ਆਤਮਗਿਆਨ ਵੱਲ ਲੈ ਜਾਂਦਾ ਵਿਗਿਆਨ

ਕੋਈ ਪੁੱਛ ਬੈਠੇ ਕਿ ਅੱਜ ਦੇ ਯੁੱਗ ਨੂੰ ਕਿਸ ਗੱਲ ਕਰਕੇ ਜਾਣਾਗੇਂ ਅਸੀਂ? ਕੋਈ ਕਹੇਗਾ ਕੰਪਿਊਟਰ ਯੁੱਗ ਹੈ। ਕਿਸੇ ਨੂੰ ਲੱਗੇਗਾ ਨਹੀਂ ਇਹ ਤਾਂ ਮੋਬਾਇਲ ਯੁੱਗ ਹੈ, ਇੰਟਰਨੈੱਟ ਦੀ ਦੁਨੀਆ ਹੈ। ਪਰ ਕਿਹਾ ਜਾ ਸਕਦਾ ਹੈ ਕਿ ਇਹ ਤਾਂ ਸਾਡੇ ਯੁੱਗ ਦੀ ਮੋਟੀ ਜਿਹੀ ਪਹਿਚਾਣ ਹੈ। ਅਸਲੀ ਕੰਮ ਤਾਂ ਇਸ ਯੁੱਗ ਵਿੱਚ ਜ਼ਰਾ ਬਾਰੀਕੀ ਨਾਲ ਚੱਲ ਰਿਹਾ ਹੈ। ਉਹ ਕੰਮ ਮੋਟੀਆਂ ਗੱਲਾਂ, ਸਥੂਲ ਦੀ ਚਰਚਾ ਤੋਂ ਅਲੱਗ ਇੱਕ ਸੂਖਮ ਜਗਤ ਦੀ ਯਾਤਰਾ ਤੇ ਲੈ ਜਾ ਰਿਹਾ ਹੈ। ਓਥੇ ਜਿੱਥੇ ਅਸੀਂ ਪਹਿਲਾਂ ਕਦੇ ਨਹੀਂ ਜਾ ਪਾਏ ਹਾਂ। ਇਸ ਯੁੱਗ ਵਿੱਚ ਅਸੀਂ ਬਾਹਰ ਤੋਂ ਜ਼ਿਆਦਾ ਅੰਦਰ ਜਾ ਰਹੇ ਹਾਂ।ਇਹ ਦੌਰ ‘ਅਨੁਵਾਂਸ਼ਿਕੀ' ਦਾ ਹੈ। ਸੰਨ 1953 ਵਿੱਚ ਖਾਨਦਾਨੀ ਤੱਤਾਂ ਦੀ, ਡੀ ਐਨ ਏ' ਦੀ ਖੋਜ਼ ਤੋਂ ਬਾਅਦ ਤੋਂ ਅਨੁਵਾਂਸ਼ਿਕੀ (ਜੈਨੇਟਿਕਸ) ਸਾਡੇ ਵਿਗਿਆਨ ਦੀ ਸਭ ਤੋਂ ਤਾਕਤਵਰ ਧਾਰਾਵਾਂ ਵਿੱਚੋਂ ਉੱਭਰ ਕੇ ਆਈ ਹੈ। ਇਹ ਧਾਰਾ ਸਾਨੂੰ ਇੱਕ ਵਿਚਿੱਤਰ ਤਰ੍ਹਾ ਦੇ ਕਰਮਯੋਗ ਤੱਕ ਲੈ ਜਾਂਦੀ ਹੈ।

ਵਿਗਿਆਨ ਸਾਬਿਤ ਕਰ ਰਿਹਾ ਹੈ ਕਿ ਸਾਡੀਆਂ ਦਸ ਵਿੱਚੋਂ ਨੌ ਬਿਮਾਰੀਆਂ ਦਾ ਕਾਰਨ ਤਣਾਅ ਹੈ। ਤਣਾਅ ਤੋਂ ਪੀੜਿਤ ਸ਼ਰੀਰ ਆਪਣੇ ਵਧਣ ਦੀ ਸਹਿਜ ਪ੍ਰਕ੍ਰਿਆ ਨੂੰ ਰੋਕ ਦਿੰਦਾ ਹੈ। ਉਸਦੀ ਰੋਗਾਂ ਨਾਲ ਲੜ੍ਹਨ ਦੀ ਸ਼ਕਤੀ ਘਟ ਜਾਂਦੀ ਹੈ। ਬੁੱਧੀ ਵਿੱਚ, ਚੇਤਨਾ ਵਿੱਚ ਨਿਯੰਤ੍ਰਣ ਰੱਖਣ ਵਾਲੀ ਕ੍ਰਿਆ ਉੱਪਰ ਲਗਾਮ ਲੱਗ ਜਾਂਦੀ ਹੈ। ਇਹ ਸਭ ਮਿਲ-ਜੁਲ ਕੇ ਸਿਹਤ ਵਿਗਾੜ ਦਿੰਦੇ ਹਨ, ਜਿਉਣ ਦੀ ਇੱਛਾ ਮਿਟਾ ਦਿੰਦੇ ਹਨ। ਤਣਾਅ ਉਦੋਂ ਤਾਂ ਹੋਰ ਵੀ ਵਿਕ੍ਰਾਲ ਰੂਪ ਧਾਰਣ ਕਰ ਲੈਂਦਾ ਹੈ, ਜਦ ਕਿਸੇ ਨੂੰ ਲੱਗਣ ਲੱਗਦਾ ਹੈ ਕਿ ਉਹ ਇਹਨਾਂ ਲਾਇਲਾਜ਼ ਕਠਿਨਾਈਆਂ ਦੇ ਸਾਹਮਣੇ ਲਾਚਾਰ ਹੈ।

ਮਜਬੂਰੀ ਅਤੇ ਤਣਾਅ ਦਾ ਇੱਕ ਵੱਡਾ ਕਾਰਨ ਹੈ ਇਹ ਭਾਵ ਕਿ ਸਾਡਾ ਜੀਵਨ ਅਨੁਵਾਂਸ਼ਿਕੀ ਦੇ ਵੱਸ ਵਿੱਚ ਹੁੰਦਾ ਹੈ। ਭਾਵ ਸਾਡਾ ਸ਼ਰੀਰ, ਸਾਡੀ ਚੇਤਨਾ, ਸਭ ਕੁੱਝ ਸਾਡੇ ਮਾਤਾ-ਪਿਤਾ ਤੋਂ ਮਿਲੇ ਅਨੁਵਾਂਸ਼ਿਕੀ ਤੱਤਾਂ ਉੱਪਰ ਨਿਰਭਰ ਹੈ।ਯਾਨੀ ਜਿਸ ਨੂੰ ਪਹਿਲਾਂ ਤਕਦੀਰ ਕਹਿੰਦੇ ਸਨ, ਉਹ ਅਸਲ ਵਿੱਚ ਸਾਡੇ ਹੀ ਸ਼ਰੀਰ ਵਿੱਚ, ਸਾਡੇ ‘ਜੀਨ' ਵਿੱਚ ਲਿਖਿਆ ਹੋਇਆ ਹੈ। ਵਿਗਿਆਨਕ ਸਮਝ ਵਧਣ ਦੇ ਨਾਲ-ਨਾਲ ਇਹ ਦ੍ਰਿਸ਼ਟੀ ਤੇਜੀ ਨਾਲ ਫੈਲੀ ਹੈ।

ਛੋਟੀ ਉਮਰ ਵਿੱਚ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ, ਅਖ਼ਬਾਰ,ਟੀ.ਵੀ. ਅਤੇ ਫ਼ਿਲਮਾਂ ਵਿੱਚ, ਸਭ ਪਾਸੇ ਵੰਸ਼ ਦੇ ਅਸਰ ਦੇ ਉਦਾਹਰਣ ਮਿਲਦੇ ਹਨ। ਇਹਨਾਂ ਨੂੰ ਦੇਖ-ਦੇਖ ਕੇ ਅਤੇ ਨਵੀਂ ਕਿਸਮ ਦੀ ਵਿਗਿਆਨਕ ਜਾਣਕਾਰੀ ਨੂੰ ਉਸ ਵਿੱਚ ਜੋੜ ਕੇ ਜਨ ਸਾਧਾਰਣ ਵਿੱਚ ਇੱਕ ਨਵੇਂ ਤਰ੍ਹਾ ਦਾ ਕਿਸਮਤਵਾਦ ਵਧ ਰਿਹਾ ਹੈ- ਅਨੁਵਾਂਸ਼ਿਕੀ ਦਾ ਨਿਯਤੀਵਾਦ। ਇਸਦੇ ਅਨੁਸਾਰ ਸਾਡੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪਹਿਲੂ ਕਿਸੇ ‘ਜੀਨ' ਦੀ ਚੁਸਤੀ ਉੱਪਰ ਟਿਕੇ ਹਨ। ਸਾਡੇ ਭਾਗ ਵਿੱਚ ‘ਅਜਿਹਾ' ਹੀ ਲਿਖਿਆ ਹੈ। ਅਸੀਂ ਕੀ ਕਰੀਏ।

