ਤਾਲਾਬ ਬੰਨ੍ਹਦਾ ਧਰਮ ਸੁਭਾਅ


ਸ਼ਾਇਦ ਅੱਜ ਜ਼ਿਆਦਾ ਪੜ੍ਹ ਲਿਖ ਗਏ ਲੋਕ ਆਪਣੇ ਸਮਾਜ ਤੋਂ ਕਟ ਜਾਂਦੇ ਹਨ। ਪਰ ਉਦੋਂ ਵੱਡੇ ਵਿਦਿਆ ਕੇਂਦਰਾਂ ਵਿੱਚੋਂ ਨਿੱਕਲਣ ਵਾਲੇ ਵਿਦਿਆਰਥੀਆਂ ਨਾਲ ਤਾਲਾਬ ਬਣਾਉਣ ਦੀਆਂ ਕਹਾਣੀਆਂ ਜੁੜ ਜਾਂਦੀਆਂ ਸਨ। ਮਧੂਬਨੀ, ਦਰਭੰਗਾ ਖੇਤਰਾਂ ਵਿੱਚ ਇਹ ਰਵਾਇਤ ਬਹੁਤ ਬਾਅਦ ਤੱਕ ਚਲਦੀ ਰਹੀ ਹੈ।

ਜਿਹੜਾ ਸਮਾਜ ਨੂੰ ਜੀਵਨ ਦੇਵੇ, ਉਸਨੂੰ ਨਿਰਜੀਵ ਕਿਵੇਂ ਮੰਨਿਆ ਜਾ ਸਕਦਾ ਹੈ? ਤਾਲਾਬਾਂ ਨੂੰ, ਕੁਦਰਤੀ ਜਲ ਸਰੋਤਾਂ ਨੂੰ ਜੀਵਨ ਮੰਨਿਆ ਗਿਆ ਅਤੇ ਸਮਾਜ ਨੇ ਉਨ੍ਹਾਂ ਦੇ ਚਾਰੋ ਪਾਸੇ ਆਪਣੇ ਜੀਵਨ ਨੂੰ ਰਚਿਆ। ਜਿਸ ਨਾਲ ਜਿੰਨਾ ਨਜ਼ਦੀਕੀ ਸਬੰਧ ਹੋਵੇ, ਜਿੰਨਾ ਪ੍ਰੇਮ ਹੋਵੇ, ਮਨ ਉਸਦੇ ਓਨੇਂ ਹੀ ਨਾਂ ਰੱਖ ਲੈਂਦਾ ਹੈ। ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਵਿੱਚ, ਭਾਸ਼ਾਵਾਂ ਵਿੱਚ, ਬੋਲੀਆਂ ਵਿੱਚ ਤਾਲਾਬਾਂ ਦੇ ਅਨੇਕ ਨਾਂ ਹਨ। ਬੋਲੀਆਂ ਦੇ ਸ਼ਬਦ ਕੋਸ਼ਾਂ ਵਿੱਚ, ਉਨ੍ਹਾਂ ਦੇ ਵਿਆਕਰਣ ਗ੍ਰੰਥਾਂ ਵਿੱਚ, ਸਮਾਨਾਰਥੀ ਸ਼ਬਦਾਂ ਦੀ ਸੂਚੀ ਵਿੱਚ ਤਾਲਾਬਾਂ ਦੇ ਅਨੇਕਾਂ ਨਾਂ ਹਨ। ਡਿੰਗਲ ਭਾਸ਼ਾ ਦੇ ਵਿਆਕਰਣ ਦੇ ਗ੍ਰੰਥ ਹਮੀਰ ਨਾਮ ਦੀ ਮਾਲਾ ਵਿੱਚ ਤਾਲਾਬਾਂ ਦੇ ਉਨ੍ਹਾਂ ਦੇ ਸੁਭਾਅ ਦਾ ਵਰਨਣ ਕਰਦਿਆਂ ਤਾਲਾਬਾਂ ਨੂੰ 'ਧਰਮ ਸੁਭਾਅ' ਵੀ ਕਿਹਾ ਗਿਆ ਹੈ।

ਲੋਕ ਧਰਮ ਸੁਭਾਅ ਨਾਲ ਜੁੜ ਜਾਂਦਾ ਹੈ। ਪ੍ਰਸੰਗ ਜੇਕਰ ਸੁੱਖ ਦਾ ਹੋਵੇ ਤਾਂ ਤਾਲਾਬ ਬਣ ਜਾਵੇਗਾ। ਪ੍ਰਸੰਗ ਜੇਕਰ ਦੁੱਖ ਦਾ ਹੋਵੇ ਤਾਂ ਵੀ ਤਾਲਾਬ ਬਣ ਜਾਏਗਾ। ਜੈਸਲਮੇਰ, ਬਾੜਮੇਰ ਵਿੱਚ ਪਰਿਵਾਰ ਦੇ ਸਾਧਨ ਜੇ ਘੱਟ ਹੁੰਦੇ ਸਨ, ਪੂਰਾ ਤਾਲਾਬ ਬਣਾਉਣ ਦੀ ਗੁੰਜਾਇਸ਼ ਨਹੀਂ ਹੁੰਦੀ ਸੀ ਤਾਂ ਸੀਮਤ ਸਾਧਨਾਂ ਨਾਲ ਪੁਰਾਣੇ ਤਾਲਾਬਾਂ ਦੀ ਹੀ ਮੁਰੰਮਤ ਕਰ ਲਈ ਜਾਂਦੀ। ਮੌਤ ਕਿਸ ਪਰਿਵਾਰ ਵਿੱਚ ਨਹੀਂ ਆਉਂਦੀ?

