੌਰ ਵਿੱਚ ਇਹ ਤਾਲਾਬ ਬਣੇ, ਉਸ ਦੌਰ ਵਿੱਚ ਆਬਾਦੀ ਹੋਰ ਵੀ ਘੱਟ ਸੀ। ਜ਼ੋਰ ਸਿਰਫ਼ ਇਸ ਗੱਲ 'ਤੇ ਸੀ ਕਿ ਆਪਣੇ ਹਿੱਸੇ 'ਚ ਵਰ੍ਹਨ ਵਾਲੀ ਹਰੇਕ ਕਣੀ (ਬੂੰਦ) ਇਕੱਠੀ ਕਰ ਲਈ ਜਾਵੇ ਅਤੇ ਸੰਕਟ ਦੀ ਘੜੀ ਵਿੱਚ ਆਲੇ-ਦੁਆਲੇ ਦੇ ਖੇਤਰਾਂ ਵਿੱਚ ਉਸ ਨੂੰ ਵੰਡ ਦਿੱਤਾ ਜਾਵੇ। ਵਰੁਣ ਦੇਵਤਾ ਦਾ ਪ੍ਰਸ਼ਾਦ ਪਿੰਡ ਆਪਣੀ ਬੁੱਕ ਵਿੱਚ ਭਰ ਲੈਂਦਾ ਸੀ ਅਤੇ ਜਿੱਥੇ ਪ੍ਰਸ਼ਾਦ ਘੱਟ ਮਿਲਦਾ, ਉੱਥੇ ਉਸਦੀ ਇੱਕ-ਇੱਕ ਕਣੀ, ਇੱਕ-ਇੱਕ ਬੂੰਦ ਵੀ ਭਲਾ ਕਿਵੇਂ ਅਜਾਈਂ ਜਾਣ ਦਿੱਤੀ ਜਾ ਸਕਦੀ ਹੈ! ਦੇਸ਼ ਦੇ ਸਭ ਤੋਂ ਘੱਟ ਮੀਂਹ ਵਾਲੇ ਖੇਤਰ ਰਾਜਸਥਾਨ ਦੇ ਸਭ ਤੋਂ ਖ਼ੁਸ਼ਕ ਮੰਨੇ ਗਏ ਥਾਰ ਇਲਾਕੇ ਦੇ ਰੇਗ਼ਿਸਤਾਨ ਵਿੱਚ ਵਸੇ ਹਜ਼ਾਰਾਂ ਪਿੰਡਾਂ ਦੇ ਨਾਂ ਵੀ ਤਾਲਾਬਾਂ ਦੇ ਆਧਾਰ ਉੱਤੇ ਹੀ ਮਿਲਦੇ ਹਨ। ਪਿੰਡਾਂ ਦੇ ਨਾਂ ਨਾਲ ਜੁੜਿਆ ਹੈ 'ਸਰ'। 'ਸਰ' ਦਾ ਅਰਥ ਹੈ ਤਾਲਾਬ। 'ਸਰ' ਨਹੀਂ ਤਾਂ ਪਿੰਡ ਨਹੀਂ। ਇੱਥੇ ਤਾਂ ਤੁਸੀਂ ਸਿਰਫ਼ ਤਾਲਾਬ ਗਿਣਨ ਦੀ ਥਾਂ ਪਿੰਡ ਗਿਣਦੇ ਜਾਓ ਅਤੇ ਫੇਰ ਇਸ ਗਿਣਤੀ ਨੂੰ ਦੋ ਜਾਂ ਤਿੰਨ ਨਾਲ ਗੁਣਾ ਕਰ ਕੇ ਵੇਖੋ।

