ਤਾਲਾਬ ਆਪਣੇ ਆਪ ਵਿੱਚ ਇੱਕ ਵੱਡਾ ਅਤੇ ਡੂੰਘਾ ਟੋਆ ਹੈ। ਪਰ ਤਾਲਾਬ ਪਸ਼ੂਆਂ ਦੇ ਖੁਰਾਂ ਨਾਲ ਬਣਿਆ ਕੋਈ ਅਜਿਹਾ ਟੋਆ ਨਹੀਂ ਕਿ ਉਸ ਵਿੱਚ ਮੀਂਹ ਦਾ ਪਾਣੀ ਆਪਣੇ-ਆਪ ਭਰ ਜਾਵੇ। ਇਸ ਨੂੰ ਬਹੁਤ ਸੋਚ-ਵਿਚਾਰ ਕੇ ਅਤੇ ਬੜੀ ਬਾਰੀਕੀ ਨਾਲ ਬਣਾਇਆ ਜਾਂਦਾ ਰਿਹਾ ਹੈ। ਛੋਟੇ ਤੋਂ ਲੈ ਕੇ ਇੱਕ ਚੰਗੇ ਵੱਡੇ ਤਾਲਾਬ ਦੇ ਕਈ ਹਿੱਸੇ ਹੁੰਦੇ ਸਨ। ਹਰੇਕ ਦਾ ਇੱਕ ਵਿਸ਼ੇਸ਼ ਕੰਮ ਹੁੰਦਾ ਸੀ, ਇਸੇ ਕਾਰਨ ਇੱਕ ਵਿਸ਼ੇਸ਼ ਨਾਂ ਵੀ ਹੁੰਦਾ ਸੀ। ਤਾਲਾਬ ਤਾਂ ਭਲਾ ਬਣਦਾ ਹੀ ਸੀ, ਪਰ ਇਸ ਤੋਂ ਉਹਨੂੰ ਬਣਾਉਣ ਵਾਲੇ ਸਮਾਜ ਦੀ ਭਾਸ਼ਾ ਅਤੇ ਬੋਲੀ ਦੀ ਅਮੀਰੀ ਦਾ ਵੀ ਸਬੂਤ ਮਿਲਦਾ ਸੀ, ਪਰ ਜਿਵੇਂ-ਜਿਵੇਂ ਸਮਾਜ ਤਾਲਾਬਾਂ ਦੇ ਮਾਮਲੇ ਵਿੱਚ ਗ਼ਰੀਬ ਹੋਇਆ ਹੈ, ਉਵੇਂ ਹੀ ਭਾਸ਼ਾ 'ਚੋਂ ਵੀ ਇਹ ਨਾਂ ਤੇ ਸ਼ਬਦ ਹੌਲੀ-ਹੌਲੀ ਕਿਰਦੇ ਗਏ ਹਨ।
ਬੱਦਲ ਉੱਠੇ, ਗਰਜੇ ਤੇ ਪਾਣੀ ਜਿੱਥੇ ਡਿੱਗੇ, ਉੱਥੇ ਕੋਈ ਅਜਿਹੀ ਥਾਂ ਹੁੰਦੀ ਹੈ, ਜਿੱਥੇ ਪਾਣੀ ਇਕੱਠਾ ਹੁੰਦਾ ਹੈ। ਇੱਕ ਕਿਰਿਆ ਹੈ-ਆਗੌਰਨਾ ਭਾਵ ਇਕੱਠਾ ਕਰਨਾ, ਇਸ ਤੋਂ ਬਣਿਆ ਸ਼ਬਦ ਆਗੌਰ। ਆਗੌਰ ਤਾਲਾਬ ਦਾ ਇੱਕ ਉਹ ਅੰਗ ਹੈ, ਜਿੱਥੋਂ ਉਸ ਦਾ ਪਾਣੀ ਆਉਂਦਾ ਹੈ। ਇਹ ਉਹ 'ਢਲਾਨ' ਹੈ, ਜਿੱਥੇ ਵਰ੍ਹਿਆ ਪਾਣੀ ਇੱਕ ਹੀ ਦਿਸ਼ਾ ਵੱਲ ਚੱਲ ਪੈਂਦਾ ਹੈ। ਇਸਦਾ ਇੱਕ ਨਾਂ ਪਰਨਾਲਾ (ਪਨਢਾਲ) ਵੀ ਹੈ। ਆਗੌਰ ਨੂੰ ਮੱਧ-ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿੱਚ ਪੈਠੂ, ਪੌਰਾ ਜਾਂ ਪੈਨ ਵੀ ਕਹਿੰਦੇ ਹਨ। ਇਸ ਹਿੱਸੇ ਲਈ ਹੁਣ ਇੱਕ ਨਵਾਂ ਨਾਂ ਚੱਲ ਪਿਆ ਹੈ-ਜਲਾਗਮ ਖੇਤਰ। ਇਹ ਅੰਗਰੇਜ਼ੀ ਦੇ 'ਕੈਚਮੈਂਟ' ਤੋਂ ਲਿਆ ਗਿਆ ਅਨੁਵਾਦੀ, ਬਨਾਵਟੀ ਤੇ ਇੱਕ ਹੱਦ ਤੱਕ ਗ਼ਲਤ ਸ਼ਬਦ ਹੈ। ਜਲਾਗਮ ਦਾ ਸਹੀ ਅਰਥ ਵਰਖਾ ਦੀ ਰੁੱਤ ਹੈ।
ਆਗੌਰ ਦਾ ਪਾਣੀ ਜਿੱਥੇ ਆ ਕੇ ਭਰਦਾ ਹੈ ਉਸ ਨੂੰ ਤਾਲਾਬ ਨਹੀਂ ਕਹਿੰਦੇ। ਉਹ ਹੈ ਆਗਰ। ਤਾਲਾਬ ਤਾਂ ਸਾਰੇ ਹਿੱਸਿਆਂ ਦਾ ਕੁੱਲ ਜੋੜ ਹੈ। ਆਗਰ ਮਤਲਬ ਘਰ, ਖ਼ਜ਼ਾਨਾ। ਤਾਲਾਬ ਦਾ ਖ਼ਜ਼ਾਨਾ ਹੈ ਆਗਰ, ਜਿੱਥੇ ਸਾਰਾ ਪਾਣੀ ਆ ਕੇ ਜਮ੍ਹਾਂ ਹੋਵੇਗਾ। ਰਾਜਸਥਾਨ ਵਿੱਚ ਇਹ ਸ਼ਬਦ ਤਾਲਾਬ ਤੋਂ ਬਿਨਾਂ ਵੀ ਚਲਦਾ ਹੈ। ਰਾਜ ਪਰਿਵਹਨ ਦੀਆਂ ਬਸਾਂ ਦੇ ਡਿਪੂ ਨੂੰ ਵੀ ਆਗਰ ਕਿਹਾ ਜਾਂਦਾ ਹੈ। ਆਗਰਾ ਨਾਂ ਵੀ ਇਸ ਤੋਂ ਹੀ ਬਣਿਆ ਹੈ। ਆਗਰ ਨਾਂ ਦੇ ਕੁੱਝ ਪਿੰਡ ਵੀ ਕਈ ਰਾਜਾਂ ਵਿੱਚ ਮਿਲ ਜਾਣਗੇ।
ਆਗੌਰ ਅਤੇ ਆਗਰ ਸਾਗਰ ਦੇ ਦੋ ਮੁੱਖ ਹਿੱਸੇ ਮੰਨੇ ਗਏ ਹਨ। ਇਸ ਨੂੰ ਵੱਖ-ਵੱਖ ਖੇਤਰਾਂ ਵਿੱਚ ਕੁੱਝ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਤੇ ਇਹ ਸ਼ਬਦ ਮੂਲ ਸੰਸਕ੍ਰਿਤ ਤੋਂ ਘਸਦੇ-ਘਸਦੇ ਬੋਲੀ ਵਿੱਚ ਕਾਫ਼ੀ ਸਰਲ ਹੁੰਦੇ ਦਿਸਦੇ ਹਨ ਅਤੇ ਕਿਤੇ ਠੇਠ ਪੇਂਡੂ ਇਲਾਕਿਆਂ ਵਿੱਚ ਬੋਲੀ ਨੂੰ ਸਿੱਧੇ ਸੰਸਕ੍ਰਿਤ ਤੱਕ ਲੈ ਜਾਂਦੇ ਹਨ। ਆਗੌਰ ਕਿਤੇ ਆਵ ਹੈ, ਤਾਂ ਕਿਤੇ ਪਾਯਤਨ, ਮਤਲਬ ਜਿੱਥੇ ਤਾਲਾਬ ਦੇ ਪੈਰ ਪਸਰੇ ਹੋਣ। ਆਯਤਨ ਉਸ ਨੂੰ ਕਹਿੰਦੇ ਹਨ ਜਿੱਥੇ ਇਹ ਪਸਰਿਆ ਹੋਇਆ ਹਿੱਸਾ ਸੁੰਗੜ ਜਾਏ, ਭਾਵ ਆਗਰ ਬਣ ਜਾਏ। ਇਸਨੂੰ ਕਿਤੇ-ਕਿਤੇ ਭਰਾਓ ਵੀ ਕਹਿੰਦੇ ਹਨ। ਆਂਧਰਾ ਪ੍ਰਦੇਸ਼ ਵਿੱਚ ਪਹੁੰਚ ਕੇ ਇਹ ਪਰਿਵਾਹ ਪ੍ਰਦੇਸ਼ਮ ਬਣ ਜਾਂਦਾ ਹੈ। ਆਗਰ ਵਿੱਚ ਆਗੌਰ ਤੋਂ ਪਾਣੀ ਆਉਂਦਾ ਹੈ ਪਰ ਕਿਤੇ-ਕਿਤੇ ਆਗਰ ਦੇ ਬਿਲਕੁਲ ਵਿਚਕਾਰ ਖੂਹ ਵੀ ਪੁੱਟਦੇ ਹਨ। ਇਸ ਸਰੋਤ ਰਾਹੀਂ ਵੀ ਤਾਲਾਬ ਵਿੱਚ ਪਾਣੀ ਆਉਂਦਾ ਹੈ। ਇਸਨੂੰ ਬੋਗਲੀ ਕਹਿੰਦੇ ਹਨ। ਬਿਹਾਰ ਵਿੱਚ ਬੋਗਲੀ ਵਾਲੇ ਸੈਂਕੜੇ ਤਾਲਾਬ ਹਨ। ਬੋਗਲੀ ਦਾ ਇੱਕ ਨਾਂ ਚੂਹਰ ਵੀ ਹੈ।ਪਾਣੀ ਦੇ ਇਸ ਆਗਰ ਦੀ, ਕ+ਮਤੀ ਖ਼ਜ਼ਾਨੇ ਦੀ ਰਾਖੀ ਕਰਦੀ ਹੈ, ਪਾਲ (ਵੱਟ)। ਪਾਲ ਸ਼ਬਦ ਪਾਲਕ ਤੋਂ ਬਣਿਆ ਹੋਵੇਗਾ। ਕੁੱਝ ਖੇਤਰਾਂ ਵਿੱਚ ਇਹ ਪਾਰ ਹੈ। ਨਦੀ ਦੇ ਪਾਰ ਵਾਂਗ ਕਿਨਾਰੇ ਦੇ ਅਰਥ ਵਿੱਚ। ਪਾਰ ਦੇ ਨਾਲ ਆਰ ਵੀ ਹੈ, ਆਰ-ਪਾਰ ਅਤੇ ਤਾਲਾਬ ਦੇ ਇਸ ਪਾਰ ਤੋਂ ਉਸ ਪਾਰ ਨੂੰ ਆਰ-ਪਾਰ ਜਾਂ ਪਾਰ-ਆਰ ਦੀ ਥਾਂ ਪਾਰਾਵਾਰ ਵੀ ਕਹਿੰਦੇ ਹਨ। ਅੱਜ ਪਾਰਾਵਾਰ ਸ਼ਬਦ ਤਾਲਾਬ ਜਾਂ ਪਾਣੀ 'ਚੋਂ ਨਿੱਕਲ ਕੇ ਆਨੰਦ ਦੀ ਮਾਤਰਾ ਦੱਸਣ ਲਈ ਵਰਤੋਂ ਵਿੱਚ ਆ ਰਿਹਾ ਹੈ, ਪਰ ਪਹਿਲਾਂ ਇਹ ਪਾਣੀ ਦੇ ਆਨੰਦ ਦਾ ਪਾਰਾਵਾਰ ਹੁੰਦਾ ਹੋਵੇਗਾ।
ਪਾਰ ਜਾਂ ਪਾਲ ਬਹੁਤ ਮਜ਼ਬੂਤ ਹੁੰਦੀ ਹੈ, ਪਰ ਇਸ ਰਖਵਾਲੇ ਦੀ ਵੀ ਰਖਵਾਲੀ ਨਾ ਹੋਵੇ ਤਾਂ ਆਗੌਰ ਤੋਂ ਆਗਰ ਵਿੱਚ ਲਗਾਤਾਰ ਭਰਨ ਵਾਲਾ ਪਾਣੀ ਇਸ ਨੂੰ ਪਤਾ ਨਹੀਂ ਕਦੋਂ ਪਾਰ ਕਰ ਲਵੇ ਅਤੇ ਪਾਣੀ ਦਾ ਤੇਜ਼ ਵਹਾਅ ਅਤੇ ਸ਼ਕਤੀ ਵੇਖਦੇ ਹੀ ਵੇਖਦੇ ਉਸ ਨੂੰ ਮਿਟਾ ਦੇਵੇ। ਤਾਲਾਬ ਨੂੰ ਟੁੱਟਣ ਤੋਂ ਬਚਾਉਣ ਵਾਲੇ ਇਸ ਹਿੱਸੇ ਦਾ ਨਾਂ ਹੈ ਅਫ਼ਰਾ। ਆਗਰ ਤਾਂ ਹੋਇਆ ਤਾਲਾਬ ਦਾ ਢਿੱਡ, ਅਤੇ ਇਹ ਇੱਕ ਹੱਦ ਤੱਕ ਭਰਨਾ ਚਾਹੀਦਾ ਹੈ ਤਾਂ ਹੀ ਤਾਲਾਬ ਦਾ ਸਾਲ ਭਰ ਤੱਕ ਕੋਈ ਅਰਥ ਹੈ। ਜੇਕਰ ਉਹ ਹੱਦ ਨੂੰ ਪਾਰ ਕਰ ਲਵੇ ਤਾਂ ਪਾਲ ਨੂੰ ਖ਼ਤਰਾ ਹੈ। ਢਿੱਡ ਪੂਰਾ ਭਰ ਗਿਆ, ਆਫ਼ਰ ਗਿਆ ਤਾਂ ਉਸ ਨੂੰ ਹੁਣ ਖ਼ਾਲੀ ਕਰਨਾ ਹੈ। ਇਹ ਕੰਮ ਅਫ਼ਰਾ ਕਰਦੀ ਹੈ ਅਤੇ ਢਿੱਡ ਨੂੰ ਫਟਣ ਤੋਂ, ਤਾਲਾਬ ਦੀ ਪਾਲ ਨੂੰ ਟੁੱਟਣ ਤੋਂ ਬਚਾਉਂਦੀ ਹੈ।
ਇਸ ਹਿੱਸੇ ਦੇ ਕਈ ਨਾਂ ਹਨ। ਅਫ਼ਰਾ ਕਿਤੇ ਅਪਰਾ ਵੀ ਹੋ ਜਾਂਦਾ ਹੈ। ਉਬਰਾ, ਓਬਰਾ ਵੀ ਹੈ, ਜੋ ਸ਼ਾਇਦ ਬਚਣ-ਬਚਾਉਣ ਦੇ ਅਰਥ ਤੋਂ ਬਣੇ ਹਨ। ਰਾਜਸਥਾਨ ਵਿੱਚ ਇਹ ਸਭ ਨਾਂ ਚਲਦੇ ਹਨ। ਚੰਗੀ ਬਰਸਾਤ ਹੋਵੇ ਤੇ ਤਾਲਾਬ ਵਿੱਚ ਪਾਣੀ ਅਪਰਾ ਦੇ ਉੱਪਰੋਂ ਲੰਘਣ ਲੱਗ ਪਵੇ ਤਾਂ ਉਹਨੂੰ ਅਪਰਾ ਚੱਲਣਾ ਕਹਿੰਦੇ ਹਨ। ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਇਸਨੂੰ ਚਾਦਰ ਚੱਲਣਾ ਵੀ ਕਹਿੰਦੇ ਹਨ। ਛੱਤੀਸਗੜ੍ਹ ਵਿੱਚ ਇਸ ਹਿੱਸੇ ਦਾ ਨਾਂ ਹੈ ਛਲਕਾ ਭਾਵ ਉਛਾਲਾ-ਪਾਲ ਨੂੰ ਤੋੜੇ ਬਿਨਾਂ ਜਿੱਥੋਂ ਪਾਣੀ ਉੱਛਲ ਕੇ ਲੰਘ ਜਾਵੇ।
ਇਸ ਹਿੱਸੇ ਦਾ ਪੁਰਾਣਾ ਨਾਂ ਨਿਕਾਸ ਜਾਂ ਨਿਕਾਸੀ ਵੀ ਹੈ। ਪਰ ਸ਼ੁੱਧ ਸੰਸਕ੍ਰਿਤ ਤੋਂ ਆਇਆ ਹੈ ਸ਼ਬਦ ਨੇਸ਼ਟਾ। ਰਾਜਸਥਾਨ ਦੇ ਥਾਰ ਖੇਤਰ ਵਿੱਚ, ਜੈਸਲਮੇਰ, ਬੀਕਾਨੇਰ, ਜੋਧਪੁਰ ਵਿੱਚ ਸਭ ਥਾਂ, ਪਿੰਡਾਂ, ਸ਼ਹਿਰਾਂ ਵਿੱਚ ਨੇਸ਼ਟਾ ਹੀ ਪ੍ਰਚਲਿਤ ਹੈ। ਸਰਹੱਦ ਪਾਰ ਕਰ ਕੇ ਸਿੰਧ ਵਿੱਚ ਵੀ ਇਹੀ ਨਾਂ ਚਲਦਾ ਹੈ। ਇਹ ਦੱਖਣ ਵਿੱਚ ਕਾਲੰਗਲ ਹੈ ਤੇ ਬੁੰਦੇਲਖੰਡ ਵਿੱਚ ਬਗਰਨ ਭਾਵ ਜਿੱਥੋਂ ਤਾਲਾਬ ਦਾ ਵਾਧੂ ਪਾਣੀ ਬਾਹਰ ਨਿੱਕਲ ਜਾਵੇ।
ਨੇਸ਼ਟਾ ਨੂੰ ਪਹਿਲੇ ਸਾਲ ਛੋਟਾ ਬਣਾਉਂਦੇ ਹਨ ; ਪਾਲ ਤੋਂ ਵੀ ਬਹੁਤ ਨੀਵਾਂ। ਨਵੀਂ ਪਾਲ ਪਾਣੀ ਪੀਵੇਗੀ, ਕੁੱਝ ਧਸੇਗੀ ਤਾਹੀਓਂ ਤਾਲਾਬ ਵਿੱਚ ਜ਼ਿਆਦਾ ਪਾਣੀ ਰੋਕਣ ਦਾ ਲਾਲਚ ਨਹੀਂ ਕਰਦੇ। ਜਦੋਂ ਇੱਕ ਬਰਸਾਤ ਨਾਲ ਤਾਲਾਬ ਪੱਕਾ ਹੋ ਜਾਂਦਾ ਹੈ ਤਾਂ ਅਗਲੇ ਸਾਲ ਨਿਕਾਸੀ ਨੂੰ ਥੋੜ੍ਹਾ ਹੋਰ ਉੱਪਰ ਚੁੱਕਦੇ ਹਨ। ਇਸ ਸੂਰਤ ਵਿੱਚ ਤਾਲਾਬ ਜ਼ਿਆਦਾ ਪਾਣੀ ਰੋਕ ਸਕਦਾ ਹੈ।
(ਨੇਸ਼ਟਾ) ਨਿਕਾਸੀ ਮਿੱਟੀ ਦੀ ਕੱਚੀ ਵੱਟ ਦਾ ਘੱਟ ਉੱਚਾ ਹਿੱਸਾ ਹੁੰਦੀ ਹੈ, ਪਰ ਇਹ ਪਾਣੀ ਦਾ ਮੁੱਖ ਜ਼ੋਰ ਝੱਲਦੀ ਹੈ, ਇਸ ਲਈ ਇਸ ਨੂੰ ਪੱਕਾ ਮਤਲਬ ਪੱਥਰ ਚੂਨੇ ਦਾ ਬਣਾਇਆ ਜਾਂਦਾ ਹੈ। ਨੇਸ਼ਟਾ ਦੇ ਆਲੇ-ਦੁਆਲੇ ਦਾ ਹਿੱਸਾ ਅਰਧ-ਗੋਲੇ ਦੀ ਗੋਲਾਈ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ ਤਾਂ ਜੋ ਪਾਣੀ ਦਾ ਵੇਗ ਉਸ ਨਾਲ ਟਕਰਾ ਕੇ ਟੁੱਟ ਸਕੇ। ਇਸ ਗੋਲਾਈ ਵਾਲੇ ਅੰਗ ਦਾ ਨਾਂ ਨਾਕਾ ਹੈ। ਜੇ ਇਹ ਅੰਗ ਤਾਲਾਬ ਦੀ ਥਾਂ ਬੰਨ੍ਹ 'ਤੇ ਬਣੇ, ਭਾਵ ਛੋਟੇ ਨਦੀ-ਨਾਲੇ ਦੇ ਪ੍ਰਵਾਹ ਨੂੰ ਰੋਕਣ ਲਈ ਬਣਾਏ ਗਏ ਛੋਟੇ ਬੰਨ੍ਹ ਉੱਤੇ ਬਣੇ ਤਾਂ ਉਸ ਨੂੰ ਓੜ ਕਹਿੰਦੇ ਹਨ। ਪੱਖੇ ਵਰਗੇ ਆਕਾਰ ਕਾਰਨ ਇਸ ਨੂੰ ਪੱਖਾ ਵੀ ਆਖਦੇ ਹਨ।
