ਕੁਦਰਤ ਦੀ ਗੋਦ ਵਿੱਚ ਸਿਖਦੇ ਹੋਏ ਭੋਜਨ ਕਰਨਾ

ਜਦ ਭੋਜਨ ਕਰਦੇ ਹੋਏ ਕੰਮ ਬਾਰੇ ਚਰਚਾ ਕਰਨਾ ਇੱਕ ਫ਼ੈਸ਼ਨ ਬਣ ਗਿਆ ਹੈ, ਬਿਲਕੁੱਲ ਉਦੋਂ ਹੀ ਸ਼ਹਿਰੀਆ ਨੂੰ ਕਿਸਾਨਾਂ ਨਾਲ ਸ਼ਹਿਰੀ-ਗ੍ਰਾਮੀਣ ਸਬੰਧ ਨਵਿਉਣ ਦੇ ਮਕਸਦ ਨਾਲ ਮਿੱਤਰਾਂ ਵਜੋਂ ਖੜੇ ਕਰਦੇ ਹੋਏ “ਭੋਜਨ ਦੇ ਮਾਧਿਅਮ ਨਾਲ ਸਿਖਣਾ” ਇੱਕ ਨਿਵੇਕਲੀ ਪਹਿਲਕਦਮੀ ਹੋ ਚੱਲਿਆ ਹੈ।

ਤੁਹਾਨੂੰ ਆਪਣਾ ਸੁਆਦਲਾ ਭੋਜਨ ਕਿਵੇਂ ਮਿਲਦਾ ਹੈ? ਸਿਰਫ ਇਸ ਲਈ ਕਿ ਤੁਸੀਂ ਇਸਨੂੰ ਜੁਟਾਉਣ ਦੀ ਕੁੱਵਤ ਰੱਖਦੇ ਹੋ ਤੇ ਜਾਂ ਫਿਰ ਕਿਸੇ ਨੇ ਇਸਨੂੰ ਪੈਦਾ ਕਰਨ ਲਈ ਖੂਨ-ਪਸੀਨਾ ਇੱਕ ਕੀਤਾ ਹੈ, ਇਸ ਲਈ? ਇਸ ਬਾਰੇ ਤੁਹਾਡੀ ਕੀ ਰਾਏ ਹੈ ਕਿ ਤੁਹਾਡਾ ਭੋਜਨ ਕਿੱਥੋਂ ਆ ਰਿਹਾ ਹੈ, ਅਤੇ ਭਵਿੱਖ ਵਿੱਚ ਇਹ ਤੁਹਾਡੇ ਤੱਕ ਕਿੱਥੋਂ ਪਹੁੰਚੇਗਾ? ਇੰਨੀ ਦੂਰੋਂ ਕਿ ਜਿੱਥੇ ਤੁਹਾਡੀ ਪਹੁੰਚ ਵੀ ਨਾ ਹੋਵੇ, ਅਜਿਹੇ ਅਨੇਕਾਂ ਪ੍ਰਸ਼ਨ ਉਹਨਾਂ ਸੈਂਕੜੇ ਘੁਮੱਕੜ ਸੈਲਾਨੀਆਂ ਨੂੰ ਮਹਾਨਗਰ ਮੁੰਬਈ ਅਤੇ ਪੂਨੇ ਤੋਂ 2 ਘੰਟਿਆਂ ਦੀ ਦੂਰੀ  'ਤੇ ਮਹਾਰਾਸ਼ਟਰ ਦੀ ਕਾਰਜਾਤ ਤਾਲੁਕਾ ਵਿਖੇ ਸੂਬੇ ਦੇ ਖੇਤੀ-ਸੈਰ-ਸਪਾਟਾ ਕੇਂਦਰ 'ਸਗੁਨਾ ਬਾਗ' ਵੱਲ ਖਿੱਚ ਲਿਜਾਂਦੇ ਹਨ।

