ਕੁਦਰਤੀ ਖੇਤੀ ਦੇ ਕੁਝ ਨੁਕਤੇ

बाढ़
बाढ़
ਹੇਠਾਂ ਕੁਝ ਨੁਕਤੇ ਦਿੱਤੇ ਜਾ ਰਹੇ ਹਨ ਜਿੰਨਾ ਦਾ ਇਸਤੇਮਾਲ ਖੇਤ ਵਿਚ ਜੈਵਿਕ ਖਾਦ, ਗ੍ਰੋਥ ਪ੍ਰਮੋਟਰ, ਜੈਵਿਕ ਸਪ੍ਰੇ ਦੇ ਤੌਰ ਤੇ ਕੀਤਾ ਜਾ ਸਕਦਾ ਹੈ.
ਗੁੜ ਜਲ ਅੰਮ੍ਰਿਤ: ਗੁਤ ਜਲ ਅੰਮ੍ਰਿਤ ਹਰੇਕ ਫਸਲ ਨੂੰ ਪਾਣੀ ਲਾਉਂਦੇ ਸਮੇਂ ਪਾਇਆ ਜਾਂਦਾ ਹੈ। ਜਿਸ ਫਸਲ ਨੂੰ ਗੁੜ ਜਲ ਅੰਮ੍ਰਿਤ ਦਿੱਤਾ ਜਾਂਦਾ ਹੈ ਉਹ ਕਦੇ ਪੀਲੀ ਨਹੀਂ ਪੈਂਦੀ ਸਗੋਂ ਹਰ ਵੇਲੇ ਹਰੀ-ਕਚਾਰ ਅਤੇ ਟਹਿਕਦੀ ਰਹਿੰਦੀ ਹੈ। ਪ੍ਰਤੀ ਏਕੜ 1 ਡਰੰਮ ਗੁੜ ਜਲ ਅੰਮ੍ਰਿਤ ਹਰ ਪਾਣੀ ਨਾਲ ਫਸਲ ਨੂੰ ਦੇਣਾ ਜ਼ਰੂਰੀ ਹੈ। ਗੁੜ ਜਲ ਅੰਮ੍ਰਿਤ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:
ਸਮਾਨ
ਦੇਸੀ ਗਾਂ /ਮੱਝ ਦਾ ਤਾਜਾ ਗੋਹਾ 60 ਕਿੱਲੋ
ਪੁਰਾਣਾ ਗੁੜ 03 ਕਿੱਲੋ
ਬੇਸਣ 01 ਕਿੱਲੋ
ਸਰੋ ਦਾ ਤੇਲ 200 ਗ੍ਰਾਮ
ਪਾਣੀ 150 ਲਿਟਰ
ਵਿਧੀ: ਸਭ ਤੋਂ ਪਹਿਲਾਂ 3-4 ਕਿੱਲੋ ਗੋਹੇ ਵਿੱਚ ਦੋਹਾਂ ਹੱਥਾਂ ਨਾਲ ਮਲਦੇ ਹੋਏ ਸਰੋਂ ਦਾ ਤੇਲ ਅਤੇ ਬੇਸਣ ਚੰਗੀ ਤਰਾਂ ਮਿਕਸ ਕਰ ਲਵੋ। ਹੁਣ ਇਸ ਮਿਸ਼ਰਣ ਨੂੰ ਬਾਕੀ ਦੇ ਗੋਹੇ ਵਿੱਚ ਮਿਲਾ ਕੇ ਗੁੜ ਸਮੇਤ 150 ਲਿਟਰ ਪਾਣੀ ਵਿੱਚ ਘੋਲ ਦਿਓ। ਇਸ ਘੋਲ ਨੂੰ ਖੱਦਰ ਦੀ ਬੋਰੀ ਨਾਲ ਨੂੰ ਢੱਕ ਕੇ ਛਾਂਵੇਂ ਰੱਖ ਦਿਓ। 3 ਦਿਨਾਂ 'ਚ ਗੁੜ ਜਲ ਅੰਮ੍ਰਿਤ ਤਿਆਰ ਹੋ ਜਾਵੇਗਾ ਹੈ।
ਗੁੜਜਲ ਅੰਮ੍ਰਿਤ ਕੰਪੋਸਟ: ਗੁੜ ਜਲ ਅੰਮ੍ਰਿਤ ਕੰਪੋਸਟ ਬਹੁਤ ਹੀ ਅਸਰਦਾਰ ਦੇਸੀ ਖਾਦ ਹੈ। ਇਹ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਉੱਥੇ ਹੀ ਫਸਲਾਂ ਨੂੰ ਖ਼ੁਰਾਕੀ ਤੱਤਾਂ ਦੀ ਵੀ ਪੂਰਤੀ ਕਰਦੀ ਹੈ। ਇਸਦੀ ਵਰਤੋਂ ਡੀ. ਏ. ਪੀ. ਅਤੇ ਯੂਰੀਆ ਖਾਦ ਦੇ ਬਦਲ ਵਜੋਂ ਬਹੁਤ ਹੀ ਲਾਭਕਾਰੀ ਹੈ। ਗੁੜ ਜਲ ਅੰਮ੍ਰਿਤ ਕਪੋਸਟ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:
ਸਮਾਨ
ਗੁੜ ਜਲ ਅੰਮ੍ਰਿਤ 10 ਲਿਟਰ
ਖੁਸ਼ਕ ਰੂੜੀ 50 ਕਿੱਲੋ
ਵਿਧੀ: ਗੁੜ ਜਲ ਅੰਮ੍ਰਿਤ ਨੂੰ ਕਹੀ ਨਾਲ ਕੱਚੀ ਰੂੜੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ। ਹੁਣ ਇਸ ਮਿਸ਼ਰਣ ਨੂੰ 15 ਦਿਨਾਂ ਲਈ ਧੁੱਪ-ਛਾਂ ਵਿੱਚ ਰੱਖ ਦਿਓ। 15 ਦਿਨਾਂ ਉਪਰੰਤ ਗੁੜ ਜਲ ਅੰਮ੍ਰਿਤ ਕੰਪੋਸਟ ਤਿਆਰ ਹੋ ਜਾਂਦੀ ਹੈ। ਹਰੇਕ ਪਾਣੀ ਮੂਹਰੇ ਬਗੀਚੀ ਦੇ ਆਕਾਰ ਦੇ ਹਿਸਾਬ ਨਾਲ 5 ਤੋਂ 10 ਕਿੱਲੋ ਗੁੜ ਜਲ ਅੰਮ੍ਰਿਤ ਕੰਪੋਸਟ ਦਾ ਛਿੱਟਾ ਦਿਓ। ਭਰਪੂਰ ਫਾਇਦਾ ਹੋਵੇਗਾ।
ਘਰੇਲੂ ਗਰੋਥ ਪ੍ਰੋਮੋਟਰ (ਫਸਲ ਦਾ ਵਿਕਾਸ ਕਰਨ ਵਾਲੇ ਘਰੇਲੂ ਸਾਧਨ), ਉੱਲੀਨਾਸ਼ਕ ਅਤੇ ਕੀਟਨਾਸ਼ਕ
ਪਾਥੀਆਂ ਦਾ ਪਾਣੀ (ਜਿਬਰੈਲਿਕ ਘੋਲ): ਪਾਥੀਆਂ ਦਾ ਪਾਣੀ ਬਹੁਤ ਅਸਰਦਾਰ ਗ੍ਰੋਥ ਪ੍ਰੋਮੋਟਰ ਹੈ। ਪਾਥੀਆਂ ਦਾ ਪਾਣੀ ਛਿੜਕਨ ਨਾਲ ਫਸਲ ਬਹੁਤ ਤੇਜੀ ਨਾਲ ਵਿਕਾਸ ਕਰਦੀ ਹੈ। ਸਿੱੱਟੇ ਵਜੋਂ ਕਿਸਾਨਾਂ ਨੂੰ ਹਰੇਕ ਫਸਲ ਦਾ ਮਨਚਾਹਿਆ ਝਾੜ ਮਿਲਦਾ ਹੈ।
ਸਮਾਨ
ਇੱਕ ਸਾਲ ਪੁਰਾਣੀਆਂ ਪਾਥੀਆਂ 1 ਕਿੱਲੋ
ਸਾਦਾ ਪਾਣੀ 5 ਲਿਟਰ
ਵਿਧੀ: 1 ਕਿੱਲੋ ਪਾਥੀਆਂ ਨੂੰ 5 ਲਿਟਰ ਪਾਣੀ ਵਿੱਚ ਪਾ ਕੇ ਚਾਰ ਦਿਨਾਂ ਤੱਕ ਛਾਂ ਵਿੱਚ ਰੱਖੋ। ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ। ਪ੍ਰਤੀ ਪੰਪ 250 ਮਿਲੀ ਲਿਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ। ਫਸਲ ਤੇਜੀ ਨਾਲ ਵਿਕਾਸ ਕਰੇਗੀ ਅਤੇ ਝਾੜ ਵਿੱਚ 10-20 ਫੀਸਦੀ ਦਾ ਵਾਧਾ ਹੋਵੇਗਾ।
ਲੋਹਾ+ਤਾਂਬਾ ਯੁਕਤ ਪਸ਼ੂ ਮੂਤਰ : ਇਹ ਫਸਲ ਵਿੱਚ ਨਾਈਟਰੋਜ਼ਨ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਉਸਨੂੰ ਕੀਟਾਂ ਅਤੇ ਰੋਗਾਂ ਤੋਂ ਬਚਾਉਂਦਾ ਹੈ।