ਹਰ ਪਰਿਵਾਰ ਆਪਣੇ ਚਹੇਤੇ ਦੇ ਦੁੱਖ ਨੂੰ ਸਮਾਜ ਦੇ ਸੁੱਖ ਲਈ ਤਾਲਾਬ ਨਾਲ ਜੋੜ ਦਿੰਦਾ ਸੀ। ਪੂਰੇ ਸਮਾਜ ਉੱਤੇ ਜਦੋਂ ਦੁੱਖ ਆਉਂਦਾ, ਅਕਾਲ ਪੈਂਦਾ, ਉਦੋਂ ਵੀ ਤਾਲਾਬ ਬਣਾਉਣ ਦਾ ਕੰਮ ਕੀਤਾ ਜਾਂਦਾ। ਲੋਕਾਂ ਨੂੰ ਫੌਰੀ ਰਾਹਤ ਮਿਲਦੀ ਅਤੇ ਪਾਣੀ ਦਾ ਇੰਤਜ਼ਾਮ ਹੋਣ ਤੋਂ ਬਾਅਦ ਵੀ, ਕਦੀ ਆ ਸਕਣ ਵਾਲੇ ਦੁੱਖ ਨੂੰ ਸਹਿ ਸਕਣ ਦੀ ਸ਼ਕਤੀ ਸਮਾਜ ਵਿੱਚ ਪੈਦਾ ਹੁੰਦੀ ਸੀ। ਬਿਹਾਰ ਦੇ ਮਧੂਬਨੀ ਇਲਾਕੇ ਵਿੱਚ ਛੇਵੀਂ ਸਦੀ ਵਿੱਚ ਇੱਕ ਵੱਡੇ ਅਕਾਲ ਦੇ ਸਮੇਂ ਪੂਰੇ ਖੇਤਰ ਦੇ ਪਿੰਡਾਂ ਨੇ ਆਪਸ ਵਿੱਚ ਮਿਲ ਕੇ 63 ਤਾਲਾਬ ਬਣਾਏ ਸਨ। ਇੰਨੀ ਵੱਡੀ ਯੋਜਨਾ ਬਣਾਉਣ ਤੋਂ ਲੈ ਕੇ ਉਸਨੂੰ ਪੂਰੀ ਕਰਨ ਤੱਕ ਕਿੰਨਾ ਵੱਡਾ ਸੰਗਠਨ ਬਣਿਆ ਹੋਵੇਗਾ, ਕਿੰਨੇ ਸਾਧਨ ਜੁਟਾਏ ਹੋਣਗੇ, ਨਵੇਂ ਲੋਕ, ਨਵੀਆਂ ਸਮਾਜਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਸੋਚ ਕੇ ਤਾਂ ਵੇਖਣ! ਮਧੂਬਨੀ ਦੇ ਇਹ ਤਾਲਾਬ ਅੱਜ ਵੀ ਹਨ, ਲੋਕੀ ਇਨ੍ਹਾਂ ਤਾਲਾਬਾਂ ਨੂੰ ਬਣਾਉਣ ਵਾਲਿਆਂ ਨੂੰ ਅੱਜ ਵੀ ਸ਼ੁਕਰਾਨੇ ਨਾਲ ਯਾਦ ਕਰਦੇ ਹਨ।

ਕਿਤੇ ਇਨਾਮ ਵਜੋਂ ਤਾਲਾਬ ਬਣਾ ਦਿੱਤਾ ਜਾਂਦਾ ਸੀ ਤੇ ਕਿਤੇ ਤਾਲਾਬ ਬਣਾਉਣ ਦਾ ਇਨਾਮ ਮਿਲਦਾ ਸੀ। ਗੋਂਡ ਰਾਜਿਆਂ ਦੀਆਂ ਹੱਦਾਂ ਵਿੱਚ ਜਿਹੜਾ ਵੀ ਤਾਲਾਬ ਬਣਦਾ, ਉਸਦੇ ਥੱਲੇ ਦੀ ਜ਼ਮੀਨ ਦਾ ਲਗਾਨ ਨਹੀਂ ਦੇਣਾ ਪੈਂਦਾ ਸੀ। ਸੰਭਲਪੁਰ ਖੇਤਰ ਵਿੱਚ ਇਹ ਰਵਾਇਤ ਖ਼ਾਸ ਤੌਰ ਨਾਲ ਪ੍ਰਚਲਿਤ ਸੀ।

ਦੰਡ ਵਿਧਾਨ ਵਿੱਚ ਵੀ ਤਾਲਾਬ ਦਾ ਜ਼ਿਕਰ ਮਿਲਦਾ ਹੈ। ਬੁੰਦੇਲਖੰਡ ਦੀਆਂ ਜਾਤਾਂ ਦੇ ਝਗੜੇ ਵਿੱਚ ਪੰਚਾਇਤਾਂ ਜਦੋਂ ਕਿਸੇ ਨੂੰ ਸਜ਼ਾ ਦਿੰਦੀਆਂ ਤਾਂ ਤਾਲਾਬ ਬਣਾਉਣ ਲਈ ਕਹਿੰਦੀਆਂ ਸਨ। ਇਹ ਰਵਾਇਤ ਅੱਜ ਵੀ ਰਾਜਸਥਾਨ ਵਿੱਚ ਚੱਲਦੀ ਹੈ। ਅਲਵਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਗੋਪਾਲਪੁਰਾ ਵਿੱਚ ਪੰਚਾਇਤੀ ਫ਼ੈਸਲੇ ਨਾ ਮੰਨਣ ਵਾਲਿਆਂ ਤੋਂ ਕੁੱਝ ਪੈਸਾ ਸਜ਼ਾ ਵਜੋਂ ਪੰਚਾਇਤ ਕੋਸ਼ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ। ਉਸ ਪੈਸੇ ਨਾਲ ਉੱਥੇ ਪਿਛਲੇ ਸਮੇਂ ਦੌਰਾਨ ਛੋਟੇ-ਛੋਟੇ ਤਾਲਾਬ ਬਣਵਾਏ ਗਏ ਹਨ।

ਦੱਬਿਆ ਹੋਇਆ ਖ਼ਜ਼ਾਨਾ ਜੇਕਰ ਕਿਸੇ ਦੇ ਹੱਥ ਲੱਗ ਜਾਂਦਾ ਤਾਂ ਉਸ ਨੂੰ ਆਪਣੇ 'ਤੇ ਨਹੀਂ, ਸਗੋਂ ਲੋਕਾਂ ਦੀ ਭਲਾਈ 'ਤੇ ਖ਼ਰਚਣ ਦੀ ਪਰੰਪਰਾ ਰਹੀ ਹੈ। ਪਰਉਪਕਾਰ ਦਾ ਮਤਲਬ ਅਕਸਰ ਇਹ ਹੁੰਦਾ ਸੀ ਕਿ ਸੰਬੰਧਿਤ ਵਿਅਕਤੀ ਤਾਲਾਬ ਬਣਵਾਵੇ ਜਾਂ ਉਸਦੀ ਮੁਰੰਮਤ ਕਰਾਵੇ। ਕਿਹਾ ਜਾਂਦਾ ਹੈ ਕਿ ਬੁੰਦੇਲਖੰਡ ਦੇ ਮਹਾਰਾਜ ਛਤਰਸਾਲ ਦੇ ਪੁੱਤਰ ਨੂੰ ਦੱਬੇ ਹੋਏ ਖ਼ਜ਼ਾਨੇ ਦਾ ਪਤਾ ਲੱਗਿਆ ਸੀ। ਉਸ ਨੇ ਉਹ ਖ਼ਜ਼ਾਨਾ ਪੁੱਟ ਸੁੱਟਿਆ। ਮਹਾਰਾਜ ਨੂੰ ਪਤਾ ਚੱਲਿਆ ਤਾਂ ਉਹ ਬੇਹੱਦ ਨਾਰਾਜ਼ ਹੋਏ। ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਖ਼ਜ਼ਾਨਾ ਪੁੱਟ ਹੀ ਲਿਆ ਹੈ ਤਾਂ ਉਸ ਨੂੰੰ ਚੰਗੇ ਕੰਮ ਵਿੱਚ ਲਾਉਣਾ ਤੇਰਾ ਫ਼ਰਜ਼ ਬਣਦਾ ਹੈ। ਪਿਤਾ ਨੇ ਪੁੱਤਰ ਨੂੰ ਹੁਕ+ਮ ਦਿੱਤਾ ਕਿ 'ਚੰਦੇਲਾਂ ਵੱਲੋਂ ਬਣਵਾਏ ਹਰੇਕ ਤਾਲਾਬ ਦੀ ਮੁਰੰਮਤ ਕਰਵਾਈ ਜਾਏ ਅਤੇ ਨਵੇਂ ਤਾਲਾਬ ਬਣਵਾਏ ਜਾਣ।' ਖ਼ਜ਼ਾਨਾ ਬਹੁਤ ਵੱਡਾ ਸੀ। ਪੁਰਾਣੇ ਤਾਲਾਬਾਂ ਦੀ ਮੁਰੰਮਤ ਹੋ ਗਈ ਅਤੇ ਨਵੇਂ ਵੀ ਬਣਨੇ ਸ਼ੁਰੂ ਹੋ ਗਏ। ਵੰਸ਼ਾਵਲੀ ਦੇਖ ਕੇ ਬਿਕਰਮੀ ਸੰਮਤ 286 ਤੋਂ 1162 ਤੱਕ ਦੀਆਂ 22 ਪੀੜ੍ਹੀਆਂ ਦੇ ਨਾਵਾਂ ਉੱਤੇ ਪੂਰੇ 22 ਵੱਡੇ-ਵੱਡੇ ਤਾਲਾਬ ਬਣਵਾਏ ਗਏ। ਇਹ ਬੁੰਦੇਲਖੰਡ ਵਿੱਚ ਅੱਜ ਵੀ ਹਨ।

