ਮਾੜਾ ਸਮਾਂ ਆ ਗਿਆ ਸੀ।
ਭੋਪਾ ਹੁੰਦੇ ਤਾਂ ਜ਼ਰੂਰ ਦੱਸਦੇ ਕਿ ਤਾਲਾਬਾਂ ਲਈ ਮਾੜਾ ਸਮਾਂ ਆ ਗਿਆ ਹੈ। ਜਿਹੜੀਆਂ ਸਹਿਜ, ਸਰਲ, ਰਸਭਰੀਆਂ ਪ੍ਰੰਪਰਾਵਾਂ, ਮਾਨਤਾਵਾਂ ਤਾਲਾਬ ਬਣਾਉਂਦੀਆਂ ਸਨ, ਉਹ ਸਭ ਸੁੱਕਣ ਲੱਗ ਪਈਆਂ ਸਨ।
ਦੂਰੀ ਭਾਵੇਂ ਇੱਕ ਛੋਟਾ ਜਿਹਾ ਸ਼ਬਦ ਹੈ, ਪਰ ਰਾਜ ਅਤੇ ਸਮਾਜ ਦੇ ਵਿੱਚ ਇਸ ਸ਼ਬਦ ਦੇ ਆਉਣ ਤੋਂ ਬਾਅਦ ਸਮਾਜ ਦਾ ਕਸ਼ਟ ਕਿੰਨਾ ਵਧ ਜਾਂਦਾ ਹੈ, ਇਸ ਦਾ ਕੋਈ ਹਿਸਾਬ ਨਹੀਂ। ਫੇਰ ਜਦੋਂ ਇਹ ਦੂਰੀ ਇੱਕ ਤਾਲਾਬ ਦੀ ਨਾ ਹੋ ਕੇ ਸੱਤ ਸਮੁੰਦਰ ਪਾਰ ਦੀ ਹੋ ਜਾਵੇ ਤਾਂ ਕਹਿਣ ਵਾਲੀ ਗੱਲ ਭਲਾ ਕੀ ਰਹਿ ਜਾਂਦੀ ਹੈ!
ਅੰਗਰੇਜ਼ ਸੱਤ ਸਮੁੰਦਰ ਪਾਰੋਂ ਆਏ ਸਨ ਅਤੇ ਆਪਣੇ ਸਮਾਜ ਦੇ ਤਜਰਬੇ ਲੈ ਕੇ ਆਏ ਸਨ। ਉੱਥੇ ਵਰਗਾਂ ਵਿੱਚ ਟਿਕਿਆ ਸਮਾਜ ਸੀ, ਜਿੱਥੇ ਸੁਆਮੀ ਅਤੇ ਦਾਸ ਦੇ ਸਬੰਧ ਸਨ। ਉੱਥੇ ਰਾਜ ਹੀ ਫ਼ੈਸਲਾ ਕਰਦਾ ਸੀ ਕਿ ਸਮਾਜ ਦਾ ਹਿੱਤ ਕਿਸ ਗੱਲ ਵਿੱਚ ਹੈ। ਇੱਥੇ ਜਾਤ ਦਾ ਸਮਾਜ ਸੀ। ਰਾਜਾ ਜ਼ਰੂਰ ਸਨ, ਪਰ ਰਾਜਾ ਅਤੇ ਪਰਜਾ ਦੇ ਸੰਬੰਧ ਅੰਗਰੇਜ਼ਾਂ ਨਾਲੋਂ ਵੱਖਰੇ ਸਨ। ਇੱਥੇ ਸਮਾਜ ਆਪਣਾ ਹਿੱਤ ਖ਼ੁਦ ਤੈਅ ਕਰਦਾ ਸੀ ਅਤੇ ਆਪਣੀ ਸ਼ਕਤੀ, ਤਾਕ+ਤ ਨਾਲ, ਆਪਣੇ ਏਕੇ ਨਾਲ ਪੂਰਾ ਕਰਦਾ ਸੀ। ਰਾਜਾ ਉਸ ਵਿੱਚ ਸਹਿਯੋਗੀ ਹੁੰਦਾ ਸੀ। ਪਾਣੀ ਦਾ ਪ੍ਰਬੰਧ, ਉਸਦੀ ਚਿੰਤਾ ਸਾਡੇ ਸਮਾਜ ਦੀ ਜ਼ਿੰਮੇਦਾਰੀ ਦੇ ਵਿਸ਼ਾਲ ਸਾਗਰ ਦੀ ਇੱਕ ਛੋਟੀ ਜਿਹੀ ਬੂੰਦ ਸੀ। ਸਾਗਰ ਅਤੇ ਬੂੰਦ ਇੱਕ ਦੂਜੇ ਨਾਲ ਜੁੜੇ ਸਨ। ਬੂੰਦਾਂ ਵੱਖ ਹੋ ਜਾਣ ਤਾਂ ਨਾ ਸਾਗਰ ਬਚਦਾ ਹੈ ਤੇ ਨਾ ਬੂੰਦਾਂ। ਅੰਗਰੇਜ਼ਾਂ ਨੂੰ ਨਾ ਸਾਗਰ ਦਿਸੇ ਨਾ ਉਸਦੀਆਂ ਬੂੰਦਾਂ। ਉਨ੍ਹਾਂ ਨੂੰ ਇੱਥੇ ਕਾਗ਼ਜ਼ੀ ਰਿਕਾਰਡ ਨਹੀਂ ਦਿਸੇ ਜਿਨ੍ਹਾਂ ਦੀ ਉਨ੍ਹਾਂ ਨੂੰ ਆਦਤ ਸੀ। ਇਸ ਲਈ ਉਨ੍ਹਾਂ ਇਹ ਮੰਨ ਹੀ ਲਿਆ ਕਿ ਜੋ ਕੁੱਝ ਵੀ ਕਰਨਾ ਹੈ ਉਨ੍ਹਾਂ ਨੇ ਹੀ ਕਰਨਾ ਹੈ। ਇੱਥੇ ਤਾਂ ਕੁੱਝ ਹੈ ਹੀ ਨਹੀਂ।ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਘੁੰਮ ਕੇ ਅੰਗਰੇਜ਼ਾਂ ਨੇ ਕਲਰਕਾਂ ਵਾਂਗ ਕੁੱਝ ਜਾਣਕਾਰੀਆਂ ਇਕੱਠੀਆਂ ਕੀਤੀਆਂ। ਇਨ੍ਹਾਂ ਜਾਣਕਾਰੀਆਂ ਵਿੱਚ ਸਾਗਰ ਅਤੇ ਉਸਦੀਆਂ ਬੂੰਦਾਂ ਦੇ ਰਹੱਸ ਨੂੰ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਸੀ। ਇਸੇ ਲਈ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਉੱਤੇ ਜਿਹੜੀਆਂ ਨੀਤੀਆਂ ਬਣੀਆਂ ਉਨ੍ਹਾਂ ਨੀਤੀਆਂ ਨੇ ਹੀ ਸਾਗਰ ਅਤੇ ਬੂੰਦਾਂ ਨੂੰ ਵੱਖ-ਵੱਖ ਕਰ ਦਿੱਤਾ।ਸੁਨਹਿਰਾ ਦੌਰ ਭਾਵੇਂ ਬੀਤ ਚੁੱਕਾ ਸੀ, ਪਰ ਅੰਗਰੇਜ਼ਾਂ ਤੋਂ ਬਾਅਦ ਵੀ ਪਤਨ ਦਾ ਦੌਰ ਸ਼ੁਰੂ ਨਹੀਂ ਸੀ ਹੋਇਆ। 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਜਦੋਂ ਇੱਥੇ ਘੁੰਮ ਫਿਰ ਰਹੇ ਸਨ, ਜਿਹੜਾ ਗਜ਼ਟੀਅਰ ਬਣਾ ਰਹੇ ਸਨ, ਉਸ ਵਿੱਚ ਕਈ ਥਾਂ ਛੋਟੇ-ਛੋਟੇ ਹੀ ਨਹੀਂ, ਸਗੋਂ ਵੱਡੇ-ਵੱਡੇ ਤਾਲਾਬਾਂ ਉੱਤੇ ਚੱਲ ਰਹੇ ਕੰਮਾਂ ਦਾ ਜ਼ਿਕਰ ਮਿਲਦਾ ਹੈ।
ਮੱਧ-ਪ੍ਰਦੇਸ਼ ਦੇ ਦੁਰਗ ਅਤੇ ਰਾਜਨਾਂਦਗਾਓਂ ਵਰਗੇ ਖੇਤਰਾਂ ਵਿੱਚ ਸੰਨ 1907 ਤੱਕ ਵੀ 'ਬਹੁਤ ਸਾਰੇ ਵੱਡੇ-ਵੱਡੇ ਤਾਲਾਬ ਬਣ ਰਹੇ ਸਨ'। ਇਸ ਵਿੱਚ ਤਾਂਦੁਲਾ ਨਾਂ ਦਾ ਤਾਲਾਬ 11 ਵਰ੍ਹਿਆਂ ਦੀ ਮਿਹਨਤ ਨਾਲ ਤਿਆਰ ਹੋਇਆ ਸੀ। ਇਸ ਵਿੱਚ ਸਿੰਜਾਈ ਲਈ ਨਿੱਕਲੀਆਂ ਨਾਲਿਆਂ-ਨਹਿਰਾਂ ਦੀ ਲੰਬਾਈ 593 ਮੀਲ ਸੀ।
ਜਿਹੜੇ ਨਾਇਕ ਸਮਾਜ ਨੂੰ ਬਚਾ ਕੇ ਰੱਖਣ ਲਈ ਇਹ ਸਭ ਕੰਮ ਕਰਦੇ ਸਨ, ਉਨ੍ਹਾਂ ਦੇ ਮਨ ਵਿੱਚ ਸਮਾਜ ਨੂੰ ਤੋੜਨ ਵਾਲੀ ਪ੍ਰੰਪਰਾ ਕਿਵੇਂ ਵਸ ਸਕਦੀ ਸੀ। ਉਨ੍ਹਾਂ ਵੱਲੋਂ ਅੰਗਰੇਜ਼ਾਂ ਨੂੰ ਚੁਣੌਤੀਆਂ ਵੀ ਮਿਲੀਆਂ। ਸੈਂਸੀ, ਭੀਲ ਜਿਹੀਆਂ ਸਵੈਮਾਣ ਰੱਖਣ ਵਾਲੀਆਂ ਜਾਤਾਂ ਨੂੰ ਇਸੇ ਟਕਰਾਅ ਕਰਕੇ ਅੰਗਰੇਜ਼ੀ ਰਾਜ ਨੇ ਠੱਗ ਅਤੇ ਅਪਰਾਧੀ ਕਿਹਾ। ਹੁਣ ਜਦੋਂ ਸਭ ਕੁੱਝ ਅੰਗਰੇਜ਼ਾਂ ਨੇ ਹੀ ਕਰਨਾ ਸੀ ਤਾਂ ਪੁਰਾਣਾ ਤਾਂ ਸਭ ਕੁੱਝ ਟੁੱਟਣਾ ਹੀ ਸੀ। ਪੁਰਾਣੇ ਢਾਂਚੇ ਨੂੰ ਗ਼ਲਤ ਦੱਸਣਾ, ਉਸਨੂੰ ਦੁਤਕਾਰਨਾ ਕੋਈ ਬਹੁਤੀ ਸੋਚੀ-ਸਮਝੀ ਚਾਲ ਨਹੀਂ ਸੀ। ਉਹ ਤਾਂ ਇਸ ਨਵੀਂ ਸੋਚ ਦਾ ਸਹਿਜ ਸਿੱਟਾ ਸੀ, ਬਦਕਿ+ਸਮਤੀ ਤਾਂ ਇਹ ਹੈ ਕਿ ਇਹ ਨਵੀਂ ਸੋਚ ਸਾਡੇ ਸਮਾਜ ਦੇ ਉਨ੍ਹਾਂ ਲੋਕਾਂ ਦੇ ਦਿਮਾਗ਼ ਵਿੱਚ ਵੀ ਵਸ ਗਈ ਜਿਹੜੇ ਪੂਰੇ ਤਨ-ਮਨ ਨਾਲ ਅੰਗਰੇਜ਼ਾਂ ਦਾ ਵਿਰੋਧ ਕਰ ਰਹੇ ਸਨ ਅਤੇ ਪੂਰੇ ਤਨ-ਮਨ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਲੱਗੇ ਹੋਏ ਸਨ।
