ਸੰਸਾਰ ਸਾਗਰ ਦੇ ਨਾਇਕ


ਕੌਣ ਸਨ ਬੇਨਾਮ ਲੋਕ?
ਸੈਂਕੜੇ ਹਜ਼ਾਰਾਂ ਤਾਲਾਬ ਅਚਾਨਕ ਖਲਾਅ 'ਚੋਂ ਪੈਦਾ ਨਹੀਂ ਸਨ ਹੋਏ। ਉਨ੍ਹਾਂ ਦੇ ਪਿੱਛੇ ਇੱਕ ਇਕਾਈ ਸੀ ਬਣਾਉਣ ਵਾਲਿਆਂ ਦੀ, ਅਤੇ ਦਹਾਈ ਸੀ ਬਣਵਾਉਣ ਵਾਲਿਆਂ ਦੀ। ਇਹ ਇਕਾਈ-ਦਹਾਈ ਮਿਲ ਕੇ ਸੈਂਕੜੇ ਹਜ਼ਾਰ ਬਣਦੀ ਸੀ, ਪਰ ਪਿਛਲੇ ਦੋ ਸੌ ਸਾਲਾਂ ਵਿੱਚ ਨਵੀਂ ਕਿ+ਸਮ ਦੀ ਥੋੜ੍ਹੀ ਜਿਹੀ ਪੜ੍ਹਾਈ ਪੜ੍ਹ ਗਏ ਸਮਾਜ ਨੇ ਇਸ ਇਕਾਈ-ਦਹਾਈ, ਸੈਂਕੜੇ-ਹਜ਼ਾਰ ਨੂੰ ਬਿਲਕੁਲ ਸਿਫ਼ਰ ਹੀ ਬਣਾ ਦਿੱਤਾ। ਇਸ ਨਵੇਂ ਸਮਾਜ ਵਿੱਚ ਇਹ ਜਾਣਨ ਦੀ ਵੀ ਉਤਸੁਕਤਾ ਨਹੀਂ ਬਚੀ ਕਿ ਉਨ੍ਹਾਂ ਤੋਂ ਪਹਿਲਾਂ ਵਾਲੇ ਦੌਰ ਵਿੱਚ ਤਾਲਾਬ ਭਲਾ ਕੌਣ ਬਣਾਉਂਦਾ ਸੀ। ਉਸਨੇ ਅਜਿਹੇ ਕੰਮ ਕਰਨ ਲਈ ਕਿਸ ਤਰ੍ਹਾਂ ਦਾ ਢਾਂਚਾ ਖੜ੍ਹਾ ਕੀਤਾ ਸੀ, ਆਈ.ਆਈ.ਟੀ. ਦਾ, ਸਿਵਲ ਇੰਜੀਨੀਅਰਿੰਗ ਦਾ, ਉਸ ਪੈਮਾਨੇ ਨਾਲ, ਉਸ ਗਜ਼ ਨਾਲ ਵੀ ਇਸ ਤੋਂ ਪਹਿਲਾਂ ਹੋ ਚੁੱਕੇ ਕੰਮ ਨੂੰ ਨਾਪਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।

ਜੇਕਰ ਉਹ ਆਪਣੇ ਗਜ਼ ਨਾਲ ਵੀ ਉਸ ਕੰਮ ਨੂੰ ਨਾਪਦਾ ਤਾਂ ਘੱਟੋ-ਘੱਟ ਉਸਦੇ ਮਨ ਵਿੱਚ ਅਜਿਹੇ ਸਵਾਲ ਤਾਂ ਉੱਠਦੇ ਹੀ ਕਿ ਉਸ ਦੌਰ ਦੀ ਆਈ.ਆਈ.ਟੀ. ਕਿੱਥੇ ਸੀ! ਕੌਣ ਸਨ ਉਸਦੇ ਨਿਰਦੇਸ਼ਕ? ਕਿੰਨਾ ਬਜਟ ਸੀ ਉਸਦਾ? ਕਿੰਨੇ ਸਿਵਲ ਇੰਜੀਨੀਅਰ ਨਿਕਲਦੇ ਸਨ? ਪਰ ਉਸਨੇ ਇਸ ਸਭ ਨੂੰ ਗੁਜ਼ਰੇ ਵਕਤ ਦਾ ਹੋਇਆ ਬੀਤਿਆ ਕੰਮ ਮੰਨਿਆ ਅਤੇ ਪਾਣੀ ਦੇ ਪ੍ਰਸ਼ਨ ਨੂੰ ਨਵੇਂ ਢੰਗ ਨਾਲ ਹੱਲ ਕਰਨ ਦਾ ਵਾਅਦਾ ਵੀ ਕੀਤਾ ਅਤੇ ਦਾਅਵਾ ਵੀ।

ਪਿੰਡਾਂ, ਕ+ਸਬਿਆਂ ਦੀ ਤਾਂ ਗੱਲ ਹੀ ਛੱਡੋ, ਵੱਡੇ ਸ਼ਹਿਰਾਂ ਦੇ ਸਾਂ-ਸਾਂ ਕਰਦੇ ਨਲਕਿਆਂ ਵਿੱਚ ਮਰਜ਼ੀ ਨਾਲ ਆਉਂਦਾ ਪਾਣੀ ਇਸ ਵਾਅਦੇ ਅਤੇ ਦਾਅਵੇ ਨੂੰ ਮੂੰਹ ਚਿੜਾਉਂਦਾ ਹੈ। ਜੇਕਰ ਇਸ ਸਮੇਂ ਦੇ ਸਮਾਜ ਦੇ ਦਾਅਵੇ ਨੂੰ ਉਸੇ ਦੇ ਹੀ ਗਜ਼ ਨਾਲ ਨਾਪੀਏ ਤਾਂ ਕਦੇ ਦਾਅਵੇ ਛੋਟੇ ਹੋ ਜਾਂਦੇ ਹਨ ਤਾਂ ਕਦੇ ਗਜ਼ ਹੀ ਛੋਟਾ ਰਹਿ ਜਾਂਦਾ ਹੈ।

ਚਲੋ, ਇਸ ਗੱਲ ਨੂੰ ਹਾਲੇ ਇੱਥੇ ਹੀ ਛੱਡੀਏ। ਜ਼ਰਾ ਪਿੱਛੇ ਮੁੜੀਏ! ਜਿਹੜੇ ਅੱਜ ਬੇ-ਨਾਮ ਹੋ ਗਏ ਹਨ, ਇੱਕ ਸਮੇਂ ਉਨ੍ਹਾਂ ਦਾ ਬਹੁਤ ਨਾਂ ਸੀ। ਪੂਰੇ ਦੇਸ਼ ਵਿੱਚ ਤਾਲਾਬ ਬਣਦੇ ਸਨ ਅਤੇ ਬਣਾਉਣ ਵਾਲੇ ਵੀ ਪੂਰੇ ਦੇਸ਼ ਵਿੱਚ ਹੀ ਸਨ। ਕਿਤੇ ਇਹ ਵਿੱਦਿਆ ਕਿਸੇ ਪਾਠਸ਼ਾਲਾ ਵਿੱਚ ਸਿਖਾਈ ਜਾਂਦੀ ਸੀ, ਕਿਤੇ ਇਹ ਜਾਤ ਤੋਂ ਹਟ ਕੇ ਪਾਤ (ਪੰਗਤ) ਵੀ ਬਣ ਜਾਂਦੀ ਸੀ। ਇਸ ਨੂੰ ਕਿਸੇ ਜਾਤ ਵਿਸ਼ੇਸ਼ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਸੀ। ਤਾਲਾਬ ਬਣਾਉਣ ਵਾਲੇ ਲੋਕ ਕਦੇ ਇੱਕ ਥਾਂ ਵਸੇ ਹੁੰਦੇ ਅਤੇ ਕਦੇ ਉਹ ਘੁੰਮ-ਘੁੰਮ ਕੇ ਇਹ ਕੰਮ ਕਰਦੇ ਫਿਰਦੇ ਸਨ।

.ਗਜ਼ਧਰ ਇੱਕ ਸੁੰਦਰ ਸ਼ਬਦ ਹੈ, ਤਾਲਾਬ ਬਣਾਉਣ ਵਾਲਿਆਂ ਨੂੰ ਆਦਰ ਨਾਲ ਯਾਦ ਕਰਨ ਲਈ। ਰਾਜਸਥਾਨ ਦੇ ਕੁੱਝ ਭਾਗਾਂ ਵਿੱਚ ਇਹ ਸ਼ਬਦ ਅੱਜ ਵੀ ਪ੍ਰਚਲਿਤ ਹੈ। ਗਜ਼ਧਰ, ਭਾਵ ਜਿਹੜਾ ਗਜ਼ ਨੂੰ ਧਾਰਨ ਕਰਦਾ ਹੈ ਅਤੇ ਗਜ਼ ਉਹੀ ਜਿਹੜਾ ਨਾਪਣ ਦੇ ਕੰਮ ਆਉਂਦਾ ਹੈ। ਸਮਾਜ ਨੇ ਇਨ੍ਹਾਂ ਨੂੰ ਤਿੰਨ ਹੱਥ ਲੰਮੀ ਲੋਹੇ ਦੀ ਛੜੀ ਲੈ ਕੇ ਘੁੰਮਣ ਵਾਲੇ ਮਿਸਤਰੀ ਨਹੀਂ ਮੰਨਿਆ। ਗਜ਼ਧਰ, ਜਿਹੜਾ ਸਮਾਜ ਦੀ ਡੂੰਘਾਈ ਨਾਪ ਸਕੇ, ਉਸਨੂੰ ਅਜਿਹਾ ਉੱਚਾ ਦਰਜਾ ਦਿੱਤਾ ਗਿਆ ਹੈ।

ਗਜ਼ਧਰ ਵਾਸਤੂਕਾਰ (ਸ਼ਿਲਪਕਾਰ) ਸਨ। ਪਿੰਡ ਦਾ ਸਮਾਜ ਹੋਵੇ ਜਾਂ ਨਗਰ ਦਾ, ਉਸਨੂੰ ਨਵੇਂ ਸਿਰਿਉਂ ਬਣਾਉਣ ਦੀ,ਸਾਰੇ ਰੱਖ-ਰੱਖਾਅ ਦੀ ਜ਼ਿੰਮੇਦਾਰੀ ਗਜ਼ਧਰ ਨਿਭਾਉਂਦੇ ਸਨ। ਨਗਰ ਨਿਯੋਜਨ ਤੋਂ ਲੈ ਕੇ ਛੋਟੇ ਤੋਂ ਛੋਟੇ ਨਵੇਂ ਨਿਰਮਾਣ ਦੀ ਯੋਜਨਾ ਵੀ ਗਜ਼ਧਰਾਂ ਦੇ ਮੋਢਿਆਂ ਉੱਪਰ ਹੁੰਦੀ ਸੀ। ਉਹ ਯੋਜਨਾ ਬਣਾਉਂਦੇ ਸਨ, ਸਾਰੇ ਕੰਮ ਦੀ ਲਾਗਤ ਕੱਢਦੇ, ਕੰਮ ਆਉਣ ਵਾਲੀ ਸਮੱਗਰੀ ਦਾ ਜੁਗਾੜ ਕਰਦੇ ਸਨ ਅਤੇ ਇਸਦੇ ਬਦਲੇ ਜਜਮਾਨ ਕੋਲੋਂ ਅਜਿਹਾ ਕੁੱਝ ਨਹੀਂ ਸਨ ਮੰਗਦੇ, ਜਿਹੜਾ ਉਹ ਨਾ ਦੇ ਸਕਦਾ ਹੋਵੇ। ਲੋਕੀ ਵੀ ਅਜਿਹੇ ਸਨ ਕਿ ਉਨ੍ਹਾਂ ਤੋਂ ਜੋ ਸਰਦਾ, ਉਹ ਗਜ਼ਧਰ ਨੂੰ ਭੇਟ ਕਰ ਦਿੰਦੇ।