ਸਾਡੇ ਇਹ ਅਨੁਵਾਂਸ਼ਿਕ ਤੱਤ ਜਦ ਚਾਹੇ ਚਾਲੂ ਹੋ ਜਾਂਦੇ ਹਨ, ਜਦ ਚਾਹੇ ਰੁਕ ਜਾਂਦੇ ਹਨ। ਸਾਡੇ ਵਿੱਚੋਂ ਕੋਈ ਵੀ ਆਪਣੇ ‘ਜੀਨ' ਚੁਣ ਨਹੀਂ ਸਕਦਾ।ਇਹ ਨਹੀਂ ਤੈਅ ਕਰ ਸਕਦਾ ਕਿ ਉਸਦਾ ਜਨਮ ਕਿਸ ਮਾਤਾ-ਪਿਤਾ ਤੋਂ ਹੋਵੇਗਾ। ਭਾਵ ਅਸੀਂ ਆਪਣੇ ‘ਜੀਨ' ਬਦਲ ਵੀ ਨਹੀਂ ਸਕਦੇ। ਜੇਕਰ ਸਾਨੂੰ ਆਪਣੇ ਪੈਦਾਇਸ਼ੀ ਗੁਣ ਚੰਗੇ ਨਹੀਂ ਲੱਗਦੇ ਤਾਂ ਇਸ ਤੋਂ ਇਹ ਭਾਵ ਪਣਪਦਾ ਹੈ ਕਿ ਅਸੀਂ ਆਪਣੇ ਤੋਂ ਵੱਡੀ ਤਾਕਤ ਦੇ ਖੇਡ ਵਿੱਚ ਮਾਮੂਲੀ ਜਿਹੇ ਮੋਹਰੇ ਹਾਂ, ਬਸ। ਇਸਦਾ ਸਭ ਤੋਂ ਪ੍ਰਬਲ ਉਦਾਹਰਣ ਸ਼ਰੀਰ ਦੀਆਂ ਬਿਮਾਰੀਆਂ ਵਿੱਚ ਝਲਕਦਾ ਹੈ।

ਕੈਂਸਰ ਜਾਂ ਸ਼ੂਗਰ ਜਾਂ ਦਿਲ ਸੰਬੰਧੀ ਰੋਗ ਜਿਹੀਆਂ ਕਈ ਬਿਮਾਰੀਆਂ ਇੱਕ ਪਰਿਵਾਰ ਦੇ ਲੋਕਾਂ ਨੁੰ ਹੁੰਦੀਆਂ ਰਹਿੰਦੀਆਂ ਹਨ।ਮਾਨਸਿਕ ਤਣਾਅ ਅਤੇ ਅਲਜ਼ਾਈਮਰ ਜਿਹੀਆਂ ਪ੍ਰਵ੍ਰਿਤੀਆਂ ਵੀ ਇੱਕ ਪੀੜ੍ਹੀ ਤੋਂ ਦੂਸਰੀ ਨੂੰ ‘ਜੀਨ' ਦੇ ਨਾਲ ਮਿਲਦੀਆਂ ਹਨ।ਜਿੰਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ,ਬਜੁਰਗਾਂ ਵਿੱਚ ਅਜਿਹੇ ਰੋਗ ਪਾਏ ਗਏ ਹਨ, ਉਹ ਮੰਨਦੇ ਹਨ ਕਿ ਉਹਨਾਂ ਨੂੰ ਵੀ ਅੱਗੇ ਨਹੀਂ ਤਾਂ ਪਿੱਛੇ ਇਹ ਰੋਗ ਪਕੜਨਗੇ ਹੀ। ਅਜਿਹੇ ਵਿੱਚ ਉਹਨਾਂ ਦੀ ਜੀਵਨ ਸ਼ਕਤੀ ‘ਡੀ ਐਨ ਏ' ਦੀ ਬਦਮਿਜ਼ਾਜ਼ੀ ਦੇ ਅੱਗੇ ਮਜਬੂਰ ਹੋ ਜਾਂਦੀ ਹੈ।

ਪ੍ਰੰਤੂ ਹੁਣ ਭੌਤਿਕ ਵਿਗਿਆਨ ਅਤੇ ਜੀਵਨ ਸ਼ਾਸਤਰ ਵਿੱਚ ਕੁੱਝ ਅਜਿਹੀਆਂ ਖੋਜਾਂ ਹੋਈਆਂ ਹਨ ਜੋ ਇਸ ਵਿਸ਼ੇ ਤੇ ਰੌਸ਼ਨੀ ਪਾ ਰਹੀਆਂ ਹਨ। ਸੰਨ 1990 ਦੇ ਦਸ਼ਕ ਤੋਂ ਵਿਗਿਆਨ ਦੀ ਦੁਨੀਆ ‘ਡੀ ਐਨ ਏ' ਦੇ ਉਸ ਨਿਯਤੀਵਾਦ ਤੋਂ ਦੂਰ ਹਟ ਰਹੀ ਹੈ। ਜੋ ਉਸ ਉੱਪਰ ਬੁਰੀ ਤਰ੍ਹਾ ਨਾਲ ਛਾਇਆ ਹੋਇਆ ਸੀ। ‘ਜੀਨ' ਉੱਪਰ ਆਧਾਰਿਤ ‘ਜੇਨੇਟਿਕਸ' ਦੀ ਬਜਾਏ ਹੁਣ ਗੱਲ ਹੋ ਰਹੀ ਹੈ ‘ਏਪੀਜੇਨੇਟਿਕਸ' ਦੀ। ਗ੍ਰੀਕ ਭਾਸ਼ਾ ਤੋਂ ਬਣਾਏ ਗਏ ਇਸ ਸ਼ਬਦ ਦਾ ਅਰਥ ਹੈ ‘ਜੇਨੇਟਿਕਸ' ਤੋਂ ਉੱਪਰ ਅਤੇ ਪਰ੍ਹੇ।

ਇਹ ਧਾਰਨਾ ਦੱਸ ਰਹੀ ਹੈ ਕਿ ਅਨੁਵਾਂਸ਼ਿਕੀ ਉੱਪਰ ਵਾਤਾਵਰਣ ਦਾ ਵੀ ਨਿਯੰਤ੍ਰਣ ਹੁੰਦਾ ਹੈ। ਇਹੀ ਨਹੀਂ, ਕਿਸੇ ਜੀਵ ਦਾ ਵਾਤਾਵਰਣ ਦਾ ਬੋਧ ਵੀ ‘ਡੀ ਐਨ ਏ' ਦੇ ਪ੍ਰਦਰਸ਼ਨ ਨੂੰ ਕਾਬੂ ਕਰ ਸਕਦਾ ਹੈ। ਭਾਵ ਵਾਤਾਵਰਣ ਦੇ ਬਦਲਣ ਨਾਲ ਜਾਂ ਕੇਵਲ ਵਾਤਾਵਰਣ ਦੇ ਬੋਧ ਦੇ ਬਦਲਣ ਨਾਲ ਸਾਡੇ ਉਹ ਖਾਨਦਾਨੀ ਗੁਣ-ਔਗੁਣ ਵੀ ਬਦਲ ਜਾਂਦੇ ਹਨ, ਜਿੰਨ੍ਹਾਂ ਦੇ ਬਾਰੇ ਵਿੱਚ ਹੁਣ ਤੱਕ ਵਿਗਿਆਨ ਇਹੀ ਦੱਸਦਾ ਰਿਹਾ ਹੈ ਕਿ ਇਹਨਾਂ ਨੂੰ ਤਾਂ ਤੁਸੀਂ ਢੋਣਾ ਹੀ ਸੀ।

‘ਏਪੀਜੇਨੇਟਿਕਸ' ਦਾ ਇਹ ਨਵਾਂ ਪਾਠ ਸਾਨੂੰ ਇਹ ਵੀ ਦੱਸਦਾ ਹੈ ਕਿ ਅਸੀਂ ਕੇਵਲ ਆਪਣੀ ਅਨੁਵਾਂਸ਼ਿਕੀ ਦੇ ਅੱਗੇ ਬੇਵੱਸ ਨਹੀਂ ਹਾਂ।ਹੁਣ ਅਸੀਂ ਕਿਸੇ ਡੀ ਐਨ ਏ ਦੀ ਕਠਪੁਤਲੀ ਭਰ ਨਹੀ ਹਾਂ। ਕਿਉਂਕਿ ਅਸੀਂ ਆਪਣੇ ਸ਼ਰੀਰ ਦੇ ਵਾਤਾਵਰਣ ਨੂੰ ਬਦਲ ਸਕਦੇ ਹਾਂ, ਉਸ ਵਾਤਾਵਰਣ ਦੇ ਬੋਧ ਨੂੰ ਵੀ ਬਦਲ ਸਕਦੇ ਹਾਂ, ਸੋ ਅਸੀਂ ਆਪਣੀ ਮਜਬੂਰੀ ਤੋ ਉੱਪਰ ਵੀ ਉੱਠ ਸਕਦੇ ਹਾਂ। ਇਸ ਤੋਂ ਇਹ ਵਿਸ਼ਵਾਸ ਵੀ ਮਿਲਦਾ ਹੈ ਕਿ ਅਸੀਂ ਆਪਣੇ ਵਿਵੇਕ ਨਾਲ ਵਾਤਾਵਰਣ ਦਾ ਨੁਕਸਾਨ ਕਰਨ ਤੋਂ ਆਪਣੇ ਆਪ ਨੂੰ ਰੋਕ ਸਕਦੇ ਹਾਂ।