ਨੇਸ਼ਟਾ ਉਂਝ ਤਾਂ ਤਾਲਾਬ ਦਾ ਤਕਨੀਕੀ ਹਿੱਸਾ ਹੁੰਦਾ ਸੀ, ਪਰੰਤੂ ਕਿਤੇ-ਕਿਤੇ ਇਸ ਨੂੰ ਇਸ ਢੰਗ ਨਾਲ ਬਣਾਇਆ ਜਾਂਦਾ ਸੀ ਕਿ ਤਕਨੀਕੀ ਹਿੱਸਾ ਹੋਣ ਦੇ ਬਾਵਜੂਦ ਉਹ ਕਲਾ-ਪੱਖ ਨੂੰ ਵੀ ਛੋਹ ਲੈਂਦਾ ਸੀ। ਜਿਹੜੇ ਕਲਾ ਦੇ ਨਿਪੁੰਨ ਹੱਥਾਂ ਦਾ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਤੋਂ ਇਹ ਕੰਮ ਸਹਿਜ ਹੀ ਹੋ ਜਾਂਦਾ ਸੀ। ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ ਫ਼ਲੌਦੀ, ਉੱਥੇ ਸ਼ਿਵ ਸਾਗਰ ਨਾਂ ਦਾ ਇੱਕ ਤਾਲਾਬ ਹੈ। ਇਸ ਦਾ ਘਾਟ ਲਾਲ ਪੱਥਰ ਨਾਲ ਬਣਾਇਆ ਗਿਆ ਹੈ। ਘਾਟ ਸਿੱਧੀ ਰੇਖਾ ਵਿੱਚ ਚੱਲਦਾ-ਚੱਲਦਾ ਸੱਪ-ਵਲੇਵੇਂ ਦਾ ਸੁੰਦਰ ਰੂਪ ਲੈ ਲੈਂਦਾ ਹੈ। ਇਹ ਅਰਧ ਗੋਲੇ ਵਾਲੀ ਗੋਲਾਈ ਤਾਲਾਬ ਤੋਂ ਬਾਹਰ ਨਿੱਕਲਣ ਵਾਲੇ ਪਾਣੀ ਦਾ ਵਹਾਅ ਘਟਾਉਂਦੀ ਹੈ। ਜੁਮੈਟਰੀ ਦੀ ਇਹ ਸੁੰਦਰ ਖੇਡ ਬਿਨਾਂ ਕਿਸੇ ਤਕਨੀਕੀ ਬੋਝ ਤੋਂ, ਸੱਚਮੁੱਚ ਖੇਡ-ਖੇਡ ਵਿੱਚ ਵੱਧ ਪਾਣੀ ਨੂੰ ਬਾਹਰ ਕੱਢ ਕੇ ਸ਼ਿਵ ਸਾਗਰ ਦੀ ਰਾਖੀ ਬੜੇ ਹੀ ਕਲਾਤਮਕ ਢੰਗ ਨਾਲ ਕਰਦੀ ਹੈ।
ਮੁੜ ਆਗੌਰ ਵੱਲ ਚੱਲੀਏ! ਇੱਥੋਂ ਹੀ ਪਾਣੀ ਆਉਂਦਾ ਹੈ ਆਗਰ ਵਿੱਚ। ਸਿਰਫ਼ ਪਾਣੀ ਲਿਆਉਣਾ ਹੈ ਅਤੇ ਮਿੱਟੀ ਤੇ ਰੇਤ ਨੂੰ ਰੋਕਣਾ ਹੈ। ਇਸ ਲਈ ਆਗੌਰ ਵਿੱਚ ਪਾਣੀ ਛੋਟੀਆਂ-ਛੋਟੀਆਂ ਧਾਰਾਵਾਂ ਨੂੰ ਮੋੜ ਕੇ ਕੁੱਝ ਖ਼ਾਸ ਰਸਤਿਆਂ ਰਾਹੀਂ ਆਗਰ ਵੱਲ ਲਿਆਇਆ ਜਾਂਦਾ ਹੈ ਅਤੇ ਤਾਲਾਬ ਵਿੱਚ ਪੁੱਜਣ ਤੋਂ ਪਹਿਲਾਂ ਇਨ੍ਹਾਂ ਧਾਰਾਵਾਂ ਉੱਤੇ ਖੁਰਾ (ਰੋਕ) ਲਾਇਆ ਜਾਂਦਾ ਹੈ। ਸ਼ਾਇਦ ਇਹ ਸ਼ਬਦ ਪਸ਼ੂ ਦੇ ਖੁਰ ਤੋਂ ਬਣਿਆ ਹੈ। ਇਸਦਾ ਆਕਾਰ ਖੁਰ ਜਿਹਾ ਹੁੰਦਾ ਹੈ। ਵੱਡੇ-ਵੱਡੇ ਪੱਥਰ ਕੁੱਝ ਇਸ ਤਰ੍ਹਾਂ ਜੋੜੇ ਜਾਂਦੇ ਹਨ ਕਿ ਉਨ੍ਹਾਂ ਵਿੱਚੋਂ ਸਿਰਫ਼ ਪਾਣੀ ਹੀ ਲੰਘ ਸਕੇ, ਮਿੱਟੀ ਅਤੇ ਰੇਤ ਆਦਿ ਪਿੱਛੇ ਹੀ ਜੰਮ ਜਾਵੇ।
ਰੇਗ਼ਿਸਤਾਨੀ ਖੇਤਰ ਵਿੱਚ ਰੇਤ ਦੀ ਮਾਤਰਾ ਮੈਦਾਨੀ ਖੇਤਰਾਂ ਨਾਲੋਂ ਕਿਤੇ ਵੱਧ ਹੁੰਦੀ ਹੈ। ਇਸ ਲਈ ਉੱਥੇ ਤਾਲਾਬ ਵਿੱਚ ਖੁਰੇ ਚੰਗੀ ਤਰ੍ਹਾਂ ਅਤੇ ਕੱਚੇ ਦੀ ਥਾਂ ਪੱਕੇ ਬਣਦੇ ਹਨ। ਪੱਥਰਾਂ ਨੂੰ ਗਾਰੇ, ਚੂਨੇ ਨਾਲ ਲਾ ਕੇ ਬਾਕਾਇਦਾ ਅਜਿਹੀ ਦੋ ਮੰਜ਼ਿਲੀ ਪੁਲੀ ਬਣਾਈ ਜਾਂਦੀ ਹੈ, ਜਿਸ ਵਿੱਚ ਉੱਪਰਲੀ ਮੰਜ਼ਿਲ ਦੇ ਝਰੋਖਿਆਂ ਜਾਂ ਮੋਰੀਆਂ ਵਿੱਚੋਂ ਪਾਣੀ ਆਉਂਦਾ ਹੈ। ਉਨ੍ਹਾਂ ਮੋਰੀਆਂ ਵਿੱਚੋਂ ਪਾਣੀ ਇੱਕ ਨਾਲੀ ਵਿੱਚ ਜਾਂਦਾ ਹੈ ਅਤੇ ਉੱਥੇ ਪਾਣੀ ਸਾਰਾ ਭਾਰ ਰੋੜੇ, ਰੇਤ ਆਦਿ ਛੱਡ ਕੇ ਨਿੱਤਰ ਕੇ ਫਿਰ ਪਹਿਲੀ ਮੰਜ਼ਿਲ ਦੀਆਂ ਮੋਰੀਆਂ ਰਾਹੀਂ ਬਾਹਰ ਨਿਕਲ ਕੇ ਆਗੌਰ ਵੱਲ ਚੱਲਦਾ ਹੈ। ਕਈ ਤਰ੍ਹਾਂ ਦੀਆਂ ਛੋਟੀਆਂ-ਵੱਡੀਆਂ, ਉੱਚੀਆਂ-ਨੀਵੀਆਂ ਮੋਰੀਆਂ 'ਚੋਂ ਪਾਣੀ ਛਣ ਕੇ ਆਗਰ ਵਿੱਚ ਭੇਜਣ ਵਾਲਾ ਇਹ ਢਾਂਚਾ ਛਾਣਨੀ ਕਹਾਉਂਦਾ ਹੈ।
ਇਸ ਤਰ੍ਹਾਂ ਰੋਕੀ ਗਈ ਮਿੱਟੀ ਦੇ ਕਈ ਨਾਂ ਹਨ-ਕਿਤੇ ਇਹ ਸਾਦ ਹੈ, ਗਾਦ ਹੈ, ਲੱਦੀ ਹੈ, ਗਾਰਾ ਹੈ ਤੇ ਕਿਤੇ ਤਲਛਟ ਵੀ। ਪੂਰੀ ਸਾਵਧਾਨੀ ਰੱਖਣ ਤੋਂ ਬਾਅਦ ਵੀ ਹਰ ਸਾਲ ਪਾਣੀ ਦੇ ਨਾਲ ਕੁੱਝ ਨਾ ਕੁੱਝ ਮਿੱਟੀ ਆਗਰ ਵਿੱਚ ਆ ਹੀ ਜਾਂਦੀ ਹੈ।
ਆਓ! ਫੇਰ ਪਾਲ ਵੱਲ ਚੱਲੀਏ। ਪਾਲ ਕਿਤੇ ਸਿੱਧੀ ਕਿਤੇ ਅੱਧੇ ਚੰਦ ਵਰਗੀ, ਦੂਜ ਦੇ ਚੰਦ ਵਰਗੀ ਬਣਦੀ ਹੈ ਤਾਂ ਕਿਤੇ ਇਸ ਵਿੱਚ ਸਾਡੀ ਬਾਂਹ ਦੀ ਕੂਹਣੀ ਵਾਂਗ ਮੋੜ ਆਉਂਦਾ ਹੈ। ਇਹ ਮੋੜ ਕੂਹਣੀ ਹੀ ਅਖਵਾਉਂਦਾ ਹੈ। ਜਿੱਥੇ ਵੀ ਪਾਲ ਤੇ ਆਗੌਰ ਤੋਂ ਆਉਣ ਵਾਲੇ ਪਾਣੀ ਦਾ ਵੱਡਾ ਵੇਗ ਲਗਦਾ ਹੈ, ਉੱਥੇ ਪਾਲ ਦੀ ਮਜ਼ਬੂਤੀ ਵਧਾਉਣ ਲਈ ਉਸ ਉੱਤੇ ਕੂਹਣੀ ਲਾ ਦਿੱਤੀ ਜਾਂਦੀ ਹੈ।
