ਅੱਜ ਅਣ-ਪੁੱਛੀ ਗਿਆਰਸ ਹੈ, ਦੇਵਤੇ ਉੱਠ ਗਏ ਹਨ, ਹੁਣ ਚੰਗੇ-ਚੰਗੇ ਕੰਮ ਕਰਨ ਲਈ ਕਿਸੇ ਤੋਂ ਪੁੱਛਣ ਦੀ, ਮਹੂਰਤ ਕਢਵਾਉਣ ਦੀ ਲੋੜ ਨਹੀਂ। ਫੇਰ ਵੀ ਸਭ ਲੋਕ ਇਕੱਠੇ ਹੋ ਕੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਹਨ। ਨਵਾਂ ਤਾਲਾਬ ਜੁ ਬਣਾਉਣਾ ਹੋਇਆ।
ਪਾਠਕਾਂ ਨੂੰ ਲੱਗੇਗਾ ਕਿ ਹੁਣ ਉਹਨਾਂ ਨੂੰ ਤਾਲਾਬ ਬਣਾਉਣ ਦਾ-ਵੱਟ ਬਣਾਉਣ ਤੋਂ ਲੈ ਕੇ ਪਾਣੀ ਭਰਨ ਤੱਕ ਦਾ ਪੂਰਾ ਵੇਰਵਾ ਦਿੱਤਾ ਜਾਵੇਗਾ, ਪਰ ਅਸੀਂ ਖ਼ੁਦ ਵੀ ਇਹ ਵੇਰਵਾ ਲੱਭਦੇ ਰਹੇ, ਸਾਨੂੰ ਵੀ ਉਹ ਕਿਤੋਂ ਨਹੀਂ ਲੱਭਿਆ। ਜਿੱਥੇ ਸਦੀਆਂ ਤੱਕ ਹਜ਼ਾਰਾਂ ਤਾਲਾਬ ਬਣਦੇ ਰਹੇ, ਉੱਥੇ ਤਾਲਾਬ ਬਣਾਉਣ ਦਾ ਪੂਰਾ ਵੇਰਵਾ ਨਾ ਮਿਲਣਾ ਆਪਣੇ ਆਪ ਵਿੱਚ ਬੜਾ ਅਜੀਬ ਜਿਹਾ ਲਗਦਾ ਹੈ, ਪਰ ਇਹ ਗੱਲ ਬਹੁਤੀ ਅਜੀਬ ਵੀ ਨਹੀਂ ਹੈ। 'ਤਾਲਾਬ ਕਿਵੇਂ ਬਣਾਈਏ' ਦੀ ਥਾਂ ਚਾਰੇ ਪਾਸੇ 'ਤਾਲਾਬ ਇੰਝ ਬਣਾਈਏ' ਦਾ ਰਿਵਾਜ ਸੀ। ਫੇਰ ਵੀ ਜੇਕਰ ਛੋਟੇ-ਛੋਟੇ ਟੁਕੜੇ ਜੋੜੀਏ ਤਾਂ ਤਾਲਾਬ ਬਣਾਉਣ ਦੀ ਸੁੰਦਰ ਨਾ ਸਹੀ, ਕੰਮ ਚਲਾਊ ਤਸਵੀਰ ਤਾਂ ਸਾਹਮਣੇ ਆ ਹੀ ਸਕਦੀ ਹੈ।
.....ਅਣਪੁੱਛੀ ਗਿਆਰਸ ਹੈ, ਹੁਣ ਪੁੱਛਣਾ ਕੀ। ਸਾਰੀ ਗੱਲਬਾਤ ਤਾਂ ਪਹਿਲਾਂ ਹੋ ਹੀ ਚੁੱਕੀ ਹੈ। ਤਾਲਾਬ ਦੀ ਥਾਂ ਵੀ ਤੈਅ ਹੋ ਚੁੱਕੀ ਹੈ। ਤੈਅ ਕਰਨ ਵਾਲਿਆਂ ਦੀਆਂ ਅੱਖਾਂ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਰਸਾਤਾਂ ਉੱਤਰ ਚੁੱਕੀਆਂ ਹਨ। ਇਸ ਲਈ ਉੱਥੇ ਅਜਿਹੇ ਸਵਾਲ ਨਹੀਂ ਉੱਠਦੇ ਕਿ ਪਾਣੀ ਕਿੱਥੋਂ ਆਉਂਦਾ ਹੈ, ਕਿੰਨਾ ਪਾਣੀ ਆਉਂਦਾ ਹੈ, ਉਸਦਾ ਕਿੰਨਾ ਹਿੱਸਾ ਕਿੱਥੇ ਰੋਕਿਆ ਜਾ ਸਕਦਾ ਹੈ। ਇਹ ਸਵਾਲ ਨਹੀਂ ਹਨ, ਗੱਲਾਂ ਬਿਲਕੁਲ ਸਿੱਧੀਆਂ, ਉਨ੍ਹਾਂ ਦੀਆਂ ਉਂਗਲਾਂ 'ਤੇ ਗਿਣੀਆਂ-ਮਿਣੀਆਂ। ਇਨ੍ਹਾਂ ਵਿੱਚੋਂ ਹੀ ਕੁੱਝ ਅੱਖਾਂ ਨੇ ਇਨ੍ਹਾਂ ਤੋਂ ਪਹਿਲਾਂ ਵੀ ਕਈ ਤਾਲਾਬ ਪੁੱਟੇ ਹਨ ਅਤੇ ਇਨ੍ਹਾਂ ਵਿੱਚੋਂ ਹੀ ਕੁੱਝ ਅੱਖਾਂ ਅਜਿਹੀਆਂ ਹਨ, ਜਿਹੜੀਆਂ ਪੀੜ੍ਹੀਆਂ ਤੋਂ ਇਹੋ ਕੰਮ ਕਰਦੀਆਂ ਆ ਰਹੀਆਂ ਹਨ।
ਉਂਝ ਤਾਂ ਦਸ ਦੀਆਂ ਦਸ ਦਿਸ਼ਾਵਾਂ ਹੀ ਖੁੱਲ੍ਹੀਆਂ ਹਨ। ਤਾਲਾਬ ਬਣਾਉਣ ਲਈ ਫੇਰ ਵੀ ਥਾਂ ਦੀ ਚੋਣ ਕਰਦਿਆਂ ਕਈ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ। ਇਹ ਗਊਆਂ ਦੇ ਚਰਨ ਵਾਲੀ ਥਾਂ ਹੈ, ਇਹ ਜਗ੍ਹਾ ਢਲਾਨ ਵਾਲੀ ਹੈ, ਨੀਵਾਂ ਖੇਤਰ ਹੈ, ਜਿੱਥੋਂ ਪਾਣੀ ਆਵੇਗਾ, ਜ਼ਮੀਨ ਨਿਵਾਣ ਵਾਲੀ ਹੈ। ਉੱਧਰ ਲੋਕੀ ਪਖ਼ਾਨੇ ਵਾਸਤੇ ਤਾਂ ਨਹੀਂ ਜਾਂਦੇ, ਮਰੇ ਹੋਏ ਜਾਨਵਰਾਂ ਦੀ ਖੱਲ ਵਗ਼ੈਰਾ ਤਾਂ ਨਹੀਂ ਉਤਾਰੀ ਜਾਂਦੀ ਇੱਧਰ।
ਅਭਿਆਸ ਨਾਲ ਹੀ ਅਭਿਆਸ ਵਧਦਾ ਹੈ, ਤਜਰਬੇਕਾਰ ਅੱਖਾਂ ਗੱਲੀਂ-ਬਾਤੀਂ ਸੁਣੀ-ਲੱਭੀ ਗਈ ਥਾਂ ਨੂੰ ਇੱਕ ਵਾਰ ਦੇਖ ਵੀ ਲੈਂਦੀਆਂ ਹਨ। ਇੱਥੇ ਪੁੱਜ ਕੇ ਇਹ ਸੋਚ ਲਿਆ ਜਾਂਦਾ ਹੈ ਕਿ ਪਾਣੀ ਕਿੱਥੋਂ ਆਵੇਗਾ ਅਤੇ ਉਸਦੀ ਸਾਫ਼-ਸਫ਼ਾਈ, ਸੁਰੱਖਿਆ ਨੂੰ ਪੱਕਾ ਕਰ ਲਿਆ ਜਾਂਦਾ ਹੈ। ਜਿੱਥੋਂ ਪਾਣੀ ਆਏਗਾ, ਉਸਦਾ ਸੁਭਾਅ ਪਰਖ ਲਿਆ ਜਾਂਦਾ ਹੈ। ਵੱਟ ਕਿੰਨੀ ਉੱਚੀ ਹੋਵੇਗੀ, ਕਿੰਨੀ ਚੌੜੀ ਹੋਵੇਗੀ, ਕਿੱਥੋਂ ਸ਼ੁਰੂ ਕਰ ਕੇ ਕਿੱਥੋਂ ਤੱਕ ਬੰਨ੍ਹੀ ਜਾਵੇਗੀ ਅਤੇ ਤਾਲਾਬ ਵਿੱਚ ਪਾਣੀ ਪੂਰਾ ਭਰਨ ਤੋਂ ਬਾਅਦ ਉਸਨੂੰ ਸੰਭਾਲਣ ਲਈ ਕਿੱਥੋਂ ਤੱਕ ਬੰਨ੍ਹ ਮਾਰਿਆ ਜਾਵੇਗਾ। ਇਸਦਾ ਅੰਦਾਜ਼ਾ ਵੀ ਲਾ ਲਿਆ ਜਾਂਦਾ ਹੈ।
