ਉਤਪਾਦਕ ਅਤੇ ਟਿਕਾਊ ਪਰਿਵਾਰਿਕ ਖੇਤੀ

ਤਾਮਿਲਨਾਡੂ ਦੇ ਨਾਗਾਪੱਟੀਨਮ ਜ਼ਿਲੇ ਦੀ ਸਰਕਾਜ਼ੀ ਤਾਲੁਕਾ ਦੇ ਪਿੰਡ ਨਿਮੱਲੀ ਦੇ ਸ਼੍ਰੀ ਥੀਲਗਰ 7 ਏਕੜ ਖੇਤੀ ਦੇ ਮਾਲਕ ਹਨ ਅਤੇ ਆਪਣੀ ਆਜੀਵਿਕਾ ਲਈ ਪੂਰੀ ਤਰਾ ਇਸੇ ਖੇਤੀ ਉੱਪਰ ਨਿਰਭਰ ਕਰਦੇ ਹਨ। ਸੰਨ 2002 ਤੋਂ ਉਸਨੇ ਆਪਣੇ ਖੇਤ ਵਿੱਚ ਖਾਧ ਉਤਪਾਦਨ ਦੇ ਟਿਕਾਊ ਤਰੀਕਿਆਂ ਦੇ ਤਜ਼ਰਬੇ ਕਰਨੇ ਸ਼ੁਰੂ ਕੀਤੇ। ਉਸਨੇ ਖੇਤੀ ਵਿੱਚ ਰਸਾਇਣਾਂ ਦਾ ਪ੍ਰਯੋਗ ਘਟਾ ਦਿੱਤਾ। ਪ੍ਰੰਤੂ, ਜੈਵਿਕ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਬਾਰੇ ਸਹੀ ਅਗਵਾਈ ਦੀ ਕਮੀ ਕਰਕੇ ਉਹ ਪੂਰੀ ਤਰਾ ਰਸਾਇਣਾਂ ਨੂੰ ਬੰਦ ਕਰਨ ਦਾ ਫ਼ੈਸਲਾ ਨਹੀਂ ਕਰ ਸਕੇ। ਉਹ ਖੇਤੀ ਵਿੱਚ ਕੋਈ ਵੀ ਜੋਖ਼ਿਮ ਲੈਣ ਲਈ ਤਿਆਰ ਨਹੀਂ ਸਨ ਕਿਉਂਕਿ ਉਹਨਾਂ ਦੀ ਰੋਜ਼ੀ-ਰੋਟੀ ਇਸੇ ਉੱਪਰ ਹੀ ਨਿਰਭਰ ਸੀ।
ਖੇਤ ਵਿੱਚ ਜੈਵ ਵਿਭਿੰਨਤਾ ਵਿਕਸਿਤ ਕਰਨਾ
ਰਸਾਇਣਿਕ ਤੋਂ ਜੈਵਿਕ ਖੇਤੀ ਦਾ ਬਦਲਾਅ ਅਸਲ ਵਿੱਚ 2006 ਤੋਂ ਸ਼ੁਰੂ ਹੋਇਆ ਜਦੋਂ ਉਹ ਟਿਕਾਊ ਖੇਤੀ ਅਤੇ ਸੰਬੰਧਿਤ ਤਕਨੀਕਾਂ ਰਾਹੀ ਕਿਸਾਨ ਸਮੂਹਾਂ ਦਾ ਸ਼ਸ਼ਕਤੀਕਰਨ ਕਰਨ ਵਾਲੇ ਗੈਰ-ਸਰਕਾਰੀ ਸੰਗਠਨ ਸੀ ਆਈ ਕੇ ਐਸ ਨਾਲ ਕੰਮ ਕਰਨ ਵਾਲੇ ਕਿਸਾਨ ਸਮੂਹ ਦੇ ਮੈਂਬਰ ਬਣੇ। ਪੌਦਿਆਂ, ਜਾਨਵਰਾਂ ਅਤੇ ਕੁਦਰਤ ਦੇ ਪ੍ਰੇਮੀ ਥੀਲਗਰ ਨੇ ਸ਼ੁਰੂਆਤ ਵਿੱਚ ਆਪਣੀਆਂ ਖੇਤੀ ਗਤੀਵਿਧੀਆਂ ਝੋਨਾ, ਛੋਲੇ, ਮੂੰਗੀ ਅਤੇ ਸਬਜ਼ੀਆਂ ਲਗਾਉਣ ਤੱਕ ਸੀਮਿਤ ਕਰ ਲਈਆਂ।