ਇਸ ਨੂੰ ਸਮਝਣ ਲਈ ਅੱਜ ਤੋਂ ਕੋਈ 40 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ। ਉਹਨਾਂ ਦਿਨਾਂ ਵਿੱਚ ਮੈਂ ਆਪਣੇ ਵਿਦਿਆਰਥੀਆਂ ਨੂੰ ਅਨੁਵਾਂਸ਼ਿਕੀ ਦਾ ‘ਨਿਯਤੀਵਾਦ' ਪੜ੍ਹਾਇਆ ਕਰਦਾ ਸੀ। ਉਸ ਸਮੇਂ ਮੈਂ ਮਾਂਸਪੇਸ਼ੀਆਂ ਦੀ ਕਮਜ਼ੋਰੀ ਉੱਪਰ ਵੀ ਕੁੱਝ ਪ੍ਰਯੋਗ ਕਰ ਰਿਹਾ ਸੀ। ਇਹਨਾਂ ਪ੍ਰਯੋਗਾਂ ਤੋਂ ਹੀ ‘ਏਪੀਜੇਨੇਟਿਕਸ' ਦੀ ਧਾਰਨਾ ਨਿਕਲ ਕੇ ਆਈ ਸੀ।ਮੈਂ ਮੂਲ ਕੋਸ਼ਿਕਾਵਾਂ ਦੇ ਪ੍ਰਤੀਰੂਪ ਤਿਆਰ ਕਰਦਾ ਸੀ। ਇਹ ਮੂਲ ਕੋਸ਼ਿਕਾ ਦੀ ਇੱਕਦਮ ਠੀਕ ਨਕਲ ਹੁੰਦੇ ਸਨ।ਇਹਨਾਂ ਪ੍ਰਤੀਰੂਪ ਕੋਸ਼ਿਕਾਵਾਂ ਨੂੰ ਮੈਂ ਇੱਕ-ਇੱਕ ਕਰਕੇ ਅਲੱਗ ਕਰਦਾ ਅਤੇ ਇਹਨਾਂ ਨੂੰ ਅਲੱਗ-ਅਲੱਗ ਵਾਤਾਵਰਣ ਵਿੱਚ ਰੱਖਦਾ, ਅਲੱਗ-ਅਲੱਗ ਬਰਤਨਾਂ ਵਿੱਚ।

ਇਸ ਸੰਸਕਾਰ ਵਿੱਚ ਰੱਖੀਆਂ ਕੋਸ਼ਿਕਾਵਾਂ ਹਰ 10-12 ਘੰਟੇ ਵਿੱਚ ਵਿਭਾਜਿਤ ਹੁੰਦੀਆਂ ਹਨ, ਇੱਕ ਤੋਂ ਦੋ ਹੋ ਜਾਂਦੀਆਂ ਹਨ। ਫਿਰ ਅਗਲੇ 10-12 ਘੰਟੇ ਵਿੱਚ ਦੋ ਤੋਂ ਚਾਰ, ਅਤੇ ਫਿਰ ਚਾਰ ਤੋਂ ਅੱਠ। ਇਸੀ ਤਰ੍ਹਾ ਦੋ ਹਫ਼ਤੇ ਵਿੱਚ ਹਜ਼ਾਰਾਂ ਕੋਸ਼ਿਕਾਵਾਂ ਤਿਆਰ ਹੁੰਦੀਆਂ।ਫਿਰ ਮੈਂ ਤਿੰਨ ਭਿੰਨ ਵਾਤਾਵਰਣ ਵਿੱਚ ਕੋਸ਼ਿਕਾਵਾਂ ਦੀਆਂ ਤਿੰਨ ਭਿੰਨ ਬਸਤੀਆਂ ਤਿਆਰ ਕੀਤੀਆਂ। ਇਹਨਾਂ ਬਸਤੀਆਂ ਦਾ ਰਸਾਇਣਿਕ ਵਾਤਾਵਰਣ ਇਕਦਮ ਅਲੱਗ-ਅਲੱਗ ਸੀ।ਠੀਕ ਕੁੱਝ ਉਵੇਂ ਹੀ ਜਿਵੇਂ ਹਰ ਵਿਅਕਤੀ ਦੇ ਸ਼ਰੀਰ ਦਾ ਵਾਤਾਵਰਣ ਅਲੱਗ ਹੁੰਦਾ ਹੈ ਅਤੇ ਇੱਕ ਹੀ ਸ਼ਰੀਰ ਦੇ ਅੰਦਰ ਵੀ ਕਈ ਤਰ੍ਹਾ ਦੇ ਵਾਤਾਵਰਣ ਹੁੰਦੇ ਹਨ। ਅਲੱਗ-ਅਲੱਗ ਵਾਤਾਵਰਣ ਵਿੱਚ ਵੀ ਰੱਖੀਆਂ ਗਈਆਂ ਇਹਨਾਂ ਕੋਸ਼ਿਕਾਵਾਂ ਦਾ ਡੀ ਐਨ ਏ ਤਾਂ ਇਕਦਮ ਸਮਾਨ ਸੀ। ਉਹਨਾਂ ਦਾ ਵਾਤਾਵਰਣ ਭਿੰਨ ਸੀ। ਜਲਦੀ ਹੀ ਇਸ ਪ੍ਰਯੋਗ ਦੇ ਨਤੀਜੇ ਸਾਹਮਣੇ ਆਉਣ ਲੱਗੇ।

ਇੱਕ ਬਰਤਨ ਵਿੱਚ ਉਹਨਾਂ ਕੋਸ਼ਿਕਾਵਾਂ ਨੇ ਹੱਡੀ ਦਾ ਰੂਪ ਲੈ ਲਿਆ ਸੀ, ਇੱਕ ਵਿੱਚ ਮਾਂਸਪੇਸ਼ੀ ਦਾ ਅਤੇ ਤੀਸਰੇ ਬਰਤਨ ਵਿੱਚ ਕੋਸ਼ਿਕਾਵਾਂ ਨੇ ਵਸਾ ਜਾਂ ਚਰਬੀ ਦਾ ਰੂਪ ਲੈ ਲਿਆ। ਇਹ ਪ੍ਰਯੋਗ ਇਸ ਸਵਾਲ ਦਾ ਜਵਾਬ ਲੱਭਣ ਦੇ ਲਈ ਕੀਤਾ ਗਿਆ ਸੀ ਕਿ ਕੋਸ਼ਿਕਾਵਾਂ ਦੀ ਕਿਸਮਤ ਕਿਵੇਂ ਤੈਅ ਹੁੰਦੀ ਹੈ। ਸਾਰੀਆਂ ਕੋਸ਼ਿਕਾਵਾਂ ਇੱਕ ਹੀ ਮੂਲ ਤੋਂ ਨਿਕਲੀਆਂ ਸਨ। ਤਾਂ ਨਵੇਂ ਸਿਰੇ ਤੋਂ ਇਹ ਸਿੱਧ ਹੋਇਆ ਕਿ ਕੋਸ਼ਿਕਾਵਾਂ ਦੀ ਅਨੁਵਾਂਸ਼ਿਕੀ ਕਿਸਮਤ ਤੈਅ ਨਹੀਂ ਕਰਦੀ ਹੈ। ਤਾਂ ਫਿਰ ਕੌਣ ਤੈਅ ਕਰਦਾ ਹੈ? ਜਵਾਬ ਸੀ- ਮਾਹੌਲ। ਵਾਤਾਵਰਣ।

ਅਸੀਂ ਇਹ ਵੀ ਪਾਇਆ ਕਿ ਜਿੰਨਾਂ ਕੋਸ਼ਿਕਾਵਾਂ ਨੂੰ ਪੋਸ਼ਣ ਨਹੀਂ ਮਿਲਦਾ ਉਹ ਅਕਾਲ ਜਿਹੇ ਵਾਤਾਵਰਣ ਵਿੱਚ ਥੋੜ੍ਹੀ ਬਿਮਾਰ ਜਿਹੀਆਂ ਪੈ ਜਾਂਦੀਆਂ ਹਨ।ਇਹਨਾਂ ਕੋਸ਼ਿਕਾਵਾਂ ਦੇ ਇਲਾਜ ਦੇ ਲਈ ਅਸੀਂ ਕੋਈ ਦਵਾਈ ਨਹੀਂ ਦਿੱਤੀ।ਅਸੀਂ ਉਹਨਾਂ ਨੂੰ ਸਿਰਫ਼ ਇੱਕ ਵਧੀਆ ਵਾਤਾਵਰਣ ਵਿੱਚ ਰੱਖ ਦਿੱਤਾ। ਸੁੰਦਰ ਵਾਤਾਵਰਣ ਵਿੱਚ ਆਉਂਦਿਆਂ ਹੀ ਇਹ ਕੋਸ਼ਿਕਾਵਾਂ ਸਿਹਤਮੰਦ ਹੋ ਉੱਠੀਆਂ, ਵਧਣ-ਫੁੱਲਣ ਲੱਗੀਆਂ।

