ਨਾਲਿਆਂ ਦੇ ਕਿਨਾਰੇ ਵਸੀ ਸੱਭਿਅਤਾ

ਜਲ ਹੀ ਜੀਵਨ ਹੈ। ਪਰ ਅੱਜ ਸਾਡਾ ਜੀਵਨ ਆਪਣੇ ਪਿੱਛੇ ਜੋ ਗੰਦਗੀ, ਸੀਵਰੇਜ ਛੱਡਦਾ ਹੈ, ਉਸ ਨਾਲ ਜਲ ਦਾ ਜੀਵਨ ਹੀ ਖਤਮ ਹੋ ਰਿਹਾ ਹੈ। ਸਾਨੂੰ ਜੀਵਨ ਦੇਣ ਵਾਲੇ ਜਲ ਦੀ ਇਹ ਹੈ ਦੁਖਦ ਕਥਾ। ਬੇਤਹਾਸ਼ਾ ਸ਼ਹਿਰੀਕਰਨ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ ਹੋ ਜਾਵੇਗਾ। ਇਹ ਤੇਜੀ ਰਫ਼ਤਾਰ ਅਤੇ ਦਾਇਰਾ, ਦੋਵੇਂ ਹੀ ਮਾਮਲਿਆਂ ਵਿੱਚ ਦਿਖਾਈ ਦੇ ਰਹੀ ਹੈ। ਪਾਣੀ ਦੀਆਂ ਆਪਣੀਆਂ ਜਰੂਰਤਾਂ ਨੂੰ ਅਸੀਂ ਕਿਸ ਤਰਾ ਵਿਵਸਥਿਤ ਕਰੀਏ ਕਿ ਅਸੀਂ ਆਪਣੇ ਹੀ ਮਲ-ਮੂਤਰ ਵਿੱਚ ਨਾ ਡੁੱਬ ਜਾਈਏ, ਇਹ ਅੱਜ ਦੇ ਦੌਰ ਦਾ ਬਹੁਤ ਵੱਡਾ ਸਵਾਲ ਹੈ ਅਤੇ ਇਸਦਾ ਜਵਾਬ ਸਾਨੂੰ ਹਰ ਹਾਲ ਵਿੱਚ ਲੱਭਣਾ ਪਏਗਾ।
ਇਸ ਮਾਮਲੇ ਵਿੱਚ ਆਪਣੀ ਖੋਜਬੀਨ ਦੇ ਦੌਰਾਨ ਸਭ ਤੋਂ ਵੱਡੀ ਦਿੱਕਤ ਸਾਡੇ ਸਾਹਮਣੇ ਇਹ ਆਉਂਦੀ ਹੈ ਕਿ ਸਾਡੇ ਦੇਸ਼ ਵਿੱਚ ਨਾ ਤਾਂ ਇਸ ਨਾਲ ਸੰਬੰਧਿਤ ਕੋਈ ਅੰਕੜੇ ਮਿਲਦੇ ਹਨ, ਨਾ ਇਸ ਉੱਪਰ ਕੋਈ ਠੀਕ ਕੰਮ ਹੋਇਆ ਹੈ। ਇਸ ਮੁੱਦੇ 'ਤੇ ਕਿਤੇ ਕੋਈ ਸਮਝ ਦੇਖਣ ਵਿੱਚ ਨਹੀਂ ਆਉਂਦੀ। ਇਹ ਹਾਲ ਉਦੋਂ ਹੈ ਜਦ ਇਸ ਗੰਦਗੀ, ਸੀਵਰੇਜ ਦਾ ਤਾਲੁਕ ਸਾਡੀ ਸਭ ਦੀ ਜਿੰਦਗੀ ਨਾਲ ਹੈ।