ਥੀਲਗਰ ਦਾ ਕਹਿਣਾਂ ਹੈ ਕਿ “ਸਥਾਨਕ ਜ਼ਰੂਰਤਾਂ ਮੁਤਾਬਿਕ ਢਲੀਆਂ ਬੀਜਾਂ ਦੀਆਂ ਪ੍ਰੰਪਰਿਕ ਕਿਸਮਾਂ ਹੀ ਕਿਸਾਨ ਦਾ ਅਸਲੀ ਧਨ ਹਨ ਅਤੇ ਇਹ ਕਿਸਾਨ ਦਾ ਕਰਤੱਵ ਹੈ ਕਿ ਜਿੰਨੀਆਂ ਵੱਧ ਤੋਂ ਵੱਧ ਹੋ ਸਕੇ, ਬੀਜਾਂ ਦੀਆਂ ਕਿਸਮਾਂ ਨੂੰ ਬਚਾਉਣ।” ਆਪਣੇ ਖੇਤ ਵਿੱਚ ਉਹ ਬੀਜ ਬਚਾਉਣ ਦੇ ਉਦੇਸ਼ ਨਾਲ ਝੋਨੇ ਦੀਆਂ ਚਾਰ ਅਲੱਗ-ਅਲੱਗ ਦੇਸੀ ਕਿਸਮਾਂ- ਸੀਰਗਾ ਸਾਂਬਾ, ਮਪਿਲੱਈ ਸਾਂਬਾ, ਥਾਂਗਾ ਸਾਂਬਾ ਅਤੇ ਥੂਇਆ ਮੱਲੀ ਬੀਜਦੇ ਹਨ। ਹਾਲਾਂਕਿ, ਵੇਚਣ ਦੇ ਲਈ ਉਹ ਰਬੀ ਵਿੱਚ ਸਫਦ ਪੋਨੀ ਅਤੇ ਖਰੀਫ਼ ਵਿੱਚ ਏ ਡੀ ਟੀ 43 ਲਗਾਉਂਦੇ ਹਨ। ਔਸਤ ਤੌਰ 'ਤੇ ਉਹ ਖਰੀਫ਼ ਦੇ ਝੋਨੇ ਤੋਂ 1.26 ਲੱਖ ਦੀ ਆਮਦਨ ਅਤੇ ਰਬੀ ਵਾਲੇ ਝੋਨੇ ਤੋਂ 1.5 ਲੱਖ ਦੀ ਆਮਦਨ ਪ੍ਰਾਪਤ ਕਰਦੇ ਹਨ। ਰਬੀ ਦੌਰਾਨ, ਝੋਨੇ ਤੋਂ ਬਾਅਦ, ਉਹ ਛੇ ਏਕੜ ਵਿੱਚ ਛੋਲੇ ਲਗਾਉਂਦੇ ਹਨ ਅਤੇ 50,000 ਦੀ ਆਮਦਨ ਪ੍ਰਾਪਤ ਕਰਦੇ ਹਨ। ਉਹ ਆਪਣੇ ਖੇਤ ਦਾ ਸਾਰਾ ਉਤਪਾਦਨ ਸਰਕਾਜ਼ੀ ਵਿੱਚ ਸਰਕਾਜ਼ੀ ਜੈਵਿਕ ਕਿਸਾਨ ਸੰਘ ਨੂੰ ਵੇਚਦੇ ਹਨ ਜਿੱਥੇ ਉਹ ਬਾਜ਼ਾਰ ਕੀਮਤ ਨਾਲੋਂ ਜ਼ਿਆਦਾ ਵਧੀਆ ਕੀਮਤ ਪ੍ਰਾਪਤ ਕਰਦੇ ਹਨ।