ਦੱਬਿਆ ਪੈਸਾ ਹਰੇਕ ਨੂੰ ਨਹੀਂ ਮਿਲਦਾ। ਪਰ ਹਰੇਕ ਨੂੰ ਤਾਲਾਬ ਨਾਲ ਜੋੜ ਕੇ ਦੇਖਣ ਦੀਆਂ ਮਾਨਤਾਵਾਂ ਵੀ ਸਮਾਜ ਵਿੱਚ ਰਹੀਆਂ ਹਨ। ਮੱਸਿਆ ਅਤੇ ਪੁੰਨਿਆ ਨੂੰ ਸਮਾਜਿਕ ਕੰਮਾਂ ਲਈ ਸ਼ੁਭ ਮੰਨਿਆ ਗਿਆ ਹੈ। ਇਨ੍ਹਾਂ ਦੋਹਾਂ ਦਿਨਾਂ ਨੂੰ ਆਪਣੇ ਨਿਜੀ ਕੰਮ ਛੱਡ ਕੇ ਸਮਾਜਕ ਕੰਮਾਂ ਨਾਲ ਜੁੜਨ ਦੇ ਦਿਨ ਮੰਨਿਆ ਗਿਆ ਹੈ। ਕਿਸਾਨ ਮੱਸਿਆ ਅਤੇ ਪੁੰਨਿਆ ਨੂੰ ਆਪਣੇ ਖੇਤਾਂ ਵਿੱਚ ਕੰਮ ਨਹੀਂ ਕਰਦੇ ਸਨ। ਇਸ ਸਮੇਂ ਦੀ ਵਰਤੋਂ ਉਹ ਆਪਣੇ ਖੇਤਰ ਦੇ ਤਾਲਾਬਾਂ ਦੀ ਮੁਰੰਮਤ ਲਈ ਕਰਦੇ ਸਨ। ਸਮਾਜ ਵਾਸਤੇ ਕਿਰਤ ਵੀ ਪੂੰਜੀ ਹੀ ਹੈ। ਪੂੰਜੀ ਦੀ ਵਰਤੋਂ ਆਪਣੇ ਨਿਜੀ ਹਿਤ ਤੋਂ ਇਲਾਵਾ ਸਮਾਜ ਦੇ ਭਲੇ ਲਈ ਵੀ ਕੀਤੀ ਜਾਂਦੀ ਸੀ।ਕਿਰਤ ਦੇ ਨਾਲ-ਨਾਲ ਪੂੰਜੀ ਦਾ ਵੱਖਰਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ। ਇਸ ਪੂੰਜੀ ਦੀ ਲੋੜ ਅਕਸਰ ਠੰਢ ਤੋਂ ਬਾਅਦ ਪਾਣੀ ਉੱਤਰਨ ਮਗਰੋਂ ਪੈਂਦੀ ਸੀ।

ਜਦੋਂ ਗਰਮੀ ਦਾ ਮੌਸਮ ਸਾਹਮਣੇ ਖੜ੍ਹਾ ਹੁੰਦਾ ਸੀ ਤਾਂ ਉਸ ਸਮੇਂ ਨੂੰ ਤਾਲਾਬ ਦੀ ਮੁਰੰਮਤ ਲਈ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਸੀ। ਸਾਲ ਦੀਆਂ 12 ਪੂਰਨਮਾਸ਼ੀਆਂ ਵਿੱਚੋਂ ਗਿਆਰਾਂ ਨੂੰ ਕਿਰਤਦਾਨ ਵਾਸਤੇ ਰੱਖਿਆ ਜਾਂਦਾ ਰਿਹਾ ਹੈ। ਪੁੰਨਿਆ ਨੂੰ ਤਾਲਾਬ ਲਈ ਕਣਕ ਅਤੇ ਪੈਸਾ ਇਕੱਠਾ ਕਰਨ ਦੀ ਪ੍ਰੰਪਰਾ ਰਹੀ ਹੈ। ਛੱਤੀਸਗੜ੍ਹ ਵਿੱਚ ਉਸ ਦਿਨ ਛੇਰ-ਛੇਰਾ ਤਿਓਹਾਰ ਮਨਾਇਆ ਜਾਂਦਾ ਹੈ। ਉਸ ਦਿਨ ਲੋਕੀਂ ਇਕੱਠੇ ਹੋ ਕੇ ਨਿੱਕਲਦੇ ਹਨ, ਗੀਤ ਗਾਉਂਦੇ ਜਾਂਦੇ ਹਨ, ਘਰ-ਘਰ ਜਾ ਕੇ ਚੌਲ ਇਕੱਠੇ ਕਰਦੇ ਹਨ। ਫ਼ਸਲ ਵੱਢ ਕੇ ਘਰ ਆ ਚੁੱਕੀ ਹੁੰਦੀ ਹੈ। ਹਰੇਕ ਘਰ ਆਪਣੀ ਗੁੰਜਾਇਸ਼ ਦੇ ਮੁਤਾਬਿਕ+ ਦਾਨ ਕਰਦਾ ਹੈ। ਇਸ ਤਰ੍ਹਾਂ ਜਮ੍ਹਾਂ ਕੀਤਾ ਚੌਲ ਪਿੰਡ ਦੇ ਖ਼ਜ਼ਾਨੇ ਵਿੱਚ ਰੱਖਿਆ ਜਾਂਦਾ ਹੈ। ਇਸੇ ਖ਼ਜ਼ਾਨੇ ਦੀ ਜਮ੍ਹਾਂ ਰਾਸ਼ੀ ਵਿੱਚੋਂ ਆਉਣ ਵਾਲੇ ਦਿਨਾਂ ਵਿੱਚ ਤਾਲਾਬ ਦੀ ਟੁੱਟ-ਭੱਜ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ।