ਪਿਛਲੇ ਦੌਰ ਦੇ ਤਜਰਬੇਕਾਰ ਹੱਥ ਹੁਣ ਨਿਕੰਮੇ ਕਾਰੀਗਰਾਂ ਵਿੱਚ ਬਦਲ ਦਿੱਤੇ ਗਏ। ਅਜਿਹੇ ਬਹੁਤ ਲੋਕ ਜਿਹੜੇ ਗੁਣਾਂ ਦੀ ਖਾਣ ਸਨ, ਨਵੇਂ ਦੌਰ ਵਿੱਚ, ਅਨਪੜ੍ਹ, ਜਾਹਿਲ ਮੰਨ ਲਏ ਗਏ। ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ, ਸਮਾਜਕ ਸੰਸਥਾਵਾਂ ਦੀ ਇਹੋ ਬੇਸ਼ਰਮੀ ਅੱਜ ਵੀ ਜਾਰੀ ਹੈ।
ਉਸ ਗੁਣੀ ਸਮਾਜ ਦੇ ਹੱਥੋਂ ਪਾਣੀ ਦਾ ਕੰਮ ਕਿਵੇਂ ਖੋਹਿਆ ਗਿਆ ਇਸ ਦੀ ਝਲਕ ਉਦੋਂ ਦੇ ਮੈਸੂਰ ਰਾਜ ਵਿੱਚ ਦੇਖਣ ਨੂੰ ਮਿਲਦੀ ਹੈ।ਸੰਨ 1800 ਵਿੱਚ ਮੈਸੂਰ ਰਾਜ ਦੀਵਾਨ ਪੁਰਨੈਯਾ ਦੇਖਦੇ ਸਨ। ਉਸ ਸਮੇਂ ਰਾਜ ਭਰ ਵਿੱਚ 39,000 ਤਾਲਾਬ ਸਨ। ਕਿਹਾ ਜਾਂਦਾ ਸੀ ਕਿ ਜੇ ਕਿਸੇ ਪਹਾੜ ਉੱਤੇ ਵੀ ਇੱਕ ਬੂੰਦ ਡਿੱਗੇ ਤਾਂ ਉਸ ਬੂੰਦ ਨੂੰ ਸੰਭਾਲਣ ਦਾ ਇੰਤਜ਼ਾਮ ਦੋਹੇਂ ਪਾਸੇ ਹੁੰਦਾ ਸੀ। ਸਮਾਜ ਤੋਂ ਇਲਾਵਾ ਰਾਜ ਵੀ ਇੰਨੇ ਉਮਦਾ ਤਾਲਾਬਾਂ ਦੀ ਦੇਖ-ਰੇਖ ਵਾਸਤੇ ਹਰ ਸਾਲ ਕੁੱਝ ਕੁ ਲੱਖ ਰੁਪਏ ਖ਼ਰਚ ਕਰਦਾ ਸੀ।ਰਾਜ ਬਦਲਿਆ, ਅੰਗਰੇਜ਼ ਆਏ, ਸਭ ਤੋਂ ਪਹਿਲਾਂ ਉਨ੍ਹਾਂ ਇਹ 'ਫ਼ਿਜ਼ੂਲ ਖ਼ਰਚੀ' ਰੋਕੀ ਅਤੇ ਸੰਨ 1839 ਵਿੱਚ ਰਾਜ ਵੱਲੋਂ ਮਿਲਣ ਵਾਲੀ ਇਮਦਾਦ ਵੀ ਅੱਧੀ ਕਰ ਦਿੱਤੀ ਗਈ। ਅਗਲੇ 32 ਸਾਲਾਂ ਵਿੱਚ ਨਵੇਂ ਰਾਜ ਦੀ ਕੰਜੂਸੀ ਨੂੰ ਸਮਾਜ ਨੇ ਬੜੀ ਦਰਿਆ-ਦਿਲੀ ਨਾਲ ਢਕ ਕੇ ਰੱਖਿਆ। ਤਾਲਾਬ ਲੋਕਾਂ ਦੇ ਸਨ, ਰਾਜ ਤੋਂ ਮਿਲਣ ਵਾਲੀ ਮਦਦ ਘੱਲਣ ਦੇ ਬਾਵਜੂਦ, ਕਿਤੇ-ਕਿਤੇ ਬੰਦ ਹੋ ਜਾਣ ਉੱਤੇ ਵੀ ਸਮਾਜ ਤਾਲਾਬਾਂ ਦੀ ਸਾਂਭ-ਸੰਭਾਲ ਵਿੱਚ ਲੱਗਿਆ ਰਿਹਾ। ਹਜ਼ਾਰਾਂ ਸਾਲ ਪੁਰਾਣੀਆਂ ਯਾਦਾਂ ਐਵੇਂ ਹੀ ਨਹੀਂ ਮਿਟ ਜਾਂਦੀਆਂ। ਪਰ ਫੇਰ 32 ਵਰ੍ਹੇ ਬਾਅਦ 1863 ਵਿੱਚ ਉੱਥੇ ਪਹਿਲੀ ਵਾਰ ਪੀ.ਡਬਲਿਊ.ਡੀ. ਬਣਿਆ ਅਤੇ ਸਾਰੇ ਤਾਲਾਬ ਲੋਕਾਂ ਤੋਂ ਖੋਹ ਕੇ ਰਾਜ ਨੂੰ ਸੌਂਪ ਦਿੱਤੇ ਗਏ।
ਸਨਮਾਨ ਪਹਿਲਾਂ ਹੀ ਖੋਹ ਲਿਆ ਗਿਆ, ਫੇਰ ਪੈਸਾ, ਸਾਧਨ ਅਤੇ ਹੁਣ ਹੁਨਰ ਵੀ ਲੈ ਲਿਆ। ਸਨਮਾਨ, ਸਹੂਲਤ ਅਤੇ ਅਧਿਕਾਰਾਂ ਤੋਂ ਬਿਨਾਂ ਸਮਾਜ ਲਾਚਾਰ ਹੋਣ ਲੱਗਾ ਸੀ। ਅਜਿਹੇ ਹਾਲਾਤ ਵਿੱਚ ਉਸ ਤੋਂ ਸਿਰਫ਼ ਆਪਣਾ ਫ਼ਰਜ਼ ਨਿਭਾਉਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਸੀ?