ਇਸ ਪ੍ਰਯੋਗ ਨੇ ਇਹ ਸਿੱਧ ਕਰ ਦਿੱਤਾ ਕਿ ਕੋਸ਼ਿਕਾਵਾਂ ਆਪਣੇ ਮਾਹੌਲ ਵਿੱਚ ਢਲਣ ਦੇ ਲਈ ਆਪਣਾ ਸ਼ਰੀਰ ਅਤੇ ਪਿੰਜਰ ਤਾਂ ਕੀ, ਆਪਣੀ ਅਨੁਵਾਂਸ਼ਿਕੀ ਤੱਕ ਬਦਲ ਦਿੰਦੀਆਂ ਹਨ।ਹਰ ਬਰਤਨ ਵਿੱਚ ਜੋ ਅਲੱਗ ਰਸਾਇਣਿਕ ਵਾਤਾਵਰਣ ਉਹਨਾਂ ਕੋਸ਼ਿਕਾਵਾਂ ਦੀ ਕਿਸਮਤ ਬਣ ਰਿਹਾ ਸੀ, ਉਹ ‘ਜੀਨ' ਤੋਂ ਉੱਪਰ ਸੀ। ਇਹਨਾਂ ਬਰਤਨਾਂ ਦਾ ਵਾਤਾਵਰਣ ਕੁੱਝ ਉਹੋ ਜਿਹਾ ਹੀ ਸੀ ਜਿਹੋ ਜਿਹਾ ਸਾਡੇ ਸ਼ਰੀਰ ਦੇ ਵਿਭਿੰਨ ਹਿੱਸਿਆਂ ਵਿੱਚ ਹੁੰਦਾ ਹੈ। ਇਸ ਲਈ ਇਹਨਾਂ ਬਰਤਨਾਂ ਵਿੱਚ ਹੋਏ ਪ੍ਰਯੋਗ ਸਾਡੇ ਸਭ ਦੇ ਸ਼ਰੀਰ ਦੇ ਲਈ ਉਚਿਤ ਉਦਾਹਰਣ ਹਨ। ਇਸ ਨੂੰ ਸਮਝਣ ਦੇ ਲਈ ਸਾਨੂੰ ਆਪਣੇ ਸ਼ਰੀਰ ਨੂੰ ਲੈ ਕੇ ਚੱਲੇ ਆ ਰਹੇ ਕੁੱਝ ‘ਵਿਗਿਆਨਕ' ਭੁਲੇਖਿਆਂ ਨੂੰ ਛੱਡਣਾ ਹੋਵੇਗਾ।

ਅਸੀਂ ਆਪਣੇ ਆਪ ਨੂੰ ਚਾਹੇ ਇੱਕ ਵਿਅਕਤੀ ਮੰਨੀਏ, ਇੱਕ ਸ਼ਰੀਰ ਮੰਨੀਏ, ਸੱਚਾਈ ਇਸ ਤੋਂ ਇਕਦਮ ਪਰ੍ਹੇ ਹੈ। ਸਾਡਾ ਸ਼ਰੀਰ ਕਈ ਚੀਜਾਂ ਤੋਂ ਮਿਲ ਕੇ ਬਣਿਆ ਹੈ। ਇੱਕ ਔਸਤ ਆਕਾਰ ਦੇ ਸ਼ਰੀਰ ਵਿੱਚ ਲਗਭਗ 50 ਲੱਖ ਕਰੋੜ ਕੋਸ਼ਿਕਾਵਾਂ ਹੁੰਦੀਆਂ ਹਨ। 50 ਦੀ ਸੰਖਿਆ ਨਾਲ 13 ਜ਼ੀਰੋ ਲੱਗਣਗੇ : 50,0000000000000! ਹਰ ਕੋਸ਼ਿਕਾ ਆਪਣੇ ਆਪ ਵਿੱਚ ਇੱਕ ਜੀਵ ਹੈ, ਇੱਕ ਜੀਵੰਤ ਸੰਸਕਾਰ, ਸੰਸਾਰ ਹੈ। ਭਾਵ ਹਰ ਮਨੁੱਖ ਦਾ ਸ਼ਰੀਰ ਅਣਗਿਣਤ ਕੋਸ਼ਿਕਾਵਾਂ ਦਾ ਮਿਲਿਆ-ਜੁਲਿਆ, ਸੰਪੂਰਨ ਸਮਾਜ ਹੈ। ਸਮਾਜਿਕਤਾ ਅਤੇ ਮਿਲਜੁਲ ਕੇ ਰਹਿਣ ਦਾ ਸਬਕ ਜੇਕਰ ਸਿੱਖਣਾ ਹੋਵੇ ਤਾਂ ਆਪਣੇ ਸ਼ਰੀਰ ਤੋਂ ਬਹੁਤ ਦੂਰ ਦੇਖਣ ਦੀ ਜਰੂਰਤ ਨਹੀਂ ਹੈ। ਆਪਣੇ ਅੰਦਰ ਝਾਕੋ।

‘ਏਪੀਜੇਨੇਟਿਕਸ' ਦੀ ਧਾਰਨਾ ਇਸੇ ਸੱਚ ਉੱਪਰ ਬਣੀ ਹੈ ਕਿ ਹਰ ਸ਼ਰੀਰ ਦੇ ਖੂਨ ਦਾ ਰਸਾਇਣਿਕ ਸੁਭਾਅ ਇਹਨਾਂ ਕੋਸ਼ਿਕਾਵਾਂ ਦਾ ਵਾਤਾਵਰਣ ਬਣਾਉਂਦਾ ਹੈ। ਇਹ ਸੁਭਾਅ ਕੋਸ਼ਿਕਾਵਾਂ ਦੇ ਅਨੁਵਾਂਸ਼ਿਕ ਗੁਣਾਂ-ਔਗੁਣਾਂ ਨੂੰ ਬਦਲ ਵੀ ਸਕਦਾ ਹੈ। ਤਾਂ ਸਵਾਲ ਉੱਠਦਾ ਹੈ ਕਿ ਖੂਨ ਦਾ ਰਸਾਇਣਿਕ ਸੁਭਾਅ ਕਿਵੇਂ ਤੈਅ ਹੁੰਦਾ ਹੈ? ਜਵਾਬ ਹੈ-ਦਿਮਾਗ। ਦਿਮਾਗ ਹੀ ਸ਼ਰੀਰ ਅਸਲੀ ਰਸਾਇਣ ਸ਼ਾਸਤਰੀ ਹੈ, ਸ਼ਰੀਰ ਦਾ ਕੈਮਿਸਟ ਹੈ। ਸਾਡੇ ਭਾਵ ਅਤੇ ਵਾਤਾਵਰਣ ਦੇ ਬੋਧ ਦੇ ਆਧਾਰ ਤੇ ਦਿਮਾਗ ਨਸਾਂ ਵਿੱਚ ਰਸਾਇਣ ਛੱਡਦਾ ਹੈ।

ਇਹ ਹੀ ਰਸਾਇਣ ਖੂਨ ਵਿੱਚ ਘੁਲ ਕੇ ਪੂਰੇ ਸ਼ਰੀਰ ਵਿੱਚ ਘੁੰਮਦੇ ਹਨ ਅਤੇ ਕੋਸ਼ਿਕਾਵਾਂ ਅਤੇ ਅੰਗਾਂ ਨੂੰ ਸੰਚਾਲਿਤ ਕਰਦੇ ਹਨ। ਉਦਾਹਰਣ ਦੇ ਲਈ, ਜੇਕਰ ਅਸੀਂ ਅੱਖਾਂ ਖੋਲਦੇ ਹੀ ਕਿਸੇ ਆਪਣੇ ਪਿਆਰੇ ਨੂੰ ਦੇਖਦੇ ਹਾਂ ਤਾਂ ਦਿਮਾਗ ਖੂਨ ਵਿੱਚ ਕੁੱਝ ਖ਼ਾਸ ਤਰ੍ਹਾ ਦੇ ਰਸ, ਕੁੱਝ ਹਾਰਮੋਨ ਛੱਡਦਾ ਹੈ। ਇਹਨਾਂ ਦੇ ਨਾਮ ਹਨ ‘ਡੋਪਾਮਾਈਨ' ਅਤੇ ‘ਆਕਸੀਟੋਸਿਨ'। ਕੁੱਝ ਅਜਿਹੇ ਹਾਰਮੋਨ ਵੀ ਹੁੰਦੇ ਹਨ ਜੋ ਸ਼ਰੀਰ ਦੇ ਵਿਕਾਸ ਨੂੰ ਵਧਾਉਂਦੇ ਹਨ। ਇਹਨਾਂ ਰਸਾਇਣਾਂ ਨਾਲ ਕੋਸ਼ਿਕਾਵਾਂ ਦੀ ਸਿਹਤ ਵਧੀਆ ਹੁੰਦੀ ਹੈ।ਇਸ ਲਈ ਕਿਸੇ ਪਿਆਰੇ ਵਿਅਕਤੀ ਨਾਲ ਮਿਲਣ ਤੇ ਚਿਹਰਾ ਚਮਕਣ, ਦਮਕਣ ਲੱਗਦਾ ਹੈ। ਸਾਨੂੰ ਲੱਗਦਾ ਹੈ ਕਿ ਸਾਨੂੰ ਉਹਨਾਂ ਦਾ ਆਸ਼ੀਰਵਾਦ ਮਿਲ ਗਿਆ ਹੈ!