ਸਾਨੂੰ ਪਾਣੀ ਦੀ ਜਰੂਰਤ ਪੈਂਦੀ ਹੈ। ਇਹ ਸਾਨੂੰ ਭਲੇ ਹੀ ਥੋੜੀ ਤਕਲੀਫ਼ ਨਾਲ, ਪਰ ਆਮ ਤੌਰ 'ਤੇ ਆਪਣੇ ਘਰ ਵਿੱਚ ਹੀ ਹਾਸਿਲ ਹੋ ਜਾਂਦਾ ਹੈ। ਆਪਣਾ ਮਲ-ਮੂਤਰ ਅਸੀਂ ਫਲੱਸ਼ ਕਰਕੇ ਘਰ ਤੋਂ ਬਾਹਰ ਵਹਾ ਦਿੰਦੇ ਹਾਂ। ਆਪਣੀਆਂ ਨਦੀਆਂ ਨੂੰ ਅਸੀਂ ਮਰਦੇ ਹੋਏ ਦੇਖ ਸਕਦੇ ਹਾਂ। ਪਰ ਇਹਨਾਂ ਅਲੱਗ-ਅਲੱਗ ਗੱਲਾਂ ਦੇ ਵਿਚਕਾਰ ਕੋਈ ਸੂਤਰ ਅਸੀਂ ਨਹੀਂ ਜੋੜਦੇ। ਆਪਣੇ ਫਲੱਸ਼ ਨੂੰ ਆਪਣੀ ਨਦੀ ਨਾਲ ਜੋੜ ਕੇ ਦੇਖਣਾ ਸਾਡੀ ਆਦਤ ਵਿੱਚ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਇਸ ਬਾਰੇ ਵਿੱਚ ਅਸੀਂ ਕੁੱਝ ਜਾਣਨਾ ਹੀ ਨਹੀਂ ਚਾਹੁੰਦੇ। ਸਾਨੂੰ ਪੁੱਛਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੈ। ਕੀ ਇਹ ਭਾਰਤੀ ਸਮਾਜ ਵਿੱਚ ਮੌਜ਼ੂਦ ਜਾਤੀ ਵਿਵਸਥਾ ਦੀ ਮਾਨਸਿਕ ਪਰਛਾਈ ਹੈ, ਜਿਸ ਵਿੱਚ ਮਲ-ਮੂਤਰ ਹਟਾਉਣ ਦਾ ਕੰਮ ਕਿਸੇ ਹੋਰ ਦਾ ਹੋਇਆ ਕਰਦਾ ਸੀ? ਜਾਂ ਇਸ ਵਿੱਚ ਹੁਣ ਮੌਜ਼ੂਦਾ ਪ੍ਰਸ਼ਾਸਨ ਤੰਤਰ ਪ੍ਰਤਿਬਿੰਬਿਤ ਹੋ ਰਿਹਾ ਹੈ, ਜਿਸ ਵਿੱਚ ਪੀਣ ਵਾਲੇ ਪਾਣੀ ਅਤੇ ਕਚਰੇ ਦਾ ਨਿਪਟਾਰਾ ਇੱਕ ਸਰਕਾਰੀ ਕੰਮ ਹੈ, ਉਹ ਵੀ ਜਲ ਅਤੇ ਸਵੱਛਤਾ ਵਿਭਾਗ ਦੀ ਹੇਲੇ ਦਰਜੇ ਦੀ ਨੌਕਰਸ਼ਾਹੀ ਦਾ? ਜਾਂ ਫਿਰ ਇਸ ਵਿੱਚ ਸਿਰਫ਼ ਠੇਠ ਅੱਖੜਪਣ ਜ਼ਾਹਿਰ ਹੁੰਦਾ ਹੈ, ਜਿਸਦੇ ਤਹਿਤ ਅਸੀਂ ਇਹ ਮੰਨ ਕੇ ਚਲਦੇ ਹਾਂ ਕਿ ਬਸ ਪੈਸਾ ਹੱਥ ਵਿੱਚ ਹੋਵੇ ਤਾਂ ਸਭ ਕੁੱਝ ਠੀਕ ਕੀਤਾ ਜਾ ਸਕਦਾ ਹੈ।