ਜਿੱਥੇ ਸੰਭਵ ਹੈ, ਸਮਰੱਥਾ ਹੈ, ਉੱਥੇ ਪਾਲ ਅਤੇ ਪਾਣੀ ਵਿੱਚ ਪੱਥਰ ਦੇ ਟੁੱਕੜੇ ਲਾਏ ਜਾਂਦੇ ਹਨ। ਪੱਥਰ ਜੋੜਨ ਦੀ ਕਿਰਿਆ ਨੂੰ ਜੁਹਾਨਾ ਕਿਹਾ ਜਾਂਦਾ ਹੈ। ਛੋਟੇ ਪੱਥਰ ਗਾਰੇ ਨਾਲ ਜੋੜੇ ਜਾਂਦੇ ਸਨ ਅਤੇ ਇਸ ਘੋਲ ਵਿੱਚ ਰੇਤਾ, ਚੂਨਾ, ਵੇਲਪੱਤਰ, ਗੁੜ, ਗੂੰਦ ਅਤੇ ਮੇਥੀ ਮਿਲਾਈ ਜਾਂਦੀ ਸੀ। ਵੱਡੇ ਵਜ਼ਨੀ ਪੱਥਰ, ਜੋੜਨ ਲਈ ਉਨ੍ਹਾਂ ਵਿੱਚ ਮੋਰੀ ਕਰ ਕੇ ਮੋਟੇ ਕਿੱਲ ਠੋਕ ਦਿੱਤੇ ਜਾਂਦੇ ਸਨ। ਇਸ ਵਿੱਚ ਇੱਕ ਪੱਥਰ ਵਿੱਚ ਮਘੋਰਾ ਛੱਡਦੇ ਅਤੇ ਦੂਜੇ ਵਿੱਚ ਉਸ ਆਕਾਰ ਦੀ ਕਿੱਲ ਅੜਾ ਦਿੰਦੇ ਸਨ। ਕਦੇ-ਕਦੇ ਵੱਡੇ ਪੱਥਰ ਲੋਹੇ ਦੀ ਪੱਤੀ ਨਾਲ ਜੋੜੇ ਜਾਂਦੇ ਸਨ। ਪੱਥਰ ਦੇ ਟੁਕੜੇ ਪਾਲ ਦੀ ਮਿੱਟੀ ਨੂੰ ਆਗਰ ਵਿੱਚ ਆਉਣ ਤੋਂ ਰੋਕਦੇ ਹਨ। ਪੱਥਰਾਂ ਨਾਲ ਬਣੇ ਇਸ ਹਿੱਸੇ ਨੂੰ ਪਠਿਆਲ ਕਹਿੰਦੇ ਹਨ। ਪਠਿਆਲ ਉੱਤੇ ਸੁੰਦਰ ਮੰਦਿਰ, ਬਾਰਾਂਦਰੀ, ਛਤਰੀ ਅਤੇ ਘਾਟ ਬਣਾਉਣ ਦਾ ਰਿਵਾਜ ਹੈ। ਤਾਲਾਬ ਅਤੇ ਪਾਲ ਦਾ ਆਕਾਰ ਕਾਫ਼ੀ ਵੱਡਾ ਹੋਵੇ ਤਾਂ ਫਿਰ ਘਾਟ ਉੱਤੇ ਪੱਥਰ ਦੀਆਂ ਪੌੜੀਆਂ ਵੀ ਬਣਦੀਆਂ ਹਨ। ਜਿੱਥੇ ਬਹੁਤ ਵੱਡਾ ਅਤੇ ਡੂੰਘਾ ਤਾਲਾਬ ਹੈ ਉੱਥੇ ਪੌੜੀਆਂ ਦੀ ਲੰਬਾਈ ਅਤੇ ਗਿਣਤੀ ਵੀ ਉਸੇ ਅਨੁਪਾਤ ਨਾਲ ਵਧ ਜਾਂਦੀ ਹੈ। ਇਸ ਕਾਰਨ ਪਾਲ ਵਾਂਗ ਪੌੜੀਆਂ ਦੀ ਮਜ਼ਬੂਤੀ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ। ਜੇ ਅਜਿਹਾ ਨਾ ਹੋਵੇ ਤਾਂ ਫਿਰ ਪੌੜੀਆਂ ਵਿੱਚ ਕੱਟ ਪੈ ਜਾਣਗੇ। ਇਨ੍ਹਾਂ ਪੌੜੀਆਂ ਨੂੰ ਸਹਾਰਾ ਦੇਣ ਲਈ ਵਿੱਚ ਵਿਚਾਲੇ ਬੁਰਜਨੁਮਾ, ਚਬੂਤਰੇ ਵਰਗੀ ਵੱਡੀ ਪੌੜੀ ਬਣਾਈ ਜਾਂਦੀ ਹੈ। ਹਰ ਅੱਠ ਜਾਂ ਦਸ ਪੌੜੀਆਂ ਮਗਰੋਂ ਆਉਣ ਵਾਲੇ ਇਸ ਢਾਂਚੇ ਨੂੰ ਹਥਣੀ ਕਿਹਾ ਜਾਂਦਾ ਹੈ।
ਅਜਿਹੀ ਕਿਸੇ ਹਥਣੀ ਦੀ ਕੰਧ ਵਿੱਚ ਇੱਕ ਆਲਾ ਬਣਾਇਆ ਜਾਂਦਾ ਹੈ ਅਤੇ ਉਸ ਵਿੱਚ ਘਟੋਈਆ ਬਾਬਾ ਦੀ ਸਥਾਪਨਾ ਕੀਤੀ ਜਾਂਦੀ ਹੈ। ਘਟੋਈਆ ਦੇਵਤਾ ਘਾਟ ਦੀ ਰਾਖੀ ਕਰਦੇ ਹਨ। ਹਮੇਸ਼ਾ ਅਪਰਾ ਦੀ ਉਚਾਈ ਦੇ ਹਿਸਾਬ ਨਾਲ ਹੀ ਇਸਦੀ ਸਥਾਪਨਾ ਹੁੰਦੀ ਹੈ। ਇਸ ਤਰ੍ਹਾਂ ਜੇਕਰ ਆਗੌਰ ਵਿੱਚ ਪਾਣੀ ਜ਼ਿਆਦਾ ਵਰ੍ਹੇ, ਆਗਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਉੱਚਾ ਉੱਠਣ ਲੱਗੇ, ਤਾਲਾਬ 'ਤੇ ਖ਼ਤਰਾ ਮੰਡਰਾਉਣ ਲੱਗੇ ਤਾਂ ਘਟੋਈਆ ਬਾਬਾ ਦੇ ਚਰਨਾਂ ਤੱਕ ਪਾਣੀ ਆਉਣ ਤੋਂ ਬਾਅਦ ਅਪਰਾ ਚੱਲ ਪਵੇਗੀ ਅਤੇ ਪਾਣੀ ਵਧਣਾ ਰੁਕ ਜਾਵੇਗਾ। ਇਸ ਤਰ੍ਹਾਂ ਘਾਟ ਦੀ, ਤਾਲਾਬ ਦੀ ਰਾਖੀ ਦੇਵਤਾ ਅਤੇ ਮਨੁੱਖ ਮਿਲ ਕੇ ਕਰਦੇ ਹਨ।
ਤਾਲਾਬਾਂ ਵਾਂਗ ਨਦੀਆਂ ਦੇ ਘਾਟਾਂ ਉੱਤੇ ਵੀ ਘਟੋਈਆ ਬਾਬਾ ਦੀ ਸਥਾਪਨਾ ਹੁੰਦੀ ਰਹੀ ਹੈ। ਹੜ੍ਹ ਦੇ ਦਿਨਾਂ ਵਿੱਚ ਵੱਡੇ ਬਜ਼ੁਰਗ, ਦਾਦਾ-ਦਾਦੀ ਘਾਟ ਉੱਤੇ ਖ਼ੁਦ ਤਾਂ ਨਹੀਂ ਜਾ ਸਕਦੇ, ਉਹ ਉੱਥੋਂ ਵੇਖ ਕੇ ਮੁੜਨ ਵਾਲੇ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ ਅਤੇ ਮੁੰਡੇ-ਕੁੜੀਆਂ ਨੂੰ ਬਹੁਤ ਹੈਰਾਨੀ ਨਾਲ ਹਮੇਸ਼ਾ ਇਹੀ ਪ੍ਰਸ਼ਨ ਪੁੱਛਦੇ ਹਨ,'ਪਾਣੀ ਕਿੱਥੇ ਤੱਕ ਚੜ੍ਹ ਗਿਆ ਹੈ? ਕੀ ਘਟੋਈਆ ਬਾਬਾ ਦੇ ਚਰਨਾਂ ਤੱਕ ਆ ਗਿਆ? ' ਉਨ੍ਹਾਂ ਦੇ ਪੈਰ ਜੇਕਰ ਪਾਣੀ ਨੂੰ ਛੋਹ ਲੈਣ ਤਾਂ ਸਮਝੋ ਕੰਮ ਹੋ ਗਿਆ। ਇੰਨਾ ਪਾਣੀ ਆਗਰ ਵਿੱਚ ਹੋ ਜਾਵੇ ਤਾਂ ਸਾਰਾ ਸਾਲ ਕੰਮ ਚੱਲੇਗਾ।
ਪੂਰਾ ਸਾਲ ਆਗਰ ਦੀ ਜਲ ਰਾਸ਼ੀ, ਖ਼ਜ਼ਾਨੇ ਨੂੰ ਮਾਪਣ ਦਾ ਕੰਮ ਕਰਦੇ ਹਨ ਉਨ੍ਹਾਂ ਵਿੱਚ ਵੱਖ-ਵੱਖ ਥਾਵਾਂ 'ਤੇ ਲੱਗੇ ਥੰਮ੍ਹ। ਨਾਗਯਸ਼ਟੀ ਬਹੁਤ ਪੁਰਾਣਾ ਸ਼ਬਦ ਹੈ। ਇਹ ਨਵੇਂ ਪੁੱਟੇ ਗਏ ਤਾਲਾਬਾਂ ਦੇ ਪਾਣੀ ਦੀ ਮਾਤਰਾ ਨੂੰ ਮਾਪਣ ਦੇ ਕੰਮ ਆਉਂਦਾ ਹੈ। ਇਸ ਉੱਤੇ ਹਮੇਸ਼ਾ ਨਾਗ ਆਦਿ ਖੋਦੇ ਜਾਂਦੇ ਸਨ। ਜਿਨ੍ਹਾਂ ਉੱਤੇ ਨਾਗ ਨਹੀਂ ਖੋਦੇ ਜਾਂਦੇ ਸਨ, ਉਨ੍ਹਾਂ ਥੰਮ੍ਹਾਂ ਨੂੰ ਯਸ਼ਟੀ ਹੀ ਕਿਹਾ ਜਾਂਦਾ ਸੀ। ਹੌਲੀ-ਹੌਲੀ ਘਸਦਾ-ਘਸਦਾ ਇਹੋ ਸ਼ਬਦ ਲਾਠ ਬਣ ਗਿਆ, ਇਸ ਨੂੰ ਥੰਮ੍ਹ ਵੀ ਕਿਹਾ ਜਾਂਦਾ ਹੈ ਅਤੇ ਜਲ ਥੰਮ੍ਹ ਵੀ। ਕਿਤੇ ਇਸ ਨੂੰ ਪਨਸਾਲ ਜਾਂ ਪੌਸਰਾ ਵੀ ਕਿਹਾ ਜਾਂਦਾ ਹੈ। ਇਹ ਥੰਮ੍ਹ ਵੱਖ-ਵੱਖ ਥਾਂ ਉੱਤੇ ਲਗਦੇ ਹਨ। ਲਾਉਣ ਦੇ ਮੌਕੇ+ ਵੀ ਵੱਖ ਹਨ ਅਤੇ ਤਰੀਕੇ ਵੀ ਕਈ ਤਰ੍ਹਾਂ ਦੇ ਹਨ।