ਸਾਂਝੇ ਤਾਲਾਬਾਂ ਵਿੱਚ ਤਾਂ ਸਭ ਦੀ ਕਿਰਤ ਤੇ ਪੂੰਜੀ ਲਗਦੀ ਹੀ ਸੀ, ਨਿਜੀ ਤਾਲਾਬਾਂ ਵਿੱਚ ਵੀ ਲੋਕਾਂ ਦਾ ਯੋਗਦਾਨ ਜ਼ਰੂਰੀ ਮੰਨਿਆ ਜਾਂਦਾ ਸੀ। ਤਾਲਾਬ ਬਣਾਉਣ ਮਗਰੋਂ, ਉਸ ਇਲਾਕ ਦੀ ਸ਼ਾਮਲਾਟ ਜ਼ਮੀਨਾਂ ਤੋਂ ਲਿਆਂਦੀ ਮਿੱਟੀ ਤਾਲਾਬ ਵਿੱਚ ਪਾਉਣ ਦੀ ਰੀਤ ਅੱਜ ਵੀ ਹੈ। ਛੱਤੀਸਗੜ੍ਹ ਵਿੱਚ ਤਾਲਾਬ ਬਣਦਿਆਂ ਹੀ ਉਸ ਵਿੱਚ ਅਸਤਬਲ, ਹਾਥੀਖਾਨਾ, ਬਾਜ਼ਾਰ, ਸ਼ਮਸ਼ਾਨ ਘਾਟ, ਵੇਸਵਾ ਘਰ, ਅਖਾੜਿਆਂ, ਮੰਦਿਰ ਅਤੇ ਸਕੂਲਾਂ ਦੀ ਮਿੱਟੀ ਪਾਈ ਜਾਂਦੀ ਸੀ।

ਸ਼ਾਇਦ ਅੱਜ ਜ਼ਿਆਦਾ ਪੜ੍ਹ ਲਿਖ ਗਏ ਲੋਕ ਆਪਣੇ ਸਮਾਜ ਤੋਂ ਕਟ ਜਾਂਦੇ ਹਨ। ਪਰ ਉਦੋਂ ਵੱਡੇ ਵਿਦਿਆ ਕੇਂਦਰਾਂ ਵਿੱਚੋਂ ਨਿੱਕਲਣ ਵਾਲੇ ਵਿਦਿਆਰਥੀਆਂ ਨਾਲ ਤਾਲਾਬ ਬਣਾਉਣ ਦੀਆਂ ਕਹਾਣੀਆਂ ਜੁੜ ਜਾਂਦੀਆਂ ਸਨ। ਮਧੂਬਨੀ, ਦਰਭੰਗਾ ਖੇਤਰਾਂ ਵਿੱਚ ਇਹ ਰਵਾਇਤ ਬਹੁਤ ਬਾਅਦ ਤੱਕ ਚਲਦੀ ਰਹੀ ਹੈ।

ਤਾਲਾਬਾਂ ਵਿੱਚ ਪ੍ਰਾਣ ਹਨ। ਇਸ ਕਰਕੇ ਪ੍ਰਾਣ ਪ੍ਰਤਿਸ਼ਠਾ ਦਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਉਸੇ ਦਿਨ ਉਸਦਾ ਨਾਂ ਵੀ ਰੱਖਿਆ ਜਾਂਦਾ ਸੀ। ਕਿਤੇ-ਕਿਤੇ ਤਾਮਰਪੱਤਰ ਜਾਂ ਸ਼ਿਲਾਲੇਖ ਉੱਤੇ ਪੂਰਾ ਵੇਰਵਾ ਵੀ ਉੱਕਰਿਆ ਜਾਂਦਾ ਸੀ।ਕਿਤੇ-ਕਿਤੇ ਤਾਲਾਬਾਂ ਦਾ ਪੂਰੀ ਵਿਧੀ ਨਾਲ ਵਿਆਹ ਵੀ ਹੁੰਦਾ ਸੀ। ਛੱਤੀਸਗੜ੍ਹ ਵਿੱਚ ਇਹ ਰਵਾਇਤ ਅੱਜ ਵੀ ਜਾਰੀ ਹੈ। ਵਿਆਹ ਤੋਂ ਪਹਿਲਾਂ ਤਾਲਾਬ ਦੇ ਪਾਣੀ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਨਾ ਉਸ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਅਤੇ ਨਾ ਹੀ ਤਾਲਾਬ ਨੂੰ ਪਾਰ ਕੀਤਾ ਜਾਂਦਾ ਸੀ। ਵਿਆਹ ਵਿੱਚ ਇਲਾਕੇ ਦੇ ਸਾਰੇ ਲੋਕ, ਹੁਮ-ਹੁਮਾ ਕੇ ਆਉਂਦੇ। ਆਲੇ-ਦੁਆਲੇ ਦੇ ਮੰਦਰਾਂ 'ਚੋਂ ਮਿੱਟੀ ਲਿਆਂਦੀ ਜਾਂਦੀ, ਗੰਗਾ ਜਲ ਲਿਆਂਦਾ ਜਾਂਦਾ, ਇਸੇ ਦੇ ਨਾਲ ਹੋਰ ਪੰਜ-ਸੱਤ ਖੂਹਾਂ ਜਾਂ ਤਾਲਾਬਾਂ ਦਾ ਪਾਣੀ ਮਿਲਾ ਕੇ ਵਿਆਹ ਪੂਰਾ ਹੁੰਦਾ। ਕਿਤੇ-ਕਿਤੇ ਤਾਲਾਬ ਬਣਾਉਣ ਵਾਲੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਦਹੇਜ ਤੱਕ ਦਾ ਵੀ ਪ੍ਰਬੰਧ ਕਰਦੇ ਸਨ। ਵਿਆਹ ਦੀ ਯਾਦਗਾਰ ਵੀ ਬਣਾਈ ਜਾਂਦੀ। ਬਹੁਤ ਬਾਅਦ ਵਿੱਚ ਜਦੋਂ ਤਾਲਾਬ ਦੀ ਸਫ਼ਾਈ ਵਗ਼ੈਰਾ ਹੁੰਦੀ, ਉਦੋਂ ਵੀ ਉਸ ਘਟਨਾ ਦੀ ਯਾਦ ਵਿੱਚ ਥੰਮ੍ਹ ਲਗਾਉਣ ਦੀ ਰਵਾਇਤ ਰਹੀ ਹੈ।