ਸਾਰੇ ਲੋਕ ਇਕੱਠੇ ਹੋ ਗਏ ਹਨ, ਹੁਣ ਦੇਰ ਕਿਸ ਗੱਲ ਦੀ ਹੈ, ਚਮਕਦੀ ਥਾਲੀ ਸਜੀ ਹੋਈ ਹੈ। ਸੂਰਜ ਦੀਆਂ ਕਿਰਨਾਂ ਉਸਨੂੰ ਹੋਰ ਚਮਕਾ ਰਹੀਆਂ ਹਨ। ਪਾਣੀ ਦੀ ਭਰੀ ਗੜਵੀ, ਰੋਲਾ, ਖੰਮਣ੍ਹੀ, ਹਲਦੀ, ਸੁਪਾਰੀ ਤਿਆਰ ਹਨ। ਲਾਲ ਮਿੱਟੀ ਦਾ ਇੱਕ ਪਵਿੱਤਰ ਡਲਾ। ਧਰਤੀ ਅਤੇ ਪਾਣੀ ਦੀ ਉਸਤਤੀ ਦੇ ਸ਼ਲੋਕ ਹੌਲੀ-ਹੌਲੀ ਲਹਿਰਾਂ 'ਚ ਗੂੰਜਣ ਲੱਗ ਪੈਂਦੇ ਹਨ।
ਵਰੁਣ ਦੇਵਤਾ ਨੂੰ ਯਾਦ ਕੀਤਾ ਜਾ ਰਿਹਾ ਹੈ। ਤਾਲਾਬ ਕਿਤੇ ਵੀ ਪੁੱਟਿਆ ਜਾ ਰਿਹਾ ਹੋਵੇ, ਦੇਸ਼ ਦੇ ਇਸ ਕੋਣੇ ਤੋਂ ਉਸ ਕੋਣੇ ਦੀਆਂ ਸਭ ਨਦੀਆਂ ਨੂੰ ਪੁਕਾਰਿਆ ਜਾ ਰਿਹਾ ਹੈ। ਸ਼ਲੋਕਾਂ ਦੀਆਂ ਲਹਿਰਾਂ ਰੁਕਦੀਆਂ ਹਨ, ਮਿੱਟੀ ਵਿੱਚ ਕਹੀਆਂ ਦੇ ਟਕਰਾਉਣ ਨਾਲ, ਪੰਜ ਜਣੇ, ਪੰਜ ਪਰਾਤਾਂ ਮਿੱਟੀ ਪੁੱਟਦੇ ਹਨ। ਦਸ ਜਣੇ ਪਰਾਤਾਂ ਚੁੱਕ ਕੇ ਵੱਟ ਉੱਤੇ ਸੁੱਟਦੇ ਹਨ, ਇੱਥੇ ਬੰਨ੍ਹੀ ਜਾਏਗੀ ਵੱਟ। ਗੁੜ ਵੰਡਿਆ ਜਾਂਦਾ ਹੈ, ਮਹੂਰਤ ਸਿੱਧ ਕਰ ਲਿਆ ਗਿਆ ਹੈ। ਅੱਖਾਂ ਵਿੱਚ ਵਸੇ ਤਾਲਾਬ ਦਾ ਪੂਰਾ ਚਿੱਤਰ ਫਹੁੜੇ ਨਾਲ ਨਿਸ਼ਾਨ ਲਾ ਕੇ ਜ਼ਮੀਨ ਉੱਤੇ ਉਤਾਰ ਲਿਆ ਗਿਆ ਹੈ। ਕਿੱਥੋਂ ਮਿੱਟੀ ਨਿੱਕਲੇਗੀ, ਕਿੱਥੇ-ਕਿੱਥੇ ਸੁੱਟੀ ਜਾਵੇਗੀ, ਵੱਟ ਤੋਂ ਕਿੰਨੀ ਦੂਰੀ ਤੱਕ ਪੁਟਾਈ ਹੋਵੇਗੀ ਤਾਂ ਜੋ ਵੱਟ ਦੇ ਹੇਠਾਂ ਇੰਨੀ ਡੂੰਘਾਈ ਨਾ ਹੋ ਜਾਵੇ ਕਿ ਵੱਟ ਪਾਣੀ ਦੇ ਦਬਾਅ ਨਾਲ ਹੀ ਕਮਜ਼ੋਰ ਹੋਣ ਲੱਗ ਪਵੇ।...