ਥੰਮ੍ਹ ਤਾਲਾਬ ਦੇ ਵਿਚਕਾਰ ਅਪਰਾ ਉੱਤੇ ਤੇ ਮੋਖੀ 'ਤੇ ਭਾਵ ਜਿੱਥੋਂ ਸਿੰਜਾਈ ਹੁੰਦੀ ਹੈ, ਉੱਥੇ ਅਤੇ ਆਗੌਰ ਉੱਤੇ ਲਾਏ ਜਾਂਦੇ ਹਨ। ਇਨ੍ਹਾਂ ਉੱਤੇ ਫੁੱਟ, ਗਜ਼ ਆਦਿ ਜਿਹੇ ਨੀਰਸ ਨਿਸ਼ਾਨਾਂ ਦੀ ਥਾਂ ਪਦਮ, ਸ਼ੰਖ, ਨਾਗ, ਚੱਕਰ ਜਿਹੇ ਚਿੰਨ੍ਹ ਉਲੀਕੇ ਜਾਂਦੇ ਹਨ। ਵੱਖ-ਵੱਖ ਚਿੰਨ੍ਹ ਪਾਣੀ ਦੀ ਇੱਕ ਨਿਸ਼ਚਿਤ ਡੂੰਘਾਈ ਦੀ ਸੂਚਨਾ ਦਿੰਦੇ ਹਨ। ਸਿੰਜਾਈ ਲਈ ਬਣੇ ਤਾਲਾਬਾਂ ਵਿੱਚ ਥੰਮ੍ਹ ਦੇ ਇੱਕ ਮੁੱਖ ਚਿੰਨ੍ਹ ਤੱਕ ਪਾਣੀ ਦੀ ਮਾਤਰਾ ਉੱਤਰ ਜਾਣ ਮਗਰੋਂ ਪਾਣੀ ਦੀ ਵਰਤੋਂ ਤੁਰੰਤ ਰੋਕ ਦਿੱਤੀ ਜਾਂਦੀ ਹੈ ਅਤੇ ਉਸਨੂੰ ਮੁਸ਼ਕਿਲ ਜਾਂ ਸੰਕਟ ਲਈ ਸੁਰੱਖਿਅਤ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕਿਤੇ-ਕਿਤੇ ਪਾਲ ਉੱਤੇ ਵੀ ਥੰਮ੍ਹ ਲਾਏ ਜਾਂਦੇ ਹਨ, ਪਰ ਪਾਲ ਦੇ ਥੰਮ੍ਹ ਡੁੱਬਣ ਦਾ ਅਰਥ ਹੈ 'ਪਾਲੇ' (ਹੜ੍ਹ), ਪਰਲੋ ਜਾਂ ਸੰਕਟ। ਥੰਮ੍ਹ ਪੱਥਰ ਦੇ ਵੀ ਬਣਦੇ ਸਨ ਅਤੇ ਲੱਕੜੀ ਦੇ ਵੀ। ਲੱਕੜ ਇਸ ਕਿ+ਸਮ ਦੀ ਚੁਣਦੇ ਜੋ ਮਜ਼ਬੂਤ ਹੋਵੇ, ਪਾਣੀ ਵਿੱਚ ਸੜੇ -ਗਲੇ ਨਾ। ਹਮੇਸ਼ਾ ਜਾਮੁਣ, ਸਾਲ, ਤਾੜ ਅਤੇ ਸਰਈ ਦੀ ਲੱਕੜ ਇਸ ਕੰਮ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਇਨ੍ਹਾਂ ਵਿੱਚੋਂ ਸਾਲ ਦੀ ਮਜ਼ਬੂਤੀ ਬਾਰੇ ਕਈ ਕਹਾਵਤਾਂ ਪ੍ਰਚਲਿਤ ਰਹੀਆਂ ਹਨ, ਜੋ ਅਜੇ ਵੀ ਮਰੀਆਂ ਨਹੀਂ ਹਨ। ਸਾਲ ਦੀ ਲੱਕੜ ਬਾਰੇ ਇਹ ਕਹਿੰਦੇ ਹਨ,'ਹਜ਼ਾਰ ਸਾਲ ਖੜ੍ਹਾ, ਹਜ਼ਾਰ ਸਾਲ ਪੜਾ ਅਤੇ ਹਜ਼ਾਰ ਸਾਲ ਸੜਾ'। ਛੱਤੀਸਗੜ੍ਹ ਦੇ ਕਈ ਪੁਰਾਣੇ ਤਾਲਾਬਾਂ ਵਿੱਚ ਅੱਜ ਵੀ ਸਾਲ ਦੀ ਲੱਕੜ ਦੇ ਥੰਮ੍ਹ ਲੱਗੇ ਮਿਲ ਜਾਣਗੇ। ਰਾਏਪੁਰ ਦੇ ਪੁਰਾਤੱਤਵ ਸੰਗ੍ਰਹਿਆਲੇ ਵਿੱਚ ਕਹਾਵਤਾਂ ਵਿੱਚੋਂ ਬਾਹਰ ਨਿੱਕਲ ਕੇ ਆਇਆ ਸਾਲ ਦੇ ਬਿਰਖ ਦਾ ਸੱਚਮੁੱਚ ਸੈਂਕੜੇ ਸਾਲਾਂ ਤੋਂ ਵੀ ਪੁਰਾਣਾ ਇੱਕ ਟੁਕੜਾ ਰੱਖਿਆ ਹੋਇਆ ਹੈ। ਇਹ ਜਲਥੰਮ੍ਹ ਦਾ ਇੱਕ ਹਿੱਸਾ ਹੈ, ਜੋ ਉਸੇ ਖੇਤਰ ਵਿੱਚ 'ਚੰਦਰਪੁਰ' (ਹੁਣ ਜ਼ਿਲ੍ਹਾ ਬਿਲਾਸਪੁਰ) ਦੇ ਪਿੰਡ ਕਿਰਾਨੀ ਵਿੱਚ ਹੀਰਾਬੰਨ੍ਹ ਨਾਂ ਦੇ ਤਾਲਾਬ ਵਿੱਚੋਂ ਮਿਲਿਆ ਹੈ। ਇਸ ਉੱਤੇ ਰਾਜ ਅਧਿਕਾਰੀਆਂ ਦੇ ਨਾਂ ਤੱਕ ਖੁਦੇ ਹੋਏ ਮਿਲੇ ਹਨ, ਜੋ ਉਸ ਵਿਸ਼ਾਲ ਤਾਲਾਬ ਦੇ ਭਰਨ ਸਮੇਂ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ। ਹਾਲਾਤ ਨਾ ਬਦਲਣ ਤਾਂ ਲੱਕੜ ਖ਼ਰਾਬ ਨਹੀਂ ਹੁੰਦੀ। ਥੰਮ੍ਹ ਹਮੇਸ਼ਾ ਪਾਣੀ ਵਿੱਚ ਡੁੱਬੇ ਰਹਿੰਦੇ ਸਨ, ਇਸ ਲਈ ਕਈ ਥੰਮ੍ਹ ਸਾਲਾਂ ਤੱਕ ਖ਼ਰਾਬ ਨਹੀਂ ਹੁੰਦੇ ਸਨ।
ਕਿਤੇ-ਕਿਤੇ ਪਾਲ ਜਾਂ ਘਾਟ ਦੀ ਇੱਕ ਪੂਰੀ ਕੰਧ ਉੱਤੇ ਵੱਖ-ਵੱਖ ਉਚਾਈ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ। ਸਭ ਤੋਂ ਹੇਠਾਂ ਘੋੜਾ ਅਤੇ ਸਭ ਤੋਂ ਉੱਪਰ ਹਾਥੀ। ਪਾਣੀ ਦਾ ਵਧਦਾ ਪੱਧਰ ਇਨ੍ਹਾਂ ਨੂੰ ਕ੍ਰਮਵਾਰ ਛੂਹੰਦਾ ਜਾਂਦਾ ਸੀ ਅਤੇ ਸਭ ਨੂੰ ਪਤਾ ਲੱਗਦਾ ਜਾਂਦਾ ਕਿ ਇਸ ਵਾਰ ਪਾਣੀ ਕਿੰਨਾ ਕੁ ਭਰ ਗਿਆ ਹੈ। ਇਸ ਸ਼ੈਲੀ ਦੀਆਂ ਉਦਾਹਰਣਾਂ ਹਨ-ਜੈਸਲਮੇਰ ਦੇ ਅਮਰ ਸਾਗਰ ਦੀ ਕੰਧ ਉੱਤੇ ਘੋੜੇ, ਹਾਥੀ ਅਤੇ ਸ਼ੇਰਾਂ ਦੀਆਂ ਸ਼ਾਨਦਾਰ ਮੂਰਤੀਆਂ।ਥੰਮ੍ਹ ਤੇ ਨਿਕਾਸੀ ਨੂੰ ਇੱਕ-ਦੂਜੇ ਨਾਲ ਜੋੜ ਦੇਣ 'ਤੇ ਤਾਂ ਚਮਤਕਾਰ ਹੀ ਹੋ ਜਾਂਦਾ ਹੈ। ਅਲਵਰ ਤੋਂ ਕੋਈ ਸੌ ਕਿਲੋਮੀਟਰ ਦੂਰ ਅਰਾਵਲੀ ਦੀਆਂ ਪਹਾੜੀਆਂ ਵਿੱਚ ਆਬਾਦੀ ਤੋਂ ਕਾਫ਼ੀ ਦੂਰ ਇੱਕ ਤਾਲਾਬ ਹੈ ਸ਼ਾਮ ਸਾਗਰ। ਇਹ ਜੰਗ ਦੇ ਸਮੇਂ ਫੌਜ ਦੀ ਲੋੜ ਪੂਰੀ ਕਰਨ ਲਈ 15ਵੀਂ ਸਦੀ ਵਿੱਚ ਬਣਵਾਇਆ ਗਿਆ ਸੀ। ਇਸ ਦੇ ਕੰਢੇ ਵਰੁਣ ਦੇਵਤਾ ਦਾ ਇੱਕ ਥੰਮ੍ਹ ਹੈ। ਥੰਮ੍ਹ ਦੀ ਉਚਾਈ ਦੇ ਹਿਸਾਬ ਨਾਲ ਹੀ ਉਸ ਵਿੱਚ ਇੱਕ ਫ਼ਰਲਾਂਗ ਦੀ ਦੂਰੀ ਉੱਤੇ ਸ਼ਾਮ ਸਾਗਰ ਦੀ ਅਪਰਾ ਹੈ। ਵਧਦੇ ਪਾਣੀ ਨੇ ਵਰੁਣ ਦੇਵਤਾ ਦੇ ਪੈਰ ਛੋਹੇ ਨਹੀਂ ਕਿ ਅਪਰਾ ਚੱਲਣ ਲਗਦੀ ਹੈ ਅਤੇ ਤਾਲਾਬ ਵਿੱਚ ਫਿਰ ਉਸ ਤੋਂ ਬਾਅਦ ਪਾਣੀ ਨਹੀਂ ਭਰਦਾ। ਕਿਉਂਕਿ ਵਰੁਣ ਦੇਵਤਾ ਕਦੇ ਡੁੱਬਦੇ ਨਹੀਂ।