ਕੰਮ ਪੂਰਾ ਹੋਣ 'ਤੇ ਮਿਹਨਤ ਤੋਂ ਇਲਾਵਾ ਗਜ਼ਧਰ ਨੂੰ ਮਾਣ-ਸਨਮਾਨ ਵੀ ਮਿਲਦਾ ਸੀ। ਸਿਰੋਪਾ ਭੇਟ ਕਰਨਾ ਹੁਣ ਸਿਰਫ਼ ਸਿੱਖ ਪਰੰਪਰਾ ਵਿੱਚ ਹੀ ਬਚਿਆ ਹੈ, ਪਰ ਕੁੱਝ ਸਮੇਂ ਪਹਿਲਾਂ ਤੱਕ ਰਾਜਸਥਾਨ ਵਿੱਚ ਗਜ਼ਧਰ ਨੂੰ ਗ੍ਰਹਿਸਤੀਆਂ ਵੱਲੋਂ ਬੜੇ ਆਦਰ-ਸਤਿਕਾਰ ਨਾਲ ਸਿਰੋਪਾ ਭੇਟ ਕੀਤਾ ਜਾਂਦਾ ਸੀ। ਪੱਗ ਤੋਂ ਇਲਾਵਾ ਚਾਂਦੀ ਅਤੇ ਕਦੇ-ਕਦੇ ਸੋਨੇ ਦੇ ਬਟਨ ਵੀ ਭੇਟ ਕੀਤੇ ਜਾਂਦੇ ਸਨ, ਜ਼ਮੀਨ ਵੀ ਉਨ੍ਹਾਂ ਦੇ ਨਾਂ ਕੀਤੀ ਜਾਂਦੀ ਸੀ। ਪੱਗ ਬੰਨ੍ਹਣ ਤੋਂ ਬਾਅਦ ਗਜ਼ਧਰ ਆਪਣੇ ਨਾਲ ਦੇ ਕਾਮੇ ਸਾਥੀਆਂ ਦੇ ਨਾਂ ਵੀ ਦੱਸਦੇ ਸਨ। ਉਨ੍ਹਾਂ ਨੂੰ ਵੀ ਮਿਹਨਤ ਤੋਂ ਇਲਾਵਾ, ਜੋ ਕੁੱਝ ਸਰਦਾ, ਭੇਟ ਕੀਤਾ ਜਾਂਦਾ ਸੀ। ਮਾਣ-ਸਨਮਾਨ ਦਾ ਇਹ ਰੂਪ ਤਾਲਾਬ ਬਣਨ ਤੋਂ ਬਾਅਦ ਹੋਣ ਵਾਲੇ ਭੋਜਨ ਵਿੱਚ ਵਿਸ਼ੇਸ਼ ਰੂਪ ਵਿੱਚ ਦੇਖਿਆ ਜਾ ਸਕਦਾ ਸੀ।

ਗਜ਼ਧਰ ਹਿੰਦੂ ਸਨ, ਬਾਅਦ ਵਿੱਚ ਮੁਸਲਮਾਨ ਗਜ਼ਧਰ ਵੀ ਹੋਣ ਲੱਗ ਪਏ। ਸਿਲਾਵਟ ਜਾਂ ਸਿਲਾਵਟਾ (ਸਿਲਵੱਟਾ) ਨਾਂ ਦੀ ਜਾਤੀ ਵਾਸਤੂ ਕਲਾ ਵਿੱਚ ਬਹੁਤ ਕਮਾਲ ਸਿੱਧ ਹੋਈ ਹੈ। ਸਿਲਾਵਟਾ ਸ਼ਬਦ ਸ਼ਿਲਾ ਅਰਥਾਤ ਪੱਥਰ ਤੋਂ ਬਣਿਆ ਹੈ। ਸਿਲਾਵਟਾ ਵੀ ਗਜ਼ਧਰਾਂ ਵਾਂਗ ਦੋਹਾਂ ਧਰਮਾਂ ਤੋਂ ਸਨ। ਆਬਾਦੀ ਦੇ ਅਨੁਪਾਤ ਵਿੱਚ ਉਨ੍ਹਾਂ ਦੀ ਗਿਣਤੀ ਕਾਫ਼ੀ ਸੀ। ਉਨ੍ਹਾਂ ਦੇ ਆਪਣੇ ਮੁਹੱਲੇ ਸਨ। ਅੱਜ ਵੀ ਰਾਜਸਥਾਨ ਦੇ ਪੁਰਾਣੇ ਸ਼ਹਿਰਾਂ ਵਿੱਚ ਸਿਲਾਵਟਪਾੜਾ ਮਿਲ ਜਾਣਗੇ। ਸਿੰਧ ਖੇਤਰ ਵਿੱਚ ਕਰਾਚੀ ਵਿਖੇ ਸਿਲਾਵਟਾਂ ਦਾ ਪੂਰਾ ਮੁਹੱਲਾ ਹੈ। ਗਜ਼ਧਰ ਅਤੇ ਸਿਲਾਵਟਾ ਇੱਕ ਹੀ ਕੰਮ ਕਰਨ ਵਾਲੇ ਦੋ ਨਾਂ, ਕਿਤੇ-ਕਿਤੇ ਇੱਕ ਹੋ ਜਾਂਦੇ ਸਨ। ਕਰਾਚੀ ਵਿੱਚ ਵੀ ਇਨ੍ਹਾਂ ਨੂੰ ਬੜੇ ਮਾਣ ਨਾਲ ਦੇਖਿਆ ਜਾਂਦਾ ਸੀ। ਵੰਡ ਤੋਂ ਬਾਅਦ ਪਾਕਿਸਤਾਨ ਦੇ ਮੰਤਰੀ ਮੰਡਲ ਵਿੱਚ ਇੱਕ ਸਿਲਾਵਟ ਹਾਕਿਮ ਮੁਹੰਮਦ ਗਜ਼ਧਰ ਦੀ ਨਿਯੁਕਤੀ ਹੋਈ ਸੀ।

ਇਨ੍ਹਾਂ ਦੀ ਇੱਕ ਧਾਰਾ ਤੋਮਰ ਵੰਸ਼ ਤੱਕ ਵੀ ਜਾਂਦੀ ਹੈ ਅਤੇ ਸਮਾਜ-ਨਿਰਮਾਣ ਦੀ ਸਭ ਤੋਂ ਉੱਚੀ ਕੁਰਸੀ ਤੱਕ ਪੁੱਜਦੀ ਹੈ। ਅਨੰਗਪਾਲ ਤੋਮਰ ਨੇ ਵੀ ਕਦੀ ਦਿੱਲੀ ਉੱਤੇ ਝੰਡਾ ਲਹਿਰਾਇਆ ਸੀ।

ਤਜਰਬੇਕਾਰ ਅੱਖਾਂ ਦੀ ਸੁੰਦਰ ਉਦਾਹਰਣ ਸਨ ਗਜ਼ਧਰ। ਗੁਰੂ-ਚੇਲਾ ਪਰੰਪਰਾ ਨਾਲ ਕੰਮ ਸਿਖਾਇਆ ਜਾਂਦਾ ਸੀ। ਨਵੇਂ ਹੱਥਾਂ ਨੂੰ ਪੁਰਾਣਾ ਹੱਥ ਕੰਮ ਸਿਖਾਉਂਦਾ ਸੀ, ਜੋ ਕੁੱਝ ਸਮੇਂ ਬਾਅਦ 'ਜੋਟੀਦਾਰ' ਬਣ ਜਾਂਦਾ। ਜੋਟੀਦਾਰ ਭਾਵ ਗਜ਼ਧਰ ਦਾ ਵਿਸ਼ਵਾਸਯੋਗ ਸਾਥੀ। ਕਿਸੇ ਇੱਕ ਗਜ਼ਧਰ ਦੇ ਕਈ 'ਜੋਟੀਦਾਰ' ਹੁੰਦੇ ਸਨ। ਕੁੱਝ ਚੰਗੇ ਜੋਟੀਦਾਰ ਗਜ਼ਧਰ ਇੰਨੇ ਉੱਪਰ ਉੱਠ ਜਾਂਦੇ ਸਨ ਕਿ ਫਿਰ ਉਨ੍ਹਾਂ ਦਾ ਸਿਰਫ਼ ਨਾਂ ਹੀ ਰਹਿ ਜਾਂਦਾ, ਗਜ਼ ਛੁੱਟ ਹੀ ਜਾਂਦਾ ਸੀ। ਚੰਗੇ ਗਜ਼ਧਰ ਦੀ ਪਰਿਭਾਸ਼ਾ ਇਹੀ ਸੀ ਕਿ ਉਹ ਔਜ਼ਾਰਾਂ ਨੂੰ ਹੱਥ ਨਹੀਂ ਸੀ ਲਾਉਂਦੇ, ਸਿਰਫ਼ ਜਗ੍ਹਾ ਦੇਖ ਕੇ ਫ਼ੈਸਲਾ ਕਰਦੇ ਕਿ ਕਿੱਥੇ ਕੀ ਕਰਨਾ ਹੈ। ਉਹ ਸਿਰਫ਼ ਇੱਕ ਥਾਂ ਬੈਠ ਜਾਂਦੇ ਅਤੇ ਕੰਮ ਉਨ੍ਹਾਂ ਦੇ ਹੁਕਮਾਂ ਉੱਤੇ ਚਲਦਾ ਰਹਿੰਦਾ।


ਗੋਂਡ ਸਮਾਜ ਦਾ ਤਾਲਾਬਾਂ ਨਾਲ ਬੇਹੱਦ ਡੂੰਘਾ ਸਬੰਧ ਰਿਹਾ ਹੈ। ਮਹਾ-ਕੌਸ਼ਲ ਵਿੱਚ ਗੋਂਡ ਸਮਾਜ ਦਾ ਇਹ ਗੁਣ ਥਾਂ-ਥਾਂ ਤਾਲਾਬਾਂ ਦੇ ਰੂਪ ਵਿੱਚ ਮਿਲੇਗਾ। ਜੱਬਲਪੁਰ ਦੇ ਕੋਲ ਕੂੜਨ ਦਾ ਬਣਾਇਆ ਤਾਲਾਬ ਅੱਜ ਕੋਈ 10 ਹਜ਼ਾਰ ਸਾਲ ਮਗਰੋਂ ਵੀ ਕੰਮ ਦੇ ਰਿਹਾ ਹੈ। ਇਸੇ ਸਮਾਜ ਵਿੱਚ ਰਾਣੀ ਦੁਰਗਾਵਤੀ ਹੋਈ ਹੈ, ਜਿਸਨੇ ਆਪਣੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਆਪਣੇ ਸੂਬੇ ਨੂੰ ਤਾਲਾਬਾਂ ਨਾਲ ਭਰ ਦਿੱਤਾ ਸੀ।

ਔਜ਼ਾਰਾਂ ਦੀ ਵਰਤੋਂ ਕਰ ਕੇ ਇੰਨਾ ਉੱਪਰ ਉੱਠਣਾ ਕਿ ਉਨ੍ਹਾਂ ਦੀ ਜ਼ਰੂਰਤ ਹੀ ਨਾ ਰਹੇ, ਇਹ ਇੱਕ ਗੱਲ ਹੈ, ਪਰ ਕਦੇ ਔਜ਼ਾਰਾਂ ਨੂੰ ਬਿਲਕੁਲ ਹੱਥ ਹੀ ਨਾ ਲਾਉਣਾ, ਇਹ ਬਿਲਕੁਲ ਦੂਜੀ ਗੱਲ ਹੈ। ਅਜਿਹੇ ਸਿੱਧਾਂ ਨੂੰ ਸਿਰਭਾਵ ਕਿਹਾ ਜਾਂਦਾ ਸੀ। ਸਿਰਭਾਵ ਕਿਸੇ ਵੀ ਔਜ਼ਾਰ ਤੋਂ ਬਿਨਾਂ ਪਾਣੀ ਦੀ ਠੀਕ ਜਗ੍ਹਾ ਦੱਸ ਦਿੰਦੇ ਸਨ। ਕਹਿੰਦੇ ਹਨ ਕਿ ਉਨ੍ਹਾਂ ਨੂੰ ਰੱਬੋਂ ਹੀ ਪਤਾ ਲੱਗ ਜਾਂਦਾ ਸੀ ਕਿ ਇਸ ਥਾਂ ਹੇਠ ਪਾਣੀ ਹੈ। ਸਿਰਭਾਵ ਕਿਸੇ ਜਾਤੀ ਵਿਸ਼ੇਸ਼ ਦੇ ਨਹੀਂ ਸਨ ਹੁੰਦੇ। ਬੱਸ, ਕਿਸੇ-ਕਿਸੇ ਨੂੰ ਇਹ ਸਿੱਧੀ ਮਿਲ ਜਾਂਦੀ ਸੀ। ਜਲਸੂੰਘਾ ਭਾਵ ਧਰਤੀ ਨੂੰ ਸੁੰਘ ਕੇ ਦੱਸਣ ਵਾਲੇ ਲੋਕ ਵੀ ਸਿਰਭਾਵ ਵਰਗੇ ਹੀ ਹੁੰਦੇ ਸਨ, ਪਰ ਉਹ ਧਰਤੀ ਦੀਆਂ ਤਰੰਗਾਂ ਦੇ ਸੰਕੇਤਾਂ ਤੋਂ ਅੰਬ ਜਾਂ ਜਾਮਣ ਦੀ ਲੱਕੜੀ ਦੀ ਸਹਾਇਤਾ ਨਾਲ ਪਾਣੀ ਦੀਆਂ ਤਰੰਗਾਂ ਬਾਰੇ ਦੱਸ ਦਿੰਦੇ ਸਨ। ਇਹ ਕੰਮ ਅੱਜ ਵੀ ਜਾਰੀ ਹੈ। ਟਿਊਬਵੈੱਲ ਪੁੱਟਣ ਵਾਲੀਆਂ ਕੰਪਨੀਆਂ ਪਹਿਲਾਂ ਆਪਣੇ ਯੰਤਰ ਨਾਲ ਜਗ੍ਹਾ ਚੁਣਦੀਆਂ ਹਨ, ਫਿਰ ਇਨ੍ਹਾਂ ਨੂੰ ਬੁਲਾ ਕੇ ਪੱਕਾ ਕਰ ਲੈਂਦੀਆਂ ਹਨ ਕਿ ਪਾਣੀ ਮਿਲੇਗਾ ਕਿ ਨਹੀਂ। ਸਰਕਾਰੀ ਖੇਤਰਾਂ ਵਿੱਚ ਵੀ ਇਹਨਾਂ ਦੀਆਂ ਸੇਵਾਵਾਂ ਲੈ ਲਈਆਂ ਜਾਂਦੀਆਂ ਹਨ ਪਰ ਸਰਕਾਰੀ ਕਾਗ਼ਜ਼ਾਂ ਵਿੱਚ ਇਹ ਗੱਲ ਦਰਜ ਨਹੀਂ ਕੀਤੀ ਜਾਂਦੀ।