ਕੋਈ ਤਾਲਾਬ ਇਕੱਲਾ ਨਹੀਂ ਹੈ। ਉਹ ਭਰੇ-ਪੂਰੇ ਪਰਿਵਾਰ ਦਾ ਜੀਅ ਹੈ। ਉਸ ਵਿੱਚ ਸਭ ਲਈ ਪਾਣੀ ਹੈ, ਉਸਦਾ ਪਾਣੀ ਸਭ ਵਿੱਚ ਹੈ। ਅਜਿਹੀ ਮਾਨਤਾ ਰੱਖਣ ਵਾਲਿਆਂ ਨੇ ਸੱਚਮੁੱਚ ਇੱਕ ਅਜਿਹਾ ਤਾਲਾਬ ਬਣਾ ਦਿੱਤਾ ਸੀ। ਜਗਨਨਾਥ ਪੁਰੀ ਮੰਦਰ ਦੇ ਕੋਲ ਬਿੰਦੂ ਸਾਗਰ ਵਿੱਚ ਦੇਸ਼ ਭਰ ਦੇ ਸਾਰੇ ਜਲ-ਸ੍ਰੋਤਾਂ ਦਾ, ਨਦੀਆਂ ਦਾ ਅਤੇ ਸਮੁੰਦਰਾਂ ਦਾ ਪਾਣੀ ਮਿਲਿਆ ਹੈ। ਦੂਰ-ਦੂਰ ਤੋਂ, ਵੱਖ-ਵੱਖ ਦਿਸ਼ਾਵਾਂ ਤੋਂ ਪੁਰੀ ਆਉਣ ਵਾਲੇ ਭਗਤ ਆਪਣੇ ਨਾਲ ਆਪਣੇ ਖੇਤਰਾਂ ਦਾ ਪਾਣੀ ਲੈ ਕੇ ਆਉਂਦੇ ਹਨ ਅਤੇ ਬਿੰਦੂ ਸਾਗਰ ਨੂੰ ਅਰਪਿਤ ਕਰ ਦਿੰਦੇ ਹਨ।

ਅੱਜ ਵੱਡੇ ਸ਼ਹਿਰਾਂ ਦੀ ਪਰਿਭਾਸ਼ਾ ਉਸ ਦੀ ਆਬਾਦੀ ਨਿਸ਼ਚਿਤ ਕਰਦੀ ਹੈ। ਪਹਿਲਾਂ ਵੱਡੇ ਸ਼ਹਿਰ ਜਾਂ ਪਿੰਡ ਦੀ ਪਰਿਭਾਸ਼ਾ ਉਸਦੇ ਤਾਲਾਬਾਂ ਦੀ ਗਿਣਤੀ ਨਿਸ਼ਚਿਤ ਕਰਦੀ ਸੀ। ਕਿੰਨੀ ਆਬਾਦੀ ਵਾਲਾ ਸ਼ਹਿਰ ਜਾਂ ਪਿੰਡ ਹੈ, ਇਸ ਦੀ ਥਾਂ ਪੁੱਛਿਆ ਜਾਂਦਾ ਸੀ ਕਿ ਕਿੰਨੇ ਤਾਲਾਬਾਂ ਵਾਲਾ ਪਿੰਡ ਹੈ। ਅੱਜ ਦੇ ਬਿਲਾਸਪੁਰ ਜ਼ਿਲ੍ਹੇ ਦੇ ਮਲਹਾਰ ਖੇਤਰ ਵਿੱਚ, ਜਿਹੜਾ ਈਸਾ ਤੋਂ ਪਹਿਲਾਂ ਵਸਿਆ ਸੀ, ਪੂਰੇ 126 ਤਾਲਾਬ ਸਨ। ਉਸੇ ਖੇਤਰ ਵਿੱਚ ਰਤਨਪੁਰ, ਖਰੌਦੀ, ਰਾਇਪੁਰ ਦੇ ਆਰੰਗ ਤੇ ਕੁਬਰਾ ਅਤੇ ਸਰਗੁਜਾ ਜ਼ਿਲ੍ਹੇ ਦੇ ਦੀਪਾਡੀਹ ਪਿੰਡ ਵਿੱਚ ਅੱਜ ਅੱਠ ਸੌ-ਹਜ਼ਾਰ ਸਾਲ ਬਾਅਦ ਵੀ ਪੂਰੇ 126 ਤਾਲਾਬ ਗਿਣੇ ਜਾ ਸਕਦੇ ਹਨ।

ਇਨ੍ਹਾਂ ਤਾਲਾਬਾਂ ਦੇ ਲੰਮੇ ਜੀਵਨ ਦਾ ਇੱਕ ਵੱਡਾ ਕਾਰਨ ਸੀ, ਲੋਕਾਂ ਦੀ ਮਮਤਾ। ਇਹ ਮੇਰਾ ਹੈ, ਸਾਡਾ ਆਪਣਾ ਹੈ। ਅਜਿਹੀ ਸ਼ਰਧਾ ਤੋਂ ਬਾਅਦ ਰੱਖ-ਰਖਾਅ ਵਰਗੇ ਸ਼ਬਦ ਬਹੁਤ ਬੌਣੇ ਲੱਗਣ ਲੱਗ ਜਾਂਦੇ ਹਨ। ਭੁਜਲੀਆ ਦੇ ਅੱਠੋ ਅੰਗ ਪਾਣੀ ਵਿੱਚ ਡੁੱਬ ਸਕਣ, ਇੰਨਾ ਪਾਣੀ ਤਾਲਾਬ ਵਿੱਚ ਰਹੇ, ਅਜਿਹੇ ਗੀਤ ਗਾਉਣ ਵਾਲੀਆਂ, ਅਜਿਹੀ ਕਾਮਨਾ ਕਰਨ ਵਾਲੀਆਂ ਔਰਤਾਂ ਸਨ ਉਨ੍ਹਾਂ ਦੇ ਪਿੱਛੇ ਪੂਰਾ ਸਮਾਜ ਵੀ ਸੀ, ਜਿਹੜਾ ਆਪਣਾ ਫ਼ਰਜ਼ ਪੂਰਾ ਕਰਨ ਲਈ ਅਜਿਹਾ ਵਾਤਾਵਰਣ ਬਣਾਉਂਦਾ ਸੀ। ਘਰਗੈਲ, ਘਰਮੈਲ ਭਾਵ ਸਾਰੇ ਘਰਾਂ ਵਿੱਚ ਮੇਲ ਦੇ ਹਿਸਾਬ ਨਾਲ ਤਾਲਾਬਾਂ ਦਾ ਕੰਮ ਹੁੰਦਾ ਸੀ।

ਸਭ ਦਾ ਮੇਲ ਤੀਰਥ ਹੈ। ਜਿਹੜਾ ਤੀਰਥ ਨਾ ਜਾ ਸਕੇ, ਉਹ ਆਪਣੇ ਇਲਾਕੇ ਵਿੱਚ ਤਾਲਾਬ ਬਣਾ ਕੇ ਪੁੰਨ ਕਮਾ ਸਕਦਾ ਸੀ। ਤਾਲਾਬ ਬਣਾਉਣ ਵਾਲੇ ਪੁੰਨਆਤਮਾ ਮੰਨੇ ਜਾਂਦੇ ਸਨ, ਮਹਾਤਮਾ ਕਹਾਉਂਦੇ ਸਨ। ਜਿਹੜਾ ਤਾਲਾਬ ਬਚਾਏ ਉਸਦੀ ਵੀ ਓਨੀ ਹੀ ਮਾਨਤਾ ਸੀ। ਇਸੇ ਤਰ੍ਹਾਂ ਤਾਲਾਬ ਵੀ ਤੀਰਥ ਸੀ। ਉੱਥੇ ਮੇਲੇ ਲਗਦੇ, ਮੇਲਿਆਂ ਉੱਤੇ ਇਕੱਠਾ ਹੋਣ ਵਾਲਾ ਸਮਾਜ ਤਾਲਾਬ ਨੂੰ ਆਪਣੀਆਂ ਅੱਖਾਂ ਅਤੇ ਮਨ ਵਿੱਚ ਵਸਾ ਲੈਂਦਾ ਸੀ।

ਤਾਲਾਬ ਹਮੇਸ਼ਾ ਸਮਾਜ ਦੇ ਮਨ ਵਿੱਚ ਰਿਹਾ ਹੈ, ਕਿਤੇ-ਕਿਤੇ ਉਸਦੇ ਤਨ ਵਿੱਚ ਵੀ। ਬਹੁਤ ਸਾਰੇ ਬਨਵਾਸੀ ਸਮਾਜ ਤਾਲਾਬ, ਬੌੜੀ ਆਪਣੇ ਸਰੀਰ ਦੇ ਅੰਗਾਂ ਉੱਤੇ ਗੁਦਵਾਉਂਦੇ ਹਨ। ਗੁਦਵਾਏ ਹੋਏ ਚਿੰਨ੍ਹਾਂ ਵਿੱਚ ਪਸ਼ੂ-ਪੰਛੀਆਂ ਤੋਂ ਇਲਾਵਾ ਫੁੱਲ ਆਦਿ ਦੇ ਨਾਲ-ਨਾਲ ਸਾਰਿਆਂ ਸਮਾਜਾਂ ਵਿੱਚ ਸੀਤਾ ਬੌੜੀ ਅਤੇ ਸਾਧਾਰਨ ਬੌੜੀ ਦੇ ਚਿੰਨ੍ਹ ਵੀ ਪ੍ਰਚਲਿਤ ਹਨ। ਸਹਰੀਆ ਸ਼ਬਰੀ (ਭੀਲਣੀ) ਨੂੰ ਆਪਣਾ ਪੂਰਵਜ ਮੰਨਦੇ ਹਨ। ਸੀਤਾ ਜੀ ਨਾਲ ਵਿਸ਼ੇਸ਼ ਸਬੰਧ ਹੈ। ਇਸ ਲਈ ਸਹਰੀਆ ਸਮਾਜ ਆਪਣੀਆਂ ਪਿੰਡਲੀਆਂ ਉੱਤੇ ਸੀਤਾ ਬੌੜੀ ਬੇਹੱਦ ਚਾਅ ਨਾਲ ਗੁਦਵਾਉਂਦਾ ਹੈ।

ਸੀਤਾ ਬੌੜੀ ਆਇਤਾਕਾਰ ਹੈ। ਅੰਦਰ ਲਹਿਰਾਂ ਹਨ। ਬਿਲਕੁਲ ਵਿਚਾਲੇ ਇੱਕ ਬਿੰਦੂ ਹੈ, ਜਿਹੜਾ ਜੀਵਨ ਦਾ ਪ੍ਰਤੀਕ ਹੈ। ਆਇਤ ਦੇ ਬਾਹਰ ਪੌੜੀਆਂ ਹਨ ਅਤੇ ਚਾਰੇ ਕੋਣਿਆਂ ਉੱਤੇ ਫੁੱਲ ਹਨ, ਫੁੱਲ ਵਿੱਚ ਹੈ ਜੀਵਨ ਦੀ ਸੁਗੰਧ। ਇਹ ਸਾਰੀਆਂ ਗੱਲਾਂ ਇੱਕ ਸਰਲ ਜਿਹੇ ਰੇਖਾ-ਚਿੱਤਰ ਵਿੱਚ ਉਤਾਰ ਸਕਣਾ ਬੇਹੱਦ ਔਖਾ ਕੰਮ ਹੈ। ਪ੍ਰੰਤੂ ਗੋਦਣ ਵਾਲੇ ਕਲਾਕਾਰ ਅਤੇ ਗੁਦਵਾਉਣ ਵਾਲੇ ਮਰਦ-ਔਰਤਾਂ ਦਾ ਮਨ ਤਾਲਾਬ, ਬੌੜੀ ਵਿੱਚ ਇੰਨਾ ਰਚਿਆ ਵਸਿਆ ਹੈ ਕਿ ਅੱਠ-ਦਸ ਰੇਖਾਵਾਂ, ਦਸ ਕੁ ਬਿੰਦੀਆਂ ਪੂਰੀ ਤਸਵੀਰ ਨੂੰ ਤਨ ਉੱਤੇ ਸਹਿਜ ਹੀ ਉਕੇਰ ਦਿੰਦੀਆਂ ਹਨ। ਇਹ ਰੀਤ ਤਾਮਿਲਨਾਡੂ ਦੇ ਦੱਖਣ ਆਰਕਾਟ ਜ਼ਿਲ੍ਹੇ ਦੇ ਕੁੰਰਾਊਂ ਸਮਾਜ ਵਿੱਚ ਵੀ ਹੈ। ਜਿਸਦੇ ਮਨ ਵਿੱਚ, ਤਨ ਵਿੱਚ ਤਾਲਾਬ ਰਿਹਾ ਹੋਵੇ, ਉਹ ਤਾਲਾਬ ਨੂੰ ਸਿਰਫ਼ ਪਾਣੀ ਦਾ ਭਰਿਆ ਟੋਇਆ ਨਹੀਂ ਸਮਝ ਸਕਦਾ। ਉਸ ਲਈ ਤਾਲਾਬ ਇੱਕ ਜਿਉਂਦੀ-ਜਾਗਦੀ ਪ੍ਰੰਪਰਾ ਹੈ, ਪਰਿਵਾਰ ਹੈ ਅਤੇ ਉਸਦੇ ਕਈ ਸਗੇ-ਸਬੰਧੀ ਹਨ। ਕਿਸ ਸਮੇਂ ਕਿਸਨੂੰ ਯਾਦ ਕਰਨਾ ਹੈ, ਤਾਂ ਜੋ ਤਾਲਾਬ ਬਣਿਆ ਰਹੇ, ਇਸ ਦੀ ਵੀ ਪੂਰੀ ਉਸਨੂੰ ਸੁਧ ਹੈ।