ਕਈ ਲੋਕਾਂ ਨੂੰ ਲੱਗਦਾ ਹੈ ਕਿ ਪਾਣੀ ਦੀ ਕਮੀ ਅਤੇ ਕਚਰਾ ਮਹਿਜ ਤਤਕਾਲਿਕ ਸਮੱਸਿਆਵਾਂ ਹਨ, ਜੋ ਸਾਡੇ ਅਮੀਰ ਬਣਦਿਆਂ ਹੀ ਰਹੱਸਮਈ ਢੰਗ ਨਾਲ ਗਾਇਬ ਹੋ ਜਾਣਗੀਆਂ। ਉਸਦੇ ਬਾਅਦ ਤਾਂ ਦੇਸ਼ ਦਾ ਸਾਰਾ ਢਾਂਚਾ ਨਵੇਂ ਸਿਰੇ ਤੋਂ ਖੜਾ ਕੀਤਾ ਜਾਵੇਗਾ। ਪਾਣੀ ਬਿਲਕੁਲ ਸਾਫ਼ ਵਹਿਣ ਲੱਗੇਗਾ ਅਤੇ ਮਲ-ਮੂਤਰ ਜਿਹੀਆਂ ਸ਼ਰਮਿੰਦਾ ਕਰਨ ਵਾਲੀਆਂ ਗੱਲਾਂ ਸਾਡੇ ਸ਼ਹਿਰਾਂ ਵਿੱਚੋਂ ਪਲਕ ਝਪਕਦਿਆਂ ਹੀ ਛੂ-ਮੰਤਰ ਹੋ ਜਾਣਗੀਆਂ। ਵਜਾ ਚਾਹੇ ਜੋ ਵੀ ਹੋਵੇ ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਆਪਣੇ ਦੇਸ਼ ਦੇ ਪਾਣੀ ਅਤੇ ਕਚਰੇ ਦੇ ਬਾਰੇ ਵਿੱਚ ਅਸੀਂ ਬਹੁਤ ਘੱਟ ਜਾਣਦੇ ਹਾਂ। ਵਾਤਾਵਰਣ ਕਾਰਕੁੰਨ ਅਨਿਲ ਅਗਰਵਾਲ ਨੇ ਦੇਸ਼ ਦੇ ਵਾਤਾਵਰਣ ਦੀ ਸਥਿਤੀ ਦੇ ਬਾਰੇ ਵਿੱਚ ਨਿਯਮਿਤ ਰਿਪੋਰਟਾਂ ਦੀ ਕਲਪਨਾ ਕੀਤੀ ਸੀ ਅਤੇ ਬਾਕਾਇਦਾ ਇਸਦਾ ਇੱਕ ਢਾਂਚਾ ਤਿਆਰ ਕੀਤਾ। ਉਹਨਾਂ ਨੇ 1990 ਦੇ ਦਸ਼ਕ ਦੇ ਅੰਤਿਮ ਵਰਿਆਂ ਵਿੱਚ ਕਿਹਾ ਸੀ ਕਿ ਸਾਨੂੰ ਉਸ ਰਾਜਨੀਤਿਕ ਅਰਥਸ਼ਾਸਤਰ ਨੂੰ ਸਮਝਣ ਦੀ ਲੋੜ ਹੈ, ਜੋ ਦੇਸ਼ ਦੇ ਅਮੀਰ ਤਬਕੇ ਨੂੰ ਸੁਵਿਧਾਜਨਕ ਢੰਗ ਨਾਲ ਮਲ ਵਿਸਰਜਨ ਕਰਨ ਦੇ ਲਈ ਸਰਕਾਰੀ ਸਹਾਇਤਾ ਪ੍ਰਦਾਨ ਕਰਦਾ ਹੈ।