ਸਿਲਾਵਟਾ ਸ਼ਬਦ ਮੱਧ-ਪ੍ਰਦੇਸ਼ ਤੱਕ ਜਾਂਦੇ-ਜਾਂਦੇ ਇੱਕ ਮਾਤਰਾ ਗੁਆ ਕੇ ਸਿਲਾਵਟ ਬਣ ਜਾਂਦਾ ਹੈ। ਪਰ ਇਸਦਾ ਗੁਣ ਜਿਉਂ ਦਾ ਤਿਉਂ ਰਹਿੰਦਾ ਹੈ। ਕਿਤੇ-ਕਿਤੇ ਮੱਧ ਦੇਸ਼ ਵਿੱਚ ਸ਼ਿਲਾਕਾਰ ਵੀ ਸਨ। ਗੁਜਰਾਤ ਵਿੱਚ ਵੀ ਇਨ੍ਹਾਂ ਦੀ ਵਾਹਵਾ ਆਬਾਦੀ ਹੈ। ਉੱਥੇ ਇਨ੍ਹਾਂ ਨੂੰ ਸਲਾਟ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਹੀਰਾ ਸਲਾਟ ਪੱਥਰ ਉੱਤੇ ਕੰਮ ਕਰਨ ਵਾਲੇ ਬਹੁਤ ਹੀ ਪ੍ਰਸਿੱਧ ਹੋਏ ਹਨ।

ਕੱਛ ਵਿੱਚ ਗਜ਼ਧਰਾਂ ਨੂੰ ਗਈਧਰ ਕਿਹਾ ਜਾਂਦਾ ਸੀ। ਉਨ੍ਹਾਂ ਦਾ ਵੰਸ਼ ਇੰਦਰ ਦੇਵਤਾ ਦੇ ਪੁੱਤਰ ਜੈਯੰਤ ਤੋਂ ਸ਼ੁਰੂ ਹੁੰਦਾ ਹੈ। ਗਜ਼ਧਰਾਂ ਦਾ ਇੱਕ ਨਾਂ ਸੂਤਰਧਾਰ ਵੀ ਰਿਹਾ ਹੈ। ਇਹੋ ਨਾਂ ਬਾਅਦ ਵਿੱਚ ਗੁਜਰਾਤ ਦੇ ਥਾਰ ਅਤੇ ਦੇਸ਼ ਦੇ ਕਈ ਭਾਗਾਂ ਵਿੱਚ ਸੁਥਾਰ ਬਣ ਗਿਆ। ਗਜ਼ਧਰਾਂ ਦਾ ਇੱਕ ਸ਼ਾਸਤਰੀ ਨਾਂ ਸਥਪਤੀ ਵੀ ਸੀ, ਜਿਹੜਾ ਥਵਈ ਵਾਂਗ ਅੱਜ ਵੀ ਪ੍ਰਸਿੱਧ ਹੈ।

ਪਥਰੋਟ ਅਤੇ ਟਕਾਰੀ ਵੀ ਪੱਥਰ ਉੱਤੇ ਹੋਣ ਵਾਲੇ ਸਾਰੇ ਕੰਮਾਂ ਦੇ ਚੰਗੇ ਜਾਣਕਾਰ ਸਨ ਅਤੇ ਤਾਲਾਬ ਬਣਾਉਣ ਵਾਲਿਆਂ ਦੇ ਵੀ ਕੰਮ ਆਉਂਦੇ ਸਨ। ਮੱਧ-ਪ੍ਰਦੇਸ਼ ਵਿੱਚ ਪਥਰੋਟਾ ਨਾਂ ਦੇ ਪਿੰਡ ਅਤੇ ਮੁਹੱਲੇ ਅੱਜ ਵੀ ਉਨ੍ਹਾਂ ਦੀ ਯਾਦ ਦਿਵਾਉਂਦੇ ਹਨ। ਟਕਾਰੀ ਦੂਰ ਦੱਖਣ ਤੱਕ ਫੈਲੇ ਹੋਏ ਸਨ ਅਤੇ ਉਨ੍ਹਾਂ ਦੇ ਮੁਹੱਲੇ ਟਕੇਰਵਾੜੀ ਕਹਾਉਂਦੇ ਸਨ।

ਸੰਸਾਰ ਤਾਂ ਮਿੱਟੀ ਦਾ ਹੈ ਅਤੇ ਇਸ ਮਿੱਟੀ ਦੇ ਸੰਸਾਰ ਨੂੰ ਜਾਨਣ ਵਾਲਿਆਂ ਦੀ ਵੀ ਘਾਟ ਨਹੀਂ ਸੀ। ਇਨ੍ਹਾਂ ਨੂੰ ਮਟਕੂਟ (ਮਿੱਟੀਕੁੱਟ) ਕਿਹਾ ਜਾਂਦਾ ਸੀ ਅਤੇ ਕਿਤੇ-ਕਿਤੇ ਮਟਕੂੜਾ ਵੀ। ਇਹ ਜਿੱਥੇ ਜਾ ਕੇ ਵੀ ਵਸਦੇ, ਉਹ ਪਿੰਡ ਮਟਕੂਲੀ ਕਹਾਉਂਦੇ ਸਨ। ਸੋਨਕਰ ਅਤੇ ਸੁਨਕਰ ਸ਼ਬਦ ਸੋਨੇ ਦਾ ਕੰਮ ਕਰਨ ਵਾਲਿਆਂ ਲਈ ਸਨ, ਪਰ ਇਹ ਸੋਨਾ, ਸੋਨਾ ਨਹੀਂ, ਮਿੱਟੀ ਹੀ ਸੀ। ਸੋਨਕਰ ਜਾਂ ਸੁਨਕਰ ਰਾਜ ਲਹਿਰੀਆ ਵੀ ਕਹਾਉਂਦੇ ਸਨ। ਉਹ ਆਪਣੇ ਆਪ ਨੂੰ ਰਘੂਵੰਸ਼ ਦੇ ਸਮਰਾਟ ਸਗਰ ਦੇ ਪੁੱਤਰਾਂ ਨਾਲ ਜੋੜਦੇ ਸਨ। ਸੰਸਾਰ-ਜੇਤੂ ਯੱਗ ਲਈ ਛੱਡੇ ਗਏ ਘੋੜੇ ਦੀ ਚੋਰੀ ਹੋ ਜਾਣ ਉੱਤੇ ਸਗਰ ਦੇ ਪੁੱਤਰਾਂ ਨੇ ਉਸ ਨੂੰ ਲੱਭਣ ਲਈ ਸਾਰੀ ਧਰਤੀ ਪੁੱਟ ਸੁੱਟੀ ਸੀ ਅਤੇ ਅੰਤ ਵਿੱਚ ਉਹ ਕਪਿਲ ਮੁਨੀ ਦੇ ਕਰੋਧ ਦੇ ਪਾਤਰ ਬਣ ਗਏ ਸਨ। ਉਸੇ ਸਰਾਪ ਕਾਰਨ ਸੋਨਕਰ ਤਾਲਾਬਾਂ ਵਿੱਚੋਂ ਮਿੱਟੀ ਕੱਢਣ ਦਾ ਕੰਮ ਕਰਦੇ ਸਨ। ਪਰ ਹੁਣ ਕਰੋਧ ਨਹੀਂ, ਪੁੰਨ ਕਮਾਉਂਦੇ ਸਨ। ਉਹ ਇੱਟਾਂ ਬਣਾਉਣ ਦੇ ਕੰਮ ਵਿੱਚ ਵੀ ਬਹੁਤ ਕੁਸ਼ਲ ਸਨ। ਖੰਤੀ (ਖੱਤੀ) ਵੀ ਤਾਲਾਬ ਵਿੱਚੋਂ ਮਿੱਟੀ ਪੁੱਟਣ ਦੇ ਕੰਮ ਲਈ ਸੱਦੇ ਜਾਂਦੇ ਸਨ। ਜਿੱਥੇ ਕਿਤੇ, ਕਿਸੇ ਵਜ੍ਹਾ ਕਾਰਨ ਇਹ ਨਹੀਂ ਸਨ ਹੁੰਦੇ, ਉੱਥੇ ਘੁਮਾਰ ਤੋਂ ਵੀ ਤਾਲਾਬ ਦੀ ਮਿੱਟੀ ਬਾਰੇ ਸਲਾਹ ਲਈ ਜਾਂਦੀ ਸੀ।

ਤਾਲਾਬ ਲਈ ਥਾਂ ਦੀ ਚੋਣ ਕਰਨ ਸਮੇਂ ਬੁਲੱਈ ਬਿਨਾਂ ਬੁਲਾਏ ਆਉਂਦੇ ਸਨ। ਬੁਲੱਈ ਭਾਵ ਉਹ ਲੋਕ, ਜਿਨ੍ਹਾਂ ਨੂੰ ਪਿੰਡ ਦੀ ਮੁੱਢ ਤੋਂ ਅਖੀਰ ਤੱਕ ਪੂਰੀ-ਪੂਰੀ ਜਾਣਕਾਰੀ ਹੁੰਦੀ ਸੀ। ਕਿੱਥੇ ਕਿਹੋ ਜਿਹੀ ਜ਼ਮੀਨ ਹੈ, ਕਿਸਦੀ ਹੈ, ਪਹਿਲਾਂ ਕਿੱਥੇ-ਕਿੱਥੇ ਤਾਲਾਬ, ਬਾਵੜੀਆਂ ਵਗੈਰਾ ਬਣ ਚੁੱਕੀਆਂ ਸਨ ਅਤੇ ਹੁਣ ਕਿੱਥੇ ਅਤੇ ਕਦੋਂ ਬਣ ਸਕਦੇ ਹਨ, ਅਜਿਹੀਆਂ ਸਭ ਜਾਣਕਾਰੀਆਂ ਬੁਲੱਈਆਂ ਨੂੰ ਜ਼ੁਬਾਨੀ ਯਾਦ ਹੁੰਦੀਆਂ ਸਨ। ਫੇਰ ਵੀ ਉਨ੍ਹਾਂ ਕੋਲ ਇਸ ਸਭ ਦਾ ਹਿਸਾਬ-ਤਾਬ ਬੜਾ ਬਾਰੀਕ+ ਨਾਲ ਲਿਖਿਆ ਮਿਲ ਸਕਦਾ ਸੀ। ਮਾਲਵਾ ਦੇ ਇਲਾਕ+ਵਿੱਚ ਬੁਲੱਈ ਦੀ ਮਦਦ ਨਾਲ ਇਹ ਜਾਣਕਾਰੀ ਰਕ+ਬੇ ਵਿੱਚ ਬਾਕ+ਇਦਾ ਦਰਜ ਕੀਤੀ ਜਾਂਦੀ ਸੀ ਅਤੇ ਇਹ ਰਕ+ਬਾ ਹਰੇਕ ਜ਼ਿਮੀਂਦਾਰ ਕੋਲ ਹੁੰਦਾ ਸੀ।

ਬੁਲੱਈਆਂ ਨੂੰ ਕਿਤੇ ਢੇਰ ਵੀ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਮਿਰਧਾ ਸਨ, ਜਿਹੜੇ ਜ਼ਮੀਨ ਦੀ ਨਾਪ-ਜੋਖ, ਹਿਸਾਬ-ਕਿਤਾਬ ਅਤੇ ਜ਼ਮੀਨ ਦੇ ਝਗੜੇ ਦਾ ਨਿਪਟਾਰਾ ਵੀ ਕਰਦੇ ਸਨ।

ਇੱਟ, ਚੂਨੇ ਅਤੇ ਗਾਰੇ ਦਾ ਕੰਮ ਚੁਨਕਰ ਕਰਦੇ ਸਨ। ਬਚੇ ਸਮੇਂ ਵਿੱਚ ਲੂਣ ਦਾ ਵਪਾਰ ਵੀ ਇਨ੍ਹਾਂ ਹੱਥਾਂ ਨਾਲ ਹੀ ਹੁੰਦਾ ਸੀ। ਅੱਜ ਦੇ ਮੱਧ-ਪ੍ਰਦੇਸ਼ ਵਿੱਚ ਸੰਨ 1911 ਵਿੱਚ ਚੁਨਕਰਾਂ ਦੀ ਆਬਾਦੀ 25,000 ਤੋਂ ਵੱਧ ਸੀ। ਉੜੀਸਾ ਵਿੱਚ ਇਨ੍ਹਾਂ ਨੂੰ ਲੁਨਿਆ, ਮੁਰਹਾ ਅਤੇ ਸਾਂਸੀ (ਸੈਂਸੀ) ਕਿਹਾ ਜਾਂਦਾ ਸੀ। ਅੰਗਰੇਜ਼ਾਂ ਦੇ ਸਮੇਂ ਸਾਂਸੀਆਂ ਨੂੰ ਅਪਰਾਧੀ ਜਾਤੀ ਦੱਸ ਕੇ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਸੀ।