ਜੇ ਸਮੇਂ ਸਿਰ ਮੀਂਹ ਨਾ ਪਵੇ ਤਾਂ ਕਿਸਨੂੰ ਸ਼ਿਕਾਇਤ ਕਰਨੀ ਹੈ? ਇੰਦਰ ਹਨ ਮੀਂਹ ਦੇ ਦੇਵਤਾ। ਪਰ ਸਿੱਧਿਆਂ ਉਨ੍ਹਾਂ ਦੇ ਦਰ 'ਤੇ ਦਸਤਕ ਦੇਣੀ ਔਖੀ ਹੈ, ਸ਼ਾਇਦ ਠੀਕ ਵੀ ਨਹੀਂ। ਉਨ੍ਹਾਂ ਦੀ ਧੀ ਹੈ ਕਾਜਲ। ਕਾਜਲ ਮਾਤਾ ਨੂੰ ਆਪਣਾ ਸੰਕਟ ਦੱਸੋ ਤਾਂ ਉਹ ਆਪਣੇ ਪਿਤਾ ਨੂੰ ਕਹਿ ਕੇ ਇਸ ਵੱਲ ਧਿਆਨ ਦਿਵਾ ਸਕਦੀ ਹੈ। ਬੋਹਣੀ ਹੋ ਜਾਵੇ, ਪਰ ਫੇਰ ਵੀ 15 ਦਿਨਾਂ ਤੱਕ ਮੀਂਹ ਨਾ ਵਰ੍ਹੇ ਤਾਂ ਫੇਰ ਕਾਜਲ ਮਾਤਾ ਦੀ ਪੂਜਾ ਸ਼ੁਰੂ ਹੁੰਦੀ ਹੈ। ਪੂਰਾ ਪਿੰਡ ਕਾਂਕੜਬਨੀ ਭਾਵ ਪਿੰਡ ਦੀ ਸਰਹੱਦ ਉੱਤੇ ਲੱਗੇ ਜੰਗਲ ਵਿੱਚ ਬਣੇ ਤਾਲਾਬ ਤੱਕ ਪੂਜਾ ਦੇ ਗੀਤ ਗਾਉਂਦਾ ਹੋਇਆ ਇਕੱਠਾ ਹੁੰਦਾ ਹੈ। ਫੇਰ ਦੱਖਣ ਦਿਸ਼ਾ ਵੱਲ ਮੂੰਹ ਕਰ ਕੇ ਸਾਰਾ ਪਿੰਡ ਕਾਜਲ ਮਾਤਾ ਨੂੰ ਪਾਣੀ ਲਈ ਪ੍ਰਾਰਥਨਾ ਕਰਦਾ ਹੈ। ਦੱਖਣ ਤੋਂ ਹੀ ਪਾਣੀ ਆਉਂਦਾ ਹੈ।

ਕਾਜਲ ਮਾਤਾ ਨੂੰ ਪੂਜਣ ਤੋਂ ਪਹਿਲਾਂ ਕਈ ਥਾਵਾਂ ਉੱਤੇ ਪਵਨ-ਪ੍ਰੀਖਿਆ ਵੀ ਕੀਤੀ ਜਾਂਦੀ ਹੈ। ਇਹ ਹਾੜ-ਸ਼ੁਕਲ ਪੁੰਨਿਆ ਨੂੰ ਹੁੰਦੀ ਹੈ। ਇਸ ਦਿਨ ਤਾਲਾਬਾਂ ਉੱਤੇ ਮੇਲਾ ਭਰਦਾ ਹੈ। ਹਵਾ ਦਾ ਰੁਖ ਅਤੇ ਉਸਦੀ ਗਤੀ ਦੇਖ ਕੇ ਭਵਿੱਖਬਾਣੀ ਕੀਤੀ ਜਾਂਦੀ ਹੈ। ਉਸ ਹਿਸਾਬ ਨਾਲ ਸਮੇਂ ਸਿਰ ਮੀਂਹ ਪੈ ਜਾਂਦਾ ਹੈ, ਨਾ ਪਵੇ ਤਾਂ ਫੇਰ ਕਾਜਲ ਮਾਤਾ ਨੂੰ ਦੱਸਣਾ ਹੁੰਦਾ ਹੈ।

ਤਾਲਾਬ ਦਾ ਨੱਕੋ-ਨੱਕ ਭਰ ਜਾਣਾ ਵੀ ਵੱਡਾ ਉਤਸਵ ਬਣ ਜਾਂਦਾ ਸੀ। ਭੁਜ (ਕੱਛ) ਦੇ ਸਭ ਤੋਂ ਵੱਡੇ ਤਾਲਾਬ ਹਮੀਰਪੁਰ ਦੇ ਘਾਟ ਉੱਤੇ ਬਣੀ ਹਾਥੀ ਦੀ ਮੂਰਤੀ ਨੂੰ ਜਦੋਂ ਪਾਣੀ ਛੋਹ ਜਾਂਦਾ ਤਾਂ ਸਾਰੇ ਸ਼ਹਿਰ ਵਿੱਚ ਖ਼ਬਰ ਫੈਲ ਜਾਂਦੀ। ਸਾਰਾ ਸ਼ਹਿਰ ਤਾਲਾਬ ਦੇ ਘਾਟਾਂ ਉੱਤੇ ਆ ਜਾਂਦਾ। ਘੱਟ ਪਾਣੀ ਵਾਲਾ ਇਹ ਇਲਾਕਾ ਇਸ ਘਟਨਾ ਨੂੰ ਤਿਉਹਾਰ ਵਿੱਚ ਬਦਲ ਦਿੰਦਾ। ਭੁਜ ਦਾ ਰਾਜਾ ਇਸ ਤਾਲਾਬ ਉੱਤੇ ਆਉਂਦਾ ਤਾਂ ਪੂਰੇ ਭਰੇ ਹੋਏ ਤਾਲਾਬ ਤੋਂ ਆਸ਼ੀਰਵਾਦ ਲੈ ਕੇ ਵਾਪਸ ਪਰਤਦਾ। ਤਾਲਾਬ ਦਾ ਪੂਰਾ ਭਰ ਜਾਣਾ ਸਿਰਫ਼ ਇੱਕ ਘਟਨਾ ਨਹੀਂ, ਆਨੰਦ ਹੁੰਦਾ ਸੀ, ਮੰਗਲ ਕੰਮਾਂ ਦਾ, ਸ਼ੁਭ ਕੰਮਾਂ ਦਾ ਸੂਚਕ ਹੁੰਦਾ ਸੀ। ਉਹ ਪਰਜਾ ਅਤੇ ਰਾਜੇ ਨੂੰ ਇੱਕੋ ਘਾਟ ਉੱਤੇ ਲੈ ਆਉਂਦਾ ਸੀ।