ਉਹ ਪੰਜ ਸੈਂਟ ਦੇ ਖੇਤਰ ਵਿੱਚ ਸਬਜ਼ੀਆਂ ਲਗਾਉਂਦੇ ਹਨ ਜਿੱਥੇ ਮੌਸਮ ਅਨੁਸਾਰ ਹਰ ਤਰਾ ਦੀ ਸਬਜ਼ੀ ਉਗਾਈ ਜਾਂਦੀ ਹੈ। ਹਰ ਰੋਜ਼ ਔਸਤਨ ਅਲੱਗ-ਅਲੱਗ ਤਰਾ ਦੀਆਂ ਪੰਜ ਕਿਲੋ ਸਬਜ਼ੀਆਂ ਦੀ ਕਟਾਈ ਕੀਤੀ ਜਾਂਦੀ ਹੈ ਅਤੇ ਵੇਚੀਆਂ ਜਾਂਦੀਆਂ ਹਨ। ਇਸ ਸਭ ਤੋਂ ਉਹਨਾਂ ਨੂੰ ਲਗਭਗ 18,000 ਰੁਪਏ ਸਾਲਾਨਾ ਆਮਦਨ ਮਿਲਦੀ ਹੈ। ਖੇਤ ਵਿੱਚ ਕੁੱਝ ਫ਼ਲਾਂ ਦੇ ਦਰੱਖਤ ਅੰਬ, ਅਮਰੂਦ, ਚੀਕੂ, ਅਨਾਰ, ਨਾਰੀਅਲ, ਕਰੌਦਾ, ਕੇਲਾ, ਸੁਹੰਜਨਾ, ਪਪੀਤਾ ਅਤੇ ਨਿੰਬੂ ਵੀ ਲਗਾਏ ਗਏ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਉਦੇਸ਼ੀ ਦਰੱਖਤ ਜਿਵੇਂ ਗਲੈਰੀਸੀਡੀਆ, ਨਿੰਮ, ਸਾਗਵਾਨ ਅਤੇ ਸੁਬਬੂਲ ਖੇਤ 'ਚ ਲਗਾਏ ਗਏ। ਖੇਤ ਦੀਆਂ ਵੱਟਾਂ ਉੱਪਰ ਕੀਟ ਅਤੇ ਰੋਗ ਨਿਯੰਤ੍ਰਣ ਲਈ ਵਰਤੇ ਜਾਣ ਵਾਲੇ ਪੌਦੇ ਜਿਵੇਂ ਨਿਰਗੁੰਡੀ, ਅੱਕ ਆਦਿ ਉਗਾਏ ਗਏ।
ਖੇਤ ਵਿੱਚ ਵਿਭਿੰਨ ਘਟਕਾਂ ਨੂੰ ਇਕੱਠੇ ਕਰਨਾ
ਥੀਲਗਰ ਜੈਵਿਕ ਤਰੀਕੇ ਅਪਣਾ ਕੇ ਆਪਣੇ ਖੇਤ (ਫ਼ਸਲਾਂ, ਸਬਜ਼ੀਆਂ ਅਤੇ ਰੁੱਖਾਂ ਤੋਂ) ਤੋਂ ਵਧੀਆ ਝਾੜ ਲੈ ਰਹੇ ਸਨ। ਫਿਰ ਵੀ, ਟਿਕਾਊਪਣ ਦੇ ਲਈ ਉਹਨਾਂ ਦੀ ਲਲਕ ਨੇ ਉਹਨਾਂ ਨੂੰ ਏਕੀਕ੍ਰਿਤ ਖੇਤੀ ਵੱਲ ਮੋੜ ਦਿੱਤਾ ਜਿਸ ਵਿੱਚ ਕਈ ਤਰਾ ਦੇ ਘਟਕ ਜਿਵੇਂ ਫ਼ਸਲ ਉਤਪਾਦਨ, ਸਬਜ਼ੀਆਂ, ਮੁਰਗੀ ਪਾਲਣ, ਮੱਛੀ ਪਾਲਣ, ਪਸ਼ੂਧਨ ਅਤੇ ਬੱਕਰੀਆਂ ਪਾਲਣਾ ਸ਼ਾਮਿਲ ਹੈ। ਇਹ ਜਾਣਨਾ ਬੜਾ ਹੀ ਦਿਲਚਸਪ ਹੋਵੇਗਾ ਕਿ ਆਪਣੇ ਖੇਤ ਵਿੱਚ ਕਿਸ ਤਰਾ ਉਹਨਾਂ ਨੇ ਵਿਭਿੰਨਤਾ ਲਿਆਂਦੀ ਅਤੇ ਵਿਭਿੰਨ ਘਟਕਾਂ ਨੂੰ ਖੇਤ ਵਿੱਚ ਸ਼ਾਮਿਲ ਕੀਤਾ।