ਅਣਪੁੱਛੀ ਗਿਆਰਸ ਨੂੰ ਇੰਨਾ ਕੰਮ ਤਾਂ ਹੋ ਹੀ ਜਾਂਦਾ ਸੀ, ਜੇਕਰ ਉਸ ਦਿਨ ਕੰਮ ਸ਼ੁਰੂ ਨਹੀਂ ਹੁੰਦਾ ਤਾਂ ਫਿਰ ਮਹੂਰਤ ਕਢਵਾਇਆ ਜਾਂਦਾ ਸੀ ਜਾਂ ਆਪਣੇ-ਆਪ ਹੀ ਕੱਢਿਆ ਜਾਂਦਾ ਸੀ। ਪਿੰਡਾਂ ਅਤੇ ਸ਼ਹਿਰਾਂ 'ਚ ਘਰ-ਘਰ ਵਿੱਚ ਮਿਲਣ ਵਾਲੇ ਪੰਚਾਂਗ ਅਤੇ ਹੋਰ ਕਈ ਗੱਲਾਂ ਦੇ ਨਾਲ਼ ਖੂਹ, ਬਾਉੜੀ ਅਤੇ ਤਾਲਾਬ ਬਣਾਉਣ ਦਾ ਮਹੂਰਤ ਅੱਜ ਵੀ ਸਮਝਾਉਂਦੇ ਹਨ : ''ਹਸਤ, ਅਨੁਰਾਧਾ, ਤਿੰਨੋਂ ਉੱਤਰਾ, ਸ਼ਤਭਿਸ਼ਾ, ਮਘਾ, ਰੋਹਿਣੀ, ਪੁਸ਼ਯ, ਮਰਿਗਸ਼ਿਰਾ, ਨਕਸ਼ਤਰਾਂ ਵਿੱਚ ਚੰਦਰਵਾਰ, ਬੁੱਧਵਾਰ, ਗੁਰੂਵਾਰ ਅਤੇ ਸ਼ੁੱਕਰਵਾਰ ਨੂੰ ਕੰਮ ਸ਼ੁਰੂ ਕਰੋ, ਪਰ 4,9,14 ਤਿੱਥਾਂ ਨੂੰ ਛੱਡਣ ਲਈ ਕਿਹਾ ਗਿਆ ਹੈ, ਸ਼ੁਭ ਲਗਨਾਂ ਵਿੱਚੋਂ ਗੁਰੂ ਅਤੇ ਬੁੱਧ ਬਲੀ ਹੋਵੇ, ਪਾਪ ਨਿਰਬਲ ਹੋਵੇ, ਸ਼ੁੱਕਰ ਦਾ ਚੰਦਰਮਾ ਜਲਚਰ ਰਾਸ਼ੀ ਦਾ ਲਗਨ ਅਤੇ ਚੌਥਾ ਹੋਵੇ, ਗੁਰੂ, ਸ਼ੁੱਕਰ ਅਸਤ ਨਾ ਹੋਣ, ਭਦਰਾ ਨਾ ਹੋਵੇ ਤਾਂ ਤਾਲਾਬ ਦੀ ਪੁਟਾਈ ਸ਼ੁਭ ਹੈ।''
ਅੱਜ ਸਾਡੇ 'ਚੋਂ ਬਹੁਤੇ ਲੋਕਾਂ ਨੂੰ ਇਹ ਸਾਰੀ ਪਵਿੱਤਰ ਪਰੰਪਰਾ ਵਿਚੋਂ ਦਿਨਾਂ ਦੇ ਕੁੱਝ ਹੀ ਨਾਂ ਸਮਝ ਆਉਣਗੇ, ਪਰ ਅਜੇ ਵੀ ਸਮਾਜ ਦੇ ਇੱਕ ਵੱਡੇ ਹਿੱਸੇ ਦੇ ਮਨ ਦੀ ਘੜੀ ਇਸ ਘੜੀ ਨਾਲ ਮੇਲ ਖਾਂਦੀ ਹੈ। ਕੁੱਝ ਕੁ ਸਮੇਂ ਪਹਿਲਾਂ ਤੱਕ ਤਾਂ ਪੂਰਾ ਸਮਾਜ ਹੀ ਇਸ ਘੜੀ ਮੁਤਾਬਿਕ ਚੱਲਦਾ ਸੀ।
....ਘੜੀ ਮਾਪ ਲਈ ਗਈ ਹੈ। ਲੋਕੀ ਵਾਪਸ ਮੁੜ ਪਏ ਹਨ, ਹੁਣ ਇੱਕ-ਦੋ ਦਿਨਾਂ ਮਗਰੋਂ ਜਦੋਂ ਸਭ ਨੂੰ ਸਹੂਲਤ ਹੋਵੇਗੀ, ਮੁੜ ਕੰਮ ਸ਼ੁਰੂ ਹੋਵੇਗਾ। ਤਜਰਬੇਕਾਰ ਅੱਖਾਂ ਪਲਕ ਵੀ ਨਹੀਂ ਝਪਕਦੀਆਂ, ਕਿੰਨਾ ਵੱਡਾ ਹੈ ਤਾਲਾਬ, ਕੰਮ ਕਿੰਨਾ ਹੈ, ਕਿੰਨੇ ਲੋਕ ਲੱਗਣਗੇ, ਕਿੰਨੇ ਔਜ਼ਾਰ, ਕਿੰਨੇ ਮਣ ਮਿੱਟੀ ਨਿੱਕਲੇਗੀ, ਵੱਟ 'ਤੇ ਕਿਵੇਂ ਢੇਰ ਲੱਗੇਗਾ! ਤਸਲਿਆਂ ਨਾਲ, ਢੋਲਾਂ ਨਾਲ, ਵਹਿੰਗੀ ਨਾਲ ਜਾਂ ਗਧਿਆਂ ਨਾਲ ਮਿੱਟੀ ਢੋਈ ਜਾਵੇਗੀ। ਪ੍ਰਸ਼ਨ ਲਹਿਰਾਂ ਵਾਂਗ ਉੱਠਦੇ ਹਨ। ਕੰਮ ਕਿੰਨਾ ਕੱਚਾ ਹੈ, ਮਿੱਟੀ ਦਾ ਹੈ, ਕਿੰਨਾ ਪੱਕਾ ਹੈ, ਚੂਨੇ ਦਾ, ਪੱਥਰ ਦਾ, ਮਿੱਟੀ ਦਾ ਕੰਮ ਬਿਲਕੁਲ ਪੱਕਾ ਕਰਨਾ ਹੈ ਅਤੇ ਪੱਥਰ, ਚੂਨੇ ਦਾ ਪੱਕਾ ਕੰਮ, ਕਿਤੇ ਕੱਚਾ ਨਾ ਰਹਿ ਜਾਵੇ। ਪ੍ਰਸ਼ਨਾਂ ਦੀਆਂ ਲਹਿਰਾਂ ਉੱਠਦੀਆਂ ਹਨ ਅਤੇ ਤਜਰਬੇਕਾਰ ਅੱਖਾਂ ਮਨ ਦੀ ਡੂੰਘਾਈ ਹੇਠ ਸ਼ਾਂਤ ਹੁੰਦੀਆਂ ਜਾਂਦੀਆਂ ਹਨ। ਸੈਂਕੜੇ ਮਣ ਮਿੱਟੀ ਦਾ ਬੇਹੱਦ ਵਜ਼ਨੀ ਕੰਮ ਹੈ, ਵਗਦੇ ਪਾਣੀ ਨੂੰ ਰੋਕਣ ਲਈ ਮਨਾਉਣਾ ਹੈ। ਪਾਣੀ ਨਾਲ ਖੇਡਣਾ ਵੀ, ਅੱਗ ਨਾਲ ਖੇਡਣਾ ਹੀ ਹੈ। ਡੌਰੂ ਵੱਜਦਾ ਹੈ। ਸਾਰਾ ਪਿੰਡ ਤਾਲਾਬ ਵਾਲੀ ਥਾਂ ਉੱਤੇ ਇਕੱਠਾ ਹੁੰਦਾ ਹੈ। ਤਾਲਾਬ ਲਈ ਸਾਰੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਸਾਰੇ ਲੋਕ ਇਕੱਠੇ ਘਰ ਮੁੜਨਗੇ।
ਸੈਂਕੜੇ ਹੱਥ ਮਿੱਟੀ ਪੁੱਟਦੇ ਹਨ। ਸੈਂਕੜੇ ਹੱਥ ਵੱਟ ਉੱਤੇ ਮਿੱਟੀ ਸੁੱਟੀ ਜਾਂਦੇ ਹਨ। ਹੌਲੀ-ਹੌਲੀ ਪਹਿਲੀ ਪਰਤ ਦਿਸਣੀ ਸ਼ੁਰੂ ਹੋ ਜਾਂਦੀ ਹੈ। ਕੁੱਝ ਉੱਠਦਾ-ਉੱਭਰਦਾ ਵਿਖਾਈ ਦਿੰਦਾ ਹੈ। ਫਿਰ ਉਸਦੀ ਦਬਾਈ ਸ਼ੁਰੂ ਹੁੰਦੀ ਹੈ। ਦਬਾਉਣ ਦਾ ਕੰਮ ਨੰਦੀ (ਬਲਦ) ਕਰ ਰਹੇ ਹਨ। ਚਾਰ ਨੁਕੀਲੇ ਖੁਰਾਂ ਉੱਤੇ ਬਲਦ ਦਾ ਸਾਰਾ ਵਜ਼ਨ ਪੈਂਦਾ ਹੈ। ਪਹਿਲੀ ਪਰਤ ਮਗਰੋਂ ਦੂਜੀ ਤਹਿ ਪੈਣੀ ਸ਼ੁਰੂ ਹੁੰਦੀ ਹੈ। ਹਰੇਕ ਪਰਤ ਉੱਤੇ ਪਾਣੀ ਛਿੜਕਿਆ ਜਾਂਦਾ ਹੈ। ਬਲਦ ਫੇਰੇ ਜਾਂਦੇ ਹਨ। ਸੈਂਕੜੇ ਉਤਸ਼ਾਹੀ ਹੱਥ ਬੇਹੱਦ ਉਤਸ਼ਾਹ ਨਾਲ ਚਲਦੇ ਹਨ। ਕੰਢੇ ਹੌਲੀ-ਹੌਲੀ ਉੱਚੇ ਹੋਈ ਜਾਂਦੇ ਹਨ।
ਹੁਣ ਤੱਕ ਜਿਹੜੀ ਫਹੁੜੇ ਦੀ ਇੱਕ ਅਣਡਿੱਠੀ ਲਕੀਰ ਸੀ, ਹੁਣ ਉਹ ਮਿੱਟੀ ਦੀ ਪੱਟੀ ਬਣ ਚੁੱਕੀ ਹੈ। ਕਿਤੇ ਇਹ ਬਿਲਕੁਲ ਸਿੱਧੀ ਹੈ। ਕਿਤੇ-ਕਿਤੇ ਵਿੰਗ ਵਲ ਵੀ ਹਨ। ਉੱਪਰੋਂ ਆਉਣ ਵਾਲਾ ਪਾਣੀ ਜਿੱਥੇ ਵੱਟ ਨਾਲ ਜ਼ੋਰ-ਅਜ਼ਮਾਈ ਕਰ ਸਕਦਾ ਹੈ ਉੱਥੇ ਹੀ ਵੱਟ ਨੂੰ ਮਜ਼ਬੂਤ ਬਣਾਇਆ ਗਿਆ ਹੈ। ਇਸ ਨੂੰ 'ਕੂਹਣੀ' ਕਹਿੰਦੇ ਹਨ। ਵੱਟ ਇੱਥੇ ਠੀਕ ਸਾਡੀ 'ਕੂਹਣੀ' ਵਾਂਗ ਮੁੜ ਜਾਂਦੀ ਹੈ।
ਜਗ੍ਹਾ ਪਿੰਡ ਦੇ ਨੇੜੇ ਹੀ ਹੈ, ਇਸ ਲਈ ਦੁਪਹਿਰ ਦੀ ਰੋਟੀ ਖਾਣ ਲਈ ਲੋਕ ਘਰ ਹੀ ਜਾਂਦੇ ਹਨ। ਜੇਕਰ ਥਾਂ ਦੂਰ ਹੋਵੇਗੀ ਤਾਂ ਰੋਟੀ ਉੱਥੇ ਹੀ ਖਾਣਗੇ, ਪਰ ਸਾਰਾ ਦਿਨ ਗੁੜ ਵਾਲਾ ਮਿੱਠਾ ਪਾਣੀ ਸਾਰਿਆਂ ਨੂੰ ਮਿਲਦਾ ਹੈ। ਪਾਣੀ ਦਾ ਕੰਮ ਪ੍ਰੇਮ ਦਾ ਕੰਮ ਹੈ, ਪੁੰਨ ਦਾ ਕੰਮ ਹੈ, ਇਸ ਵਿੱਚ ਅੰਮ੍ਰਿਤ ਵਰਗਾ ਮਿੱਠਾ ਪਾਣੀ ਹੀ ਪਿਆਉਣਾ ਹੈ। ਤਦੇ ਅੰਮ੍ਰਿਤ ਵਰਗਾ ਸਰੋਵਰ ਬਣੇਗਾ।
ਇਸ ਅੰਮ੍ਰਿਤ ਸਰੋਵਰ ਦੀ ਰਾਖੀ ਵੱਟ ਕਰੇਗੀ, ਉਹ ਤਾਲਾਬ ਦੀ ਪਾਲਣਹਾਰ ਹੈ। ਵੱਟ ਕਿੰਨੀ ਥੱਲਿਉਂ ਚੌੜੀ ਹੋਵੇਗੀ, ਕਿੰਨੀ ਉੱਪਰ ਹੋਵੇਗੀ, ਉੱਪਰ ਦੀ ਚੌੜਾਈ ਕਿੰਨੀ ਹੋਵੇਗੀ ਅਜਿਹੇ ਪ੍ਰਸ਼ਨ ਹਿਸਾਬ ਜਾਂ ਵਿਗਿਆਨ ਦਾ ਬੋਝ ਨਹੀਂ ਵਧਾਉਂਦੇ, ਤਜਰਬੇਕਾਰ ਅੱਖਾਂ ਦੇ ਸਹਿਜ ਅਤੇ ਸਰਲ ਗਣਿਤ ਨੂੰ ਕੋਈ ਨਾਪਣਾ ਚਾਹੇ ਤਾਂ ਨੀਂਹ ਦੀ ਚੌੜਾਈ ਤੋਂ ਉਚਾਈ ਹੋਵੇਗੀ, ਅੱਧੀ ਅਤੇ ਪੂਰੀ ਬਣ ਜਾਣ ਮਗਰੋਂ ਉੱਪਰ ਦੀ ਚੌੜਾਈ ਕੁੱਲ ਉਚਾਈ ਤੋਂ ਅੱਧੀ।
ਮਿੱਟੀ ਦਾ ਕੱਚਾ ਕੰਮ ਪੂਰਾ ਹੋ ਚੁੱਕਿਆ ਹੈ। ਹੁਣ ਪੱਕੇ ਕੰਮ ਦੀ ਵਾਰੀ ਹੈ। ਚੂਨੇ ਦਾ ਕੰਮ ਕਰਨ ਵਾਲਿਆਂ ਨੇ ਚੂਨੇ ਦੇ ਰੋੜਾਂ ਨੂੰ ਬੁਝਾ ਦਿੱਤਾ ਹੈ। ਘਾਣੀ ਤਿਆਰ ਹੋ ਗਈ ਹੈ। ਸਿਲਾਵਟਾਂ ਨੇ ਪੱਥਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਵੱਟ ਦੀ ਸੁਰੱਖਿਆ ਲਈ 'ਨੇਸ਼ਟਾ' ਬਣਾਇਆ ਜਾਵੇਗਾ। ਨੇਸ਼ਟਾ ਭਾਵ ਉਹ ਥਾਂ ਜਿੱਥੋਂ ਤਾਲਾਬ ਦਾ ਫ਼ਾਲਤੂ ਪਾਣੀ ਵੱਟ ਨੂੰ ਨੁਕ+ਸਾਨ ਪਹੁੰਚਾਏ ਬਿਨਾਂ ਬਾਹਰ ਨਿੱਕਲੇਗਾ। ਕਦੇ ਇਹ ਸ਼ਬਦ 'ਨਿਰਮਿਸ਼ਟ' ਨਿਸਤਰਣ ਜਾਂ ਨਿਸਤਾਰ ਹੁੰਦਾ ਸੀ। ਤਾਲਾਬ ਬਣਾਉਣ ਵਾਲਿਆਂ ਦੀ ਜੀਭ ਨਾਲ ਘਸ-ਘਸ ਕੇ 'ਨੇਸ਼ਟਾ' ਦੇ ਰੂਪ ਵਿੱਚ ਇੰਨਾ ਮਜ਼ਬੂਤ ਹੋ ਗਿਆ ਹੈ ਕਿ ਸੈਂਕੜੇ ਸਾਲਾਂ ਵਿੱਚ ਇਸਦੀ ਇੱਕ ਵੀ ਮਾਤਰਾ ਨਹੀਂ ਟੁੱਟ ਸਕੀ।
ਨਿਕਾਸੀ ਵੱਟ ਦੀ ਉਚਾਈ ਤੋਂ ਥੋੜ੍ਹਾ ਥੱਲੇ ਹੋਵੇਗੀ, ਤਾਹੀਓਂ ਤਾਂ ਵੱਟ ਨੂੰ ਤੋੜਨ ਤੋਂ ਪਹਿਲਾਂ ਪਾਣੀ ਨੂੰ ਬਾਹਰ ਕੱਢ ਸਕੇਗੀ, ਜ਼ਮੀਨ ਤੋਂ ਇਸਦੀ ਉਚਾਈ, ਵੱਟ ਦੀ ਉਚਾਈ ਦੇ ਅਨੁਪਾਤ ਵਿੱਚ ਤੈਅ ਹੋਵੇਗੀ, ਅਨੁਪਾਤ ਹੋਵੇਗਾ ਕੋਈ 10 ਜਾਂ 7 ਹੱਥਾਂ ਦਾ।
ਵੱਟ ਅਤੇ ਨਿਕਾਸੀ ਦਾ ਕੰਮ ਪੂਰਾ ਹੋਇਆ ਤਾਂ ਬਣ ਗਿਆ ਤਾਲਾਬ ਦਾ ਕੇਂਦਰ, ਆਲੇ-ਦੁਆਲੇ ਦਾ ਸਾਰਾ ਪਾਣੀ ਕੇਂਦਰ ਵਿੱਚ ਸਿਮਟ ਆਏਗਾ। ਤਜਰਬੇਕਾਰ ਅੱਖਾਂ ਇੱਕ ਵਾਰ ਫੇਰ ਕੇਂਦਰ ਅਤੇ ਆਲਾ-ਦੁਆਲਾ ਨਾਪ ਕੇ ਵੇਖ ਲੈਂਦੀਆਂ ਹਨ। ਕੇਂਦਰ ਦੀ ਸਮਰੱਥਾ ਆਲੇ-ਦੁਆਲੇ ਤੋਂ ਆਉਣ ਵਾਲੇ ਪਾਣੀ ਤੋਂ ਕਿਤੇ ਜ਼ਿਆਦਾ ਤਾਂ ਨਹੀਂ, ਘੱਟ ਤਾਂ ਨਹੀਂ, ਉੱਤਰ ਹਾਂ 'ਚ ਨਹੀਂ ਆਏਗਾ।
ਆਖ਼ਰੀ ਵਾਰ ਡੌਰੂ ਵੱਜੇਗਾ, ਕੰਮ ਬੇਸ਼ੱਕ ਪੂਰਾ ਹੋ ਗਿਆ ਹੈ, ਪਰ ਅੱਜ ਫੇਰ ਸਾਰੇ ਲੋਕ ਇਕੱਠੇ ਹੋਣਗੇ, ਤਾਲਾਬ ਦੀ ਵੱਟ ਉੱਤੇ ਅਣਪੁੱਛੀ ਗਿਆਰਸ ਨੂੰ ਜਿਹੜਾ ਸੰਕਲਪ ਕੀਤਾ ਸੀ, ਉਹ ਅੱਜ ਪੂਰਾ ਹੋਇਆ। ਬੱਸ ਆਗੌਰ ਦੇ ਵਿਚਕਾਰ 'ਸਤੰਭ' (ਪੱਥਰ) ਲੱਗੇਗਾ ਅਤੇ ਵੱਟ ਉੱਤੇ ਘਟੋਈਆ ਦੇਵਤੇ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਆਗੌਰ (ਜਿੱਥੋਂ ਪਾਣੀ ਆਉਂਦਾ ਹੈ) ਦੇ ਸਤੰਭ ਉੱਤੇ ਗਣੇਸ਼ ਜੀ ਬਿਰਾਜਮਾਨ ਹਨ। ਥੱਲੇ ਹਨ ਸੱਪਾਂ ਦੇ ਰਾਜਾ ਘਟੋਈਆ ਬਾਬਾ ਜਿਹੜੇ ਘਾਟ ਉੱਤੇ ਬੈਠੇ ਤਾਲਾਬ ਦੀ ਰਾਖੀ ਕਰਨਗੇ।