ਪਿਛਲੇ ਕੁੱਝ ਸਾਲਾਂ ਦੀ ਖੋਜਬੀਨ ਦੇ ਦੌਰਾਨ ਸਾਡਾ ਸਾਹਮਣਾ ਅਜਿਹੇ ਪਤਾ ਨਹੀ ਕਿੰਨੇ ਮਾਮਲਿਆਂ ਨਾਲ ਹੋਇਆ ਹੈ, ਜਿਸ ਵਿੱਚ ਹਾਲੇ ਕੁੱਝ ਸਮਾਂ ਪਹਿਲਾ ਤੱਕ ਵਹਿ ਰਹੀ ਇੱਕ ਸਾਫ਼-ਸੁਥਰੀ ਨਦੀ ਸ਼ਹਿਰ ਦਾ ਕਚਰਾ ਢੋਣ ਵਾਲੇ ਨਾਲੇ ਵਿੱਚ ਬਦਲ ਗਈ ਹੈ। ਦਿੱਲੀ ਵਿੱਚ ਅੱਜ ਜਿਸਨੂੰ ਨਜ਼ਫਗੜ ਨਾਲੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਜਿਸ ਤੋਂ ਹੋ ਕੇ ਸ਼ਹਿਰ ਦੀ ਕਾਫ਼ੀ ਸਾਰੀ ਗੰਦਗੀ ਯਮੁਨਾ ਵਿੱਚ ਪਹੁੰਚਦੀ ਹੈ, ਉਸਦੇ ਬਾਰੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸਦਾ ਸ੍ਰੋਤ ਇੱਕ ਝੀਲ ਹੈ। ਉਸਨੂੰ ਵੀ ਇਸੇ ਨਾਮ ਨਾਲ ਜਾਣਿਆ ਜਾਂਦਾ ਸੀ। ਲੋਕਾਂ ਦੀ ਜੀਵਿਤ ਯਾਦ ਵਿੱਚ ਅੱਜ ਇਹ ਇੱਕ ਨਾਲਾ ਹੈ, ਜਿਸ ਵਿੱਚ ਪਾਣੀ ਨਹੀਂ, ਸਿਰਫ਼ ਪ੍ਰਦੂਸ਼ਣ ਵਹਿੰਦਾ ਹੈ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਦਿੱਲੀ ਦੀਆਂ ਪਹਾੜੀਆਂ ਨੂੰ ਘੇਰੇ ਹੋਏ ਖਾਲੀ ਜਗਾ ਵਿੱਚ ਗੁੜਗਾਉਂ ਨਾਮ ਦਾ ਜੋ ਨਵਾਂ ਸ਼ਹਿਰ ਖੜਾ ਹੋ ਗਿਆ ਹੈ, ਉਹ ਆਪਣਾ ਸਾਰਾ ਕਚਰਾ ਉਸੇ ਨਜ਼ਫਗੜ ਝੀਲ ਵਿੱਚ ਪਾ ਰਿਹਾ ਹੈ। ਲੁਧਿਆਣਾ ਵਿੱਚ ਬੁੱਢਾ ਨਾਲਾ ਹੈ। ਬਦਬੂ ਅਤੇ ਗੰਦਗੀ ਭਰਿਆ ਨਾਲਾ। ਪਰ ਉਹ ਕੁੱਝ ਸਾਲ ਪਹਿਲਾਂ ਤੱਕ ਨਾਲਾ ਨਹੀਂ ਕਹਾਉਂਦਾ ਸੀ। ਤਦ ਉਸਨੂੰ ਬੁੱਢਾ ਦਰਿਆ ਕਹਿੰਦੇ ਸਨ ਅਤੇ ਇਸ ਵਿੱਚ ਤਾਜ਼ਾ, ਸਾਫ਼ ਪਾਣੀ ਵਹਿੰਦਾ ਸੀ। ਸਿਰਫ਼ ਇੱਕ ਪੀੜੀ ਗੁਜਰੀ ਹੈ ਅਤੇ ਏਨੇ ਵਿੱਚ ਹੀ ਨਾ ਸਿਰਫ਼ ਇਸਦਾ ਰੂਪ, ਬਲਕਿ ਨਾਮ ਵੀ ਬਦਲ ਗਿਆ ਹੈ।