ਝੋਨੇ ਦੇ ਖੇਤਾਂ ਨੂੰ ਪਾਣੀ ਨਵੇਂ ਲਗਾਏ ਟਿਊਬਵੈੱਲ ਤੋਂ ਦਿੱਤਾ ਜਾਂਦਾ ਸੀ। ਪਾਣੀ ਟੈਸਟ ਕਰਵਾਉਣ 'ਤੇ ਇਹ ਖਾਰਾ ਪਾਇਆ ਗਿਆ ਜਿਸਦਾ ਅਸਰ ਝੋਨੇ ਦੀ ਫ਼ਸਲ ਉੱਪਰ ਪੈ ਰਿਹਾ ਸੀ। ਨਿਮੱਲੀ ਪਿੰਡ ਸਮੁੰਦਰ ਕਿਨਾਰੇ ਤੋਂ 25 ਕਿਲੋਮੀਟਰ ਦੂਰ ਹੈ ਅਤੇ ਕਈ ਸਾਲਾਂ ਤੋਂ ਟਿਊਬਵੈਲਾਂ ਰਾਹੀ ਧਰਤੀ ਹੇਠਲਾ ਪਾਣੀ ਜ਼ਿਆਦਾ ਖਿੱਚਣ ਕਰਕੇ ਹੇਠਲਾ ਪਾਣੀ ਖਾਰਾ ਹੋ ਗਿਆ ਸੀ। ਪਾਣੀ ਠੀਕ ਕਰਨ ਲਈ ਅਤੇ ਖਾਰਾਪਣ ਖ਼ਤਮ ਕਰਨ ਲਈ, ਥੀਲਗਰ ਨੇ ਖੇਤ ਵਿੱਚ ਇੱਕ ਤਲਾਬ ਬਣਾਇਆ ਜਿਸ ਲਈ ਉਸਨੂੰ ਸਰਕਾਜ਼ੀ ਦੇ ਖੇਤੀਬਾੜੀ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਸਬਸੀਡੀ ਮਿਲੀ। ਤਲਾਬ ਨੂੰ ਟਿਊਬਵੱਲ ਦੇ ਪਾਣੀ ਨਾਲ ਭਰਿਆ ਗਿਆ ਅਤੇ ਦੋ ਦਿਨਾਂ ਬਾਅਦ ਪੰਪ ਨਾਲ ਪਾਣੀ ਝੋਨੇ ਨੂੰ ਲਗਾਇਆ ਗਿਆ। ਇਸ ਤਰੀਕੇ ਨੇ ਕੰਮ ਕੀਤਾ।
ਖੇਤ ਵਿੱਚ ਤਲਾਬ ਦਾ ਹੋਣਾ ਮੱਛੀ ਪਾਲਣ ਦੇ ਲਈ ਬੜਾ ਵਧੀਆ ਸੀ। ਥੀਲਗਰ ਨੇ ਮੱਛੀਆਂ ਦੀਆਂ 5 ਪ੍ਰਜਾਤੀਆਂ ਕਤਲਾ, ਮਰੀਗਲ, ਰੋਹੂ ਆਦਿ ਨਾਲ ਮੱਛੀ ਪਾਲਣ ਸ਼ੁਰੂ ਕੀਤਾ। ਉਸਨੇ ਇਹਨਾਂ ਮੱਛੀਆਂ ਨੂੰ ਇੱਕ ਕਿਲੋ ਅਜ਼ੋਲਾ ਹਰ ਰੋਜ਼ ਦੇਣ ਦੇ ਇਲਾਵਾ ਕੋਈ ਵਿਸ਼ੇਸ਼ ਖਾਣਾ ਨਹੀਂ ਦਿੱਤਾ। ਹਰ ਸਾਲ ਉਹ 1000 ਛੋਟੀਆਂ ਮੱਛੀਆਂ ਆਪਣੇ ਤਲਾਬ ਵਿੱਚ ਨਵੀਂਆਂ ਪਾਉਂਦਾ ਹੈ। ਔਸਤਨ, ਉਹ 