ਇਸ ਤੋਂ ਠੀਕ ਉਲਟਾ ਹੁੰਦਾ ਹੈ ਜਦ ਅਸੀਂ ਕਿਸੇ ਨਾਪਸੰਦ ਵਿਅਕਤੀ ਜਾਂ ਵਸਤੂ ਨੂੰ ਦੇਖਦੇ ਹਾਂ ਤਦ ਦਿਮਾਗ ਤਣਾਅ ਪੈਦਾ ਕਰਨ ਵਾਲੇ, ਸ਼ਰੀਰ ਵਿੱਚ ਸੋਜ ਪੈਦਾ ਕਰਨ ਵਾਲੇ ਰਸਾਇਣ ਛੱਡਣ ਲੱਗਦਾ ਹੈ। ਇਹ ਦਿਮਾਗ ਦਾ ਪ੍ਰਤਿਰੱਖਿਆ ਤੰਤਰ ਹੈ ਕਿਉਂਕਿ ਤਣਾਅ ਵਿੱਚ ਸ਼ਰੀਰ ਉਹ ਸਭ ਕਰ ਸਕਦਾ ਹੈ ਜੋ ਪ੍ਰਸੰਨ ਰੂਪ ਵਿੱਚ ਨਹੀਂ ਕਰਦਾ। ਇਹ ਆਪਾਤਕਾਲ ਨਾਲ ਜੂਝਣ ਦਾ ਇੱਕ ਤਰੀਕਾ ਹੈ। ਪਰ ਜਦ ਕੋਈ ਵਿਅਕਤੀ ਲਗਾਤਾਰ ਨਾਪਸੰਦ ਵਾਤਾਵਰਣ ਵਿੱਚ ਰਹਿੰਦਾ ਹੈ ਤਾਂ ਦਿਮਾਗ ਨੂੰ ਲਗਾਤਾਰ ਆਪਾਤਕਾਲ ਦਾ ਅਹਿਸਾਸ ਰਹਿੰਦਾ ਹੈ, ਜਿਸਦੇ ਜਵਾਬ ਵਿੱਚ ਉਹ ਲਗਾਤਾਰ ਤਣਾਅ ਦੇ ਰਸਾਇਣ ਛੱਡਦਾ ਰਹਿੰਦਾ ਹੈ। ਇਸ ਨਾਲ ਵਿਅਕਤੀ ਹਮੇਸ਼ਾ ਤਣਿਆ ਹੋਇਆ ਰਹਿੰਦਾ ਹੈ। ਅਜਿਹਾ ਵਾਤਾਵਰਣ ਬਣੇ ਰਹਿਣ ਨਾਲ ਕੋਸ਼ਿਕਾਵਾਂ ਦੀ ਸਿਹਤਮੰਦ ਰਹਿਣ ਦੀ ਆਦਤ ਜਾਂਦੀ ਰਹਿੰਦੀ ਹੈ। ਕੋਸ਼ਿਕਾਵਾਂ ਮਰਨ ਲੱਗਦੀਆਂ ਹਨ। ਇਹੀ ਕਾਰਨ ਹੈ ਕਿ ਅਜਿਹਾ ਤਣਾਅ ਮੌਤ ਦਾ ਕਾਰਨ ਬਣ ਜਾਂਦਾ ਹੈ।

ਇਸ ਤੋਂ ਪਤਾ ਇਹ ਲੱਗਦਾ ਹੈ ਕਿ ਕਿਸੇ ਵੀ ਜੀਵ ਦੇ ਸ਼ਰੀਰ ਅਤੇ ਮਨ ਤੋਂ ਸਭ ਤੋਂ ਉੱਪਰ ਦਿਮਾਗ ਹੈ।ਅਤੇ ਇਸ ਦਿਮਾਗ ਦਾ ਸੁਭਾਅ ਕਿਵੇਂ ਤੈਅ ਹੁੰਦਾ ਹੈ? ਬੁੱਧੀ ਵਿੱਚ ਹੋਣ ਵਾਲੇ ਵਿਚਾਰ ਤੋਂ। ਇਸਦਾ ਮਤਲਬ ਇਹ ਹੈ ਕਿ ਕਿਸੇ ਵੀ ਵਿਅਕਤੀ ਦੇ ਖਾਨਦਾਨੀ ਸੁਭਾਅ ਨੂੰ ਉਸਦੀ ਬੁੱਧੀ , ਉਸਦਾ ਵਿਵੇਕ ਬਦਲ ਸਕਦਾ ਹੈ।ਇਸਦਾ ਮਤਲਬ ਇਹ ਹੈ ਕਿ ਸਾਡੇ ਵਰਤਾਉ, ਸਾਡੇ ਕਰਮ ਉੱਪਰ ਸਾਡਾ ਵੱਸ ਹੈ। ਚਾਹੇ ਦੁਨੀਆ ਭਰ ਤੇ ਨਾ ਵੀ ਹੋਵੇ ਪਰ ਆਪਣੇ ਸੁਭਾਅ ਨੂੰ ਤਾਂ ਅਸੀਂ ਬਦਲ ਹੀ ਸਕਦੇ ਹਾਂ, ਆਪਣੀ ਬੁੱਧੀ ਵਿੱਚ ਬਾਰੀਕ ਬਦਲਾਅ ਕਰਕੇ। ਇਸਦੇ ਲਈ ਸਾਨੂੰ ਦਿਮਾਗ ਦੀ ਰੂਪ-ਰੇਖਾ ਉੱਪਰ ਇੱਕ ਨਜਰ ਦੌੜਾਉਣੀ ਹੋਵੇਗੀ।

ਸਾਡੇ ਦਿਮਾਗ ਦੇ ਦੋ ਵਿਭਿੰਨ ਅੰਸ਼ ਹਨ- ਚੇਤਨ ਅਤੇ ਅਵਚੇਤਨ। ਦੋਵੇਂ ਹੀ ਅਲੱਗ-ਅਲੱਗ ਉਦੇਸ਼ਾਂ ਦੇ ਲਈ ਜਿੰਮੇਦਾਰ ਹਨ ਅਤੇ ਦੋਵਾਂ ਦੇ ਸਿੱਖਣ ਦੇ ਤਰੀਕੇ ਵੀ ਅਲੱਗ-ਅਲੱਗ ਹਨ। ਦਿਮਾਗ ਦਾ ਚੇਤਨ ਭਾਗ ਸਾਨੂੰ ਖ਼ਾਸ ਬਣਾਉਂਦਾ ਹੈ, ਉਹੀ ਸਾਡੀ ਵਿਸ਼ੇਸ਼ਤਾ ਹੈ। ਇਸਦੀ ਵਜ੍ਹਾ ਨਾਲ ਇੱਕ ਵਿਅਕਤੀ ਕਿਸੇ ਦੂਸਰੇ ਵਿਅਕਤੀ ਤੋਂ ਅਲੱਗ ਹੁੰਦਾ ਹੈ। ਸਾਡਾ ਕੁੱਝ ਅਲੱਗ ਜਿਹਾ ਸੁਭਾਅ, ਸਾਡੀ ਕੁੱਝ ਅਨੋਖੀ ਸਿਰਜਣਾਤਮਕ ਸ਼ਕਤੀ, ਇਹ ਸਭ ਦਿਮਾਗ ਦੇ ਇਸੀ ਹਿੱਸੇ ਤੋਂ ਸੰਚਾਲਿਤ ਹੁੰਦਾ ਹੈ, ਤੈਅ ਹੁੰਦਾ ਹੈ। ਹਰ ਵਿਅਕਤੀ ਦੀ ਚੇਤਨ ਰਚਨਾਤਮਕਤਾ ਹੀ ਉਸਦੀ ਮਨੋਕਾਮਨਾ, ਉਸਦੀ ਇੱਛਾ ਅਤੇ ਅਭਿਲਾਸ਼ਾ ਤੈਅ ਕਰਦੀ ਹੈ।

ਇਸਦੇ ਉਲਟ ਦਿਮਾਗ ਦਾ ਅਵਚੇਤਨ ਹਿੱਸਾ ਇੱਕ ਤਾਕਤਵਰ ਪ੍ਰਤੀਧਵਨੀ (ਗੂੰਜ) ਯੰਤਰ ਜਿਹਾ ਹੀ ਹੈ।ਇਹ ਹੁਣ ਤੱਕ ਦੇ ਰਿਕਾਰਡ ਕੀਤੇ ਹੋਏ ਅਨੁਭਵ ਦੁਹਰਾਉਂਦਾ ਰਹਿੰਦਾ ਹੈ। ਇਸ ਵਿੱਚ ਰਚਨਾਤਮਕਤਾ ਨਹੀਂ ਹੁੰਦੀ। ਇਹ ਉਹਨਾਂ ਸਵੈ-ਚਾਲਿਤ ਕ੍ਰਿਆਵਾਂ ਅਤੇ ਉਸ ਸਹਿਜ ਸੁਭਾਅ ਨੂੰ ਨਿਯੰਤ੍ਰਿਤ ਕਰਦਾ ਹੈ ਜੋ ਦੁਹਰਾ-ਦੁਹਰਾ ਕੇ, ਸਾਡੀ ਆਦਤ ਦਾ ਇੱਕ ਹਿੱਸਾ ਬਣ ਚੁੱਕਿਆ ਹੈ। ਇਹ ਜਰੂਰੀ ਨਹੀਂ ਹੈ ਕਿ ਅਵਚੇਤਨ ਦਿਮਾਗ ਦੀਆਂ ਆਦਤਾਂ ਅਤੇ ਪ੍ਰਤੀਕ੍ਰਿਆਵਾਂ ਸਾਡੀਆਂ ਮਨੋਕਾਮਨਾਵਾਂ ਜਾਂ ਸਾਡੀ ਪਹਿਚਾਣ ਉੱਪਰ ਆਧਾਰਿਤ ਹੋਣ।

ਦਿਮਾਗ ਦਾ ਇਹ ਹਿੱਸਾ ਆਪਣੇ ਸਬਕ ਜਨਮ ਤੋਂ ਥੋੜ੍ਹਾ ਪਹਿਲਾਂ, ਮਾਂ ਦੇ ਪੇਟ ਵਿੱਚ ਹੀ ਸਿੱਖਣਾ ਸ਼ੁਰੂ ਕਰ ਦਿੰਦਾ ਹੈ।ਇੱਥੋਂ ਲੈ ਕੇ ਸੱਤ ਸਾਲ ਦੀ ਉਮਰ ਤੱਕ ਉਹ ਸਾਰੇ ਕਰਮ ਅਤੇ ਆਚਰਣ, ਜੋ ਭਾਵੀ ਜੀਵਨ ਦੇ ਲਈ ਮੂਲ ਹਨ, ਉਹਨਾਂ ਨੂੰ ਸਾਡੇ ਦਿਮਾਗ ਦਾ ਇਹ ਅਵਚੇਤਨ ਹਿੱਸਾ ਸਿੱਖ ਲੈਂਦਾ ਹੈ।ਫਿਰ ਤੋਂ ਦੁਹਰਾ ਲਉ ਕਿ ਸੱਤ ਸਾਲ ਦੀ ਉਮਰ ਆਉਂਦੇ-ਆਉਂਦੇ ਅਵਚੇਤਨ ਦਿਮਾਗ ਬਹੁਤ ਕੁੱਝ ਸਿੱਖ ਚੁੱਕਿਆ ਹੁੰਦਾ ਹੈ। ਕਿਵੇਂ? ਮਾਤਾ-ਪਿਤਾ, ਭਰਾ-ਭੈਣ, ਪਰਿਵਾਰ-ਕੁਨਬਾ ਅਤੇ ਆਂਢ-ਗੁਆਂਢ ਦੇ ਆਚਰਣ ਦੀ ਨਕਲ ਕਰਕੇ।

ਮਾਂ ਦੇ ਪੇਟ ਤੋਂ ਲੈ ਕੇ ਸੱਤ ਸਾਲ ਦੀ ਉਮਰ ਤੱਕ ਏਨਾ ਕੁੱਝ ਸਿੱਖਣ ਦੇ ਲਈ ਦਿਮਾਗ ਦਾ ਅਵਚੇਤਨ ਭਾਗ ਜਿਸ ਤਰੰਗ, ਜਿਸ ਆਯਾਮ ਤੇ ਚਲਦਾ ਹੈ, ਉਹ ਸੰਮੋਹਨ ਦਾ ਆਯਾਮ ਹੈ। ਸੰਮੋਹਨ ਦੀ ਵਜ੍ਹਾ ਨਾਲ ਸ਼ਿਸ਼ੂ ਦੂਸਰਿਆਂ ਦੀ ਨਕਲ ਨਾਲ ਕਈ ਗੱਲਾਂ-ਬਾਤਾਂ ਸਿੱਖ ਲੈਂਦਾ ਹੈ। ਇਹ ਅਕਰਮਕ ਸਿੱਖਿਆ ਹੈ ਜਿਸਦੇ ਲਈ ਚੇਤਨਾ ਦੀ ਜਰੂਰਤ ਨਹੀਂ ਹੁੰਦੀ। ਸ਼ਿਸ਼ੂ ਸੰਮੋਹਨ ਦੇ ਦੁਆਰਾ ਹਜ਼ਾਰਾਂ ਆਚਰਣ ਦੇ ਨਿਯਮ ਸਿੱਖ ਲੈਂਦਾ ਹੈ ਜੋ ਉਸਦੇ ਰੋਜ਼ਾਨਾ ਦੇ ਜੀਵਨ ਅਤੇ ਉਸ ਵਿਸ਼ੇਸ਼ ਸਮਾਜ ਵਿੱਚ ਰਹਿ ਸਕਣ ਦੇ ਲਈ ਜਰੂਰੀ ਹੁੰਦੇ ਹਨ। ਹਰ ਸਮਾਜ ਦੇ ਨਿਯਮ ਅਲੱਗ ਹੁੰਦੇ ਹਨ ਅਤੇ ਇਸਲਈ ਹਰ ਸਮਾਜ ਦੇ ਸ਼ਿਸ਼ੂ ਉਹਨਾਂ ਤੋਂ ਹੀ ਅਲੱਗ-ਅਲੱਗ ਸਿੱਖਿਆ ਪਾਉਂਦੇ ਹਨ।

ਮਨੋਵਿਗਿਆਨਕਾਂ ਨੂੰ ਪਤਾ ਚੱਲਿਆ ਹੈ ਕਿ ਸੱਤ ਸਾਲ ਤੱਕ ਅਵਚੇਤਨ ਅਵਸਥਾ ਵਿੱਚ ਸੰਮੋਹਨ ਤੋਂ ਸਿੱਖੀਆਂ ਗੱਲਾਂ ਵਿੱਚੋਂ ਲਗਭਗ 70 ਪ੍ਰਤੀਸ਼ਤ ਨਕਾਰਾਤਮਕ ਹੁੰਦੀਆਂ ਹਨ। ਇਹਨਾਂ ਵਿੱਚੋਂ ਕਈ ਵਿਨਾਸ਼ਕ ਵੀ ਹੁੰਦੀਆਂ ਹਨ ਅਤੇ ਸਾਡੀ ਵਿਅਕਤੀਗਤ ਸਮਰੱਥਾ ਨੂੰ ਕਮਜ਼ੋਰ ਕਰਦੀਆਂ ਹਨ।

ਜੇਕਰ ਸਾਡੇ ਜੀਵਨ ਅਤੇ ਸ਼ਰੀਰ ਉੱਪਰ ਦਿਮਾਗ ਦਾ ਵੱਸ ਚਲਦਾ ਹੈ ਤਾਂ ਫਿਰ ਅਜਿਹਾ ਕਿਉਂ ਹੈ ਕਿ ਜ਼ਿਆਦਾਤਰ ਲੋਕ ਆਪਣੀਆਂ ਉਮੀਦਾਂ ਦੇ ਆਧਾਰ ਤੇ ਆਪਣਾ ਜੀਵਨ ਚਲਾਊਣ ਵਿੱਚ ਅਸਮਰੱਥ ਹੁੰਦੇ ਹਨ? ਇਸਦਾ ਕਾਰਨ ਇਹ ਭੁਲੇਖਾ ਹੈ ਕਿ ਅਸੀਂ ਆਪਣੇ ਜੀਵਨ ਉੱਪਰ ਨਿਯੰਤ੍ਰਣ ਆਪਣੇ ਦਿਮਾਗ ਦੇ ਚੇਤਨ ਭਾਗ ਤੋਂ ਰੱਖਦੇ ਹਾਂ। ਇਹ ਸੱਚਾਈ ਦੇ ਠੀਕ ਉਲਟ ਹੈ। ਮਨੋਵਿਗਿਆਨ ਅਤੇ ਤੰਤ੍ਰਿਕਾਵਿਗਿਆਨ ਇਹ ਸਿੱਧ ਕਰ ਚੁੱਕੇ ਹਨ ਕਿ ਸਾਡੇ ਬੋਧ ਦੀਆਂ ਕੇਵਲ 1 ਤੋਂ 5 ਪ੍ਰਤੀਸ਼ਤ ਕ੍ਰਿਆਵਾਂ ਸਾਡੇ ਚੇਤਨ ਦਿਮਾਗ ਤੋਂ ਹੁੰਦੀਆਂ ਹਨ। ਸਾਡੇ ਆਚਰਣ ਅਤੇ ਕਰਮ ਵਿੱਚ 95-99 ਪ੍ਰਤੀਸ਼ਤ ਕ੍ਰਿਆਵਾਂ ਸਾਡੇ ਅਵਚੇਤਨ ਦਿਮਾਗ ਤੋਂ ਚਲਦੀਆਂ ਹਨ।ਉਸ ਹਿੱਸੇ ਤੋਂ ਜੋ ਸੰਮੋਹਨ ਤੋਂ ਬਣਿਆ ਹੈ।