ਕੋਈ ਦੌ ਦਹਾਕੇ ਪਹਿਲਾਂ ਜਨਤਕ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਇਸ ਮਾਡਲ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਫ਼ਤੇ ਦੇ ਅੰਤਲੇ ਦਿਨੀਂ ਔਸਤਨ 400 ਸ਼ਹਿਰੀ ਖਾਲੀ ਸਮੇਂ ਵਿੱਚ ਸਿਖਦੇ ਹੋਏ ਖੇਤੀ ਦੇ ਬਹੁਪੱਖੀ ਫ਼ਾਇਦਿਆਂ ਨੂੰ ਸਮਝਣ ਲਈ 50 ਏਕੜ ਦੇ ਇਸ ਖੇਤ ਵਿੱਚ ਨਿਰੰਤਰ ਆਉਂਦੇ ਹਨ। ਨੇੜਲੇ ਪਿੰਡਾਂ ਦੇ 60 ਨੌਜਵਾਨਾਂ ਦੀ ਇੱਕ ਟੀਮ ਦੁਆਰਾ ਹਫ਼ਤਾ-ਦਰ -ਹਫ਼ਤਾ ਇਸ ਫਾਰਮ 'ਤੇ ਆਉਣ ਵਾਲੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀ ਭੀੜ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਖੇਤ ਵਿੱਚੋਂ ਫੜੇ ਗਏ ਵੱਖ-ਵੱਖ ਕਿਸਮਾਂ ਦੇ ਸੱਪਾਂ ਬਾਰੇ ਜਾਨਣ ਦੀ ਲਲਕ ਨੇ ਸੈਲਾਨੀਆਂ ਦੇ ਪਹਿਲੇ ਪੂਰ ਨੂੰ ਖੇਤ ਵੱਲ ਆਕ੍ਰਸ਼ਿਤ ਕੀਤਾ। ਚੰਦਰਸ਼ੇਖਰ ਭਦਸਾਵਲੇ ਉਦੋਂ ਤੋਂ ਹੀ ਆਪਣੀ ਬੰਜਰ ਜ਼ਮੀਨ ਨੂੰ ਸਿਖਲਾਈ ਦੀ ਪ੍ਰਯੋਗਸ਼ਾਲਾ ਵਿੱਚ ਬਦਲ ਚੁੱਕੇ ਹਨ। ਬੀਤਦੇ ਵਰਿਆਂ ਨਾਲ, ਇਹ ਖੇਤ ਇੱਕ ਅਜਿਹੇ ਮੰਚ ਵਜੋਂ ਉੱਭਰਿਆ ਹੈ ਜਿੱਥੇ ਆਰਾਮ, ਸਿਖਲਾਈ ਅਤੇ ਮਨੋਰੰਜਨ ਤਿੰਨੇਂ ਮਿਲ ਕੇ ਸ਼ਹਿਰ ਨੂੰ ਪਿੰਡ ਨਾਲ ਜੋੜਨ ਦਾ ਅਹਿਮ ਕਾਰਜ ਅੰਜ਼ਾਮ ਦਿੰਦੇ ਹਨ। ਭਦਸਾਵਲੇ ਅਨੁਸਾਰ “ਸਗੁਨਾ ਬਾਗ” ਸਥੂਲ  (ਖੇਤ ਦੀ ਉਪਜ) ਨੂੰ ਸੂਖਮ (ਗ੍ਰਾਮੀਣ ਵਾਤਾਵਰਣ) ਨਾਲ ਇਸ ਪ੍ਰਕਾਰ ਜੋੜਦਾ ਹੈ ਕਿ ਲੋਕ ਉੱਥੇ ਮਿਲਣ ਵਾਲੀਆਂ ਕੁਦਰਤੀ ਸੇਵਾਵਾਂ ਲਈ ਵਿਸ਼ੇਸ਼ ਕੀਮਤ ਅਦਾ ਕਰਦੇ ਹਨ। ਇੱਥੇ ਪਖੇਰੂ ਨਿਹਾਰਨ ਤੋਂ ਪਣ-ਖੇਡਾਂ ਖੇਡਦੇ ਹੋਏ ਅਤੇ ਮੱਛੀਆਂ ਫੜਨ ਤੋਂ ਲੈ ਕੇ ਖੇਤੀ ਸਿੱਖਣ ਤੱਕ ਸੈਲਾਨੀ ਨਾ ਸਿਰਫ ਭੋਜਨ ਉਪਜਾਉਣ ਬਾਰੇ ਵਿਸਥਾਰ ਨਾਲ ਸਿਖਦੇ ਹਨ ਸਗੋਂ ਖੇਤੀ-ਕਿਸਾਨੀ ਨੂੰ ਤਬਾਹ ਕਰਨ ਵਾਲੀਆਂ ਮੁਸ਼ਕਿਲਾਂ ਨਾਲ ਵੀ ਪਰਿਚਤ ਹੁੰਦੇ ਹਨ।