750 ਕਿਲੋ ਮੱਛੀ ਪ੍ਰਾਪਤ ਕਰਦਾ ਹੈ ਅਤੇ 100 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦਾ ਹੈ। ਆਪਣੇ ਲਚੀਲੇਪਣ ਅਤੇ ਦ੍ਰਿੜ ਇੱਛਾ ਦੇ ਚਲਦਿਆਂ ਉਸਨੇ ਇੱਕ ਸਮੱਸਿਆ ਨੂੰ ਮੌਕੇ ਦੇ ਰੂਪ ਵਿੱਚ ਬਦਲ ਦਿੱਤਾ।
ਤਲਾਬ ਦੇ ਉੱਪਰ 5 ਫੁੱਟ ਦੀ ਉਚਾਈ 'ਤੇ 10*16*8 ਫੁੱਟ ਆਕਾਰ ਦਾ ਪਿੰਜਰਾ ਲਗਾਇਆ ਗਿਆ ਜਿਸ ਵਿੱਚ 14 ਕੰਟਰੀ ਮੁਰਗੇ/ਮੁਰਗੀਆਂ ਅਤੇ 14 ਸਫੇਦ ਲੇਗਾਨ ਪਾਲੇ ਗਏ। ਝੋਨੇ, ਅਨਾਜ ਅਤੇ ਝੋਨੇ ਦੇ ਛਿਲਕੇ ਤੋਂ ਮੁਰਗੀਆਂ ਲਈ ਫੀਡ ਤਿਆਰ ਕੀਤੀ ਗਈ। ਇਸ ਤੋਂ ਇਲਾਵਾ ਗਾਛ-ਮੂੰਗਾ (ਅਗਸਤੀ) ਸੁਹੰਜਨਾ ਅਤੇ ਅਜ਼ੋਲਾ ਵੀ ਫੀਡ ਵਿੱਚ ਮਿਲਾਏ ਗਏ। ਅੰਡਿਆਂ ਅਤੇ ਮੁਰਗੀਆਂ ਨੂੰ ਵੇਚਣ ਕਰਕੇ ਹਰ ਸਾਲ ਉਸਨੂੰ 10,000 ਰੁਪਏ ਤੱਕ ਦੀ ਆਮਦਨੀ ਪ੍ਰਾਪਤ ਹੋਈ। ਮੁਰਗੀਆਂ ਦੀਆਂ ਬਿੱਠਾਂ, ਜੋ ਕਿ ਸਿੱਧੇ ਤਲਾਬ ਵਿੱਚ ਡਿੱਗਦੀਆਂ ਸਨ, ਨਾਲ ਨਾਂ ਸਿਰਫ਼ ਮੱਛੀਆਂ ਦਾ ਪੋਸ਼ਣ ਹੋਇਆ ਬਲਕਿ ਪਾਣੀ ਦੀ ਵੀ ਗੁਣਵੱਤਾ ਵਧੀ ਜੋ ਕਿ ਸਿੰਚਾਈ ਲਈ ਵਰਤਿਆ ਜਾਣਾ ਸੀ।
ਥੀਲਗਰ ਆਪਣੇ ਖੇਤ 'ਤੇ ਸਥਾਨਕ ਅਤੇ ਕ੍ਰਾਸ=ਬ੍ਰੀਡ ਗਊਆਂ ਰੱਖੀਆਂ ਹੋਈਆਂ ਨੇ। ਗਊਆਂ ਦਾ ਗੋਬਰ ਵਰਮੀਕੰਪਸੋਟ ਅਤੇ ਬਾਇਓਗੈਸ ਬਣਾਉਣ ਲਈ ਵਰਤਿਆ ਜਾਂਦਾ ਹੈ। ਬਾਇਓਗੈਸ ਪਲਾਂਟ ਤੋਂ ਨਿਕਲਣ ਵਾਲੀ ਸੱਲਰੀ, ਵਾਧੂ ਪਾਣੀ ਅਤੇ ਪਸ਼ੂਆਂ ਦੇ ਸ਼ੈੱਡ ਤੋਂ ਗੌ-ਮੂਤਰ ਤਲਾਬ ਵਿੱਚ ਪੈਂਦਾ ਹੈ ਜੋ ਕਿ ਨਾਂ ਸਿਰਫ਼ ਸਿੰਚਾਈ ਦੇ ਲਈ ਪਾਣੀ ਨੂੰ ਪੋਸ਼ਣ-ਯੁਕਤ ਬਣਾਉਂਦਾ ਹੈ ਬਲਕਿ ਤਲਾਬ ਵਿਚਲੀਆਂ ਮੱਛੀਆਂਨੂੰ ਵੀ ਪੋਸ਼ਣ ਪ੍ਰਦਾਨ ਕਰਦੇ ਹਨ। ਗਊਆਂ ਤੋਂ ਰੋਜ਼ਾਨਾ 10-13 ਲਿਟਰ ਦੁੱਧ ਮਿਲਦਾ ਹੈ ਜੋ ਕਿ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ 20 ਰੁਪਏ ਪ੍ਰਤਿ ਲਿਟਰ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ।ਬੱਕਰੀਆਂ ਦੀ ਸਥਾਨਕ ਨਸਲ 'ਥੇਲਾਚੇਰੀ' ਦੇ ਛੇ ਬਾਲਗ ਅਤੇ 10 ਬੱਚੇ ਇੱਕ ਉੱਚ ਪੱਧਰੀ ਪਿੰਜਰੇ ਵਿੱਚ ਰੱਖਿਆ ਗਿਆ। ਇਸ ਪਿੰਜਰੇ ਰਾਹੀ ਬੱਕਰੀਆਂ ਦੀ ਸੁਰੱਖਿਆ ਦੇ ਨਾਲ-ਨਾਲ ਉਹਨਾਂ ਦੀ ਸਿਹਤ ਨੂੰ ਵੀ ਯਕੀਨੀ ਬਣਾਇਆ ਗਿਆ। ਬੱਕਰੀਆਂ ਦੀਆਂ ਮੀਂਗਣਾਂ ਖੇਤ ਵਿੱਚ ਲੱਗੇ ਰੁੱਖਾਂ ਲਈ ਖਾਦ ਦੇ ਤੌਰ 'ਤੇ ਵਰਤੀਆਂ ਗਈਆਂ। ਉਸਨੂੰ ਬੱਕਰੀਆਂ ਅਤੇ ਮੇਮਣਿਆਂ ਨੂੰ ਵੇਚਣ ਕਰਕੇ ਹਰ ਸਾਲ 50,000 ਦੇ ਲਗਭਗ ਆਮਦਨ ਪ੍ਰਾਪਤ ਹੋਈ।
ਤਲਾਬ ਦੀਆਂ ਵੱਟਾਂ ਉੱਪਰ ਚਾਰੇ ਵਾਲਾ ਘਾਹ ਬੀਜਿਆ ਗਿਆ ਜਿਸ ਨਾਲ ਦੋ ਉਦੇਸ਼ ਪੂਰੇ ਕੀਤੇ ਗਏ- ਕਿਨਾਰਿਆਂ ਦਾ ਟਿਕਾਊਪਣ ਅਤੇ ਚਾਰੇ ਦੀ ਉਪਲਬਧਤਾ। ਹਰੇ ਚਾਰੇ ਦੀਆਂ ਫ਼ਸਲਾਂ ਜਿਵੇਂ ਸੀ ਓ 3, ਸੀ ਓ 4 ਅਤੇ ਗਲੈਰੀਸੀਡੀਆ ਆਦਿ ਜੈਵਿਕ ਤਰੀਕੇ ਨਾਲ ਉਗਾਈਆਂ ਗਈਆਂ ਅਤੇ ਪਸ਼ੂਆਂ ਨੂੰ ਖਵਾਈਆਂ ਗਈਆਂ। ਇਸ ਸਭ ਨਾਲ ਪਸ਼ੂਆਂ ਨੂੰ ਸਿਹਤਮੰਦ ਰੱਖਣ ਵਿੱਚ ਮੱਦਦ ਮਿਲੀ।