ਥੰਮ੍ਹ ਤਾਲਾਬ ਦੇ ਜਲ-ਪੱਧਰ ਜਾਂ ਇਸਦੀ ਮਾਤਰਾ ਨੂੰ ਦਰਸਾਉਂਦੇ ਸਨ, ਪਰ ਤਾਲਾਬ ਦੀ ਡੂੰਘਾਈ ਹਮੇਸ਼ਾ 'ਪੁਰਖ' ਨਾਪ ਨਾਲ ਨਾਪੀ ਜਾਂਦੀ ਸੀ। ਦੋਵੇਂ ਬਾਹਾਂ ਪੂਰੀਆਂ ਫੈਲਾ ਕੇ ਖੜ੍ਹੇ ਪੁਰਖ ਦੇ ਇੱਕ ਹੱਥ ਤੋਂ ਦੂਜੇ ਹੱਥ ਤੱਕ ਦੀ ਕੁੱਲ ਲੰਬਾਈ 'ਪੁਰਸ਼' ਅਖਵਾਉਂਦੀ ਹੈ। ਇੰਚ, ਫੁੱਟ ਵਿੱਚ ਇਹ ਕੋਈ ਛੇ ਫੁੱਟ ਬੈਠਦੀ ਹੈ। ਇਹੋ ਜਿਹੇ 20 ਪੁਰਸ਼ ਜਾਂ ਪੁਰਖ ਡੂੰਘਾਈ ਦਾ ਤਾਲਾਬ ਆਦਰਸ਼ ਮੰਨਿਆ ਜਾਂਦਾ ਹੈ। ਤਾਲਾਬ ਬਣਾਉਣ ਵਾਲਿਆਂ ਦੀ ਚਾਹ ਵੀ ਇਸੇ 'ਬੀਸੀ' ਨੂੰ ਛੋਹਣ ਦੀ ਹੁੰਦੀ ਸੀ, ਪਰ ਬਣਾਉਣ ਵਾਲਿਆਂ ਦੀ ਸਮਰੱਥਾ ਅਤੇ ਆਗੌਰ-ਆਗਰ ਦੀ ਸਮਰੱਥਾ ਅਨੁਸਾਰ ਇਹ ਘਟ-ਵਧ ਜਾਂਦੀ ਰਹੀ ਹੈ।
ਬੀਸੀ ਜਾਂ ਉਸ ਤੋਂ ਵੀ ਜ਼ਿਆਦਾ ਡੂੰਘੇ ਤਾਲਾਬਾਂ ਵਿੱਚ ਪਾਲ ਤੇ ਤਰੰਗਾਂ ਦਾ ਵੇਗ ਤੋੜਨ ਲਈ ਆਗੌਰ ਅਤੇ ਆਗਰ ਵਿੱਚ ਟਾਪੂ ਬਣਾਏ ਜਾਂਦੇ ਰਹੇ ਹਨ। ਇਹੋ ਜਿਹੇ ਤਾਲਾਬ ਬਣਾਉਣ ਸਮੇਂ ਡੂੰਘੀ ਪੁਟਾਈ ਦੀ ਸਾਰੀ ਮਿੱਟੀ ਪਾਲ ਉੱਤੇ ਚੜ੍ਹਾਉਣ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਉਸ ਨੂੰ ਹੋਰ ਵੀ ਦੂਰ ਤਾਲਾਬ ਤੋਂ ਬਾਹਰ ਲਿਆ ਕੇ ਸੁੱਟਣਾ ਵੀ ਔਖਾ ਹੁੰਦਾ ਹੈ। ਇਸ ਲਈ ਬੀਸੀ ਵਰਗੇ ਡੂੰਘੇ ਤਾਲਾਬਾਂ ਵਿੱਚ ਤਕਨੀਕੀ ਕਾਰਨਾਂ ਕਾਰਨ ਤਾਲਾਬ ਵਿੱਚ ਟਾਪੂ ਵਰਗੇ ਇੱਕ ਜਾਂ ਇੱਕ ਤੋਂ ਵੱਧ ਥਾਂ ਛੱਡ ਦਿੱਤੇ ਜਾਂਦੇ ਸਨ। ਇਨ੍ਹਾਂ ਉੱਤੇ ਪੁਟਾਈ ਦੀ ਵਾਧੂ ਮਿੱਟੀ ਵੀ ਸੁੱਟੀ ਜਾਂਦੀ ਸੀ। ਤਕਨੀਕੀ ਮਜ਼ਬੂਤੀ ਤੇ ਵਿਵਹਾਰਕ ਸਹੂਲਤ ਤੋਂ ਇਲਾਵਾ ਉੱਪਰ ਤੱਕ ਭਰੇ ਤਾਲਾਬ ਵਿਚਾਲੇ ਇਹ ਪੂਰੇ ਦ੍ਰਿਸ਼ ਨੂੰ ਹੋਰ ਵੀ ਮਨਮੋਹਣਾ ਬਣਾ ਦਿੰਦੇ ਹਨ।
ਟਾਪੂ, ਟਿਪੂਆ, ਟੇਕਰੀ ਤੇ ਦੀਪ ਵਰਗੇ ਸ਼ਬਦ ਤਾਂ ਇਸ ਹਿੱਸੇ ਲਈ ਮਿਲਦੇ ਹੀ ਹਨ, ਪਰ ਰਾਜਸਥਾਨ ਵਿੱਚ ਤਾਲਾਬ ਦੇ ਇਸ ਵਿਸ਼ੇਸ਼ ਹਿੱਸੇ ਨੂੰ ਇੱਕ ਵਿਸ਼ੇਸ਼ ਨਾਂ ਦਿੱਤਾ ਗਿਆ ਹੈ-'ਲਾਖੇਟਾ'।
ਲਾਖੇਟਾ ਲਹਿਰਾਂ ਦੀ ਧਾਰਾ ਤਾਂ ਤੋੜਦਾ ਹੀ ਹੈ, ਪਰ ਨਾਲ ਹੀ ਤਾਲਾਬ ਅਤੇ ਸਮਾਜ ਨੂੰ ਜੋੜਦਾ ਵੀ ਹੈ। ਜਿੱਥੇ ਕਿਤੇ ਵੀ ਲਾਖੇਟਾ ਮਿਲਦੇ ਹਨ, ਉਸ ਉੱਤੇ ਉਸ ਖੇਤਰ ਦੇ ਕਿਸੇ ਸੰਤ ਜਾਂ ਯਾਦ ਰੱਖਣ ਯੋਗ ਵਿਅਕਤੀ ਦੀ ਯਾਦ ਵਿੱਚ ਇੱਕ ਸੁੰਦਰ ਛਤਰੀ ਬਣੀ ਮਿਲਦੀ ਹੈ। ਲਾਖੇਟਾ ਵੱਡਾ ਹੋਇਆ ਤਾਂ ਛਤਰੀ ਦੇ ਨਾਲ ਖੇਜੜੀ ਅਤੇ ਪਿੱਪਲ ਦੇ ਰੁੱਖ ਵੀ ਲੱਗੇ ਮਿਲਣਗੇ।
ਸਭ ਤੋਂ ਵੱਡਾ ਲਾਖੇਟਾ? ਅੱਜ ਇਸ ਲਾਖੇਟੇ ਉੱਤੇ ਰੇਲ ਦਾ ਸਟੇਸ਼ਨ ਹੈ, ਬਸ ਅੱਡਾ ਹੈ ਅਤੇ ਇੱਕ ਮੰਨਿਆ-ਪ੍ਰਮੰਨਿਆ ਉਦਯੋਗਿਕ ਖੇਤਰ ਵੀ ਵਸਿਆ ਹੈ, ਜਿਸ ਵਿੱਚ ਹਿੰਦੁਸਤਾਨ ਇਲੈਕਟ੍ਰੋ-ਗਰੇਫ਼ਾਈਟਸ ਵਰਗੇ ਦਿਉਕੱ+ਦ ਕਾਰਖ਼ਾਨੇ ਲੱਗੇ ਹਨ। ਮੱਧ ਰੇਲਵੇ ਰਾਹੀਂ ਭੋਪਾਲ ਹੋ ਕੇ ਇਟਾਰਸੀ ਜਾਂਦੇ ਹੋਏ ਮੰਡੀ ਦੀਪ ਨਾਂ ਦਾ ਇਹ ਸਥਾਨ ਕਿਸੇ ਜ਼ਮਾਨੇ ਵਿੱਚ ਭੋਪਾਲ ਤਾਲ ਦਾ ਲਾਖੇਟਾ ਸੀ। ਕਦੇ ਲਗਭਗ 250 ਵਰਗ ਮੀਲ ਵਿੱਚ ਫੈਲਿਆ ਇਹ ਵਿਸ਼ਾਲ ਤਾਲ ਹੋਸ਼ੰਗਸ਼ਾਹ ਦੇ ਸਮੇਂ ਵਿੱਚ ਤੋੜ ਦਿੱਤਾ ਗਿਆ ਸੀ। ਅੱਜ ਇਹ ਸੁੰਗੜ ਕੇ ਬਹੁਤ ਛੋਟਾ ਹੋ ਗਿਆ ਹੈ, ਫਿਰ ਵੀ ਇਸ ਦੀ ਗਿਣਤੀ ਦੇਸ਼ ਦੇ ਵੱਡੇ ਤਾਲਾਬਾਂ ਵਿੱਚ ਹੀ ਹੁੰਦੀ ਹੈ। ਇਸਦੇ ਸੁੱਕਣ 'ਤੇ ਹੀ ਮੰਡੀ ਦੀਪ ਦੀਪ ਨਾ ਰਹਿ ਕੇ ਇੱਕ ਉਦਯੋਗਿਕ ਨਗਰ ਬਣ ਗਿਆ ਹੈ।
ਪ੍ਰਣਾਲੀ ਅਤੇ ਸਾਰਣੀ ਤਾਲਾਬ ਨਾਲ ਜੁੜੇ ਦੋ ਸ਼ਬਦ ਹਨ, ਜਿਨ੍ਹਾਂ ਨੇ ਆਪਣੇ ਅਰਥਾਂ ਦਾ ਲਗਾਤਾਰ ਵਿਸਥਾਰ ਕੀਤਾ ਹੈ। ਕਦੇ ਇਹ ਤਾਲਾਬ ਆਦਿ ਨਾਲ ਜੁੜੀ ਵਿਵਸਥਾ ਲਈ ਬਣੀਆਂ ਨਾਲੀਆਂ ਦੇ ਨਾਂ ਸਨ, ਅੱਜ ਤਾਂ ਸ਼ਾਸਨ ਦੀ ਵੀ ਪ੍ਰਣਾਲੀ ਹੈ ਅਤੇ ਰੇਲਾਂ ਦਾ ਸਮਾਂ ਦੱਸਣ ਵਾਲੀ ਸਾਰਣੀ ਵੀ।