ਖੇਤੀ ਵਿੱਚ ਨਿਰੰਤਰ ਆ ਰਹੇ ਨਿਘਾਰ ਨੂੰ ਠੱਲਣ, ਖੇਤੀ ਵਿੱਚ ਕਿਸਾਨਾਂ ਦੇ ਆਤਮਵਿਸ਼ਵਾਸ਼ ਨੂੰ ਮੁੜ ਸੁਰਜੀਤ ਕਰਨ ਅਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਪਲਾਇਨ ਅਹਿਮ ਮੁੱਦੇ ਹਨ। ਸਗੁਨਾ ਬਾਗ ਦੀ ਖਾਸੀਅਤ ਹੈ ਕਿ ਇੱਥੇ ਆਉਣ ਵਾਲੇ ਕੁਦਰਤ ਦੇ ਨੇੜੇ ਵਿਚਰਣ ਦੇ ਨਾਲ-ਨਾਲ ਇਹ ਵਿਚਾਰਾਂ ਵੀ ਕਰਦੇ ਹਨ ਕਿ ਖੇਤੀ ਕਿਸਾਨੀ ਨੂੰ ਹੋਰਨਾਂ ਵਰਗਾਂ ਦੀ ਪ੍ਰਸ਼ੰਸ਼ਾ ਪਾਤਰ ਬਣਾਉਣ ਲਈ ਕਿਸ ਪ੍ਰਕਾਰ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ। ਭਦਸਾਵਲੇ ਦੇ ਸ਼ਬਦਾਂ 'ਚ 'ਪ੍ਰਸ਼ੰਸ਼ਾ ਸਦਕਾ ਆਤਮ ਵਿਸ਼ਵਾਸ਼ ਵਧਣ ਦੇ ਨਾਲ-ਨਾਲ ਕਿਸਾਨੀ ਸਵੈਮਾਣ ਵੀ ਮੁੜ ਬਹਾਲ ਹੁੰਦਾ ਹੈ।'

ਇੱਕ ਕਿੱਤੇ ਵਜੋਂ ਕਿਸਾਨੀ ਸਵੈਮਾਣ ਦੀ ਮੁੜ ਬਹਾਲੀ ਹੀ ਇਸ ਖੇਤ ਨੂੰ ਖੇਤੀ-ਪ੍ਰਯਟਨ ਕੇਂਦਰ ਵਜੋਂ ਖੜਾ ਕਰਨ ਵਾਲੀ ਮੁੱਖ ਕੂੰਜ਼ੀ ਹੈ। ਸਗੁਨਾ ਬਾਗ ਸਮਾਜ ਵਿੱਚ ਬੀਤੇ ਕਾਫ਼ੀ ਸਮੇਂ ਤੋਂ ਜਿੱਲਤ ਗ੍ਰਸਤ ਅਤੇ ਘਾਟੇ ਦੇ ਸੌਦੇ ਵਜੋਂ ਜਾਣੀ ਜਾਣ ਵਾਲੀ ਖੇਤੀ ਕਿਸਾਨੀ ਦੀ ਪ੍ਰਤਿਸ਼ਠਾ ਨੂੰ ਉੱਚਾ ਚੁੱਕਣ ਦੀ ਪੂਰਨ ਕਾਬਲੀਅਤ ਰੱਖਦਾ ਹੈ।