ਨਵੇਂ ਲੋਕ ਜਿਵੇਂ-ਜਿਵੇਂ ਤਾਲਾਬਾਂ ਨੂੰ ਭੁੱਲਦੇ ਗਏ, ਉਸੇ ਤਰ੍ਹਾਂ ਬਣਾਉਣ ਵਾਲਿਆਂ ਨੂੰ ਵੀ। ਭੁੱਲੇ-ਵਿੱਸਰੇ ਲੋਕਾਂ ਦੀ ਸੂਚੀ ਵਿੱਚ ਦੁਸਾਧ, ਨੌਨੀਆ, ਗੋਂਡ, ਪਰਧਾਨ, ਕੋਲ, ਢੀਮਰ, ਢੀਂਵਰ, ਭੋਈ ਵੀ ਆਉਂਦੇ ਹਨ। ਇੱਕ ਸਮਾਂ ਸੀ ਜਦੋਂ ਇਹ ਸਭ ਤਾਲਾਬਾਂ ਦੇ ਚੰਗੇ ਜਾਣਕਾਰ ਮੰਨੇ ਜਾਂਦੇ ਸਨ। ਅੱਜ ਇਨ੍ਹਾਂ ਦੀ ਭੂਮਿਕਾ ਨੂੰ ਸਮਝਣ ਦਾ ਸਾਰਾ ਹੀ ਵੇਰਵਾ ਅਸੀਂ ਲੱਗਭਗ ਗੁਆ ਬੈਠੇ ਹਾਂ।

.ਕੋਰੀ ਜਾਂ ਕੋਲੀ ਜਾਤੀ ਨੇ ਵੀ ਤਾਲਾਬਾਂ ਦਾ ਬੜਾ ਕੰਮ ਕੀਤਾ ਸੀ। ਸੈਂਕੜੇ ਤਾਲਾਬ ਬਣਾਉਣ ਵਾਲੇ ਕੋਰੀਆਂ ਬਾਰੇ ਅੱਜ ਠੀਕ ਢੰਗ ਨਾਲ ਜਾਣਕਾਰੀ ਦੇਣ ਵਾਲਾ ਇੱਕ ਵੀ ਫ਼ਿਕਰਾ ਨਹੀਂ ਮਿਲਦਾ। ਪਰ ਇੱਕ ਸਮਾਂ ਸੀ, ਬਹੁਤ ਸਾਰੇ ਖੇਤਰਾਂ ਵਿੱਚ ਕੋਲੀ ਜਾਤੀ ਦੇ ਕਾਮਿਆਂ ਨੂੰ ਆਪਣੇ ਲਾਗੇ ਵਸਾਉਣ ਵਾਸਤੇ ਲੋਕ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਸਨ। ਮਹਾਂਰਾਸ਼ਟਰ ਤੇ ਗੁਜਰਾਤ ਦੇ ਬਹੁਤ ਪਿੰਡਾਂ ਵਿੱਚ ਉਨ੍ਹਾਂ ਨੂੰ ਜ਼ਮੀਨ ਦਿੱਤੀ ਜਾਂਦੀ ਸੀ, ਉਨ੍ਹਾਂ ਦਾ ਲਗਾਨ ਮੁਆਫ਼ ਕੀਤਾ ਜਾਂਦਾ ਸੀ। ਅਜਿਹੀ ਜ਼ਮੀਨ ਨੂੰ ਬਾਰਾ ਜਾਂ ਵਾਰੋ ਕਿਹਾ ਜਾਂਦਾ ਸੀ।

ਸੱਚਮੁੱਚ ਲੌਹ-ਪੁਰਸ਼ ਸਨ ਅਗਰੀਆ। ਇਹ ਜਾਤੀ ਆਮ ਤੌਰ 'ਤੇ ਲੋਹੇ ਦਾ ਕੰਮ ਕਰਦੀ ਸੀ, ਪਰ ਕਿਤੇ-ਕਿਤੇ ਅਗਰੀਆ ਤਾਲਾਬ ਵੀ ਬਣਾਉਂਦੇ ਸਨ। ਤਾਲਾਬ ਪੁੱਟਣ ਦੇ ਔਜ਼ਾਰ ਕਹੀ, ਫਹੁੜਾ, ਬੇਲ, ਤਸਲੇ ਬਣਾਉਣ ਵਾਲੇ ਲੋਕ ਇਨ੍ਹਾਂ ਔਜ਼ਾਰਾਂ ਨੂੰ ਇਸਤੇਮਾਲ ਕਰਨ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ ਸਨ। ਬੇਲ ਸ਼ਬਦ ਤੋਂ ਹੀ ਬੇਲਦਾਰ ਬਣਿਆ ਹੈ।ਮਾਲੀ ਸਮਾਜ ਅਤੇ ਇਸ ਕੰਮ ਵਿੱਚ ਲੱਗੀ ਪਰਿਹਾਰ ਜਾਤੀ ਦਾ ਵੀ ਯੋਗਦਾਨ ਤਾਲਾਬਾਂ ਵਿੱਚ ਬਹੁਤ ਸੀ। ਤਾਲਾਬ ਬਣਾਉਣ ਵਿੱਚ, ਆਲੇ-ਦੁਆਲੇ ਕਮਲ ਦੇ ਫੁੱਲ ਤੇ ਵੇਲ-ਬੂਟੇ ਪਾਉਣ ਵਿੱਚ ਉਨ੍ਹਾਂ ਦਾ ਬੜੇ ਕਮਾਲ ਦਾ ਯੋਗਦਾਨ ਸੀ। ਕਿਤੇ-ਕਿਤੇ ਤਾਲਾਬ ਦੇ ਕੰਢੇ ਕੁੱਝ ਜ਼ਮੀਨ ਸਿਰਫ਼ ਮਾਲੀ ਪਰਿਵਾਰਾਂ ਲਈ ਰੱਖੀ ਜਾਂਦੀ ਸੀ। ਉਨ੍ਹਾਂ ਦਾ ਜੀਵਨ ਤਾਲਾਬ ਦੇ ਸਹਾਰੇ ਹੀ ਚੱਲਦਾ ਸੀ ਅਤੇ ਜੀਵਨ ਭਰ ਉਹ ਤਾਲਾਬ ਦੀ ਰਾਖੀ ਕਰਦੇ ਸਨ।

ਭੀਲ, ਭਿਲਾਲੇ, ਸਹਰੀਆ, ਕੋਲ ਅੱਜ ਆਪਣਾ ਸਾਰਾ ਕੁੱਝ ਗੁਆ ਚੁੱਕੇ ਹਨ ਅਤੇ ਜਨ-ਜਾਤੀਆਂ ਦੀ ਅਨੁਸੂਚਿਤ ਸੂਚੀ ਵਿੱਚ ਸ਼ਾਮਿਲ ਕਰ ਦਿੱਤੇ ਗਏ ਹਨ। ਇੱਕ ਸਮੇਂ ਉਨ੍ਹਾਂ ਦੇ ਛੋਟੇ-ਵੱਡੇ ਰਾਜ ਸਨ। ਇਨ੍ਹਾਂ ਦੇ ਰਾਜਾਂ ਵਿੱਚ ਪਾਣੀ ਦੀ, ਤਾਲਾਬਾਂ ਦੀ ਪੂਰੀ ਜ਼ਿੰਮੇਦਾਰੀ ਇਨ੍ਹਾਂ ਦੀ ਆਪਣੀ ਹੁੰਦੀ ਸੀ। ਵਗਦੀ ਨਦੀ ਦਾ ਪਾਣੀ ਕਿੱਥੇ ਰੋਕਣਾ ਹੈ, ਕਿਵੇਂ ਰੋਕਣਾ ਹੈ ਅਤੇ ਫਿਰ ਉਸ ਬੰਨ੍ਹੇ ਹੋਏ ਪਾਣੀ ਨੂੰ ਕਿੰਨੀ ਦੂਰ ਤੱਕ ਸਿੰਜਾਈ ਲਈ ਲੈ ਕੇ ਜਾਣਾ ਹੈ, ਇਹ ਸੁਚੱਜਾ ਕੰਮ ਭੀਲ, ਤੀਰ-ਕਮਾਨ ਵਾਂਗ ਆਪਣੇ ਮੋਢਿਆਂ ਉੱਤੇ ਹੀ ਰੱਖਦੇ ਸਨ। ਅਜਿਹੇ ਬੰਨ੍ਹੇ ਹੋਏ ਪਾਣੀ ਅਤੇ ਤਾਲਾਬਾਂ ਦੀ ਉਨ੍ਹਾਂ ਨੂੰ ਬਹੁਤ ਪਰਖ ਸੀ। ਦਬਾਅ ਕਿੰਨਾ ਹੈ, ਕਿੰਨੀ ਦੂਰੀ ਉੱਤੇ ਉਹ ਖੂਹ ਨੂੰ ਹਰਾ ਕਰ ਸਕਦਾ ਹੈ। ਇਹ ਭੇਤ ਉਹ ਸਿਰਫ਼ ਆਪਣੇ ਤੀਰ ਨਾਲ ਰੇਖਾ ਖਿੱਚ ਕੇ ਹੀ ਦੱਸ ਸਕਦੇ ਸਨ।

ਰਾਜਸਥਾਨ ਵਿੱਚ ਇਹ ਕੰਮ ਮੀਣਾ ਕਰਦੇ ਸਨ। ਅਲਵਰ ਜ਼ਿਲ੍ਹੇ ਦੇ ਮੈਗਸਾਸੇ ਇਨਾਮ ਜੇਤੂ ਸ਼੍ਰੀ ਰਾਜਿੰਦਰ ਸਿੰਘ ਦੀ ਛੋਟੀ ਜਿਹੀ ਸੰਸਥਾ 'ਤਰੁਣ ਭਾਰਤ ਸੰਘ' ਨੇ ਪਿਛਲੇ 13 ਸਾਲਾਂ ਵਿੱਚ 17,500 ਤੋਂ ਵੱਧ ਤਾਲਾਬ ਬਣਾਏ ਹਨ। ਉਨ੍ਹਾਂ ਨੂੰ ਹਮੇਸ਼ਾ ਇਹ ਮਹਿਸੂਸ ਹੋਇਆ ਕਿ ਪੂਰਾ ਪਿੰਡ ਹੀ ਤਾਲਾਬ ਬਣਾਉਣਾ ਜਾਣਦਾ ਹੈ। ਔਖੀਆਂ ਤੋਂ ਔਖੀਆਂ ਘੜੀਆਂ ਵਿੱਚ ਵੀ ਸੰਸਥਾ ਨੂੰ ਬਾਹਰੋਂ ਸਲਾਹ ਲੈਣ ਦੀ ਲੋੜ ਨਹੀਂ ਪਈ, ਕਿਉਂਕਿ ਪਿੰਡਾਂ ਵਿੱਚ ਮੀਣਾ ਰਹਿੰਦੇ ਸਨ, ਜਿਹੜੇ ਕਈ ਪੀੜ੍ਹੀਆਂ ਤੋਂ ਤਾਲਾਬਾਂ ਦਾ ਹੀ ਕੰਮ ਕਰ ਰਹੇ ਸਨ।

ਭੀਲ ਵੀ ਅੱਗੋਂ ਕਈ ਕਿਸਮ ਦੇ ਸਨ। ਨਾਇਕ, ਨਾਇਕਾ, ਚੋਲੀਵਾਲਾ ਨਾਇਕ, ਕਾਪੜੀਆ ਨਾਇਕ, ਵੱਡਾ ਨਾਇਕ, ਛੋਟਾ ਨਾਇਕ ਅਤੇ ਫਿਰ ਤਲਾਵੀਆ, ਗਰਾਸੀਆ, ਸਾਰੇ ਤਾਲਾਬ ਅਤੇ ਪਾਣੀ ਦੇ ਕੰਮ ਦੇ ਨਾਇਕ ਸਮਝੇ ਜਾਂਦੇ ਸਨ।ਨਾਇਕ ਜਾਂ ਮਹਾਂਰਾਸ਼ਟਰ ਕੋਂਕਣ ਵਿੱਚ, ਨਾਇਕ ਦਾ ਅਹੁਦਾ ਬੰਜਾਰਾ ਸਮਾਜ ਵਿੱਚ ਵੀ ਸੀ। ਜੰਗਲਾਂ ਵਿੱਚ ਵਿਚਰਨ ਵਾਲੇ ਬਣਚਰ, ਬਿਣਚਰ ਹੌਲੀ-ਹੌਲੀ ਬਣਜਾਰੇ ਕਹਾਉਣ ਲੱਗੇ। ਇਨ੍ਹਾਂ ਸਾਰਿਆਂ ਦੀ ਅੱਜ ਬੜੀ ਮਾੜੀ ਹਾਲਤ ਬਣਾ ਦਿੱਤੀ ਗਈ ਹੈ। ਇੱਕ ਸਮੇਂ ਇਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪਸ਼ੂਆਂ ਉੱਤੇ ਮਾਲ ਲੱਦ ਕੇ ਵਪਾਰ ਕਰਨ ਨਿੱਕਲਦੇ ਸਨ। ਗੰਨੇ ਦੇ ਖੇਤਰ ਵਿੱਚੋਂ ਚਾਵਲ ਦੇ ਖੇਤਰ ਵਿੱਚ ਗੁੜ ਲੈ ਜਾਂਦੇ ਅਤੇ ਫਿਰ ਚਾਵਲ ਲਿਆ ਕੇ ਦੂਜੇ ਇਲਾਕਿ+ਆਂ ਵਿੱਚ ਵੇਚਦੇ ਸਨ।