ਮੈਸੂਰ ਦੇ 39,000 ਤਾਲਾਬਾਂ ਦੀ ਦੁਰਦਸ਼ਾ ਦਾ ਕਿੱਸਾ ਬੜਾ ਲੰਮਾ ਹੈ। ਪੀ. ਡਬਲਿਊ. ਡੀ. ਤੋਂ ਕੰਮ ਨਹੀਂ ਚੱਲਿਆ ਤਾਂ ਫੇਰ ਪਹਿਲੀ ਵਾਰ ਸਿੰਜਾਈ ਵਿਭਾਗ ਬਣਿਆ। ਉਸਨੂੰ ਤਾਲਾਬ ਦਾ ਕੰਮ ਦਿੱਤਾ ਗਿਆ। ਉਹ ਵੀ ਕੁੱਝ ਨਾ ਕਰ ਸਕਿਆ ਤਾਂ ਵਾਪਸ ਫੇਰ ਪੀ.ਡਬਲਿਊ.ਡੀ. ਨੂੰ। ਅੰਗਰੇਜ਼ ਮਹਿਕਮੇ ਬਦਲਦੇ ਗਏ, ਰਾਜ ਨੂੰ ਮਿਲਣ ਵਾਲਾ ਤਾਲਾਬ ਟੈਕਸ ਵਧਾਉਂਦੇ ਗਏ ਅਤੇ ਰੱਖ-ਰਖਾਅ ਲਈ ਮਿਲਣ ਵਾਲੇ ਪੈਸੇ ਵਿੱਚ ਕਟੌਤੀ ਕਰਦੇ ਗਏ। ਅੰਗਰੇਜ਼ ਇਸ ਕੰਮ ਲਈ ਚੰਦਾ ਤੱਕ ਮੰਗਣ ਲੱਗੇ, ਫੇਰ ਜਬਰਨ ਵਸੂਲੀ ਦੀ ਹੱਦ ਤੱਕ ਵੀ ਗਏ।
ਇੱਧਰ ਦਿੱਲੀ ਦੇ ਤਾਲਾਬਾਂ ਦੀ ਦੁਰਦਸ਼ਾ ਲਈ ਨਵੀਂ ਰਾਜਧਾਨੀ ਬਣਨ ਲੱਗੀ ਸੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇੱਥੇ 350 ਤਾਲਾਬ ਸਨ। ਇਨ੍ਹਾਂ ਨੂੰ ਵੀ ਟੈਕਸ ਦੇ ਨਫ਼ੇ-ਨੁਕਸਾਨ ਦੀ ਤੱਕੜੀ ਵਿੱਚ ਤੋਲਿਆ ਗਿਆ ਅਤੇ ਕਮਾਈ ਨਾ ਦੇ ਸਕਣ ਵਾਲੇ ਤਾਲਾਬ ਰਾਜ ਦੇ ਪੱਲੜੇ 'ਚੋਂ ਬਾਹਰ ਸੁੱਟ ਦਿੱਤੇ ਗਏ।
ਉਸੇ ਦੌਰ ਵਿੱਚ ਦਿੱਲੀ ਵਿੱਚ ਨਲਕੇ ਲੱਗਣ ਲੱਗ ਪਏ ਸਨ। ਇਸ ਦੇ ਵਿਰੋਧ ਵਿੱਚ ਇੱਕ ਹਲਕੀ ਜਿਹੀ ਸੁਰੀਲੀ ਆਵਾਜ਼ ਸੰਨ 1900 ਦੇ ਨੇੜੇ-ਤੇੜੇ ਵਿਆਹਾਂ ਦੇ ਮੌਕਿਆਂ ਉੱਤੇ ਗਾਈ ਜਾਣ ਲੱਗੀ। 'ਗਾਰਿਓਂ' (ਵਿਆਹ ਦੇ ਗੀਤ) ਜਦੋਂਬਾਰਾਤ ਭੋਜਨ ਲਈ ਬੈਠਦੀ ਤਾਂ ਔਰਤਾਂ 'ਫਿਰੰਗੀ ਨਲ ਮਤ ਲਗਵਾਇ ਦੀਓ' ਗੀਤ ਗਾਉਂਦੀਆਂ। ਪਰ ਨਲਕੇ ਲਗਦੇ ਗਏ ਅਤੇ ਥਾਂ-ਥਾਂ ਬਣੇ ਤਾਲਾਬ, ਖੂਹ ਅਤੇ ਬੌੜੀਆਂ ਦੀ ਜਗ੍ਹਾ ਅੰਗਰੇਜ਼ਾਂ ਦੀ ਦੇਣ 'ਵਾਟਰ ਵਰਕਸ' ਰਾਹੀਂ ਪਾਣੀ ਆਉਣ ਲੱਗਾ।ਪਹਿਲਾਂ ਸਾਰੇ ਵੱਡੇ ਸ਼ਹਿਰਾਂ ਵਿੱਚ, ਫਿਰ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਇਹ ਸੁਫ਼ਨਾ ਅਮਲ ਵਿੱਚ ਲਿਆਂਦਾ ਗਿਆ। ਪਰ ਸਿਰਫ਼ ਪਾਈਪ ਪਾਉਣ ਨਾਲ ਅਤੇ ਥਾਂ-ਥਾਂ ਟੂਟੀ ਲਾਉਣ ਨਾਲ ਤਾਂ ਪਾਣੀ ਨਹੀਂ ਆਉਂਦਾ। ਇਹ ਗੱਲ ਉਸ ਸਮੇਂ ਨਹੀਂ ਪਰ ਆਜ਼ਾਦੀ ਮਿਲਣ ਤੋਂ ਕੁੱਝ ਸਮੇਂ ਬਾਅਦ ਹੌਲੀ-ਹੌਲੀ ਸਮਝ ਆਉਣ ਲੱਗੀ। ਉਦੋਂ ਤੱਕ ਕਈ ਸ਼ਹਿਰਾਂ ਦੇ ਤਾਲਾਬ ਬੇਕ+ਦਰੀ ਦੇ ਗਾਰੇ ਨਾਲ ਭਰ ਚੁੱਕੇ ਸਨ, ਉਨ੍ਹਾਂ ਉੱਤੇ ਨਵੇਂ ਮੁਹੱਲੇ, ਬਾਜ਼ਾਰ, ਸਟੇਡੀਅਮ ਖੜ੍ਹੇ ਹੋ ਚੁੱਕੇ ਸਨ।