ਇਨ੍ਹੀਂ ਦਿਨੀਂ ਦੇਵਤੇ ਵੀ ਘਾਟ ਉੱਤੇ ਆਉਂਦੇ ਸਨ। ਜਲ ਝੂਲਣ ਤਿਉਹਾਰ ਵਿੱਚ ਮੰਦਰਾਂ ਦੀਆਂ ਚੱਲ ਮੂਰਤੀਆਂ ਤਾਲਾਬ ਤੱਕ ਲਿਆਂਦੀਆਂ ਜਾਂਦੀਆਂ ਅਤੇ ਉਨ੍ਹਾਂ ਨੂੰ ਪੂਰੇ ਸ਼ਿੰਗਾਰ ਨਾਲ ਝੂਲਾ ਝੁਲਾਇਆ ਜਾਂਦਾ। ਭਗਵਾਨ ਜੀ ਵੀ ਸੌਣ ਦੇ ਝੂਲਿਆਂ ਦੀ ਪੀਂਘ ਦਾ ਆਨੰਦ ਲੈਂਦੇ ਸਨ।

ਕੋਈ ਤਾਲਾਬ ਇਕੱਲਾ ਨਹੀਂ ਹੈ। ਉਹ ਭਰੇ-ਪੂਰੇ ਪਰਿਵਾਰ ਦਾ ਜੀਅ ਹੈ। ਉਸ ਵਿੱਚ ਸਭ ਲਈ ਪਾਣੀ ਹੈ, ਉਸਦਾ ਪਾਣੀ ਸਭ ਵਿੱਚ ਹੈ। ਅਜਿਹੀ ਮਾਨਤਾ ਰੱਖਣ ਵਾਲਿਆਂ ਨੇ ਸੱਚਮੁੱਚ ਇੱਕ ਅਜਿਹਾ ਤਾਲਾਬ ਬਣਾ ਦਿੱਤਾ ਸੀ। ਜਗਨਨਾਥ ਪੁਰੀ ਮੰਦਰ ਦੇ ਕੋਲ ਬਿੰਦੂ ਸਾਗਰ ਵਿੱਚ ਦੇਸ਼ ਭਰ ਦੇ ਸਾਰੇ ਜਲ-ਸ੍ਰੋਤਾਂ ਦਾ, ਨਦੀਆਂ ਦਾ ਅਤੇ ਸਮੁੰਦਰਾਂ ਦਾ ਪਾਣੀ ਮਿਲਿਆ ਹੈ। ਦੂਰ-ਦੂਰ ਤੋਂ, ਵੱਖ-ਵੱਖ ਦਿਸ਼ਾਵਾਂ ਤੋਂ ਪੁਰੀ ਆਉਣ ਵਾਲੇ ਭਗਤ ਆਪਣੇ ਨਾਲ ਆਪਣੇ ਖੇਤਰਾਂ ਦਾ ਪਾਣੀ ਲੈ ਕੇ ਆਉਂਦੇ ਹਨ ਅਤੇ ਬਿੰਦੂ ਸਾਗਰ ਨੂੰ ਅਰਪਿਤ ਕਰ ਦਿੰਦੇ ਹਨ।

ਦੇਸ਼ ਦੀ ਏਕਤਾ ਦੀ ਪ੍ਰੀਖਿਆ ਦੀ ਇਸ ਘੜੀ ਵਿੱਚ ਬਿੰਦੂ ਸਾਗਰ 'ਰਾਸ਼ਟਰੀ ਏਕਤਾ' ਦਾ ਸਾਗਰ ਅਖਵਾ ਸਕਦਾ ਹੈ। ਬਿੰਦੂ ਸਾਗਰ ਇਕਮੁੱਠ ਭਾਰਤ ਦਾ ਪ੍ਰਤੀਕ ਹੈ। ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ? ਇਹ ਦੱਸਣਾ ਬੇਹੱਦ ਕਠਿਨ ਹੈ। ਪਰ ਇਸ ਨੂੰ ਮਾਪਣ ਦਾ ਇੱਕ ਸ੍ਰੋਤ ਤਾਲਾਬ ਵੀ ਸੀ। ਨੌਰਾਤਿਆਂ ਤੋਂ ਬਾਅਦ ਜਵਾਰੇ ਵਿਸਰਜਿਤ ਕੀਤੇ ਜਾਂਦੇ ਹਨ। ਰਾਜਸਥਾਨ ਵਿੱਚ ਇਸ ਅਵਸਰ 'ਤੇ ਲੋਕ ਤਾਲਾਬਾਂ ਦੇ ਕੰਢੇ ਇਕੱਠੇ ਹੁੰਦੇ ਅਤੇ ਭੋਪਾ ਯਾਨੀ ਪੁਜਾਰੀ ਵਿਸਰਜਨ ਤੋਂ ਬਾਅਦ ਪਾਣੀ ਦਾ ਪੱਧਰ ਦੇਖਕੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕਰਦੇ। ਬਰਸਾਤ ਉਦੋਂ ਤੱਕ ਬੀਤ ਚੁੱਕੀ ਹੁੰਦੀ ਹੈ। ਜਿੰਨਾ ਪਾਣੀ ਤਾਲਾਬ ਵਿੱਚ ਜਮ੍ਹਾਂ ਹੋਣਾ ਹੁੰਦਾ, ਹੋ ਚੁੱਕਾ ਹੁੰਦਾ। ਅਗਲੇ ਹਾਲਾਤ ਇਸ ਸਥਿਤੀ 'ਤੇ ਹੀ ਨਿਰਭਰ ਹੁੰਦੇ ਸਨ।

ਅੱਜ ਇਹ ਪ੍ਰਥਾ ਲਗਭਗ ਮਿਟ ਗਈ ਹੈ। ਤਾਲਾਬ ਵਿੱਚ ਪਾਣੀ ਦਾ ਪੱਧਰ ਦੇਖ ਕੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕਰਨੀ ਹੋਵੇ ਤਾਂ ਤਾਲਾਬਾਂ ਦੇ ਕੰਢੇ ਖੜ੍ਹੇ ਭੋਪਾ ਇਹ ਜ਼ਰੂਰ ਕਹਿੰਦੇ ਕਿ ਬੁਰਾ ਸਮਾਂ ਆਉਣ ਵਾਲਾ ਹੈ।

Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques

Path Alias

/articles/taalaaba-bannahadaa-dharama-saubhaaa

Post By: Hindi
×