ਮੀਠੀ ਨੂੰ ਅੱਜ ਸਾਡੇ ਚਮਕੀਲੇ ਸ਼ਹਿਰ ਮੁੰਬਈ ਦੀ ਸ਼ਰਮ ਕਿਹਾ ਜਾਂਦਾ ਹੈ। ਸੰਨ 2005 ਦੇ ਹੜਾਂ ਵਿੱਚ ਡੁੱਬਦੇ ਹੋਇਆਂ ਇਸ ਸ਼ਹਿਰ ਨੇ ਜਾਣਿਆ ਕਿ ਉਸਨੇ ਮੀਠੀ ਨਾਮ ਦੀ ਇੱਕ ਸੁੰਦਰ ਨਦੀ ਦਾ ਰਸਤਾ ਰੋਕ ਲਿਆ ਹੈ। ਇਹ ਨਦੀ ਨਾਲਾ ਬਣੀ ਅਤੇ ਨਾਲਾ ਅੱਜ ਪ੍ਰਦੂਸ਼ਣ ਅਤੇ ਅਤਿਕ੍ਰਮਣ ਨਾਲ ਗ੍ਰਸਤ ਹੈ। ਪਰ ਮੁੰਬਈ ਨੂੰ ਅੱਜ ਵੀ ਜਿਸ ਗਲ ਦਾ ਅਹਿਸਾਸ ਨਹੀ ਹੈ, ਉਹ ਇਹ ਕਿ ਮੀਠੀ ਨੇ ਸ਼ਹਿਰ ਨੂੰ ਨਹੀਂ, ਸ਼ਹਿਰ ਨੇ ਮੀਠੀ ਨੂੰ ਸ਼ਰਮਿੰਦਾ ਕੀਤਾ ਹੈ। ਇਹ ਕਦੇ ਸ਼ਹਿਰ 'ਚੋਂ ਹੜ ਦੇ ਪਾਣੀ ਨੂੰ ਕੱਢ ਕੇ ਸੁਮੰਦਰ ਨਾਲ ਮਿਲਾਉਂਦੀ ਸੀ। ਪਰ ਹੌਲੀ-ਹੌਲੀ ਉਸ ਉੱਪਰ ਕਬਜ਼ੇ ਹੁੰਦੇ ਗਏ। ਉਸਦੀ ਚੌੜਾਈ ਹੀ ਖਾ ਗਿਆ ਸੀ ਇਹ ਸ਼ਹਿਰ। ਇਸ ਤਰਾ ਇੱਕ ਹੋਰ ਸ਼ਹਿਰ ਨੇ ਇੱਕ ਹੀ ਪੀੜੀ ਵਿੱਚ ਆਪਣੀ ਇੱਕ ਸੁੰਦਰ ਨਦੀ ਗੰਵਾ ਦਿੱਤੀ।
ਪਰ ਇਸ ਨਾਲ ਸਾਨੂੰ ਕਿਉਂ ਹੈਰਾਨ ਹੋਣਾ ਚਾਹੀਦਾ ਹੈ? ਅਸੀਂ ਆਪਣੀਆਂ ਨਦੀਆਂ ਤੋਂ ਪਾਣੀ ਲੈਂਦੇ ਹਾਂ- ਪੀਣ ਦੇ ਲਈ, ਸਿੰਚਾਈ ਦੇ ਲਈ, ਜਲਬਿਜਲੀ ਪਰਿਯੋਜਨਾਵਾਂ ਚਲਾਉਣ ਦੇ ਲਈ। ਪਾਣੀ ਲੈ ਕੇ ਅਸੀਂ ਉਹਨਾਂ ਨੂੰ ਕਚਰਾ ਵਾਪਸ ਕਰਦੇ ਹਾਂ। ਨਦੀ ਵਿੱਚ ਪਾਣੀ ਜਿਹਾ ਕੁੱਝ ਬਚਦਾ ਹੀ ਨਹੀਂ। ਮਲ-ਮੂਤਰ ਅਤੇ ਉਦਯੌਗਿਕ ਕਚਰੇ ਦੇ ਬੋਝ ਨਾਲ ਉਹ ਅਦ੍ਰਿਸ਼ ਹੋ ਜਾਂਦੀ ਹੈ। ਸਾਨੂੰ ਇਸ ਉੱਪਰ ਗੁੱਸਾ ਆਉਣਾ ਚਾਹੀਦਾ ਹੈ। ਅਸੀਂ ਇੱਕ ਅਜਿਹੀ ਪੀੜੀ ਬਣ ਚੁੱਕੇ ਹਾਂ, ਜਿਸਨੇ ਆਪਣੀਆਂ ਨਦੀਆਂ ਗੰਵਾ ਦਿੱਤੀਆਂ ਹਨ। ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਤਰੀਕੇ ਨਹੀਂ ਬਦਲ ਰਹੇ। ਸੋਚੇ-ਸਮਝੇ ਢੰਗ ਨਾਲ ਅਸੀਂ ਹੋਰ ਜ਼ਿਆਦਾ ਨਦੀਆਂ, ਝੀਲਾਂ ਅਤੇ ਤਲਾਬਾਂ ਨੂੰ ਮਾਰਾਂਗੇ। ਫਿਰ ਤਾਂ ਅਸੀਂ ਇੱਕ ਅਜਿਹੀ ਪੀੜੀ ਬਣ ਜਾਵਾਂਗੇ, ਜਿਸਨੇ ਸਿਰਫ਼ ਆਪਣੀਆਂ ਨਦੀਆਂ ਹੀ ਨਹੀਂ ਗੰਵਾਈਆਂ ਬਲਕਿ ਬਾਕਾਇਦਾ ਜਲ-ਸੰਹਾਰ ਕੀਤਾ ਹੈ। ਕੀ ਪਤਾ, ਇੱਕ ਸਮਾਂ ਅਜਿਹਾ ਵੀ ਆਵੇਗਾ ਜਦ ਸਾਡੇ ਬੱਚੇ ਭੁੱਲ ਜਾਣਗੇ ਕਿ ਯਮੁਨਾ, ਕਾਵੇਰੀ ਅਤੇ ਦਮੋਦਰ ਨਦੀਆਂ ਸਨ। ਉਹ ਇਹਨਾਂ ਨੂੰ ਨਾਲਿਆਂ ਦੇ ਰੂਪ ਵਿੱਚ ਜਾਣਨਗੇ, ਸਿਰਫ਼ ਨਾਲਿਆਂ ਦੇ ਰੂਪ ਵਿੱਚ। ਇਹ ਬੁਰਾ ਸਪਨਾ ਸਾਡੇ ਸਾਹਮਣੇ ਖੜਾ ਹੈ, ਸਾਡੇ ਭਵਿੱਖ ਨੂੰ ਘੂਰ ਰਿਹਾ ਹੈ।
ਸੁਨੀਤਾ ਨਾਰਾਇਣ ਨਵੀਂ ਦਿੱਲੀ ਸਥਿਤ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਨਾਮਕ ਸੰਸਥਾ ਦੀ ਨਿਰਦੇਸ਼ਕ ਹੈ।
Path Alias

/articles/naalaian-daee-kainaaraee-vasai-sahbhaiataa

Post By: kvm
Topic
Regions
×