ਲੋੜੀਂਦਾ ਸਮਾਨ-
ਪਸ਼ੂ ਮੂਤਰ ਜਿੰਨਾ ਵੀ ਵੱਧ ਤੋਂ ਵੱਧ ਹੋਵੇ
ਤਾਂਬਾ ਇੱਕ ਟੁਕੜਾ
ਲੋਹਾ ਇੱਕ ਟੁਕੜਾ
ਪਲਾਸਟਿਕ ਦਾ ਡਰੰਮ
ਵਿਧੀ : ਪਸ਼ੂ-ਮੂਤਰ ਨੂੰ ਪਲਾਸਟਿਕ ਦੇ ਡਰੰਮ ਜਿਸ ਵਿੱਚ ਕਿ ਲੋਹੇ ਅਤੇ ਤਾਂਬੇ ਦੇ ਛੋਟੇ-ਛੋਟੇ ਟੁਕੜੇ ਰੱਖੇ ਹੋਣ ਵਿੱਚ ਇਕੱਠਾ ਕਰਦੇ ਰਹੋ। ਇਹ ਜਿੰਨਾਂ ਪੁਰਾਣਾਂ ਹੁੰਦਾ ਜਾਵੇਗਾ ਇਸਦੀ ਮਾਰਕ ਤਾਕਤ ਓਨੀਂ ਹੀ ਵਧਦੀ ਜਾਵੇਗੀ।ਵਰਤੋਂ ਦਾ ਢੰਗ : ਕਿਸੇ ਵੀ ਤਰ੍ਹਾਂ ਦੇ ਪੈਸਟ ਅਟੈਕ ਸਮੇਂ ਅਤੇ ਸੰਭਾਵੀ ਪੈਸਟ ਅਟੈਕ ਤੋਂ ਫਸਲ ਨੂੰ ਬਚਾਉਣ ਲਈ ਫਸਲ ਉੱਤੇ ਪ੍ਰਤੀ ਪੰਪ ਅੱਧੇ ਤੋਂ ਇੱਕ ਲਿਟਰ ਲੋਹਾ+ਤਾਂਬਾ ਯੁਕਤ ਪਸ਼ੂ-ਮੂਤਰ ਦਾ ਛਿੜਕਾਅ ਕਰੋ। ਜ਼ਿਕਰਯੋਗ ਫਾਇਦਾ ਹੋਵੇਗਾ।
ਲੋਹਾ+ਤਾਂਬਾ ਯੁਕਤ ਖੱਟੀ ਲੱਸੀ: ਇਹ ਵੀ ਫਸਲ ਨੂੰ ਅਨੇਕਾਂ ਪ੍ਰਕਾਰ ਦੇ ਕੀਟਾਂ ਅਤੇ ਉੱਲੀ ਰੋਗਾਂ ਤੋਂ ਬਚਾਉਂਦੀ ਹੋਈ ਉਸਦੇ ਵਾਧੇ ਤੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੰਦੀ ਹੈ।
ਲੋੜੀਂਦਾ ਸਮਾਨ
ਲੱਸੀ ਜਿੰਨੀ ਵੀ ਵੱਧ ਤੋਂ ਵੱਧ ਹੋਵੇ
ਤਾਂਬਾ ਇਕ ਟੁਕੜਾ
ਲੋਹਾ ਇੱਕ ਟੁਕੜਾ
ਪਲਾਸਿਟਕ ਦਾ ਬਰਤਨ
ਵਿਧੀ- ਲੱਸੀ, ਤਾਂਬੇ ਅਤੇ ਲੋਹੇ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਬਰਤਨ ਵਿੱਚ ਪਾ ਕੇ ਘੱਟੋ-ਘੱਟ 15 ਦਿਨਾਂ ਤੱਕ ਢਕ ਕੇ ਛਾਂ ਵਿੱਚ ਰੱਖੋ। ਬਹੁਤ ਹੀ ਵਧੀਆ ਉੱਲੀਨਾਸ਼ਕ ਅਤੇ ਗ੍ਰੋਥਹਾਰਮੋਨ ਤਿਆਰ ਹੈ।
ਵਰਤੋਂ ਦਾ ਢੰਗ- ਲੋੜ ਮੁਤਾਬਿਕ ਪ੍ਰਤੀ ਪੰਪ 1 ਤੋਂ 1.5 ਲਿਟਰ ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਦਾ ਛਿੜਕਾਅ ਕਰੋ।