ਪਰ ਪਾਣੀ ਆਪਣਾ ਰਸਤਾ ਨਹੀਂ ਭੁੱਲਦਾ, ਪਾਣੀ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ। ਹਰ ਸਾਲ ਤਾਲਾਬ ਉੱਤੇ ਬਣੇ ਮੁਹੱਲਿਆਂ ਵਿੱਚ ਮੀਂਹ ਦਾ ਪਾਣੀ ਭਰ ਜਾਂਦਾ, ਮੀਂਹਾਂ ਦੇ ਮੌਸਮ ਤੋਂ ਬਾਅਦ ਸ਼ਹਿਰਾਂ ਵਿੱਚ ਫੇਰ ਪਾਣੀ ਦਾ ਸੰਕਟ ਡੂੰਘਾਹੋ ਜਾਂਦਾ।
ਜਿਹੜੇ ਸ਼ਹਿਰਾਂ ਕੋਲ ਫਿਲਹਾਲ ਥੋੜ੍ਹਾ ਪੈਸਾ ਹੈ, ਥੋੜ੍ਹੀ ਤਾਕਤ ਹੈ, ਉਹ ਕਿਸੇ ਹੋਰ ਦਾ ਪਾਣੀ ਖੋਹ ਕੇ ਆਪਣੇ ਨਲਕਿਆਂ ਨੰਰ ਚਲਾ ਰਹੇ ਹਨ, ਪਰ ਬਾਕੀ ਦੀ ਹਾਲਤ ਤਾਂ ਹਰ ਸਾਲ ਵਿਗੜਦੀ ਜਾ ਰਹੀ ਹੈ। ਕਈ ਸ਼ਹਿਰਾਂ ਦੇ ਕੁਲੈਕਟਰ ਫ਼ਰਵਰੀ ਦੇ ਮਹੀਨੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਵੱਡੇ ਤਾਲਾਬਾਂ ਦਾ ਪਾਣੀ ਸਿੰਜਾਈ ਦੇ ਕੰਮਾਂ ਲਈ ਰੋਕ ਕੇ ਸ਼ਹਿਰਾਂ ਲਈ ਮਹਿਫ਼ੂਜ਼ ਕਰ ਲੈਂਦੇ ਹਨ।ਸ਼ਹਿਰਾਂ ਨੂੰ ਪਾਣੀ ਤਾਂ ਚਾਹੀਦਾ ਹੈ, ਪਰ ਪਾਣੀ ਦੇ ਸਕਣ ਵਾਲੇ ਤਾਲਾਬ ਨਹੀਂ। ਪਾਣੀ ਟਿਊਬਵੈੱਲ ਤੋਂ ਮਿਲ ਸਕਦਾ ਹੈ, ਪਰ ਇਸਦੇ ਲਈ ਬਿਜਲੀ ਤੇ ਡੀਜ਼ਲ ਦੇ ਨਾਲ-ਨਾਲ ਸ਼ਹਿਰ ਦੀ ਧਰਤੀ ਹੇਠ ਵੀ ਤਾਂ ਪਾਣੀ ਹੋਣਾ ਚਾਹੀਦਾ ਹੈ। ਚੇਨੰਈ ਜਿਹੇ ਸ਼ਹਿਰ ਦਾ ਦੁਖਾਂਤ ਇਹੋ ਦੱਸਦਾ ਹੈ ਕਿ ਪਾਣੀ ਦੇ ਲਗਾਤਾਰ ਡਿਗਦੇ ਪੱਧਰ ਨੂੰ ਸਿਰਫ਼ ਪੈਸੇ ਜਾਂ ਸੱਤਾ ਦੇ ਜ਼ੋਰ ਨਾਲ ਉੱਪਰ ਨਹੀਂ ਚੁੱਕਿਆ ਜਾ ਸਕਦਾ। ਕਈ ਸ਼ਹਿਰਾਂ ਨੇ ਆਪਣੇ ਦੂਰ-ਨੇੜੇ ਵਗਦੀਆਂ ਨਦੀਆਂ ਤੋਂ ਪਾਣੀ ਲਿਆਉਣ ਦੀਆਂ ਬੇਹੱਦ ਖਰਚੀਲੀਆਂ ਅਤੇ ਹਾਸੋਹੀਣੀਆਂ ਤਕਨੀਕਾਂ ਅਪਣਾਈਆਂ ਜਿਸ ਕਰਕੇ ਅਜਿਹੀਆਂ ਕਈ ਨਗਰ ਪਾਲਿਕਾਵਾਂ ਉੱਤੇ ਕਰੋੜਾਂ ਰੁਪਏ ਦੇ ਬਿਜਲੀ ਦੇ ਬਿਲ ਦਾ ਬੋਝ ਵੀ ਚੜ੍ਹ ਚੁੱਕਾ ਹੈ।