ਸ਼ਾਹਜਹਾਂ ਦੇ ਵਜ਼ੀਰ ਆਸਫ਼ਜਹਾਂ ਜਦੋਂ 1630 ਈ: ਵਿੱਚ ਦੱਖਣ ਆਏ ਸਨ ਤਾਂ ਉਨ੍ਹਾਂ ਦੀ ਫ਼ੌਜ ਦਾ ਸਾਮਾਨ ਭੰਗੀ-ਜੰਗੀ ਨਾਂ ਦੇ ਨਾਇਕ ਵਣਜਾਰਿਆਂ ਦੇ ਬਲਦਾਂ ਉੱਤੇ ਲੱਦਿਆ ਗਿਆ ਸੀ। ਬਲਦਾਂ ਦੀ ਗਿਣਤੀ ਸੀ ਇੱਕ ਲੱਖ ਅੱਸੀ ਹਜ਼ਾਰ। ਭੰਗੀ-ਜੰਗੀ ਤੋਂ ਬਗ਼ੈਰ ਸ਼ਾਹੀ ਫ਼ੌਜ ਹਿੱਲ ਨਹੀਂ ਸੀ ਸਕਦੀ। ਉਸਦੀ ਪ੍ਰਸ਼ੰਸਾ ਵਿੱਚ ਵਜ਼ੀਰ ਆਸਫ਼ਜਹਾਂ ਨੇ ਉਹਨਾਂ ਨੂੰ ਸੋਨੇ ਨਾਲ ਲਿਖਿਆ ਇੱਕ ਤਾਮਰ ਪੱਤਰ ਭੇਟ ਕੀਤਾ ਸੀ।

ਵੇਰਵਿਆਂ ਵਿੱਚ ਭਾਵੇਂ ਕੁੱਝ ਉੱਨੀ-ਇੱਕੀ ਹੋ ਸਕਦੀ ਹੈ, ਪਰ ਉਨ੍ਹਾਂ ਦੇ ਕਾਰਵਾਂ ਵਿੱਚ ਪਸ਼ੂ ਇੰਨੇ ਹੁੰਦੇ ਸਨ ਕਿ ਗਿਣਨਾ ਔਖਾ ਹੋ ਜਾਂਦਾ ਸੀ। ਉਦੋਂ ਸਿਰਫ਼ ਇਨ੍ਹਾਂ ਨੂੰ ਇੱਕ ਲੱਖ ਪਸ਼ੂਆਂ ਦਾ ਕਾਰਵਾਂ ਮੰਨ ਲਿਆ ਜਾਂਦਾ ਸੀ ਅਤੇ ਅਜਿਹੀ ਟੋਲੀ ਦਾ ਨਾਇਕ ਲਾਖਾ (ਲੱਖੀ) ਬੰਜਾਰਾ ਕਹਾਉਂਦਾ ਸੀ। ਹਜ਼ਾਰਾਂ ਪਸ਼ੂਆਂ ਦੇ ਇਸ ਕਾਰਵਾਂ ਨੂੰ ਲੈ ਕੇ ਸੈਂਕੜੇ ਲੋਕ ਚਲਦੇ ਸਨ। ਇਨ੍ਹਾਂ ਦੇ ਇੱਕ ਦਿਨ ਦੇ ਪੜਾਅ 'ਤੇ ਪਾਣੀ ਦੀ ਕਿੰਨੀ ਮੰਗ ਹੁੰਦੀ ਹੋਵੇਗੀ, ਇਸਦਾ ਅੰਦਾਜ਼ਾ ਲਾਇਆ ਜਾ ਸਕਦੈ। ਜਿੱਥੇ ਇਹ ਜਾਂਦੇ, ਜੇਕਰ ਉੱਥੇ ਪਹਿਲਾਂ ਕੋਈ ਤਾਲਾਬ ਨਹੀਂ ਸੀ ਹੁੰਦਾ ਤਾਂ ਉੱਥੇ ਇਹ ਤਾਲਾਬ ਜਾਂ ਖੂਹ ਬਣਾਉਣਾ ਆਪਣਾ ਫ਼ਰਜ਼ ਸਮਝਦੇ ਸਨ। ਮੱਧ-ਪ੍ਰਦੇਸ਼ ਦੇ ਸਾਗਰ ਨਾਂ ਦੇ ਸਥਾਨ ਉੱਤੇ ਬਣਿਆ ਬੇਹੱਦ ਸੁੰਦਰ ਤਾਲਾਬ ਅਜਿਹੇ ਹੀ ਕਿਸੇ ਲੱਖੀ ਬੰਜਾਰੇ ਨੇ ਬਣਵਾਇਆ ਸੀ। ਰਾਮਪੁਰਾ ਫੂਲ ਸਮੇਤ ਸਮੁੱਚੇ ਪੰਜਾਬ ਵਿੱਚ ਵੀ ਕਈ ਥਾਵਾਂ 'ਤੇ ਲੱਖੀ ਵਣਜਾਰਿਆਂ ਵੱਲੋਂ ਬਣਾਏ ਖੂਹ ਅਤੇ ਤਾਲਾਬ ਮਿਲਦੇ ਹਨ। ਛੱਤੀਸਗੜ੍ਹ ਵਿੱਚ ਅੱਜ ਵੀ ਕਈ ਪਿੰਡਾਂ ਵਿੱਚ ਲੋਕ ਆਪਣੇ ਤਾਲਾਬ ਨੂੰ ਕਿਸੇ ਲਾਖੇ ਬੰਜਾਰੇ ਨਾਲ ਜੋੜ ਕੇ ਯਾਦ ਕਰਦੇ ਹਨ। ਅਜਿਹੇ ਬੇਨਾਮ ਲਾਖੇ ਬੰਜਾਰਿਆਂ ਦੇ ਹੱਥਾਂ ਨਾਲ ਬਣੇ ਨਾਮੀ ਤਾਲਾਬਾਂ ਦੀ ਲੰਮੀ ਸੂਚੀ ਵਿੱਚ ਕਈ ਪ੍ਰਦੇਸ਼ਾਂ ਦੇ ਨਾਂ ਸਮਾ ਜਾਣਗੇ।

ਗੋਂਡ ਸਮਾਜ ਦਾ ਤਾਲਾਬਾਂ ਨਾਲ ਬੇਹੱਦ ਡੂੰਘਾ ਸਬੰਧ ਰਿਹਾ ਹੈ। ਮਹਾ-ਕੌਸ਼ਲ ਵਿੱਚ ਗੋਂਡ ਸਮਾਜ ਦਾ ਇਹ ਗੁਣ ਥਾਂ-ਥਾਂ ਤਾਲਾਬਾਂ ਦੇ ਰੂਪ ਵਿੱਚ ਮਿਲੇਗਾ। ਜੱਬਲਪੁਰ ਦੇ ਕੋਲ ਕੂੜਨ ਦਾ ਬਣਾਇਆ ਤਾਲਾਬ ਅੱਜ ਕੋਈ 10 ਹਜ਼ਾਰ ਸਾਲ ਮਗਰੋਂ ਵੀ ਕੰਮ ਦੇ ਰਿਹਾ ਹੈ। ਇਸੇ ਸਮਾਜ ਵਿੱਚ ਰਾਣੀ ਦੁਰਗਾਵਤੀ ਹੋਈ ਹੈ, ਜਿਸਨੇ ਆਪਣੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਆਪਣੇ ਸੂਬੇ ਨੂੰ ਤਾਲਾਬਾਂ ਨਾਲ ਭਰ ਦਿੱਤਾ ਸੀ।

ਗੋਂਡ ਨਾ ਕੇਵਲ ਖ਼ੁਦ ਤਾਲਾਬ ਬਣਾਉਂਦੇ ਸਨ, ਸਗੋਂ ਤਾਲਾਬ ਬਣਾਉਣ ਵਾਲੇ ਦੂਜੇ ਲੋਕਾਂ ਦਾ ਵੀ ਰੱਜ ਕੇ ਮਾਣ-ਸਨਮਾਨ ਕਰਦੇ ਸਨ। ਗੋਂਡ ਰਾਜਿਆਂ ਨੇ ਉੱਤਰੀ ਭਾਰਤ ਵਿੱਚੋਂ ਕੋਹਲੀ ਸਮਾਜ ਦੇ ਲੋਕਾਂ ਨੂੰ ਅੱਜ ਦੇ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਬਹੁਤ ਉਤਸ਼ਾਹ ਨਾਲ ਵਸਾਇਆ ਸੀ। ਭੰਡਾਰਾ ਵਿੱਚ ਵੀ ਇਸੇ ਲਈ ਬਹੁਤ ਸੋਹਣੇ ਤਾਲਾਬ ਮਿਲਦੇ ਹਨ।ਵੱਡੇ ਤਾਲਾਬਾਂ ਵਿੱਚੋਂ ਸਭ ਤੋਂ ਅੱਵਲ ਨੰਬਰ 'ਤੇ ਆਉਣ ਵਾਲਾ ਪ੍ਰਸਿੱਧ ਭੋਪਾਲ ਤਾਲਾਬ ਬਣਵਾਇਆ ਤਾਂ ਰਾਜਾ ਭੋਜ ਨੇ ਸੀ, ਪਰ ਇਸਦੀ ਪੂਰੀ ਯੋਜਨਾ ਕਾਲੀਆ ਨਾਂ ਦੇ ਇੱਕ ਗੋਂਡ ਸਰਦਾਰ ਦੀ ਮਦਦ ਨਾਲ ਸਿਰੇ ਚੜ੍ਹੀ ਸੀ। ਭੋਪਾਲ-ਹੋਸ਼ੰਗਾਬਾਦ ਘਾਟੀ ਵਿਚਕਾਰ ਵਗਣ ਵਾਲੀ ਕਾਲੀਆ ਸੋਤ ਨਦੀ ਦਾ ਨਾਂ ਇਸੇ ਗੋਂਡ ਸਰਦਾਰ ਦੇ ਨਾਂ 'ਤੇ ਰੱਖਿਆ ਗਿਆ ਸੀ।

.ਓੜੀਆ, ਓੜਹੀ, ਓਰਹੀ, ਓਡ, ਔਡ, ਜਿਵੇਂ-ਜਿਵੇਂ ਥਾਂ ਬਦਲੀ, ਉਸੇ ਤਰ੍ਹਾਂ ਇਨ੍ਹਾਂ ਦਾ ਨਾਂ ਬਦਲਦਾ ਗਿਆ, ਪਰ ਕੰਮ ਇੱਕੋ ਸੀ, ਦਿਨ-ਰਾਤ ਤਾਲਾਬ ਅਤੇ ਖੂਹ ਬਣਾਉਣੇ ; ਉਹ ਵੀ ਇੰਨੇ ਕਿ ਗਿਣੇ ਹੀ ਨਾ ਜਾ ਸਕਣ। ਅਜਿਹੇ ਲੋਕਾਂ ਵਾਸਤੇ ਹੀ ਇਹ ਕਹਾਵਤ ਬਣੀ ਸੀ ਕਿ ਓਡ ਹਰ ਰੋਜ਼ ਨਵੇਂ ਖੂਹ ਦਾ ਪਾਣੀ ਪੀਂਦੇ ਹਨ। ਬਣਾਉਣ ਵਾਲੇ ਅਤੇ ਬਣਨ ਵਾਲੀ ਚੀਜ਼ ਦੇ ਇੱਕ-ਮਿੱਕ ਹੋਣ ਦੀ ਇਸ ਤੋਂ ਇਲਾਵਾ ਸ਼ਾਇਦ ਹੀ ਕੋਈ ਹੋਰ ਮਿਸਾਲ ਹੋਵੇ, ਕਿਉਂਕਿ ਖੂਹ ਦਾ ਇੱਕ ਨਾਂ ਓਡ ਵੀ ਹੈ। ਇਹ ਪੱਛਮ ਵਿੱਚ ਠੇਠ ਗੁਜਰਾਤ ਤੋਂ ਲੈ ਕੇ ਰਾਜਸਥਾਨ, ਉੱਤਰ ਪ੍ਰਦੇਸ਼, ਖ਼ਾਸ ਕਰਕੇ ਬੁਲੰਦ ਸ਼ਹਿਰ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿ+ਆਂ, ਮਹਾਰਾਸ਼ਟਰ, ਮੱਧ-ਪ੍ਰਦੇਸ਼, ਉੜੀਸਾ ਤੱਕ ਫੈਲੇ ਹੋਏ ਸਨ। ਇਨ੍ਹਾਂ ਦੀ ਗਿਣਤੀ ਵੀ ਕਿਸੇ ਸਮੇਂ ਕਾਫ਼ੀ ਜ਼ਿਆਦਾ ਹੋਣੀ ਹੈ। ਉੜੀਸਾ ਵਿੱਚ ਕਿਸੇ ਸਮੇਂ ਕੋਈ ਸੰਕਟ ਆਉਣ ਉੱਤੇ ਤਕ+ਰੀਬਨ ਨੌਂ ਲੱਖ ਓੜੀਆਂ ਦੇ ਧਾਰ ਨਗਰੀ ਪੁੱਜਣ ਦੀ ਕਹਾਣੀ ਮਿਲਦੀ ਹੈ। ਇਹ ਗਧੇ ਪਾਲਦੇ ਸਨ। ਕਿਤੇ ਇਹ ਗਧਿਆਂ ਨਾਲ ਮਿੱਟੀ ਢੋ ਕੇ ਸਿਰਫ਼ ਤਾਲਾਬ ਦੀਆਂ ਵੱਟਾਂ ਬਣਾਉਂਦੇ ਸਨ ਤਾਂ ਕਿਤੇ-ਕਿਤੇ ਤਾਲਾਬ ਵੀ। ਆਦਮੀ-ਔਰਤ ਅਕਸਰ ਇਕੱਠੇ ਕੰਮ ਕਰਦੇ ਸਨ। ਓੜੀ ਮਿੱਟੀ ਦੇ ਬੜੇ ਵਧੀਆ ਜਾਣਕਾਰ ਸਨ। ਮਿੱਟੀ ਦੇ ਰੰਗ ਅਤੇ ਮਿੱਟੀ ਦੀ ਖ਼ੁਸ਼ਬੂ ਤੋਂ ਹੀ ਮਿੱਟੀ ਦਾ ਸੁਭਾਅ ਪੜ੍ਹ ਲੈਂਦੇ ਸਨ। ਮਿੱਟੀ ਦੀ ਤਹਿ ਅਤੇ ਮਿੱਟੀ ਦਾ ਦਬਾਅ ਵੀ ਖ਼ੂਬ ਸਮਝਦੇ ਸਨ। ਰਾਜਸਥਾਨ ਵਿੱਚ ਅੱਜ ਵੀ ਕਹਾਵਤ ਹੈ ਕਿ ਓਡ ਕਦੇ ਦਬ ਕੇ ਨਹੀਂ ਮਰਦੇ।

ਪ੍ਰਸਿੱਧ ਲੋਕ ਨਾਇਕਾ ਜਸਮਾ ਓੜਨ ਧਾਰ ਨਗਰੀ ਦੇ ਇੱਕ ਅਜਿਹੇ ਹੀ ਤਾਲਾਬ ਉੱਤੇ ਕੰਮ ਕਰ ਰਹੀ ਸੀ, ਜਦੋਂ ਰਾਜਾ ਭੋਜ ਨੇ ਉਸ ਨੂੰ ਵੇਖਿਆ ਅਤੇ ਆਪਣਾ ਰਾਜ-ਭਾਗ ਤੱਕ ਛੱਡਣ ਦਾ ਫ਼ੈਸਲਾ ਕਰ ਲਿਆ। ਰਾਜੇ ਨੂੰ ਜਸਮਾ ਸੋਨੇ ਦੀ ਬਣੀ ਅਪਸਰਾ ਦੇ ਰੂਪ ਵਿੱਚ ਦਿਖਾਈ ਦਿੱਤੀ ਸੀ, ਪਰ ਓੜੀ ਪਰਿਵਾਰ ਵਿੱਚ ਜੰਮੀ-ਪਲੀ ਜਸਮਾ ਆਪਣੇ-ਆਪ ਨੂੰ, ਆਪਣੇ ਸਰੀਰ ਨੂੰ ਤਾਂ ਕੀ ਸੰਸਾਰ ਤੱਕ ਨੂੰ ਮਿੱਟੀ ਮੰਨਣ ਵਾਲੀ ਪਰੰਪਰਾ ਦਾ ਹਿੱਸਾ ਸੀ। ਕਹਾਣੀ ਦੱਸਦੀ ਹੈ ਕਿ ਰਾਜਾ ਜਸਮਾ ਨੂੰ ਹਾਸਿਲ ਕਰਨ ਵਾਸਤੇ ਕੁੱਝ ਵੀ ਕਰਨ ਲਈ ਤਿਆਰ ਸੀ। ਜਸਮਾ ਨੇ ਅਜਿਹੇ ਰਾਜੇ ਦੀ ਰਾਣੀ ਬਣਨ ਦੀ ਥਾਂ ਮਰਨਾ ਪਸੰਦ ਕੀਤਾ। ਰਾਜੇ ਦਾ ਨਾਂ ਤਾਂ ਮੱਧਮ ਗਿਆ, ਪਰ ਜਸਮਾ ਓੜਨ ਦਾ ਜੱਸ ਅੱਜ ਤੱਕ ਵੀ ਉੜੀਸਾ, ਗੁਜਰਾਤ, ਛੱਤੀਸਗੜ੍ਹ, ਮਹਾਕੌਸ਼ਲ, ਮਾਲਵਾ, ਰਾਜਸਥਾਨ ਤੱਕ ਫੈਲਿਆ ਹੋਇਆ ਹੈ। ਸੈਂਕੜੇ ਵਰ੍ਹੇ ਬੀਤ ਗਏ ਇਨ੍ਹਾਂ ਖੇਤਰਾਂ ਵਿੱਚ ਅੱਜ ਵੀ ਫ਼ਸਲ ਕੱਟਣ ਮਗਰੋਂ ਪੂਰੀ-ਪੂਰੀ ਰਾਤ ਜਸਮਾ ਓੜਣ ਦੇ ਗੀਤ ਗਾਏ ਜਾਂਦੇ ਹਨ, ਨੌਟੰਕੀ ਖੇਡੀ ਜਾਂਦੀ ਹੈ। ਭਵਈ ਦੀਆਂ ਸਟੇਜਾਂ ਤੋਂ ਲੈ ਕੇ ਭਾਰਤ ਭਵਨ, ਐਨ.ਐਸ.ਡੀ. ਤੱਕ ਜਸਮਾ ਓੜਨ ਦੇ ਚਰਨ ਪਏ ਹੋਏ ਹਨ। ਜਸਮਾ ਓੜਨ ਦੇ ਜੱਸ ਦਾ ਸਤ ਤਾਂ ਲੋਕਾਂ ਦੇ ਦਿਲਾਂ ਵਿੱਚ ਬਚਿਆ ਰਿਹਾ, ਪਰ ਓੜੀਆਂ ਦਾ ਤਾਲਾਬ ਅਤੇ ਖੂਹ ਬਣਾਉਣ ਦਾ ਜੱਸ ਲੋਕੀ ਭੁੱਲ ਗਏ। ਜਿਹੜੇ ਸੱਚਮੁੱਚ ਰਾਸ਼ਟਰ ਨਿਰਮਾਤਾ ਸਨ, ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਭਟਕਣ ਲਈ ਮਜਬੂਰ ਕਰ ਦਿੱਤਾ ਗਿਆ। ਕਈ ਓੜੀ ਅੱਜ ਵੀ ਇਹੋ ਕੰਮ ਕਰਦੇ ਹਨ। ਇੰਦਰਾ ਨਹਿਰ ਬਣਾਉਣ ਲਈ ਹਜ਼ਾਰਾਂ ਓੜੀ ਲੱਗੇ ਸਨ, ਪਰ ਉਨ੍ਹਾਂ ਦਾ ਜੱਸ ਜਾਂਦਾ ਰਿਹਾ ਹੈ।

ਉੜੀਸਾ ਵਿੱਚ ਓੜੀਆਂ ਤੋਂ ਇਲਾਵਾ ਸੋਨਪੁਰਾ ਅਤੇ ਮਹਾਪਾਤਰ ਵੀ ਤਾਲਾਬਾਂ ਅਤੇ ਖੂਹਾਂ ਦੇ ਨਿਰਮਾਤਾ ਸਨ। ਇਹ ਗੰਜਾਮ, ਪੁਰੀ, ਕੋਣਾਰਕ ਅਤੇ ਆਲੇ-ਦੁਆਲੇ ਦੇ ਇਲਾਕਿ+ਆਂ ਤੱਕ ਫੈਲੇ ਹੋਏ ਸਨ। ਸੋਨਪੁਰਾ ਬਾਲੰਗੀਰ ਜ਼ਿਲ੍ਹੇ ਦੇ ਸੋਨਪੁਰ ਪਿੰਡ ਤੋਂ ਨਿੱਕਲੇ ਸਨ। ਇੱਕ ਪਾਸੇ ਇਹ ਮੱਧ-ਪ੍ਰਦੇਸ਼ ਤੱਕ ਜਾਂਦੇ ਸਨ, ਦੂਜੇ ਪਾਸੇ ਥੱਲੇ ਆਂਧਰਾ ਪ੍ਰਦੇਸ਼ ਤੱਕ। ਖਰੀਆ ਜਾਤੀ ਰਾਮਗੜ੍ਹ, ਬਿਲਾਸਪੁਰ ਅਤੇ ਸਰਗੁਜਾ ਦੇ ਆਲੇ-ਦੁਆਲੇ ਤਾਲਾਬ, ਛੋਟੇ ਬੰਨ੍ਹ ਅਤੇ ਨਹਿਰਾਂ ਬਣਾਉਣ ਦਾ ਕੰਮ ਕਰਦੀ ਸੀ। 1971 ਦੀ ਮਰਦਮਸ਼ੁਮਾਰੀ ਵਿੱਚ ਇਨ੍ਹਾਂ ਦੀ ਗਿਣਤੀ 23 ਹਜ਼ਾਰ ਸੀ।

ਬਿਹਾਰ ਵਿੱਚ ਮੁਸਹਰ, ਬਿਹਾਰ ਨਾਲ ਜੁੜੇ ਉੱਤਰ-ਪ੍ਰਦੇਸ਼ ਦੇ ਹਿੱਸਿਆਂ ਵਿੱਚ ਲੁਨੀਆ, ਮੱਧ-ਪ੍ਰਦੇਸ਼ ਵਿੱਚ ਨੌਨੀਆ, ਦੁਸਾਧ ਅਤੇ ਕੋਲ ਜਾਤੀਆਂ ਵੀ ਤਾਲਾਬ ਬਣਾਉਂਦੀਆਂ ਸਨ। ਮੁਸਹਰ, ਲੁਨੀਆ ਅਤੇ ਨੌਨੀਆ ਜਾਤੀਆਂ ਦੇ ਲੋਕ ਉਦੋਂ ਅੱਜ ਵਾਂਗ ਲਾਚਾਰ ਨਹੀਂ ਸਨ। 18ਵੀਂ ਸਦੀ ਤੱਕ ਮੁਸਹਰਾਂ ਨੂੰ ਤਾਲਾਬ ਮੁਕੰਮਲ ਹੋਣ ਤੱਕ ਪੂਰੇ-ਪੂਰੇ ਮਿਹਨਤਾਨੇ ਦੇ ਨਾਲ-ਨਾਲ ਜ਼ਮੀਨ ਵੀ ਦਿੱਤੀ ਜਾਂਦੀ ਸੀ। ਨੌਨੀਆ ਤੇ ਲੁਨੀਆ ਦੀ ਤਾਲਾਬ ਮੁਕੰਮਲ ਹੋਣ ਉੱਤੇ ਪੂਜਾ ਤੱਕ ਹੁੰਦੀ ਸੀ। ਮਿੱਟੀ ਦੇ ਪਾਰਖੀ ਮੁਸਹਰ ਦਾ ਸਮਾਜ ਵਿੱਚ ਆਪਣਾ ਸਥਾਨ ਸੀ। ਚੋਹਰਮੱਲ ਕਿਸੇ ਸਮੇਂ ਉਨ੍ਹਾਂ ਦੇ ਬਹੁਤ ਸ਼ਕਤੀਸ਼ਾਲੀ ਆਗੂ ਸਨ। ਸ਼੍ਰੀ ਸਲੇਸ (ਸ਼ੈਲੇਸ਼) ਦੁਸਾਧ ਜਾਤੀ ਦੇ ਬੜੇ ਪੂਜਣਯੋਗ ਆਗੂ ਸਨ। ਇਨ੍ਹਾਂ ਦੇ ਗੀਤ ਥਾਂ-ਥਾਂ ਗਾਏ ਜਾਂਦੇ ਸਨ ਅਤੇ ਇਨ੍ਹਾਂ ਨੂੰ ਦੂਜੇ ਲੋਕ ਵੀ ਇੱਜ਼ਤ-ਮਾਣ ਦਿੰਦੇ ਸਨ। ਦੁਸਾਧ ਜਦੋਂ ਵੀ ਸ਼੍ਰੀ ਸਲੇਸ ਦੇ ਜੱਗ (ਯੱਗ) ਕਰਦੇ ਹਨ ਤਾਂ ਦੂਜੀਆਂ ਜਾਤੀਆਂ ਵੀ ਇਸ ਵਿੱਚ ਹਿੱਸਾ ਲੈਂਦੀਆਂ ਹਨ।