ਸਿੰਜਾਈ ਦੀ ਪ੍ਰਮੁੱਖ ਨਾਲੀ ਜਿਥੋਂ ਨਿਕਲਦੀ ਹੈ, ਉਹ ਥਾਂ ਮੁੱਖ ਹੈ, ਮੋਖਾ ਹੈ ਜਾਂ ਮੋਖੀ ਹੈ। ਪੰਜਾਬੀ ਵਿੱਚ ਆ ਕੇ ਇਹ ਮੋਘਾ ਬਣ ਗਈ ਹੈ। ਮੁੱਖ ਨਹਿਰ ਰਜਬਾਹਾ (ਸੂਆ) ਕਹਾਉਂਦੀ ਹੈ।
ਬਹੁਤ ਹੀ ਪ੍ਰਮੁੱਖ ਤਾਲਾਬਾਂ ਦੀ ਰਜਬਾਹਾ ਇਸ ਲੋਕ ਤੋਂ ਨਿਕਲ ਕੇ ਦੇਵ ਲੋਕ ਨੂੰ ਵੀ ਛੂਹ ਲੈਂਦੀ ਸੀ। ਇਸ ਸੂਰਤ ਵਿੱਚ ਉਸ ਦਾ ਨਾਂ ਰਾਮਨਾਲ ਹੋ ਜਾਂਦਾ ਸੀ। ਜੈਸਲਮੇਰ ਦੇ ਧੁੱਤ ਰੇਗ਼ਿਸਤਾਨੀ ਇਲਾਕ+ ਵਿੱਚ ਬਣੇ ਸੰਘਣੇ ਸੋਹਣੇ ਬਗ਼ੀਚੇ 'ਬੜੇ ਬਾਗ਼' ਦੀ ਸਿੰਜਾਈ ਜੈਤਸਰ ਨਾਂ ਦੇ ਇੱਕ ਵੱਡੇ ਤਾਲਾਬ ਤੋਂ ਨਿੱਕਲੀ ਰਾਮਨਾਲ ਰਾਹੀਂ ਹੁੰਦੀ ਰਹੀ ਹੈ। ਇੱਥੋਂ ਦੇ ਅੰਬਾਂ ਦੇ ਬਾਗ਼ ਸੱਚਮੁੱਚ ਇੰਨੇ ਸੰਘਣੇ ਹਨ ਕਿ ਰੇਗ਼ਿਸਤਾਨ ਵਿੱਚ ਅੱਗ ਉਗਲਣ ਵਾਲਾ ਸੂਰਜ ਜੇ ਇੱਥੇ ਆਉਂਦਾ ਵੀ ਹੋਵੇਗਾ ਤਾਂ ਉਹ ਵੀ ਸਿਰਫ਼ ਠੰਢਕ ਲੈਣ ਅਤੇ ਉਹ ਵੀ ਹਰੇ ਰੰਗ ਦੀ ਠੰਢਕ।
ਰਜਬਹੇ ਤੋਂ ਨਿਕਲਣ ਵਾਲੀਆਂ ਹੋਰ ਨਹਿਰਾਂ ਬਹਤੋਲ, ਬਰਹਾ, ਬਹਿਆ, ਬਹਾ ਤੇ ਬਾਹ ਵੀ ਕਹਾਉਂਦੀਆਂ ਹਨ। ਪਾਣੀ ਨਿਕਲਣ ਦੇ ਰਾਹ ਉੱਤੇ ਬਾਅਦ ਵਿੱਚ ਵਸੇ ਇਲਾਕਿਆਂ ਦਾ ਨਾਮਕਰਨ ਵੀ ਇਨ੍ਹਾਂ ਦੇ ਆਧਾਰ ਉੱਤੇ ਹੋਇਆ ਹੈ, ਜਿਵੇਂ ਆਗਰਾ ਦੀ ਬਾਹ ਨਾਂ ਦੀ ਤਹਿਸੀਲ।
ਸਿੰਜਾਈ ਲਈ ਬਣੇ ਛੋਟੇ ਤੋਂ ਛੋਟੇ ਤਾਲਾਬਾਂ ਵਿੱਚ ਵੀ ਪਾਣੀ ਨਿਕਲਣ ਦਾ ਬਹੁਤ ਵਧੀਆ ਪ੍ਰਬੰਧ ਰਿਹਾ ਹੈ। ਪਾਲ ਦੇ ਕਿਸੇ ਹਿੱਸੇ ਵਿੱਚੋਂ ਆਰ-ਪਾਰ ਕੱਢੀ ਗਈ ਨਾਲੀ ਦਾ ਇੱਕ ਸਿਰਾ ਤਾਲਾਬ ਵਾਲੇ ਪਾਸੇ ਡਾਟ ਲਾ ਕੇ ਬੰਦ ਰੱਖਿਆ ਜਾਂਦਾ ਹੈ। ਜਦੋਂ ਵੀ ਪਾਣੀ ਕੱਢਣਾ ਹੋਵੇ ਤਾਂ ਡਾਟ ਖੋਲ੍ਹ ਦਿੱਤੀ ਜਾਂਦੀ ਹੈ, ਪਰ ਇੰਜ ਕਰਨ ਲਈ ਕਿਸੇ ਨੂੰ ਪਾਣੀ ਵਿੱਚ ਕੁੱਦਣਾ ਪਵੇਗਾ, ਉਸ ਡੂੰਘਾਈ ਵਿੱਚ ਜਾ ਕੇ ਡਾਟ ਹਟਾਉਣੀ ਪਵੇਗੀ ਅਤੇ ਫਿਰ ਉਸੇ ਤਰ੍ਹਾਂ ਬੰਦ ਵੀ ਕਰਨੀ ਪਵੇਗੀ। ਇਸ ਬਹਾਦਰੀ ਵਾਲੇ ਕੰਮ ਨੂੰ ਸੌਖਾ ਬਣਾਉਂਦਾ ਹੈ, ਡਾਟ ਨਾਂ ਦਾ ਹਿੱਸਾ।
ਡਾਟ ਪਾਲ ਤੋਂ ਤਾਲਾਬ ਦੇ ਅੰਦਰ ਬਣਿਆ ਇੱਕ ਛੋਟਾ ਜਿਹਾ, ਪਰ ਡੂੰਘਾ ਹੌਜ਼ਨੁਮਾ ਢਾਂਚਾ ਹੁੰਦਾ ਹੈ। ਇਹ ਵਰਗਾਕਾਰ ਹੌਜ਼ ਜ਼ਿਆਦਾਤਰ ਦੋ ਤਿੰਨ ਹੱਥ ਦਾ ਹੁੰਦਾ ਹੈ। ਪਾਣੀ ਵੱਲ ਦੀ ਕੰਧ ਵਿੱਚ ਲੋੜ ਅਨੁਸਾਰ ਦੋ-ਤਿੰਨ ਛੇਕ ਵੱਖ-ਵੱਖ ਉਚਾਈ ਉੱਤੇ ਕੀਤੇ ਜਾਂਦੇ ਹਨ। ਛੇਕ ਦਾ ਆਕਾਰ ਓਨਾ ਕੁ ਹੁੰਦਾ ਹੈ, ਜਿੰਨਾ ਕਿਸੇ ਲੱਕੜ ਦੀ ਲੱਠ ਨਾਲ ਬੰਦ ਹੋ ਜਾਵੇ। ਸਾਹਮਣੇ ਵਾਲੀ ਕੰਧ ਵਿੱਚ ਵੀ ਇਸ ਤਰ੍ਹਾਂ ਦੇ ਛੇਕ ਹੁੰਦੇ ਹਨ, ਪਰ ਸਿਰਫ ਹੇਠਾਂ ਵੱਲ, ਇਸ ਨਾਲ ਪਾਲ ਦੇ ਉਸ ਪਾਰ ਨਾਲੀ ਰਾਹੀਂ ਪਾਣੀ ਬਾਹਰ ਕੱਢਿਆ ਜਾਂਦਾ ਹੈ। ਹੌਜ਼ ਦੀ ਡੂੰਘਾਈ ਅੱਠ ਤੋਂ ਬਾਰਾਂ ਹੱਥ ਹੁੰਦੀ ਹੈ ਅਤੇ ਥੱਲੇ ਉੱਤਰਨ ਲਈ ਕੰਧ ਉੱਤੇ ਇੱਕ-ਇੱਕ ਹੱਥ ਉੱਤੇ ਪੱਥਰ ਦੇ ਟੁਕੜੇ ਲਾਏ ਜਾਂਦੇ ਹਨ।
ਅਜਿਹੇ ਢਾਂਚੇ ਕਾਰਨ ਪਾਣੀ ਦੀ ਡਾਟ ਖੋਲ੍ਹਣ ਲਈ ਤਾਲਾਬ ਦੇ ਪਾਣੀ ਵਿੱਚ ਨਹੀਂ ਉੱਤਰਨਾ ਪੈਂਦਾ। ਬੱਸ ਸੁੱਕੇ ਹੌਜ਼ ਵਿੱਚ ਪੱਥਰਾਂ ਦੇ ਟੁਕੜਿਆਂ ਸਹਾਰੇ ਹੇਠਾਂ ਉੱਤਰ ਕੇ ਜਿਸ ਮਘੋਰੇ ਨੂੰ ਖੋਲ੍ਹਣਾ ਹੈ, ਉਸਦੀ ਡਾਟ ਹਟਾ ਕੇ ਪਾਣੀ ਚਾਲੂ ਕਰ ਦਿੱਤਾ ਜਾਂਦਾ ਹੈ। ਪਾਲ ਵਾਲੇ ਪਾਸੇ ਦੀ ਨਾਲੀ ਤੋਂ ਉਹ ਬਾਹਰ ਆਉਣ ਲੱਗ ਜਾਂਦਾ ਹੈ। ਡਾਟ ਨਾਲ ਮਿਲਦੇ-ਜੁਲਦੇ ਢਾਂਚੇ ਰਾਜਸਥਾਨ, ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼, ਬਿਹਾਰ, ਮਹਾਂਰਾਸ਼ਟਰ, ਤਾਮਿਲਨਾਡੂ ਅਤੇ ਗੋਆ ਤੱਕ ਮਿਲਦੇ ਹਨ। ਨਾਂ ਜ਼ਰੂਰ ਬਦਲ ਜਾਂਦੇ ਹਨ ਜਿਵੇਂ : ਚੁਕਰੈਂਡ, ਚੁਰੰਡੀ, ਚੌਂਡਾ, ਚੁੰਡਾ ਅਤੇ ਉਰੈਂਡ। ਸਾਰਿਆਂ ਵਿੱਚ ਪਾਣੀ ਬਾਹਰ ਕੱਢਣ ਦੀ ਕਿਰਿਆ ਹੈ ਅਤੇ ਇਸ ਲਈ ਇਹ ਸਾਰੇ ਨਾਂ ਉਸ ਨਾਲ ਹੀ ਸਬੰਧਤ ਹਨ।