ਇੰਦੌਰ ਦੀ ਇੱਕ ਅਜਿਹੀ ਉਦਾਹਰਣ ਅੱਖਾਂ ਖੋਲ੍ਹ ਸਕਦੀ ਹੈ। ਇੱਥੋਂ ਦੂਰ ਵਹਿ ਰਹੀ ਨਰਮਦਾ ਦਾ ਪਾਣੀ ਲਿਆਂਦਾ ਗਿਆ। ਯੋਜਨਾ ਦਾ ਪਹਿਲਾ ਭਾਗ ਛੋਟਾ ਰਿਹਾ, ਤਾਂ ਸਭ ਨੇ ਇੱਕੋ ਆਵਾਜ਼ ਵਿੱਚ ਕਿਹਾ--ਦੂਜੀ ਵਾਰ ਅਜ਼ਮਾਉ। ਤੇ ਤੀਜੀ ਵਾਰ ਵੀ ਅੰਦੋਲਨ ਚੱਲਿਆ। ਇਸ ਵਿੱਚ ਕਾਂਗਰਸ, ਭਾਰਤੀ ਜਨਤਾ ਪਾਰਟੀ, ਕਮਿਊਨਿਸਟ ਪਾਰਟੀਆਂ ਤੋਂ ਇਲਾਵਾ ਸ਼ਹਿਰ ਦੇ ਮਸ਼ਹੂਰ ਭਲਵਾਨ ਸ਼੍ਰੀ ਅਨੋਖੀ ਲਾਲ ਇੱਕ ਪੈਰ ਉੱਤੇ ਇੱਕੋ ਥਾਂ 34 ਦਿਨਾਂ ਤੱਕ ਖੜ੍ਹੇ ਰਹਿ ਕੇ 'ਸੱਤਿਆਗ੍ਰਹਿ' ਕਰ ਚੁੱਕੇ ਸਨ। ਇਸੇ ਇੰਦੌਰ ਵਿੱਚ ਕੁੱਝ ਵਰ੍ਹੇ ਪਹਿਲਾਂ ਤੱਕ ਬਿਲਾਵਲੀ ਜਿਹਾ ਤਾਲਾਬ ਸੀ, ਜਿਸ ਵਿੱਚ ਹੁਣ ਫਲਾਈਂਗ ਕਲੱਬ ਦੇ ਜਹਾਜ਼ ਉਡਾਏ ਜਾਂਦੇ ਹਨ।ਇੰਦੌਰ ਦੇ ਗੁਆਂਢ ਵਿੱਚ ਵਸੇ ਦੇਵਾਸ ਸ਼ਹਿਰ ਦਾ ਕਿੱਸਾ ਤਾਂ ਹੋਰ ਵੀ ਅਜੀਬ ਹੈ। ਪਿਛਲੇ 30 ਸਾਲਾਂ ਵਿੱਚ ਇੱਥੇ ਸਾਰੇ ਛੋਟੇ-ਵੱਡੇ ਤਾਲਾਬ ਭਰ ਦਿੱਤੇ ਗਏ ਅਤੇ ਉਨ੍ਹਾਂ ਉੱਤੇ ਮਕਾਨ, ਕਾਰਖ਼ਾਨੇ ਖੁੱਲ੍ਹ ਗਏ। ਪਰ ਫੇਰ ਪਤਾ ਲੱਗਿਆ ਕਿ ਇਨ੍ਹਾਂ ਨੂੰ ਪਾਣੀ ਦੇਣ ਦਾ ਸਰੋਤ ਹੀ ਨਹੀਂ ਬਚਿਆ। ਸ਼ਹਿਰ ਦੇ ਖ਼ਾਲੀ ਹੋਣ ਦੀਆਂ ਖ਼ਬਰਾਂ ਛਪਣ ਲੱਗੀਆਂ। ਹੁਣ ਪਾਣੀ ਕਿੱਥੋਂ ਆਵੇ? ਦੇਵਾਸ ਦੇ ਤਾਲਾਬਾਂ, ਖੂਹਾਂ ਉੱਤੇ ਕੰਮ ਚੱਲਣ ਦੀ ਬਜਾਏ ਰੇਲਵੇ ਸਟੇਸ਼ਨ ਉੱਤੇ ਦਸ ਦਿਨ ਕੰਮ ਚਲਦਾ ਰਿਹਾ।
25 ਅਪਰੈਲ 1990 ਨੂੰ ਇੰਦੌਰ ਤੋਂ 50 ਟੈਂਕਰ ਪਾਣੀ ਲੈ ਕੇ ਰੇਲਗੱਡੀ ਦੇਵਾਸ ਆਈ। ਮੰਤਰੀਆਂ ਦੀ ਅਗਵਾਈ ਵਿੱਚ ਬੈਂਡ-ਵਾਜਿਆਂ ਨਾਲ ਪਾਣੀ ਵਾਲੀ ਰੇਲ ਗੱਡੀ ਦਾ ਸੁਆਗਤ ਹੋਇਆ। ਮੰਤਰੀ ਜੀ ਨੇ ਰੇਲਵੇ ਸਟੇਸ਼ਨ 'ਤੇ 'ਨਰਮਦਾ' ਦਾ ਪਾਣੀ ਪੀ ਕੇ ਸੁਆਗਤ ਕੀਤਾ। ਦੇਵਾਸ ਵਿੱਚ ਹੁਣ ਹਰ ਰੋਜ਼ ਪਾਣੀ ਦੀ ਰੇਲ ਆਉਂਦੀ ਹੈ। ਟੈਂਕਰਾਂ ਦਾ ਪਾਣੀ ਪੰਪਾਂ ਦੇ ਸਹਾਰੇ ਟੈਂਕੀਆਂ ਵਿੱਚ ਚੜ੍ਹਾਇਆ ਜਾਦਾ ਹੈ ਤੇ ਫੇਰ ਸ਼ਹਿਰ ਵਿੱਚ ਵੰਡਿਆ ਜਾਂਦਾ ਹੈ।
ਰੇਲ ਦਾ ਕਿਰਾਇਆ ਰੋਜ਼ਾਨਾ 40,000 ਰੁਪਏ ਹੈ। ਬਿਜਲੀ ਦਾ ਖ਼ਰਚ ਵੱਖਰਾ। ਜੇਕਰ ਸਾਰੇ ਖ਼ਰਚੇ ਮਿਲਾ ਦਿੱਤੇ ਜਾਣ ਤਾਂ ਇਹ ਸਾਰਾ ਜੁਗਾੜ ਦੁੱਧ ਦੇ ਖ਼ਰਚੇ ਦੇ ਬਰਾਬਰ ਹੈ। ਫ਼ਿਲਹਾਲ ਮੱਧ-ਪ੍ਰਦੇਸ਼ ਸਰਕਾਰ ਕੇਂਦਰ ਵੱਲੋਂ ਰੇਲ ਭਾੜਾ ਮੁਆਫ਼ ਕਰਵਾਉਂਦੀ ਰਹੀ ਹੈ। ਦਿੱਲੀ ਵਾਸੀਆਂ ਲਈ ਦੂਰੋਂ ਗੰਗਾ ਦਾ ਪਾਣੀ ਲਿਆ ਕੇ ਸਰਕਾਰ ਹਾਲੇ ਮੱਧ ਪ੍ਰਦੇਸ਼ ਪ੍ਰਤੀ ਉਦਾਰਤਾ ਵਰਤ ਰਹੀ ਹੈ। ਜੇਕਰ ਡਾ. ਮਨਮੋਹਨ ਸਿੰਘ ਜੀ ਦੀ 'ਉਦਾਰਵਾਦੀ ਨੀਤੀ' ਗੱਡੀ ਅਤੇ ਬਿਜਲੀ ਦੇ ਭਾੜੇ ਵੀ ਜੋੜ ਦੇਵੇ ਤਾਂ ਦੇਵਾਸ ਨੂੰ ਨਰਕਵਾਸ ਬਣਨ ਵਿੱਚ ਕਿੰਨੀ ਕੁ ਦੇਰ ਲੱਗੇਗੀ।
ਪਾਣੀ ਦੇ ਮਾਮਲੇ ਵਿੱਚ ਇਸ ਕਿ+ਸਮ ਦੀ ਬੇਵਕੂਫ਼ੀ ਦੀਆਂ ਉਦਾਹਰਣਾਂ ਦੇ ਢੇਰ ਹਰ ਸੂਬੇ ਵਿੱਚ ਹੀ ਮਿਲਦੇ ਹਨ। ਮੱਧ-ਪ੍ਰਦੇਸ਼ ਦੇ ਹੀ ਸ਼ਹਿਰ ਸਾਗਰ ਨੂੰ ਵੇਖੀਏ। ਕੋਈ 600 ਸਾਲ ਪਹਿਲਾਂ ਲਾਖਾ ਵਣਜਾਰੇ ਵੱਲੋਂ ਬਣਵਾਏ ਸਾਗਰ ਨਾਂ ਦੇ ਬਹੁਤ ਵੱਡੇ ਤਾਲਾਬ ਦੇ ਕੰਢੇ ਵਸੇ ਇਸ ਸ਼ਹਿਰ ਦਾ ਨਾਂ ਹੀ ਸਾਗਰ ਹੋ ਗਿਆ ਸੀ। ਅੱਜ ਇੱਥੇ ਚਾਰ ਵੱਡੀਆਂ ਸੰਸਥਾਵਾਂ ਹਨ। ਪੁਲਿਸ ਸਿਖਲਾਈ ਕੇਂਦਰ, ਫ਼ੌਜ ਦੇ ਮਹਾਰ ਰੈਜੀਮੈਂਟ ਦਾ ਮੁੱਖ ਦਫ਼ਤਰ, ਨਗਰ ਪਾਲਿਕਾ ਅਤੇ ਸਰ ਹਰੀ ਸਿੰਘ ਦੇ ਨਾਂ 'ਤੇ ਬਣੀ ਯੂਨੀਵਰਸਿਟੀ। ਇੱਕ ਵਣਜਾਰਾ ਆਇਆ ਅਤੇ ਵਿਸ਼ਾਲ ਤਾਲਾਬ ਬਣਾ ਕੇ ਚਲਾ ਗਿਆ। ਪਰ ਨਵੇਂ ਸਮਾਜ ਦੀਆਂ ਇਹ ਕਰੋੜਪਤੀ ਸੰਸਥਾਵਾਂ ਇਸ ਤਾਲਾਬ ਦੀ ਸਾਂਭ-ਸੰਭਾਲ ਵੀ ਨਹੀਂ ਕਰ ਸਕੀਆਂ। ਅੱਜ ਸਾਗਰ ਤਾਲਾਬ ਉੱਤੇ 11 ਥੀਸਿਸ ਲਿਖੇ ਜਾ ਚੁੱਕੇ ਹਨ, ਡਿਗਰੀਆਂ ਵੰਡੀਆਂ ਜਾ ਚੁੱਕੀਆਂ ਹਨ, ਪਰ ਇੱਕ ਅਨਪੜ੍ਹ ਮੰਨੇ ਗਏ ਵਣਜਾਰੇ ਦੇ ਹੱਥੋਂ ਬਣੇ ਸਾਗਰ ਤਾਲਾਬ ਨੂੰ ਪੜ੍ਹਿਆ-ਲਿਖਿਆ ਸਮਾਜ ਵੀ ਨਹੀਂ ਬਚਾ ਸਕਿਆ।
ਬੇਕ+ਦਰੀ ਦੀ ਹਨੇਰੀ ਵਿੱਚ ਕੁੱਝ ਤਾਲਾਬ ਫੇਰ ਵੀ ਖੜ੍ਹੇ ਹਨ। ਦੇਸ਼ ਭਰ ਵਿੱਚ ਅੱਜ ਅੱਠ ਤੋਂ ਦਸ ਲੱਖ ਤਾਲਾਬ ਅੱਜ ਵੀ ਭਰੇ ਜਾ ਰਹੇ ਹਨ ਅਤੇ ਵਰੁਣ ਦੇਵਤਾ ਦਾ ਪ੍ਰਸ਼ਾਦ ਪਾਤਰਾਂ-ਕੁਪਾਤਰਾਂ ਵਿੱਚ ਵੰਡ ਰਹੇ ਹਨ। ਇਨ੍ਹਾਂ ਦੀ ਮਜ਼ਬੂਤ ਬਣਤਰ ਵੀ ਇਸਦਾ ਮੁੱਖ ਕਾਰਨ ਹੈ ਪਰ ਸਿਰਫ਼ ਇੱਕੋ ਕਾਰਨ ਨਹੀਂ ਕਿਉਂਕਿ ਮਜ਼ਬੂਤ ਪੱਥਰਾਂ ਨਾਲ ਬਣੇ ਕਿ+ਲ੍ਹੇ ਖੰਡਰਾਂ ਵਿੱਚ ਨਹੀਂ ਬਦਲਦੇ। ਕਈ ਪਾਸਿਉਂ ਟੁੱਟ ਚੁੱਕੇ ਸਮਾਜ ਵਿੱਚ ਤਾਲਾਬਾਂ ਦੀਆਂ ਯਾਦਾਂ ਅੱਜ ਵੀ ਬਾਕੀ ਹਨ। ਯਾਦਾਂ ਦੀ ਮਜ਼ਬੂਤੀ ਪੱਥਰਾਂ ਦੀ ਮਜ਼ਬੂਤੀ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੈ।