ਇਨ੍ਹਾਂ ਇਲਾਕਿ+ਆਂ ਵਿੱਚ ਹੀ ਡਾਂੜੀ ਜਾਤੀ ਦੇ ਲੋਕ ਰਹਿੰਦੇ ਸਨ। ਇਹ ਬੇਹੱਦ ਮੁਸ਼ਕਿਲ ਕੰਮ ਕਰਨ ਵਾਲੀ ਮਿਹਨਤੀ ਜਾਤੀ ਸੀ। ਇਨ੍ਹਾਂ ਮੁਸ਼ਕਿਲ ਕੰਮਾਂ ਵਿੱਚ ਤਾਲਾਬ ਅਤੇ ਖੂਹ ਤਾਂ ਸ਼ਾਮਿਲ ਸਨ ਹੀ। ਬਿਹਾਰ ਵਿੱਚ ਅੱਜ ਵੀ ਜੇਕਰ ਕਿਸੇ ਮੁਸ਼ਕਿਲ ਕੰਮ ਦਾ ਹੱਲ ਨਾ ਲੱਭੇ ਤਾਂ ਕਹਿ ਦਿੰਦੇ ਹਨ,''ਡਾਂੜੀ ਲਾ ਦਿਓ''। ਡਾਂੜੀ ਬੇਹੱਦ ਸੁੰਦਰ ਮਜ਼ਬੂਤ ਕੱਦ ਕਾਠੀ ਵਾਲੇ ਹੁੰਦੇ ਸਨ। ਇਨ੍ਹਾਂ ਦੇ ਸੁਡੌਲ ਸਰੀਰ ਮੱਛੀਆਂ ਗਿਣਨ ਦਾ ਸੱਦਾ ਦਿੰਦੇ ਸਨ। ਅੱਜ ਦੇ ਬਿਹਾਰ ਅਤੇ ਬੰਗਾਲ ਵਿੱਚ ਵਸੇ ਸੰਥਾਲ ਵੀ ਸੋਹਣੇ ਤਾਲਾਬ ਬਣਾਉਂਦੇ ਸਨ। ਸੰਥਾਲ ਪਰਗਨਾ ਵਿੱਚ ਬਹੁਤ ਕੁੱਝ ਮਿਟ ਜਾਣ ਤੋਂ ਬਾਅਦ ਵੀ ਕਈ ਆਹਰ ਭਾਵ (ਤਾਲਾਬ) ਸੰਥਾਲਾਂ ਦੀ ਕੁਸ਼ਲਤਾ ਦੀ ਯਾਦ ਦਿਵਾਉਂਦੇ ਹਨ।

ਮਹਾਰਾਸ਼ਟਰ ਦੇ ਨਾਸਿਕ ਖੇਤਰ ਵਿੱਚ ਕੋਹਲੀਆਂ ਦੇ ਹੱਥਾਂ ਨੇ ਇੰਨੇ ਬੰਨ੍ਹ ਅਤੇ ਤਾਲਾਬ ਬਣਾਏ ਸਨ ਕਿ ਇਸ ਹਿੱਸੇ ਵਿੱਚ ਕਦੇ ਵੀ ਅਕਾਲ ਦਾ ਪਰਛਾਵਾਂ ਤੱਕ ਨਹੀਂ ਪਿਆ। ਸਮੁੰਦਰੀ ਇਲਾਕ+ ਗੋਆ ਅਤੇ ਕੋਂਕਣ ਪ੍ਰਦੇਸ਼ ਜ਼ਬਰਦਸਤ ਮੀਂਹ ਵਾਲੇ ਇਲਾਕੇ ਹਨ, ਪਰ ਮੀਂਹ ਦਾ ਮਿੱਠਾ ਪਾਣੀ ਉੱਥੇ ਵੇਖਦੇ-ਵੇਖਦੇ ਹੀ ਸਮੁੰਦਰ ਦੇ ਖਾਰੇ ਪਾਣੀ ਵਿੱਚ ਮਿਲ ਜਾਂਦਾ ਹੈ। ਇਹ ਕਮਾਲ ਗਾਵੜੀ ਜਾਤੀ ਦਾ ਹੀ ਸੀ ਕਿ ਪੱਛਮੀ ਘਾਟ ਦੀਆਂ ਪਹਾੜੀਆਂ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਮੀਂਹ ਦਾ ਪਾਣੀ ਤਾਲਾਬਾਂ ਵਿੱਚ ਸਾਲ ਭਰ ਰੋਕ ਕੇ ਰੱਖਿਆ ਜਾਂਦਾ ਸੀ ਤਾਂ ਜੋ ਉਹ ਮਿੱਠਾ ਬਣ ਸਕੇ। ਇੱਥੇ ਇਸ ਤੋਂ ਇਲਾਵਾ ਕਰਨਾਟਕ ਦੇ ਉੱਤਰੀ ਕੰਨੜ ਖੇਤਰ ਵਿੱਚ ਚੀਰੇ ਨਾਂ ਦਾ ਪੱਥਰ ਮਿਲਦਾ ਹੈ। ਤੇਜ਼ ਬਰਸਾਤ ਅਤੇ ਵਹਾਅ ਨੂੰ ਸਿਰਫ਼ ਇਸੇ ਪੱਥਰ ਨਾਲ ਰੋਕਿਆ ਜਾ ਸਕਦਾ ਹੈ।

ਇੰਨਾ ਸੁਘੜ ਕੰਮ ਕਿਸੇ ਸੁਚਾਰੂ ਪ੍ਰਬੰਧਾਂ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਜ਼ਹੀਨ ਦਿਮਾਗ਼ ਅਤੇ ਸੰਗਠਨ ਦਾ ਠੀਕ ਤਾਲਮੇਲ ਕੀਤੇ ਬਿਨਾਂ ਦੇਸ਼ ਵਿੱਚ ਇੰਨੇ ਸੋਹਣੇ ਤਾਲਾਬ ਨਾ ਤਾਂ ਬਣ ਸਕਦੇ ਸਨ ਅਤੇ ਨਾ ਹੀ ਹੁਣ ਤੱਕ ਟਿਕ ਸਕਦੇ ਸਨ। ਇਹ ਸੰਗਠਨ ਕਿੰਨੇ ਚੁਸਤ, ਦਰੁਸਤ ਸਨ, ਇਸਦੀ ਮਿਸਾਲ ਦੱਖਣ ਦੇ ਤਾਲਾਬਾਂ ਵਿੱਚ ਝਾਤ ਮਾਰ ਕੇ ਨਜ਼ਰੀਂ ਪੈਂਦੀ ਹੈ।

ਦੱਖਣ ਵਿੱਚ ਸਿੰਜਾਈ ਲਈ ਬਣਨ ਵਾਲੇ ਤਾਲਾਬਾਂ ਨੂੰ 'ਏਰੀ' ਕਿਹਾ ਜਾਂਦਾ ਹੈ। ਹਰੇਕ ਪਿੰਡ ਵਿੱਚ 'ਏਰੀ' ਸਨ। ਸਾਂਭ-ਸੰਭਾਲ ਨਾ ਹੋਣ ਦੇ ਬਾਵਜੂਦ 200 ਵਰ੍ਹਿਆਂ ਤੋਂ ਹਜ਼ਾਰਾਂ ਏਰੀਆਂ ਅੱਜ ਵੀ ਸੇਵਾ ਕਰ ਰਹੀਆਂ ਹਨ। ਪਿੰਡ ਦੀ ਪੰਚਾਇਤ ਅੰਦਰ ਇੱਕ ਹੋਰ ਸੰਸਥਾ ਹੁੰਦੀ ਸੀ-'ਏਰੀ ਵਰਯਮ'। ਏਰੀ ਨਾਲ ਜੁੜਿਆ ਹਰੇਕ ਕੰਮ, ਏਰੀ ਬਣਾਉਣਾ, ਉਸਦੇ ਰੱਖ-ਰਖਾਅ, ਸਿੰਜਾਈ ਦੇ ਸੁਚਾਰੂ ਅਤੇ ਨਿਰਪੱਖ ਇੰਤਜ਼ਾਮ ਅਤੇ ਇਨ੍ਹਾਂ ਸਾਰੇ ਕੰਮਾਂ ਲਈ ਸਾਧਨ ਜੁਟਾਉਣਾ ਵੀ 'ਵਰਯਮ' ਦਾ ਕੰਮ ਸੀ। ਏਰੀ ਨਾਲ ਜੁੜੇ ਛੇ ਕਾਮੇ ਜੇਕਰ ਠੀਕ ਕੰਮ ਨਹੀਂ ਸੀ ਕਰਦੇ ਤਾਂ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹਟਾਇਆ ਵੀ ਜਾ ਸਕਦਾ ਸੀ।

.ਇੱਥੇ 'ਏਰੀ' ਬਣਾਉਣ ਦਾ ਕੰਮ ਵੋੱਦਾਰ ਕਰਦੇ ਸਨ। ਸਿੰਜਾਈ ਦੇ ਪੂਰੇ ਪ੍ਰਬੰਧ ਲਈ ਸਿਰਫ਼ ਇੱਕ ਅਹੁਦਾ ਹੁੰਦਾ ਸੀ। ਇਸ ਨੂੰ ਵੱਖ-ਵੱਖ ਖੇਤਰਾਂ ਵਿੱਚ ਨੀਰਘੰਟੀ, ਨੀਰਗੰਟੀ, ਨੀਰਆਨੀ, ਕੰਬਕਕੱਟੀ ਅਤੇ ਮਾਇਯਨ ਥੋਟੀ ਕਿਹਾ ਜਾਂਦਾ ਸੀ। ਤਾਲਾਬ ਵਿੱਚ ਕਿੰਨਾ ਪਾਣੀ ਹੈ, ਕਿੰਨੇ ਖੇਤਾਂ ਦੀ ਸਿੰਜਾਈ ਹੋਣੀ ਹੈ, ਪਾਣੀ ਦੀ ਵੰਡ ਕਿਵੇਂ ਕਰਨੀ ਹੈ, ਇਹ ਸਾਰੇ ਕੰਮ ਨੀਰਘੰਟੀ ਕਰਦੇ ਸਨ। ਨੀਰਘੰਟੀ ਦਾ ਅਹੁਦਾ ਅਨੇਕ ਖੇਤਰਾਂ ਵਿੱਚ ਸਿਰਫ਼ ਹਰੀਜਨ ਨੂੰ ਹੀ ਦਿੱਤਾ ਜਾਂਦਾ ਸੀ ਅਤੇ ਸਿੰਜਾਈ ਦੇ ਮਾਮਲੇ ਵਿੱਚ ਉਸਦਾ ਫ਼ੈਸਲਾ ਸਰਬਉੱਚ ਹੁੰਦਾ ਸੀ। ਕਿਸਾਨ ਕਿੰਨਾ ਵੀ ਵੱਡਾ ਕਿਉਂ ਨਾ ਹੁੰਦਾ, ਇਸ ਮਾਮਲੇ ਵਿੱਚ ਉਹ ਨੀਰਘੰਟੀ ਤੋਂ ਛੋਟਾ ਹੀ ਸਮਝਿਆ ਜਾਂਦਾ ਸੀ।

ਇੱਕ ਪਾਸੇ ਦੱਖਣ ਵਿੱਚ ਨੀਰਘੰਟੀ ਵਰਗੇ ਹਰੀਜਨ ਸਨ ਤਾਂ ਦੂਜੇ ਪਾਸੇ ਪੱਛਮ ਵਿੱਚ ਪਾਲੀਵਾਲ ਬ੍ਰਾਹਮਣ ਵੀ ਸਨ। ਦਸਵੀਂ ਸਦੀ ਵਿੱਚ ਜੈਸਲਮੇਰ, ਜੋਧਪੁਰ ਕੋਲ ਪੱਲੀ ਨਗਰ 'ਚ ਵਸਣ ਕਰਕੇ ਅਜਿਹੇ ਬ੍ਰਾਹਮਣਾਂ ਦਾ ਨਾਂ ਪੱਲੀਵਾਲ ਜਾਂ ਪਾਲੀਵਾਲ ਪੈ ਗਿਆ। ਇਹ ਬ੍ਰਾਹਮਣ ਮਾਰੂਥਲਾਂ ਵਿੱਚ ਵਰ੍ਹਨ ਵਾਲੇ ਥੋੜ੍ਹੇ ਜਿਹੇ ਪਾਣੀ ਨੂੰ ਰੋਕਣ ਦੇ ਮਾਹਿਰ ਬਣ ਗਏ ਸਨ। ਉਹ 'ਖਡੀਨ' (ਜਿਹੜੇ ਸੁੱਕਣ ਤੋਂ ਬਾਅਦ ਖੇਤੀ ਦੇ ਵੀ ਕੰਮ ਆਉਂਦੇ ਹਨ) ਬਹੁਤ ਚੰਗੀ ਬਣਾਉਂਦੇ ਸਨ। ਮਾਰੂਥਲ ਦੇ ਉਸ ਵੱਡੇ ਟੁਕੜੇ ਜਿੱਥੇ ਪਾਣੀ ਵਹਿ ਕੇ ਆਉਂਦਾ ਹੋਵੇ, ਉੱਤੇ ਦੋ ਜਾਂ ਤਿੰਨ ਪਾਸਿਓਂ ਵੱਟ-ਬੰਦੀ ਕਰਕੇ ਪਾਣੀ ਰੋਕ ਕੇ ਖ਼ਾਸ ਤੌਰ ਉੱਤੇ ਤਿਆਰ ਕੀਤੇ ਜਾਂਦੇ ਬੰਨ੍ਹ ਨੂੰ 'ਖਡੀਨ' ਕਿਹਾ ਜਾਂਦਾ ਸੀ। ਖਡੀਨ ਖੇਤ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਤਾਲਾਬ ਹੀ ਆਉਂਦਾ ਹੈ। ਮਾਰੂਥਲਾਂ ਵਿੱਚ ਸੈਂਕੜੇ ਟਨ ਅਨਾਜ ਇਨ੍ਹਾਂ ਖਡੀਨਾਂ ਸਦਕਾ ਹੀ ਪੈਦਾ ਕੀਤਾ ਜਾਂਦਾ ਰਿਹਾ ਹੈ। ਅੱਜ ਵੀ ਜੋਧਪੁਰ, ਜੈਸਲਮੇਰ, ਬਾੜਮੇਰ ਖੇਤਰਾਂ ਵਿੱਚ ਸੈਂਕੜੇ ਖਡੀਨਾਂ ਹਨ।