ਟਿਕਾਊਪਣ ਨੂੰ ਯਕੀਨੀ ਬਣਾਉਣਾ
ਆਪਣੇ ਖੇਤ ਵਿੱਚ ਕਈ ਤਰਾ ਦੇ ਘਟਕਾਂ ਨੂੰ ਸ਼ਾਮਿਲ ਕਰਕੇ, ਥੀਲਗਰ ਨੇ ਇਹ ਯਕੀਨੀ ਬਣਾਇਆ ਕਿ ਇੱਕ ਘਟਕ ਨਾਲ ਦੂਸਰੇ ਘਟਕ ਦੀ ਵੀ ਜ਼ਰੂਰਤ ਪੂਰੀ ਹੋਵੇ, ਇਸ ਲਈ ਵਿਭਿੰਨ ਘਟਕਾਂ ਨੂੰ ਵਧੀਆ ਤਰੀਕੇ ਨਾਲ ਏਕੀਕ੍ਰਿਤ ਕੀਤਾ ਗਿਆ। ਫ਼ਸਲ ਦੀ ਰਹਿੰਦ-ਖੂੰਹਦ ਅਤੇ ਕਿਨਾਰਿਆਂ ਉੱਪਰ ਉਗਾਏ ਚਾਰੇ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਿਆ ਗਿਆ ਅਤੇ ਉਹਨਾਂ ਤੋਂ ਪ੍ਰਾਪਤ ਗੋਬਰ ਨੂੰ ਖਾਦ ਵਿੱਚ ਬਦਲ ਕੇ ਫਿਰ ਖੇਤ ਵਿੱਚ ਪਾ ਦਿੱਤਾ ਗਿਆ। ਨਾਲ ਹੀ, ਇਹਨਾਂ ਸਾਲਾਂ ਦੌਰਾਨ ਜੈਵਿਕ ਖਾਦਾਂ, ਵਰਮੀਕੰਪੋਸਟ, ਪੰਚਗਵਯ ਅਤੇ ਹਰੀ ਖਾਦ, ਮਲਚਿੰਗ ਆਦਿ ਦੇ ਲਗਾਤਾਰ ਇਸਤੇਮਾਲ ਨਾਲ ਉਸਦੀ ਮਿੱਟੀ ਦੀ ਗੁਣਵੱਤਾ ਵਿੱਚ ਬਹੁਤ ਸੁਧਾਰ ਹੋਇਆ ਜਿਸਦਾ ਪਤਾ ਉਸਦੇ ਵਧਦੇ ਝਾੜ ਤੋਂ ਲੱਗਦਾ ਹੈ। ਉਸਦੀਆਂ ਲਾਗਤਾਂ ਲਗਾਤਾਰ ਘਟ ਰਹੀਆਂ ਹਨ ਕਿਉਂਕਿ ਖੇਤ ਦੀ ਲਗਭਗ ਹਰ ਤਰਾ ਦੀ ਜ਼ਰੂਰਤ ਖੇਤ ਵਿੱਚੋ ਹੀ ਪੂਰੀ ਹੋ ਰਹੀ ਹੈ।
ਥੀਲਗਰ ਦਾ ਖੇਤ ਵਾਸਤਵ ਵਿੱਚ ਪਰਿਵਾਰਿਕ ਖੇਤ ਹੈ। ਖੇਤੀ ਦੇ ਲਈ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਬੀਜ, ਮਿੱਟੀ ਦੀ ਉਪਜਾਊ ਸ਼ਕਤੀ ਦੇ ਪ੍ਰਬੰਧਨ, ਕੀਟ ਅਤੇ ਰੋਗ ਪ੍ਰਬੰਧਨ ਦੇ ਲਈ ਜ਼ਰੂਰੀ ਸਮਾਨ ਸਭ ਖੇਤ ਤੋਂ ਹੀ ਮਿਲ ਜਾਂਦੀਆਂ ਹਨ। ਇਸਦੇ ਨਾਲ ਹੀ, ਖੇਤ ਦੀਆਂ ਜ਼ਿਆਦਾਤਰ ਗਤੀਵਿਧੀਆਂ ਪਰਿਵਾਰ ਦੇ ਮੈਂਬਰਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ। ਉਦਾਹਰਣ ਲਈ, ਉਸਦੀ ਪਤਨੀ ਕਰਪਗਮ ਵਰਮੀਕੰਪੋਸਟ ਬਣਾਉਣ, ਜੈਵਿਕ ਕੀਟਨਾਸ਼ਕ ਬਣਾਉਣ ਅਤੇ ਪਸ਼ੂਧਨ ਦੇ ਪ੍ਰਬੰਧਨ ਜਿਹੀਆਂ ਗਤੀਵਿਧੀਆਂ ਵਿੱਚ ਮੱਦਦ ਕਰਦੀ ਹੈ ਅਤੇ ਨਾਲ ਹੀ ਆਪਣੇ ਪਤੀ ਦੀ ਹਰ ਕੋਸ਼ਿਸ਼ ਵਿੱਚ ਸਹਿਯੋਗ ਕਰਦੀ ਹੈ। ਖੇਤ ਵਿੱਚ ਕਾਫ਼ੀ ਰੀਸਾਈਕਲਿੰਗ ਹੁੰਦੀ ਹੈ ਜਿਸ ਨਾਲ ਬਾਹਰੀ ਨਿਵੇਸ਼ ਲਾਗਤਾਂ ਉਪਰ ਨਿਰਭਰਤਾ ਘਟਦੀ ਹੈ।
ਇੱਕ ਅਜਿਹਾ ਖੇਤ ਜੋ ਕਿ ਬੜਾ ਉਪਜਾਊ ਹੈ, ਜਿਸਦਾ ਕਿ ਪਰਿਵਾਰ ਦੁਆਰਾ ਪ੍ਰਬੰਧਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਹਰ ਸਾਲ ਉਸਨੂੰ 4 ਲੱਖ ਰੁਪਏ ਦੀ ਆਮਦਨ ਮਿਲਦੀ ਹੈ। ਅੱਜ ਥੀਲਗਰ ਨੂੰ ਆਪਣੇ ਆਪ ਨੂੰ 'ਕਿਸਾਨ' ਕਹਾਉਣ ਵਿੱਚ ਗਰਵ ਮਹਿਸੂਸ ਹੁੰਦਾ ਹੈ।
ਅਗਾਊਲ ਜਾਣਕਾਰੀ ਲਈ ਸੰਪਰਕ ਕਰੋ- ਸ਼੍ਰੀ ਥੀਲਗਰ- 9488215244
ਆਰ ਮਾਨਿਕੰਦਨ, ਸੁਭਾਸ਼ਿਨੀ ਸ਼੍ਰੀਧਰਆਰ ਅਬਰਾਨਾ ਯੂਥਾਵਥੀ ਅਤੇ ਕੇ ਵਿਜਯਾਲਕਸ਼ਮੀਸੈਂਟਰ ਫਾਰ ਇੰਡੀਅਨ ਨੌਲੇਜ਼ ਸਿਸਟਮਸਨੰ-30, ਗਾਂਧੀ ਮੰਦਾਪਮ ਰੋਡਕੋਤੂਪੁਰਮ, ਚੇਨੱਈ 600085
Path Alias

/articles/utapaadaka-ataee-taikaau-paraivaaraika-khaeetai

Post By: kvm
×