ਸਗੁਨਾ ਬਾਗ ਵਿੱਚ ਸਹਿਭਾਗੀ ਸਿਖਸ਼ਣ ਅਤੇ ਕੰਮਾਂ ਲਈ ਅਪਣਾਏ ਗਏ ਤਰੀਕੇ ਅਤੇ ਪਹੁੰਚਾਂ ਕਿਸਾਨਾਂ ਅਤੇ ਸ਼ਹਿਰੀਆਂ ਲਈ ਜੈਵ-ਵਿਭਿੰਨਤਾ ਨਾਲ  ਮੁੜ ਜੁੜਨ ਅਤੇ ਆਪਣੀ ਆਜੀਵਿਕਾ ਤੇ ਸੰਸਕ੍ਰਿਤੀ ਨੂੰ ਟਿਕਾਊ  ਬਣਾਉਣ ਵਿੱਚ ਮਦਦਗਾਰ ਸਿੱਧ ਹੋ  ਸਕਦੀਆਂ ਹਨ। ਇਹ ਮਾਡਲ ਇਸ ਤੱਥ 'ਤੇ ਵੀ ਰੌਸ਼ਨੀ ਪਾਉਂਦਾ ਹੈ ਕਿ ਕਿਸਾਨਾਂ ਵਿੱਚ ਸਿਰਫ ਟਿਕਾਊ ਖੇਤੀ ਵਿਧੀਆਂ ਨੂੰ ਉਤਸ਼ਾਹਿਤ ਕਰਨ ਨਾਲ ਹੀ ਖੇਤੀ ਕਿਸਾਨੀ ਦੀ ਪ੍ਰਤਿਸ਼ਠਾ ਮੁੜ ਬਹਾਲ ਹੋ ਸਕਣਾ ਸੰਭਵ ਨਹੀਂ ਹੈ ਸਗੋਂ ਇਹ ਤਦ ਹੀ ਸੰਭਵ ਹੋ ਸਕੇਗਾ ਜਦ ਖੇਤੀ-ਪ੍ਰਯਟਨ (ਐਗਰੋ-ਟੂਰਿਜ਼ਮ)ਸਦਕਾ ਇਸਦੀ ਆਰਥਿਕਤਾ ਨੂੰ ਠੁੰਮਣਾ ਦਿੱਤਾ ਜਾਵੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਸਗੁਨਾ ਬਾਗ ਦੀ ਕੁੱਲ ਆਮਦਨ ਵਿੱਚ ਖੇਤੀ-ਪ੍ਰਯਟਨ ਦਾ ਯੋਗਦਾਨ 40% ਹੈ।

ਦੇਸ ਦੇ ਧੁਰ ਅੰਦੂਰਨੀ ਭਾਗਾਂ 'ਚ ਰਹਿਣ ਵਾਲੇ ਕਿਸਾਨ ਸਮੁਦਾਇ ਲਈ ਸ਼ਹਿਰੀ ਖੇਤਰਾਂ ਵਿਚਲੇ ਆਪਣੇ ਸਹਿਭਾਗੀਆਂ ਨਾਲ ਸੰਵਾਦ ਰੱਖਣਾ ਬੇਹੱਦ ਮਹੱਤਵਪੂਰਨ ਹੈ। ਐਗਰੋ ਟੂਰਿਜ਼ਮ ਇਸ ਸੰਵਾਦ ਅਤੇ ਸਾਂਝੀ ਖੁਸ਼ੀ ਲਈ ਸਰਵਉੱਤਮ ਮੰਚ ਮੁਹਈਆ ਕਰਦਾ ਹੈ। ਪੂਰੇ ਹਫ਼ਤੇ ਦੌਰਾਨ ਖੇਤ ਦੇ ਬਿਹਤਰ ਵਿਕਾਸ ਲਈ ਬਿਤਾਏ ਚੰਗੇ ਵਕਤ ਨੂੰ ਪਿੱਛੇ ਛੱਡਦੇ ਹੋਏ ਸਪਤਾਹ ਅੰਤ 'ਤੇ  ਕਿਸਾਨ ਦੀ ਸਾਰੀ ਵਾਧੂ ਸਮਰੱਥਾ ਖੇਤ ਦੇ ਕੰਮ ਆ ਜਾਂਦੀ ਹੈ।

ਇਸ ਪ੍ਰਾਕਾਰ ਕਿਸਾਨ ਨੇ ਸਪਤਾਹ ਅੰਤ ਵਿੱਚ ਕੁੱਝ ਨਵਾਂ ਕਰਨ ਦੇ ਉੇਦੇਸ਼ ਨਾਲ ਆਪਣੀ ਰੋਜ਼ਾਨਾ ਦੀ ਸਖਤ ਜੀਵਨ ਸ਼ੈਲੀ ਵਿੱਚ ਇੱਕ ਸਾਰਥਕ ਬਦਲਾਅ ਲਿਆਂਦਾ ਹੈ। ਕਿਸਾਨ ਨਾਲ ਸਿੱੱਧਿਆਂ ਜੁੜਨ ਸਦਕਾ ਸ਼ਹਿਰੀਆਂ ਨੂੰ ਭੋਜਨ ਉਗਾਉਣਾ ਦਾ ਵੱਲ ਪਤਾ ਚਲਦਾ ਹੈ ਅਤੇ ਬਦਲੇ ਵਿੱਚ ਉਹ ਆਪਣੀਆਂ ਭੋਜਨ ਸਬੰਧੀ ਆਦਤਾਂ ਵਿੱਚ ਸੁਧਾਰ ਲਿਆਉਂਦੇ ਹਨ। ਖੇਤੀ ਵਿੱਚ ਉਹ ਕਈ ਪ੍ਰਕਾਰ ਨਾਲ ਸਹਿਭਾਗੀ ਬਣਦੇ ਹਨ। ਜਿਵੇਂ ਕਿ ਸਿੱਧਿਆਂ ਖੇਤ 'ਚੋਂ ਖਰੀਦਣਾ, ਕਿਸਾਨਾਂ ਨਾਲ ਕੀ ਅਤੇ ਕਿਵੇਂ ਉਗਾਉਣ ਬਾਰੇ ਵਿਚਾਰ ਕਰਨਾ, ਮਜ਼ਦੂਰੀ, ਗਿਆਨ ਤੇ ਵਿੱਤੀ ਯੋਗਦਾਨ ਦੇ ਰੂਪ ਵਿੱਚ ਮਦਦ ਕਰਨਾ ਆਦਿ।