ਅਜਿਹਾ ਕਿਉਂ ਹੈ? ਜਵਾਬ ਚੇਤਨ ਦਿਮਾਗ ਦੇ ਸੁਭਾਅ ਵਿੱਚ ਮਿਲਦਾ ਹੈ। ਇਹ ਹਿੱਸਾ ਸੋਚ ਸਕਦਾ ਹੈ, ਵਿਚਾਰ ਕਰ ਸਕਦਾ ਹੈ। ਜਦ ਚੇਤਨ ਹਿੱਸਾ ਵਿਚਾਰ ਵਿੱਚ ਮਗਨ ਹੁੰਦਾ ਹੈ ਤਦ ਉਸਨੂੰ ਤਤਕਾਲਿਕ ਪਰਿਸਥਿਤੀਆਂ ਦਾ ਬੋਧ ਨਹੀਂ ਰਹਿੰਦਾ। ਜਦ ਚੇਤਨਾ ਕਿਸੇ ਗੱਲ ਉੱਪਰ ਵਿਚਾਰ ਕਰ ਰਹੀ ਹੁੰਦੀ ਹੈ ਉਦੋਂ ਸ਼ਰੀਰ ਅਤੇ ਜੀਵਨ ਚਲਾਉਣ ਦੀ ਕਮਾਨ ਅਵਚੇਤਨ ਦਿਮਾਗ ਕੋਲ ਚਲੀ ਜਾਂਦੀ ਹੈ। ਇਹ ਸਾਡੇ ਦਿਮਾਗ ਦਾ ਉਹ ਹਿੱਸਾ ਹੈ ਜੋ ਦੂਸਰਿਆਂ ਦੀ ਨਕਲ ਕਰਨ ਕਰਕੇ ਬਣਿਆ ਹੈ। ਸੰਮੋਹਨ ਤੋਂ ਬਣਿਆ ਹੈ। ਚੇਤਨ ਅਵਸਥਾ ਵਿੱਚ ਵਿਚਾਰ ਕਰਨ ਵਾਲੇ ਦਿਮਾਗ ਨੂੰ ਉਹਨਾਂ ਆਦਤਾਂ ਦਾ ਬੋਧ ਨਹੀਂ ਹੁੰਦਾ ਜੋ ਦੂਸਰਿਆਂ ਦੀ ਨਕਲ ਤੋਂ ਬਣਿਆ ਹੈ।

ਹੁਣ ਕਿਉਂਕਿ ਸਾਡਾ ਆਚਰਣ ਜ਼ਿਆਦਾਤਰ ਅਵਚੇਤਨ ਦਿਮਾਗ ਤੋਂ ਨਿਰਧਾਰਿਤ ਹੁੰਦਾ ਹੈ, ਅਤੇ ਅਵਚੇਤਨ ਦਿਮਾਗ ਦਾ ਜ਼ਿਆਦਾਤਰ ਵਿਵਹਾਰ ਨਕਾਰਾਤਮਕ ਅਤੇ ਦੁਰਬਲ ਬਣਾਉਣ ਵਾਲਾ ਮੰਨਿਆ ਗਿਆ ਹੈ, ਤਾਂ ਅਸੀਂ ਬੇਸੁਧੀ ਵਿੱਚ ਆਪਣਾ ਨੁਕਸਾਨ ਕਰਦੇ ਹਾਂ। ਅਜਿਹਾ ਕੰਮ ਕਰਦੇ ਹਾਂ ਜੋ ਖ਼ੁਦ ਸਾਨੂੰ ਬਰਬਾਦ ਕਰਦਾ ਹੈ। ਆਪਣੇ ਅਵਚੇਤਨ ਦਿਮਾਗ ਦੇ ਖਰੂਦ ਤੋਂ ਬੇਖਬਰ ਅਸੀਂ ਆਪਣੇ ਆਪ ਨੂੰ ਪਰਿਸਥਿਤੀਆਂ ਦੇ ਅੱਗੇ ਮਜਬੂਰ ਮਹਿਸੂਸ ਕਰਦੇ ਹਾਂ। ਆਪਣੀਆਂ ਸਾਰੀਆਂ ਕਮੀਆਂ ਜਾਂ ਖੋਟ ਦਾ ਠੀਕਰਾ ਦੂਸਰਿਆਂ ਦੇ ਮੱਥੇ ਫੋੜਦੇ ਹਾਂ।

ਘੱਟ ਉਮਰ ਵਿੱਚ ਵਿਕਸਿਤ ਅਵਚੇਤਨ ਦਿਮਾਗ ਦਾ ਸਾਡੇ ਜੀਵਨ ਉੱਪਰ ਅਸਰ ਬਿਲਕੁਲ ਹਾਲ ਹੀ ਵਿੱਚ ਸਮਝ ਆਇਆ ਹੋਵੇ, ਅਜਿਹਾ ਨਹੀਂ ਹੈ। ਕੋਈ 500 ਸਾਲ ਤੋਂ ਈਸਾਈਆਂ ਦੇ ਜੇਸੁਇਟ ਪੰਥ ਵਿੱਚ ਇਹ ਕਿਹਾ ਜਾਂਦਾ ਰਿਹਾ ਹੈ ਕਿ ਕਿਸੇ ਵੀ ਬਾਲਕ ਨੂੰ ਸਾਨੂੰ 6-7 ਸਾਲ ਦੀ ਉਮਰ ਤੱਕ ਲਈ ਦੇ ਦਿਉ। ਫਿਰ ਉਹ ਵੱਡਾ ਹੋ ਕੇ ਜੀਵਨ ਭਰ ਚਰਚ ਦਾ ਹੀ ਬਣਿਆ ਰਹੇਗਾ। ਜੇਸੁਇਟ ਪਾਦਰੀਆਂ ਦੇ ਖੋਲੇ ਹੋਏ ਸਕੂਲ ਦੁਨੀਆ ਭਰ ਵਿੱਚ ਖੂਬ ਚੱਲੇ ਹਨ, ਭਾਰਤ ਵਿੱਚ ਵੀ। ਉਹਨਾਂ ਨੂੰ ਪਤਾ ਸੀ ਕਿ ਪਹਿਲੇ ਸੱਤ ਸਾਲਾਂ ਵਿੱਚ ਸਿਖਾਇਆ ਗਿਆ ਕਿਸੇ ਵਿਅਕਤੀ ਦੀ ਜੀਵਨ ਰਾਹ ਤੈਅ ਕਰ ਸਕਦਾ ਹੈ। ਉਸ ਵਿਅਕਤੀ ਦੀਆਂ ਕਾਮਨਾਵਾਂ ਅਤੇ ਇੱਛਾਵਾਂ ਚਾਹੇ ਕੁੱਝ ਹੋਰ ਵੀ ਹੋਣ ਤਾਂ ਵੀ ਉਹ ਉਸ ਦੌਰ ਨੂੰ ਨਹੀਂ ਭੁੱਲ ਸਕਦਾ। ਦੁਨੀਆ ਉੱਪਰ ਪ੍ਰਭਾਵ ਰੱਖਣ ਵਾਲੀਆਂ ਕਈ ਤਾਕਤਾਂ ਨੂੰ ਇਸਦਾ ਪਤਾ ਸੀ, ਕਿਸੇ ਨਾ ਕਿਸੇ ਰੂਪ ਵਿੱਚ।

ਕੀ ਅਸੀਂ ਇਹ ਮੰਨ ਲਈਏ ਕਿ ਨਾਕਾਰਾਤਮਕ ਗੱਲਾਂ ਨਾਲ ਭਰੇ ਸਾਡੇ ਇਸ ਅਵਚੇਤਨ ਦਿਮਾਗ ਤੋਂ ਸਾਨੂੰ ਆਜ਼ਾਦੀ ਮਿਲ ਹੀ ਨਹੀਂ ਸਕਦੀ? ਅਜਿਹਾ ਨਹੀਂ ਹੈ। ਇਸ ਤਰ੍ਹਾ ਦੀ ਆਜ਼ਾਦੀ ਦਾ ਅਹਿਸਾਸ ਹਰ ਕਿਸੇ ਨੂੰ ਕਦੇ ਨਾ ਕਦੇ ਜਰੂਰ ਹੁੰਦਾ ਹੈ। ਇਸਦਾ ਇੱਕ ਉਦਾਹਰਣ ਹੈ ਪ੍ਰੇਮ ਦੀ ਮਾਨਸਿਕ ਅਵਸਥਾ। ਪ੍ਰੇਮ ਵਿੱਚ, ਸਨੇਹ ਵਿੱਚ ਡੁੱਬੇ ਵਿਅਕਤੀ ਦੀ ਸਿਹਤ ਕੁੱਝ ਅਲੱਗ ਹੀ ਚਮਕਦੀ ਹੋਈ ਦਿਖਾਈ ਦਿੰਦੀ ਹੈ, ਉਸ ਵਿੱਚ ਊਰਜਾ ਦਿਖਦੀ ਹੈ।