ਵਿਸ਼ੇਸ਼ਤਾ- ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਇੱਕ ਬੇਹੱਦ ਪ੍ਰਭਾਵੀ ਤੇ ਲਾਹੇਵੰਦ ਉੱਲੀਨਾਸ਼ਕ ਹੋਣ ਦੇ ਨਾਲ-ਨਾਲ ਇੱਕ ਕੁਦਰਤੀ ਗ੍ਰੋਥ ਹਾਰਮੋਨ ਦੇ ਤੌਰ 'ਤੇ ਵੀ ਕੰਮ ਕਰਦੀ ਹੈ। 15 ਤੋਂ ਜਿਆਦਾ ਦਿਨ ਪੁਰਾਣਾ ਮਿਸ਼ਰਣ ਅਨੇਕਾਂ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਵੀ ਖਤਮ ਕਰਦਾ ਹੈ। ਖੱਟੀ ਲੱਸੀ ਸਰਦੀਆਂ ਵਿੱਚ ਫਸਲ ਨੂੰ ਕੋਹਰੇ ਤੋਂ ਬਚਾਉਣ ਵਿੱਚ ਵੀ ਸਹਾਈ ਹੁੰਦੀ ਹੈ। ਪ੍ਰਤੀ ਪੰਪ ਪੌਣਾ ਲਿਟਰ ਇੱਕ ਮਹੀਨਾਂ ਪੁਰਾਣੀ ਖੱਟੀ ਲੱਸੀ ਦੇ ਛਿੜਕਾਅ ਨਾਲ ਹਰ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀਟਾਂ ਮਰ ਜਾਂਦੇ ਹਨ।
ਕੱਚਾ ਦੁੱਧ: ਕੱਚਾ ਦੁੱਧ ਦੁਨੀਆਂ ਦਾ ਸਭ ਤੋਂ ਵਧੀਆ ਐਂਟੀ ਵਾਇਰਸ ਹੈ। ਪ੍ਰਤੀ ਪੰਪ 250 ਗ੍ਰਾਮ ਕੱਚਾ ਦੁੱਧ ਸਾਦੇ ਪਾਣੀ 'ਚ ਮਿਲਾ ਕੇ ਹਫ਼ਤੇ ਵਿੱਚ ਤਿੰਨ ਵਾਰ ਛਿੜਕਣ ਨਾਲ ਵਾਇਰਸ ਅਰਥਾਤ ਵੱਖ-ਵੱਖ ਫਸਲਾਂ ਨੂੰ ਪੈਣ ਵਾਲਾ ਠੂਠੀ ਰੋਗ ਖਤਮ ਹੋ ਜਾਂਦਾ ਹੈ।
ਚਿੱਟੀ ਫਟਕੜੀ: ਚਿੱਟੀ ਫਟਕੜੀ ਬਹੁਤ ਵਧੀਆ ਜੰਤੂ ਅਤੇ ਉੱਲੀਨਾਸ਼ਕ ਹੈ। ਇਹ ਜੜ੍ਹਾਂ ਦੀਆਂ ਉੱਲੀਆਂ ਨੂੰ ਖਤਮ ਕਰਦੀ ਹੈ। ਕੋਈ ਵੀ ਫਸਲ ਜਾਂ ਪੌਦਾ ਪੈਰ ਗਲਣੇ ਸ਼ੁਰੂ ਹੋਣ ਕਰਕੇ ਸੁਕਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਲਾਉਂਦੇ ਸਮੇਂ ਥੋੜ੍ਹੀ ਜਿਹੀ ਚਿੱਟੀ ਖੇਤ ਦੇ ਨੱਕੇ 'ਤੇ ਰੱਖ ਦਿਓ। 100 ਫੀਸਦੀ ਫਾਇਦਾ ਹੋਵੇਗਾ।
ਹਿੰਗ: ਖੇਤ ਵਿੱਚ ਹਿੰਗ ਦੀ ਵਰਤੋਂ ਕਰਕੇ ਸਿਓਂਕ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸਿਓਂਕ ਪ੍ਰਭਾਵਿਤ ਖੇਤ ਵਿੱਚ ਫਸਲ ਨੂੰ ਪਾਣੀ ਦਿੰਦੇ ਸਮੇਂ 20 ਗ੍ਰਾਮ ਹਿੰਗ ਅਤੇ ਥੋੜ੍ਹੀ ਜਿਹੀ ਚਿੱਟੀ ਫਟਕੜੀ ਇੱਕ ਪਤਲੇ ਕੱਪੜੇ ਵਿੱਚ ਲਪੇਟ ਕੇ ਪਾਣੀ ਦੇਣ ਵੇਲੇ ਖੇਤ ਦੇ ਨੱਕੇ 'ਤੇ ਰੱਖ ਦਿਓ। ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ।
ਪਾਥੀਆਂ ਅਤੇ ਲੱਕੜੀ ਦੀ ਰਾਖ: ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਬਗੀਚੀ ਵਿੱਚ 2-3 ਕਿਲੋ ਪਾਥੀਆਂ ਅਤੇ ਲੱਕੜੀ ਦੀ ਰਾਖ ਪਾਓ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ ਸਮੇਤ ਫਸਲ ਲਈ ਲੋੜੀਂਦੇ ਲੋਹਾ, ਤਾਂਬਾ, ਜਿੰਕ, ਮੈਗਨੀਜ ਵਰਗੇ 30 ਤੋਂ ਵੀ ਵੱਧ ਕਿਸਮਾਂ ਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ।
ਗਊ ਦੇ ਗੋਹੇ ਨੂੰ ਪਤਲਾ ਘੋਲ ਕੇ ਟਮਾਟਰ ਅਤੇ ਬੈਂਗਣ ਦੇ ਬੂਟਿਆਂ ਦੀਆਂ ਜੜ੍ਹਾਂ ਕੋਲ ਪਾਓ। ਚਿੱਤੀ (ਪੱਤਿਆਂ 'ਤੇ ਪੈਣ ਵਾਲੇ ਧੱਬਿਆਂ) ਰੋਗ ਤੋਂ ਛੁਟਕਾਰਾ ਮਿਲ ਜਾਏਗਾ।
ਅਰਿੰਡ ਅਤੇ ਗੇਂਦੇ ਦੇ ਬੂਟੇ ਲਗਾਉ: ਖੇਤ ਵਿੱਚ ਅਰਿੰਡ ਦਾ ਇੱਕ ਪੌਦਾ ਕਾਫੀ ਹੈ। ਅਰਿੰਡ ਲਗਾਉਣ ਨਾਲ ਪੱਤੇ ਖਾਣ ਵਾਲੀਆਂ ਸੁੰਡੀਆਂ ਖਾਸ ਕਰਕੇ ਤੰਬਾਕੂ ਦੀ ਸੁੰਡੀ (ਕਾਲੀ ਸੁੰਡੀ) ਅਤੇ ਵਾਲਾਂ ਵਾਲੀ ਸੁੰਡੀ ਦੇ ਮਾਦਾ ਪਤੰਗੇ ਮੁੱਖ ਫਸਲ ਉੱਤੇ ਅੰਡੇ ਦੇਣ ਦੀ ਬਜਾਏ ਅਰਿੰਡ ਦੇ ਪੱਤਿਆਂ ਦੇ ਉਲਟੇ ਪਾਸੇ ਅੰਡੇ ਦਿੰਦੇ ਹਨ। ਖੇਤ ਦੀ ਦੇਖ-ਰੇਖ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਚੈੱਕ ਕਰਦੇ ਰਹੋ। ਜਿਸ ਪੱਤੇ 'ਤੇ ਤੁਹਾਨੂੰ ਕਿਸੇ ਵੀ ਸੁੰਡੀ ਦੇ ਅੰਡੇ ਨਜ਼ਰ ਆਉਣ ਉਸ ਪੱਤੇ ਦਾ ਉੰਨਾ ਭਾਗ ਤੋੜ ਕੇ ਜ਼ਮੀਨ ਵਿੱਚ ਦਬਾ ਦਿਉ। ਸੋ ਜੇ ਅੰਡੇ ਹੀ ਨਾ ਰਹਿਣਗੇ ਤਾਂ ਸੁੰਡੀ ਕਿੱਥੋਂ ਆਵੇਗੀ।
ਇਸੇ ਤਰਾ ਖੇਤ ਦੇ ਚਾਰੇ ਪਾਸੇ ਗੇਂਦੇ ਦੇ ਜਾਂ ਹੋਰ ਪੀਲੇ ਰੰਗ ਦੇ ਫੁੱਲ ਲਗਾ ਕੇ ਅਮਰੀਕਨ ਸੁੰਡੀ ਦੇ ਅਟੈਕ ਨੂੰ 20 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ।
Path Alias

/articles/kaudaratai-khaeetai-daee-kaujha-naukataee

Post By: kvm
×