ਛੱਤੀਸਗੜ੍ਹ ਦੇ ਪਿੰਡਾਂ ਵਿੱਚ ਅੱਜ ਵੀ ਡੇਰ-ਡੇਰਾ ਦੇ ਗੀਤ ਗਾਏ ਜਾਂਦੇ ਹਨ। ਅੱਜ ਵੀ ਬੁੰਦੇਲਖੰਡ ਵਿੱਚ ਕਜਲੀਆਂ ਦੇ ਗੀਤਾਂ ਵਿੱਚ ਉਨ੍ਹਾਂ ਦੇ ਅੱਠੋ ਅੰਗ ਡੁੱਬ ਸਕਣ, ਅਜਿਹੀ ਕਾਮਨਾ ਕੀਤੀ ਜਾਂਦੀ ਹੈ। ਹਰਿਆਣਾ ਦੇ ਨਾਰਨੌਲ ਵਿੱਚ ਜਾਤ ਉਤਾਰਨ ਸਮੇਂ ਮਾਂ-ਪਿਓ ਤਾਲਾਬ ਦੀ ਮਿੱਟੀ ਪੁੱਟਦੇ ਹਨ ਅਤੇ ਪਾਲ ਉੱਤੇ ਚੜ੍ਹਾਉਂਦੇ ਹਨ। ਪਤਾ ਨਹੀਂ ਕਿੰਨੇ ਸ਼ਹਿਰ, ਕਿੰਨੇ ਪਿੰਡ ਇਨ੍ਹਾਂ ਤਾਲਾਬਾਂ ਸਦਕਾ ਹੀ ਟਿਕੇ ਹੋਏ ਹਨ। ਬਹੁਤ ਸਾਰੀਆਂ ਨਗਰ ਪਾਲਿਕਾਵਾਂ ਅੱਜ ਵੀ ਇਨ੍ਹਾਂ ਤਾਲਾਬਾਂ ਦੇ ਸਿਰ ਉੱਤੇ ਪਲ ਰਹੀਆਂ ਹਨ। ਸਿੰਜਾਈ ਵਿਭਾਗ ਵੀ ਇਨ੍ਹਾਂ ਦੇ ਦਮ ਉੱਤੇ ਹੀ ਖੇਤੀ ਨੂੰ ਪਾਣੀ ਦੇ ਰਿਹਾ ਹੈ। ਅਲਵਰ ਜ਼ਿਲ੍ਹੇ ਦੇ ਬੀਜਾ ਕੀ ਡਾਹ ਵਰਗੇ ਪਿੰਡਾਂ ਵਿੱਚ ਅੱਜ ਵੀ ਸਾਗਰਾਂ ਦੇ ਉਹੀ ਨਾਇਕ ਨਵੇਂ ਤਾਲਾਬ ਪੁੱਟ ਰਹੇ ਹਨ ਅਤੇ ਪਹਿਲੀ ਬਰਸਾਤ ਵਿੱਚ ਉਨ੍ਹਾਂ ਉੱਤੇ ਰਾਤਾਂ ਨੂੰ ਪਹਿਰਾ ਦੇ ਰਹੇ ਹਨ। ਉਧਰ ਰੋਜ਼ ਸਵੇਰੇ-ਸ਼ਾਮ ਘੜਸੀਸਰ ਵਿੱਚ ਅੱਜ ਵੀ ਸੂਰਜ ਦਿਲ ਖੋਲ੍ਹ ਕੇ ਸੋਨਾ ਉਲੱਦ ਰਿਹਾ ਹੈ :
ਕੁੱਝ ਕੰਨਾਂ ਵਿੱਚ ਅੱਜ ਵੀ ਇਹੋ ਆਵਾਜ਼ ਗੂੰਜਦੀ ਹੈ
''ਚੰਗੇ-ਚੰਗੇ ਕੰਮ ਕਰਦੇ ਜਾਣਾ।''
ਸੀਤਾ ਬਾਓਲੀ
ਵਿੱਚ-ਵਿਚਾਲੇ ਇੱਕ ਬਿੰਦੂ ਹੈ
ਜਿਹੜਾ ਜੀਵਨ ਦਾ ਪ੍ਰਤੀਕ ਹੈ
ਮੁੱਖ ਆਇਤ ਦੇ ਅੰਦਰ ਲਹਿਰਾਂ ਅਤੇ
ਬਾਹਰ ਪੌੜੀਆਂ ਹਨ
ਚਾਰੇ ਕੋਣਿਆਂ ਉੱਤੇ ਫੁੱਲ ਹਨ
ਜਿਹੜੇ ਜੀਵਨ ਨੂੰ ਸੁਗੰਧ ਨਾਲ ਭਰ ਦਿੰਦੇ ਹਨ
ਪਾਣੀ ਉੱਤੇ ਆਧਾਰਿਤ
ਇੱਕ ਪੂਰੇ ਜੀਵਨ ਦਰਸ਼ਨ ਨੂੰ
ਇੰਨੇ ਸਹਿਜ-ਸਰਲ ਢੰਗ ਨਾਲ
ਅੱਠ-ਦਸ ਰੇਖਾਵਾਂ ਵਿੱਚ
ਉਕੇਰਣਾ, ਬੜਾ ਔਖਾ ਕੰਮ ਹੈ
ਪਰ ਸਾਡੇ ਸਮਾਜ ਦਾ ਇੱਕ ਵੱਡਾ ਹਿੱਸਾ
ਬੇਹੱਦ ਸਹਿਜਤਾ ਅਤੇ ਸਰਲਤਾ ਨਾਲ
ਇਸ ਬਾਓਲੀ ਨੂੰ ਆਪਣੇ
ਪਿੰਡੇ 'ਤੇ ਉਕੇਰਦਾ ਰਿਹਾ ਹੈ
Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques
/articles/ahja-vai-kharaee-hana-taalaaba