ਵਿਗਿਆਨਕਾਂ ਨੂੰ ਹਾਲ ਹੀ ਵਿੱਚ ਪਤਾ ਚੱਲਿਆ ਹੈ ਕਿ ਜੋ ਲੋਕ ਰਚਨਾਤਮਕ ਢੰਗ ਨਾਲ ਸੋਚਣ ਦੀ ਅਵਸਥਾ ਵਿੱਚ ਹੁੰਦੇ ਹਨ, ਆਨੰਦ ਵਿੱਚ ਰਹਿੰਦੇ ਹਨ, ਉਹਨਾਂ ਦਾ ਚੇਤਨ ਦਿਮਾਗ 90 ਪ੍ਰਤੀਸ਼ਤ ਸਮੇਂ ਸਜਗ ਰਹਿੰਦਾ ਹੈ। ਚੇਤਨ ਅਵਸਥਾ ਵਿੱਚ ਲਏ ਗ਼ੈਸਲੇ ਅਤੇ ਹੋਏ ਅਨੁਭਵ ਕਿਸੇ ਵੀ ਵਿਅਕਤੀ ਦੀਆਂ ਮਨੋਕਾਮਨਾਵਾਂ ਅਤੇ ਅਭਿਲਾਸ਼ਾਵਾਂ ਦੇ ਅਨੁਰੂਪ ਹੁੰਦੇ ਹਨ।ਤਦ ਦਿਮਾਗ ਆਪਣੇ ਅਵਚੇਤਨ ਦੇ ਪ੍ਰਤਿਬੰਧਕ ਰਸਤੇ ਉੱਪਰ ਵਾਰ-ਵਾਰ ਵਾਪਸ ਨਹੀਂ ਆਉਂਦਾ ਹੈ। ਪ੍ਰੰਤੂ ਇਹ ਰਚਨਾਤਮਕ ਅਵਸਥਾ ਸਦਾ ਨਹੀਂ ਰਹਿੰਦੀ। ਜਲਦੀ ਹੀ ਅਵਚੇਤਨ ਕਮਾਨ ਤੇ ਵਾਪਸ ਆ ਜਾਂਦਾ ਹੈ।

ਦਿਮਾਗ ਦਾ ਅਵਚੇਤਨ ਭਾਗ ਜੇਕਰ ਨਵੇਂ ਸਿਰੇ ਤੋਂ, ਨਵੇਂ ਭਾਵ ਤੋਂ ਸਕਾਰਾਤਮਕ ਆਦਤਾਂ ਚੇਤਨ ਹਿੱਸੇ ਤੋਂ ਸਿੱਖ ਸਕੇ ਤਾਂ ਇਸ ਸਮੱਸਿਆ ਦਾ ਹੱਲ ਨਿਕਲ ਆਵੇਗਾ। ਇਹ ਸੰਭਵ ਹੈ। ਇਸਦੇ ਚਾਰ ਸਿੱਧ ਤਰੀਕੇ ਹਨ_ ਇੱਕ, ਸੰਮੋਹਨ ਦੁਆਰਾ, ਜਿਵੇਂ ਕਿ ਸੱਤ ਸਾਲ ਦੀ ਉਮਰ ਤੋਂ ਪਹਿਲਾਂ ਅਵਚੇਤਨ ਦਿਮਾਗ ਸਿੱਖਦਾ ਹੈ। ਦੋ, ਨਵੀਆਂ ਆਦਤਾਂ ਵਾਰ-ਵਾਰ ਦੁਹਰਾਉਣ ਨਾਲ, ਜੋ ਸੱਤ ਸਾਲ ਦੀ ਉਮਰ ਤੋਂ ਬਾਅਦ ਅਵਚੇਤਨ ਦਿਮਾਗ ਦੇ ਸਿੱਖਣ ਦਾ ਇੱਕ ਮਾਤਰ ਸਹਿਜ ਤਰੀਕਾ ਹੈ।

ਤਿੰਨ, ਜਦ ਕੋਈ ਵਿਅਕਤੀ ਕਿਸੇ ਘੋਰ ਸੰਕਟ ਵਿੱਚੋਂ ਲੰਘਦਾ ਹੈ ਜਾਂ ਕੋਈ ਸਦਮਾ ਲੱਗਦਾ ਹੈ, ਤਦ ਅਵਚੇਤਨ ਨਵੇਂ ਸਿਰੇ ਤੋਂ ਸਬਕ ਸਿੱਖਣ ਲੱਗਦਾ ਹੈ, ਜਿਵੇਂ ਕੋਈ ਦੁਰਘਟਨਾ ਜਾਂ ਕਿਸੇ ਗੰਭੀਰ ਬਿਮਾਰੀ ਦਾ ਹੋਣਾ ਜਾਂ ਕਿਸੇ ਪਿਆਰੇ ਦੀ ਮੌਤ ਹੋ ਜਾਣਾ। ਚਾਰ, ਅੱਜ ਕੱਲ੍ਹ ਕੁੱਝ ਅਜਿਹੀਆਂ ਚਿਕਿਤਸਾ ਪਦਤੀਆਂ ਆਈਆਂ ਹਨ ਜੋ ਅਵਚੇਤਨ ਉੱਪਰ ਹੀ ਕੰਮ ਕਰਦੀਆਂ ਹਨ। ਇਹਨਾਂ ਵਿੱਚੋਂ ਕੁੱਝ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਦੀ ਪੁਰਾਣੀ, ਪ੍ਰੰਪਰਾਗਤ ਚਿਕਿਤਸਾ ਪੱਦਤੀਆਂ ਦੇ ਸਹਾਰੇ ਖੜ੍ਹੀਆਂ ਹਨ। ਇਹਨਾਂ ਵਿੱਚੋਂ ਇੱਕ ਦਾ ਨਾਮ ਹੈ ‘ਐਨਰਜੀ ਸਾਈਕੋਲੌਜੀ'।

ਏਪੀਜੇਨੇਟਿਕਸ ਹੁਣ ਉਪਚਾਰ ਦੇ ਅਜਿਹੇ ਤਰੀਕਿਆਂ ਉੱਪਰ ਬਲ ਦਿੰਦੀ ਹੈ ਜੋ ਨਿਯਤੀ ਨੂੰ ਕੋਸਣ ਦੀ ਬਜਾਏ ਸਮੱਸਿਆਵਾਂ ਦੇ ਹੱਲ ਆਪਣੇ ਆਚਰਣ, ਆਪਣੇ ਦਿਮਾਗ ਵਿੱਚ ਲੱਭਦੇ ਹਨ। ਇਹ ਸਵੈ-ਮੁਲਾਕਾਤ ਆਤਮਗਿਆਨ ਦੇ ਰਸਤੇ ਵੱਲ ਇਸ਼ਾਰਾ ਕਰਦੀ ਹੈ।

ਅਮਰੀਕਾ ਦੇ ਪ੍ਰਸਿੱਧ ਵਿਗਿਆਨਕ ਸ਼੍ਰੀ ਬਰੂਸ ਲਿਪਟਨ ਦਾ ਕੰਮ ਜੀਵ ਵਿਕਾਸ ਉੱਪਰ ਰਿਹਾ ਹੈ। ਉਹ ਇਸ ਬਾਰੀਕ ਵਿਸ਼ੇ ਉੱਪਰ ਚਾਰ ਕਿਤਾਬਾਂ ਲਿਖ ਚੁੱਕੇ ਹਨ। ਜਗ੍ਹਾ-ਜਗ੍ਹਾ ਇਸ ਵਿਸ਼ੇ ਉੱਪਰ ਬੋਲਣ ਲਈ ਉਹਨਾਂ ਨੂੰ ਬੁਲਾਇਆ ਜਾਂਦਾ ਹੈ।

ਇੰਗਲੈਂਡ ਵਿੱਚ ਪ੍ਰਕਾਸ਼ਿਤ “ਰਿਸਰਜਨਸ' ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਇਸ ਲੇਖ ਦਾ ਅਨੁਵਾਦ ਸੋਪਾਨ ਜੋਸ਼ੀ ਨੇ ਕੀਤਾ ਹੈ।

ਗਾਂਧੀ ਮਾਰਗ ਵਿੱਚੋਂ ਧੰਨਵਾਦ ਸਹਿਤ

Path Alias

/articles/atamagaiana-vahla-laai-jaandaa-vaigaiana

Post By: kvm
Topic
×