ਤਾਲਾਬ ਤੋਂ ਨਹਿਰ ਵਿੱਚ ਪਾਇਆ ਜਾਣ ਵਾਲਾ ਪਾਣੀ ਢਲਾਣ ਤੋਂ ਵਹਾਅ ਕੇ ਦੂਰ-ਦੂਰ ਤੱਕ ਲਿਜਾਇਆ ਜਾਂਦਾ ਹੈ, ਪਰ ਕਈ ਵੱਡੇ ਤਾਲਾਬਾਂ ਵਿੱਚ, ਜਿੱਥੇ ਮੋਘੇ ਕੋਲ ਪਾਣੀ ਦਾ ਦਬਾਅ ਵਧੇਰੇ ਹੁੰਦਾ ਹੈ, ਇਸ ਦਬਾਅ ਦੀ ਵਰਤੋਂ ਨਹਿਰ ਵਿੱਚ ਪਾਣੀ ਉੱਤੇ ਚੜ੍ਹਾਉਣ ਲਈਂ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਮੋਘੇ ਤੋਂ ਨਿਕਲਿਆ ਪਾਣੀ ਕੁੱਝ ਹੱਥ ਉਤਾਂਹ ਉੱਠ ਕੇ ਫਿਰ ਨਹਿਰ ਦੀ ਢਾਲ ਉੱਤੇ ਵਹਿੰਦਾ ਹੋਇਆ ਨਾ ਸਿਰਫ਼ ਵਧੇਰੇ ਦੂਰ ਤੱਕ ਜਾਂਦਾ ਹੈ, ਸਗੋਂ ਕੁੱਝ ਕੁ ਉੱਤੇ ਬਣੇ ਖੇਤਾਂ ਵਿੱਚ ਵੀ ਪੁੱਜ ਜਾਂਦਾ ਹੈ। ਮੁੱਖ ਨਹਿਰ ਦੇ ਦੋਹੇਂ ਪਾਸੇ ਥੋੜ੍ਹੀ-ਥੋੜ੍ਹੀ ਦੂਰੀ ਉੱਤੇ ਖੂਹ ਵੀ ਬਣਾਏ ਜਾਂਦੇ ਹਨ। ਇਨ੍ਹਾਂ ਵਿੱਚ ਹਲਟ ਲਾ ਕੇ ਪਾਣੀ ਮੁੜ ਚੁੱਕ ਲਿਆ ਜਾਂਦਾ ਹੈ। ਤਾਲਾਬ, ਨਹਿਰ, ਖੂਹ ਅਤੇ ਹਲਟ ਦੀ ਇਹ ਸ਼ਾਨਦਾਰ ਚੌਕੜੀ ਇੱਕ ਤੋਂ ਮਗਰੋਂ ਇੱਕ ਕਈ ਖੇਤਾਂ ਦੀ ਸਿੰਜਾਈ ਨੂੰ ਜੋੜਦੀ ਜਾਂਦੀ ਹੈ। ਇਹ ਵਿਵਸਥਾ ਬੁੰਦੇਲਖੰਡ ਵਿੱਚ ਚੰਦੇਲਾਂ-ਬੁੰਦੇਲਾਂ ਦੇ ਸਮੇਂ ਬਣੇ ਇੱਕ-ਇੱਕ ਹਜ਼ਾਰ ਏਕੜ ਦੇ ਬਰੂਆ ਸਾਗਰ, ਅਰਜਰ ਸਾਗਰ ਵਿੱਚ ਅੱਜ ਵੀ ਕੰਮ ਦੇ ਰਹੀ ਹੈ।
ਬਰੂਆ ਸਾਗਰ ਓਰਛਾ ਨਰੇਸ਼ ਉਦਿੱਤ ਸਿੰਘ ਨੇ ਅਤੇ ਅਰਜਰ ਸਾਗਰ ਸੁਰਜਨ ਸਿੰਘ ਨੇ ਸੰਨ 1737 ਅਤੇ 1671 ਵਿੱਚ ਬਣਵਾਏ ਸਨ। ਇਨ੍ਹਾਂ ਵਿੱਚੋਂ ਨਿੱਕਲੀਆਂ ਨਹਿਰਾਂ ਉੱਤਰ-ਪ੍ਰਦੇਸ਼ ਸਿੰਜਾਈ ਵਿਭਾਗ ਦਾ ਮਾਣ ਵਧਾ ਰਹੀਆਂ ਹਨ।ਪਾਣੀ ਦੀ ਤਸਕਰੀ? ਸਾਰਾ ਇੰਤਜ਼ਾਮ ਹੋ ਜਾਵੇ, ਪਰ ਜੇਕਰ ਪਾਣੀ ਦੀ ਤਸਕਰੀ ਨਾ ਰੋਕੀ ਜਾਵੇ ਤਾਂ ਚੰਗਾ-ਭਲਾ ਤਾਲਾਬ ਵੀ ਵੇਖਦੇ-ਵੇਖਦੇ ਸੁੱਕ ਜਾਂਦਾ ਹੈ। ਮੀਂਹ ਵਿੱਚ ਨੱਕੋ-ਨੱਕ ਭਰਿਆ, ਸਰਦੀ ਵਿੱਚ ਸਾਫ਼-ਸੁਥਰੇ ਨੀਲੇ ਰੰਗ ਵਿੱਚ ਡੁੱਬਿਆ, ਪੱਤਝੜ ਵਿੱਚ ਸ਼ੀਤਲ ਹੋਇਆ, ਬਸੰਤ ਵਿੱਚ ਝੂਮਿਆ ਅਤੇ ਫਿਰ ਗਰਮੀ ਵਿੱਚ ਤਪਦਾ ਸੂਰਜ ਤਾਲਾਬ ਦਾ ਸਾਰਾ ਪਾਣੀ ਖਿੱਚ ਲੈਂਦਾ ਹੈ। ਸ਼ਾਇਦ ਤਾਲਾਬ ਦੇ ਪ੍ਰਸੰਗ ਵਿੱਚ ਹੀ ਸੂਰਜ ਦਾ ਇੱਕ ਅਜੀਬ ਨਾਂ 'ਅੰਬੁ ਤਸਕਰ' ਰੱਖਿਆ ਗਿਆ ਹੈ। ਤਸਕਰ ਹੋਵੇ ਸੂਰਜ ਵਰਗਾ ਅਤੇ ਆਗਰ ਮਤਲਬ ਖ਼ਜ਼ਾਨਾ ਬਿਨਾਂ ਪਹਿਰੇ ਦੇ ਖੁੱਲ੍ਹਾ ਪਿਆ ਹੋਵੇ ਤਾਂ ਚੋਰੀ ਹੋਣ ਵਿੱਚ ਕੀ ਦੇਰ?
ਇਸ ਚੋਰੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਲਾਬ ਦੇ ਆਗਰ ਨੂੰ ਢਲਾਣਦਾਰ ਬਣਾ ਕੇ। ਜਦੋਂ ਪਾਣੀ ਘੱਟ ਹੋਣ ਲਗਦਾ ਹੈ ਤਾਂ ਇਸ ਨੂੰ ਜ਼ਿਆਦਾ ਖੇਤਰ ਵਿੱਚ ਫੈਲਣ ਤੋਂ ਰੋਕਿਆ ਜਾਂਦਾ ਹੈ। ਆਗਰ ਵਿੱਚ ਢਾਲ ਹੋਣ ਨਾਲ ਪਾਣੀ ਘੱਟ ਹੁੰਦੇ ਹੋਏ ਵੀ ਘੱਟ ਹਿੱਸੇ ਵਿੱਚ ਜ਼ਿਆਦਾ ਤਾਦਾਦ ਵਿੱਚ ਇਕੱਠਾ ਹੋਇਆ ਰਹਿੰਦਾ ਹੈ ਅਤੇ ਜਲਦੀ ਭਾਫ਼ ਬਣ ਕੇ ਉੱਡ ਨਹੀਂ ਸਕਦਾ। ਢਾਲਦਾਰ ਸਤਹ ਵਿੱਚ ਆਮ ਤੌਰ ਉੱਤੇ ਥੋੜ੍ਹੀ ਡੂੰਘਾਈ ਵੀ ਰੱਖੀ ਜਾਂਦੀ ਹੈ। ਇਹੋ ਜਿਹੇ ਡੂੰਘੇ ਟੋਏ ਨੂੰ ਅਖੜਾ ਜਾਂ ਪਿਆਲ ਕਹਿੰਦੇ ਹਨ। ਬੁੰਦੇਲਖੰਡ ਵਿੱਚ ਇਸਨੂੰ 'ਭਰ' ਕਹਿੰਦੇ ਹਨ। ਕਿਤੇ-ਕਿਤੇ ਇਸਨੂੰ ਬੰਡਾਰੌ ਜਾਂ ਗਰਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਹਿੱਸੇ ਦਾ ਸਥਾਨ ਮੁੱਖ ਘਾਟ ਵੱਲ ਰੱਖਿਆ ਜਾਂਦਾ ਹੈ ਜਾਂ ਤਾਲਾਬ ਦੇ ਵਿਚਕਾਰ। ਵਿਚਾਲਿਉਂ ਡੂੰਘਾ ਹੋਣ ਨਾਲ ਗਰਮੀ ਦੇ ਦਿਨਾਂ ਵਿੱਚ ਚਾਰੇ ਪਾਸੇ ਤੋਂ ਤਾਲਾਬ ਸੁੱਕਣ ਲਗਦਾ ਹੈ। ਇਸ ਸਮੇਂ ਪਾਣੀ ਘਾਟ ਛੱਡ ਦਿੰਦਾ ਹੈ। ਇਹ ਸੋਹਣਾ ਨਹੀਂ ਦਿਸਦਾ। ਇਸ ਲਈ ਮੁੱਖ ਘਾਟ ਵੱਲ ਪਿਆਲ ਰੱਖਣ ਦਾ ਰਿਵਾਜ ਜ਼ਿਆਦਾ ਰਿਹਾ ਹੈ। ਇਸ ਤਰ੍ਹਾਂ ਤਿੰਨ ਪਾਸਿਆਂ ਤੋਂ ਪਾਣੀ ਦੀ ਥੋੜ੍ਹੀ ਬਹੁਤ ਤਸਕਰੀ ਹੁੰਦੀ ਹੈ, ਪਰ ਚੌਥੀ ਬਾਹੀ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ।
ਗਰਮੀ ਦੀ ਰੁੱਤ ਬੀਤਦਿਆਂ ਹੀ ਬੱਦਲ ਮੁੜ ਘਿਰਨ ਲਗਦੇ ਹਨ। ਆਗੌਰ ਤੋਂ ਆਗਰ ਭਰਦਾ ਹੈ ਅਤੇ ਸਾਗਰ ਵਿੱਚ ਫੇਰ ਲਹਿਰਾਂ ਉੱਠਣ ਲੱਗ ਪੈਂਦੀਆਂ ਹਨ। ਸੂਰਜ ਪਾਣੀ ਚੋਰੀ ਕਰਦਾ ਹੈ ਅਤੇ ਸੂਰਜ ਹੀ ਪਾਣੀ ਦਿੰਦਾ ਵੀ ਹੈ।
Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques
/articles/saagara-daee-agara