ਜਿੱਥੇ ਆਬਾਦੀ ਵਿੱਚ ਵਾਧਾ ਹੋਇਆ, ਸ਼ਹਿਰ ਬਣਿਆ ਉੱਥੇ ਵੀ ਪਾਣੀ ਨਾ ਉਧਾਰ ਲਿਆ ਗਿਆ, ਨਾ ਅੱਜ ਦੇ ਸ਼ਹਿਰਾਂ ਵਾਂਗ ਕਿਤੋਂ ਹੋਰ ਚੋਰੀ ਕੀਤਾ ਗਿਆ, ਸ਼ਹਿਰਾਂ ਨੇ ਵੀ ਪਿੰਡਾਂ ਵਾਂਗ ਆਪਣਾ ਇੰਤਜ਼ਾਮ ਖ਼ੁਦ ਕੀਤਾ। ਬਾਕ+ੀ ਸ਼ਹਿਰਾਂ ਦੀਆਂ ਗੱਲਾਂ ਮਗਰੋਂ, ਕਿਸੇ ਸਮੇਂ ਸਿਰਫ਼ ਦਿੱਲੀ ਵਿੱਚ ਕਰੀਬ 350 ਛੋਟੇ-ਵੱਡੇ ਤਾਲਾਬਾਂ ਦਾ ਜ਼ਿਕਰ ਮਿਲਦਾ ਹੈ।ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਸੂਬੇ 'ਤੇ ਆਈਏ, ਫੇਰ ਰੀਵਾ ਵੱਲ ਮੁੜੀਏ। ਅੱਜ ਦੇ ਪੈਮਾਨੇ ਦੇ ਹਿਸਾਬ ਨਾਲ ਇਹ ਪਛੜਿਆ ਹੋਇਆ ਇਲਾਕਾ ਕਹਾਉਂਦਾ ਹੈ, ਪਰ ਪਾਣੀ ਦੇ ਹਿਸਾਬ ਨਾਲ ਵੇਖੀਏ ਤਾਂ ਪਿਛਲੀ ਸਦੀ ਵਿੱਚ ਇੱਥੇ 5000 ਤਾਲਾਬ ਸਨ।

ਦੱਖਣ ਵੱਲ ਵੇਖੀਏ ਤਾਂ ਆਜ਼ਾਦੀ ਮਿਲਣ ਤੋਂ ਕੋਈ 100 ਵਰ੍ਹੇ ਪਹਿਲਾਂ ਤੱਕ ਮਦਰਾਸ ਪ੍ਰੈਜ਼ੀਡੈਂਸੀ ਵਿੱਚ 53,000 ਤਾਲਾਬ ਗਿਣੇ ਗਏ ਸਨ। ਉੱਥੇ ਸੰਨ 1885 ਵਿੱਚ ਸਿਰਫ਼ 14 ਜ਼ਿਲ੍ਹਿਆਂ ਵਿੱਚ ਕੋਈ 43,000 ਤਾਲਾਬਾਂ ਉੱਤੇ ਕੰਮ ਚੱਲ ਰਿਹਾ ਸੀ। ਇਸੇ ਤਰ੍ਹਾਂ ਮੈਸੂਰ ਰਾਜ ਵਿੱਚ ਅਣਗੌਲੀ ਦੇ ਤਾਜ਼ੇ ਦੌਰ ਵਿੱਚ ਸੰਨ 1970 ਤੱਕ ਕੋਈ 39000 ਤਾਲਾਬ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਸਨ।

ਇੱਧਰ-ਉੱਧਰ ਖਿੰਡੇ-ਪੁੰਡੇ ਇਹ ਸਾਰੇ ਅੰਕੜੇ ਇੱਕ ਥਾਂ ਰੱਖ ਕੇ ਵੇਖੀਏ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਸਦੀ ਦੇ ਸ਼ੁਰੂ ਤੱਕ ਹਾੜ੍ਹ ਤੋਂ ਭਾਦੋਂ ਦੇ ਆਖ਼ਰੀ ਦਿਨ ਤੱਕ ਕੋਈ 11-12 ਲੱਖ ਤਾਲਾਬ ਭਰ ਜਾਂਦੇ ਸਨ ਅਤੇ ਅਗਲੇ ਜੇਠ ਤੱਕ ਵਰੁਣ ਦੇਵਤਾ ਦਾ ਕੁੱਝ ਨਾ ਕੁੱਝ ਪ੍ਰਸ਼ਾਦ ਵੰਡਦੇ ਰਹਿੰਦੇ ਸਨ, ਕਿਉਂਕਿ ਲੋਕੀ ਚੰਗੇ-ਚੰਗੇ ਕੰਮ ਕਰਦੇ ਰਹਿੰਦੇ ਸਨ।

Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques

Path Alias

/articles/vahta-daee-kandhaee-rahkhaia-itaihaasa

Post By: Hindi
×