ਅੱਜ ਸਭ ਦੀ ਰੋਟੀ ਸਾਂਝੀ ਹੋਵੇਗੀ। ਸੁੰਦਰ ਮਜ਼ਬੂਤ ਵੱਟ ਨਾਲ ਘਿਰਿਆ ਤਾਲਾਬ ਦੂਰੋਂ ਇੱਕ ਖ਼ੂਬਸੂਰਤ ਥਾਲ ਵਾਂਗ ਦਿਸਦਾ ਹੈ। ਜਿਹੜੇ ਬੇਨਾਮ ਲੋਕਾਂ ਨੇ ਇਸਨੂੰ ਬਣਾਇਆ ਹੈ, ਅੱਜ ਉਹ ਭੋਗ ਵੰਡ ਕੇ ਇਸਨੂੰ ਇੱਕ ਸੁੰਦਰ ਨਾਂ ਨਾਲ ਸੁਸ਼ੋਭਿਤ ਕਰਨਗੇ। ਇਹ ਨਾਂ ਕਿਸੇ ਕਾਗ਼ਜ਼ ਉੱਤੇ ਨਹੀਂ, ਸਗੋਂ ਲੋਕਾਂ ਦੇ ਦਿਲਾਂ ਉੱਤੇ ਹਮੇਸ਼ਾ ਲਈ ਲਿਖਿਆ ਜਾਵੇਗਾ।
ਪਰ ਸਿਰਫ਼ ਨਾਂ ਨਾਲ ਕੰਮ ਖ਼ਤਮ ਨਹੀਂ ਹੁੰਦਾ। ਜਿਵੇਂ ਹੀ ਹਥਿਆ ਤਾਰਾ ਦਿਸੇਗਾ, ਪਾਣੀ ਦੀ ਪਹਿਲੀ ਝੱਲ ਡਿੱਗੇਗੀ। ਸਾਰੇ ਲੋਕ ਫੇਰ ਤਾਲਾਬ ਉੱਤੇ ਇਕੱਠੇ ਹੋਣਗੇ। ਤਜਰਬੇਕਾਰ ਅੱਖਾਂ ਅੱਜ ਹੀ ਤਾਂ ਕਸੌਟੀ ਉੱਤੇ ਚੜ੍ਹਨਗੀਆਂ। ਲੋਕੀ ਕਹੀਆਂ, ਫਹੁੜੇ, ਬਾਂਸ ਅਤੇ ਲਾਠੀਆਂ ਲੈ ਕੇ ਵੱਟ ਉੱਤੇ ਘੁੰਮ ਰਹੇ ਹਨ। ਬੜੇ ਸੋਹਣੇ ਜੁਗਾੜ ਨਾਲ ਬਣੀ ਵੱਟ ਵੀ ਪਹਿਲੇ ਝੱਲੇ ਦਾ ਪਾਣੀ ਪੀਤੇ ਬਗ਼ੈਰ ਮਜ਼ਬੂਤ ਨਹੀਂ ਹੁੰਦੀ, ਕਿਤੋਂ ਪਾਣੀ ਰਿਸ ਸਕਦਾ ਹੈ, ਦਰਾੜਾਂ ਪੈ ਸਕਦੀਆਂ ਹਨ, ਚੂਹਿਆਂ ਨੂੰ ਖੁੱਡਾਂ ਬਣਾਉਣ ਲੱਗਿਆਂ ਵੀ ਕਿੰਨਾ ਕੁ ਸਮਾਂ ਲੱਗਦੈ ਭਲਾ! ਵੱਟ ਉੱਤੇ ਤੁਰਦੇ-ਫਿਰਦੇ ਲੋਕੀ ਬਾਂਸਾਂ ਨਾਲ, ਲਾਠੀਆਂ ਨਾਲ ਇਨ੍ਹਾਂ ਖੁੱੱਡਾਂ ਨੂੰ ਦੱਬ-ਦੱਬ ਕੇ ਭਰ ਰਹੇ ਹਨ।
ਕੱਲ੍ਹ ਜਿਵੇਂ-ਜਿਵੇਂ ਵੱਟ ਉੱਠ ਰਹੀ ਸੀ, ਅੱਜ ਉਸੇ ਤਰ੍ਹਾਂ ਕੇਂਦਰ ਵਿੱਚ ਪਾਣੀ ਉੱਠ ਰਿਹਾ ਹੈ। ਅੱਜ ਉਹ ਪੂਰੇ ਕੇਂਦਰ ਵਿੱਚ ਸਿਮਟ ਕੇ ਆ ਰਿਹਾ ਹੈ।
ਸਿਮਟ-ਸਿਮਟ ਜਲ ਭਰਹਿਂ ਤਾਲਾਬਾ,
ਜਿਮੀਂ ਸਦਗੁਣ ਸੱਜਣ ਪਹਿ ਆਵਾ।
ਬੇਨਾਮ ਹੱਥਾਂ ਦੀ ਪੁਕਾਰ ਪਾਣੀ ਨੇ ਸੁਣ ਲਈ ਹੈ।
Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques
/articles/nainha-taoon-saikhara-tahka