ਇਹ ਗੱਲ ਪਾਲੀਵਾਲ ਬ੍ਰਾਹਮਣ ਹੀ ਜਾਣਦੇ ਸਨ ਕਿ ਪਾਣੀ ਦੇ ਕੰਮ ਤੋਂ ਬਿਨਾਂ ਬੰਦੇ ਦਾ ਕਾਹਦਾ ਸਵੈ-ਮਾਣ ਹੋਇਆ! ਜੈਸਲਮੇਰ ਵਿੱਚ ਪਤਾ ਨਹੀਂ ਕਿੰਨੇ ਪਿੰਡ ਪਾਲੀਵਾਲਾਂ ਦੇ ਸਨ। ਪਤਾ ਨਹੀਂ ਕਿਹੜੀ ਗੱਲੋਂ ਰਾਜੇ ਨਾਲ ਵਿਗੜ ਗਈ। ਬੱਸ, ਰਾਤੋ-ਰਾਤ ਪਾਲੀਵਾਲਾਂ ਦੇ ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ। ਇੱਕ ਤੋਂ ਇੱਕ ਵਧੀਆ ਘਰ, ਕੀਮਤੀ ਸਾਮਾਨ, ਸੁੰਦਰ ਖੂਹ, ਖਡੀਨਾਂ ਸਾਰਾ ਕੁੱਝ ਛੱਡ ਕੇ ਪਾਲੀਵਾਲ ਰਾਜ ਤੋਂ ਬਾਹਰ ਚਲੇ ਗਏ।

ਹੁਣ ਜੈਸਲਮੇਰ ਆਉਣ ਵਾਲੇ ਸੈਲਾਨੀਆਂ ਨੂੰ ਗਾਈਡ ਉਨ੍ਹਾਂ ਦੇ ਸੁੰਨੇ ਪਿੰਡ ਅਤੇ ਘਰ ਬੜੇ ਫ਼ਖ਼ਰ ਨਾਲ ਵਿਖਾਉਂਦੇ ਹਨ। ਪਾਲੀਵਾਲ ਉੱਥੋਂ ਨਿੱਕਲ ਕੇ ਕਿੱਥੇ-ਕਿੱਥੇ ਗਏ, ਇਸ ਦਾ ਠੀਕ ਅੰਦਾਜ਼ਾ ਨਹੀਂ, ਪਰ ਫੇਰ ਵੀ ਇੱਕ ਮੁੱਖ ਧਾਰਾ ਆਗਰਾ ਅਤੇ ਜੌਨਪੁਰ ਵਿੱਚ ਜਾ ਵਸੀ।

ਮਹਾਰਾਸ਼ਟਰ ਦੇ ਚਿੱਤਪਾਵਨ ਬ੍ਰਾਹਮਣ ਵੀ ਤਾਲਾਬ ਬਣਾਉਣ ਦਾ ਕੰਮ ਕਰਦੇ ਸਨ। ਕੁੱਝ ਦੂਜੇ ਬ੍ਰਾਹਮਣਾਂ ਨੂੰ ਇਹ ਗੱਲ ਠੀਕ ਨਾ ਲੱਗੀ ਕਿ ਬ੍ਰਾਹਮਣ ਮਿੱਟੀ ਪੁੱਟੇ ਅਤੇ ਢੋਣ ਦਾ ਕੰਮ ਕਰੇ। ਵਾਸੂਦੇਵ ਚਿਤਲੇ ਨਾਂ ਦੇ ਚਿੱਤਪਾਵਨ ਬ੍ਰਾਹਮਣ ਨੇ ਕਈ ਤਾਲਾਬ, ਬਾਵੜੀਆਂ ਅਤੇ ਖੂਹ ਬਣਾਏ ਸਨ। ਜਦੋਂ ਉਹ ਪਰਸ਼ੂਰਾਮ ਖੇਤਰ ਵਿੱਚ ਇੱਕ ਵੱਡਾ ਸਰੋਵਰ ਬਣਾ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਅਨੇਕਾਂ ਬ੍ਰਾਹਮਣ ਵੀ ਮਿੱਟੀ ਪੁੱਟ ਰਹੇ ਸਨ ਤਾਂ ਦੇਵਰੁੱਖ ਨਾਂ ਦੇ ਸਥਾਨ ਤੋਂ ਆਏ ਬ੍ਰਾਹਮਣਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਉਦੋਂ ਵਾਸੂਦੇਵ ਬ੍ਰਾਹਮਣ ਨੇ ਉਨ੍ਹਾਂ ਨੂੰ ਸਰਾਪ ਦਿੱਤਾ ਕਿ ਜਿਹੜੇ ਵੀ ਬ੍ਰਾਹਮਣ ਤੇਰਾ ਸਾਥ ਦੇਣਗੇ, ਉਹ ਬਿਲਕੁਲ ਹੀ ਨਿਸਤੇਜ ਹੋ ਕੇ ਲੋਕਾਂ ਦੀ ਨਿੰਦਾ ਦੇ ਪਾਤਰ ਬਣਨਗੇ। ਉਸ ਚਿੱਤਪਾਵਨ ਬ੍ਰਾਹਮਣ ਦੇ ਸਰਾਪ ਮਗਰੋਂ ਇਹ ਲੋਕ ਦੇਵਰੁੱਖ ਬ੍ਰਾਹਮਣ ਕਹਾਏ। ਚਿੱਤਪਾਵਨ ਬ੍ਰਾਹਮਣ ਆਪੋ-ਆਪਣੇ ਖੇਤਰਾਂ ਵਿੱਚ ਅਤੇ ਦੇਸ਼ ਦੇ ਹਰ ਮਾਮਲੇ ਵਿੱਚ ਆਪਣੀ ਖ਼ਾਸ ਪਛਾਣ ਬਣਾਉਣ ਵਿੱਚ ਸਫ਼ਲ ਰਹੇ ਸਨ।

ਕਿਹਾ ਜਾਂਦਾ ਹੈ ਕਿ ਪੁਸ਼ਕਰਣਾ ਬ੍ਰਾਹਮਣਾਂ ਨੂੰ ਵੀ ਤਾਲਾਬਾਂ ਨੇ ਹੀ ਉਸ ਸਮੇਂ ਦੇ ਸਮਾਜ ਵਿੱਚ ਬ੍ਰਾਹਮਣਾਂ ਦਾ ਦਰਜਾ ਦਿਵਾਇਆ। ਜੈਸਲਮੇਰ ਦੇ ਕੋਲ ਪੋਕਰਣ ਵਿੱਚ ਰਹਿਣ ਵਾਲਾ ਇਹ ਸਮੂਹ ਤਾਲਾਬ ਬਣਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਨੂੰ ਪ੍ਰਸਿੱਧ ਤੀਰਥ ਪੁਸ਼ਕਰ ਦਾ ਤਾਲਾਬ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਚਾਰੇ ਪਾਸੇ ਰੇਤੇ ਵਾਲੇ ਮੁਸ਼ਕਿਲ ਖੇਤਰ ਵਿੱਚ ਇਨ੍ਹਾਂ ਲੋਕਾਂ ਨੇ ਦਿਨ-ਰਾਤ ਇੱਕ ਕਰ ਕੇ ਬੇਹੱਦ ਸੁੰਦਰ ਤਾਲਾਬ ਬਣਾਇਆ। ਜਦੋਂ ਉਹ ਭਰਿਆ ਤਾਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਬ੍ਰਾਹਮਣਾਂ ਦਾ ਦਰਜਾ ਦੇ ਦਿੱਤਾ ਗਿਆ। ਪੁਸ਼ਕਰਣਾ ਬ੍ਰਾਹਮਣਾਂ ਦੇ ਘਰਾਂ ਵਿੱਚ 'ਕੁਦਾਲ' (ਗੈਂਤੀ) ਰੂਪੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ।

ਆਪਣੇ ਪੂਰੇ ਸਰੀਰ ਉੱਤੇ ਰਾਮ-ਨਾਮ ਖੁਦਵਾਉਣ ਵਾਲੇ ਅਤੇ ਰਾਮ-ਨਾਮ ਦੀ ਚੱਦਰ ਲਪੇਟਣ ਵਾਲੇ ਛੱਤੀਸਗੜ੍ਹ ਦੇ ਰਾਮਨਾਮੀ ਤਾਲਾਬਾਂ ਦੇ ਚੰਗੇ ਜਾਣਕਾਰ ਸਨ। ਉਨ੍ਹਾਂ ਲਈ ਮਿੱਟੀ ਦਾ ਕੰਮ ਰਾਮ ਦਾ ਹੀ ਕੰਮ ਸੀ। ਰਾਏਪੁਰ, ਬਿਲਾਸਪੁਰ ਅਤੇ ਰਾਏਗੜ੍ਹ ਜ਼ਿਲ੍ਹਿਆਂ ਵਿੱਚ ਫੈਲੇ ਇਹ ਲੋਕ ਪੂਰੇ ਖੇਤਰ ਵਿੱਚ ਘੁੰਮ-ਘੁੰਮ ਕੇ ਤਾਲਾਬ ਪੁੱਟਦੇ ਰਹੇ। ਬੇਸ਼ੱਕ ਇਸ ਘੁਮੱਕੜਪੁਣੇ ਕਾਰਨ ਹੀ ਇਨ੍ਹਾਂ ਨੂੰ ਵਣਜਾਰਾ ਕਿਹਾ ਗਿਆ। ਛੱਤੀਸਗੜ੍ਹ ਦੇ ਕਈ ਪਿੰਡਾਂ ਵਿੱਚ ਲੋਕੀ ਅੱਜ ਵੀ ਇਹ ਕਹਿੰਦੇ ਮਿਲ ਜਾਣਗੇ ਕਿ ਉਨ੍ਹਾਂ ਦਾ ਤਾਲਾਬ ਵਣਜਾਰਿਆਂ ਨੇ ਬਣਾਇਆ ਸੀ। ਇਹ ਰਾਮਨਾਮੀ ਹਿੰਦੂ ਹੋਣ ਦੇ ਬਾਵਜੂਦ ਅੰਤਿਮ ਸਸਕਾਰਾਂ ਵਿੱਚ ਮੁਰਦੇ ਨੂੰ ਅੱਗ ਨਹੀਂ ਸਨ ਲਾਉਂਦੇ ਸਗੋਂ ਦਫ਼ਨਾਉਂਦੇ ਸਨ। ਕਿਉਂਕਿ ਉਨ੍ਹਾਂ ਲਈ ਮਿੱਟੀ ਤੋਂ ਵੱਡਾ ਕੁੱਝ ਨਹੀਂ ਸੀ। ਜ਼ਿੰਦਗੀ ਭਰ ਰਾਮ ਦਾ ਨਾਂ ਲੈ ਕੇ, ਤਾਲਾਬ ਦਾ, ਮਿੱਟੀ ਦਾ ਕੰਮ ਕਰਨ ਵਾਲਿਆਂ ਲਈ ਜੀਵਨ ਭਰ ਦੀ ਥਕਾਵਟ ਲਾਹੁਣ ਲਈ ਆਰਾਮ ਲਈ ਹੋਰ ਕਿਹੜੀ ਜਗ੍ਹਾ ਹੋ ਸਕਦੀ ਸੀ?

ਅੱਜ ਇਹ ਸਭ ਨਾਮ ਬੇਨਾਮ ਹੋ ਗਏ ਹਨ। ਉਨ੍ਹਾਂ ਦੇ ਨਾਂ ਯਾਦ ਕਰਨ ਦੀ ਇਹ ਨਾਮ-ਮਾਲਾ, ਗਜ਼ਧਰ ਤੋਂ ਲੈ ਕੇ ਰਾਮਨਾਮੀ ਤੱਕ ਦੀ ਨਾਮ-ਮਾਲਾ ਅਧੂਰੀ ਹੀ ਹੈ। ਸਭ ਥਾਂ ਤਾਲਾਬ ਬਣਦੇ ਸਨ, ਸਭਨੀਂ ਥਾਈਂ ਤਾਲਾਬ ਬਣਾਉਣ ਵਾਲੇ ਵੀ ਸਨ।

ਸੈਂਕੜੇ ਹਜ਼ਾਰਾਂ ਤਾਲਾਬ ਖ਼ਲਾਅ ਵਿੱਚੋਂ ਪ੍ਰਗਟ ਨਹੀਂ ਸਨ ਹੋਏ, ਪਰ ਉਨ੍ਹਾਂ ਨੂੰ ਬਣਾਉਣ ਵਾਲੇ ਲੋਕ ਅੱਜ ਹਾਸ਼ੀਏ 'ਤੇ ਸੁੱਟ ਦਿੱਤੇ ਗਏ ਹਨ।

Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques

Path Alias

/articles/sansaara-saagara-daee-naaika

Post By: Hindi
×