ਸਗੁਨਾ ਬਾਗ ਐਗਰੋ ਟੂਰਿਜ਼ਮ ਵਿੱਚ ਆਪਣਾ ਪੁਖਤਾ ਸਥਾਨ ਬਣਾਉਣ ਉਪਰੰਤ ਹੁਣ ਸ਼ਹਿਰੀ ਸੈਲਾਨੀਆਂ ਨਾਲ ਆਪਣੇ ਜੁੜਾਅ ਦੇ ਅਗਲੇ ਪੜਾਅ ਵੱਲ ਵਧ ਰਿਹਾ ਹੈ। ਹੁਣੇ-ਹੁਣੇ ਲਾਗੂ ਹੋਇਆ ਇੱਕ ਅਸਲੋਂ ਹੀ ਨਿਵੇਕਲਾ ਵਿਚਾਰ, 'ਫਾਂਈਡ ਫਾਰਮਰ ਫਰੈਂਡ' (3 ਐੱਫ) ਕਿਸਾਨਾਂ ਨਾਲ ਜੁੜ ਕੇ ਪ੍ਰਸਪਰ ਭਰੋਸਾ ਅਤੇ ਸਦੀਵੀ ਵਿਸ਼ਵਾਸ਼ ਪੈਦਾ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਨੂੰ ਇਸ ਲਹਿਰ ਨਾਲ ਜੁੜਨ ਲਈ ਕਾਫ਼ੀ ਉਤਸ਼ਾਹਿਤ ਕਰ ਰਿਹਾ ਹੈ।

ਇੱਕ ਨਵਾਂ ਗ੍ਰਾਮੀਣ-ਸ਼ਹਿਰੀ ਸਬੰਧ ਉਸਾਰਦੇ ਹੋਏ ਸ਼ਹਿਰੀਆਂ ਅਤੇ ਕਿਸਾਨਾਂ ਵਿੱਚ “ਭੋਜਨ ਦੇ ਮਾਧਿਅਮ ਨਾਲ ਸਿਖਣਾ”, ਵਿਚਾਰ ਦੀ ਸਥਾਪਤੀ ਲਈ ਇਹ ਇੱਕ ਅਸਲੋਂ ਹੀ ਨਿਵੇਕਲੀ ਸ਼ੁਰੂਆਤ ਹੈ.

ਸਗੁਨਾ ਬਾਗ ਬਾਰੇ ਵਧੇਰੇ ਜਾਣਕਾਰੀ ਲਈ ਫੇਰੀ ਪਾਓ: ਡਾ. ਸੁਧਿਰੇਂਦਰ ਸ਼ਰਮਾ ਈਕੋਲੌਜ਼ੀਕਲ ਫਾਂਊਂਡੇਸ਼ਨ ਨਵੀਂ ਦਿੱਲੀ, ਭਾਰਤ ਵਿਖੇ ਕਾਰਜਰਤ ਹਨ। ਇਹ ਖੇਤੀ ਅਤੇ ਇਸ ਨਾਲ ਜੁੜੇ ਵਿਕਾਸ ਸਬੰਧੀ ਮੁੱਦਿਆਂ ਉੱਤੇ ਖੋਜ਼ ਅਤੇ ਲੇਖਣ ਦਾ ਕੰਮ ਕਰਦੇ ਹਨ।

Path Alias

/articles/kaudarata-dai-gaooda-vaihca-saikhadaee-haooe-bhaoojana-karanaa

Post By: kvm
×